ਛੱਤੀਸਗੜ੍ਹ: ਨਕਸਲ ਹਮਲੇ ਵਿੱਚ ਮਰਨ ਵਾਲੇ ਜਵਾਨਾਂ ਦੀ ਗਿਣਤੀ 22 ਹੋਈ, ਹੁਣ ਤੱਕ ਕੀ-ਕੀ ਪਤਾ ਲਗਿਆ

    • ਲੇਖਕ, ਅਲੋਕ ਪ੍ਰਕਾਸ਼ ਪੁਤੁਲ
    • ਰੋਲ, ਰਾਏਪੁਰ ਤੋਂ ਬੀਬੀਸੀ ਲਈ

ਬੀਜਾਪੁਰ ਵਿੱਚ ਸ਼ਨਿਚਰਵਾਰ ਨੂੰ ਮਾਓਵਾਦੀਆਂ ਨਾਲ ਹੋਈ ਮੁਠਭੇੜ ਵਿੱਚ ਮਰਨ ਵਾਲੇ ਸੈਨਿਕਾਂ ਦੀ ਗਿਣਤੀ 22 ਹੋ ਗਈ ਹੈ। ਨਕਸਲ ਅਪਰੇਸ਼ਨ ਦੇ ਡੀਜੀ ਅਸ਼ੋਕ ਜੁਨੇਜਾ ਨੇ ਬੀਬੀਸੀ ਕੋਲ ਇਸ ਦੀ ਪੁਸ਼ਟੀ ਕੀਤੀ ਹੈ। ਜਦਕਿ ਇੱਕ ਜਵਾਨ ਮੁਕਾਬਲੇ ਤੋਂ ਬਾਅਦ ਲਾਪਤਾ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੌਜੂਦਾ ਹਾਲਾਤ ਦੀ ਦਿੱਲੀ ਵਿੱਚ ਸੀਨੀਅਰ ਅਫ਼ਸਰਾਂ ਨਾਲ ਸਮੀਖਿਆ ਕੀਤੀ।

ਨਕਸਲ ਆਪਰੇਸ਼ਨ ਦੇ ਡੀਜੀ ਅਸ਼ੋਕ ਜੁਨੇਜਾ ਦੇ ਮੁਤਾਬਕ,"ਘਟਨਾ ਵਾਲੀ ਥਾਂ ’ਤੇ ਪਹੁੰਚੀ ਸੁਰੱਖਿਆ ਦਸਤਿਆਂ ਦੀ ਟੀਮ ਨੂੰ ਐਤਵਾਰ ਸਵੇਰੇ 20 ਲਾਸ਼ਾ ਬਰਾਮਦ ਹੋਈਆਂ। ਇਸ ਤੋਂ ਇਲਾਵਾ ਖ਼ਬਰ ਮਿਲੀ ਹੈ ਕਿ ਮੁਠਭੇੜ ਤੋਂ ਬਾਅਦ ਮਾਓਵਾਦੀ ਆਪਣੇ ਜ਼ਖ਼ਮੀ ਸਾਥੀਆਂ ਨੂੰ ਤਿੰਨ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਲੈ ਗਏ ਸਨ। ਇਸ ਘਟਨਾ ਦੀ ਜਾਂਚ ਚੱਲ ਰਹੀ ਹੈ।"

ਇਹ ਵੀ ਪੜ੍ਹੋ:

ਬੀਬੀਸੀ ਨੇ ਮੌਕੇ ’ਤੇ ਪਹੁੰਚੇ ਵੱਖ-ਵੱਖ ਸੂਤਰਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਇੱਕ ਕਿੱਲੋਮੀਟਰ ਦੇ ਘੇਰੇ ਵਿੱਚ ਕਈ ਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ ਜਿਨ੍ਹਾਂ ਨੂੰ ਐਸਟੀਐੱਫ਼ ਦੀ ਟੀਮ ਨੇ ਬਰਾਮਦ ਕੀਤਾ ਹੈ।

ਕੁਝ ਵੱਡੇ ਮਾਓਵਾਦੀ ਹਮਲਿਆਂ ਵਿੱਚੋਂ ਇੱਕ

ਪਿਛਲੇ ਕੁਝ ਸਾਲਾਂ ਵਿੱਚ ਛੱਤੀਸਗੜ੍ਹ ਵਿੱਚ ਇਹ ਮਾਓਵਾਦੀਆਂ ਦਾ ਸਭ ਤੋਂ ਵੱਡਾ ਹਮਲਾ ਕਿਹਾ ਜਾ ਰਿਹਾ ਹੈ।

ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਮਾਓਵਾਦੀਆਂ ਨਾਲ ਮੁਕਾਬਲੇ ਵਿੱਚ ਜਵਾਨਾਂ ਦੀ ਮੌਤ ਉੱਪਰ ਅਫ਼ਸੋਸ ਜ਼ਾਹਰ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੋਂ ਬਾਅਦ ਟਵੀਟ ਵਿੱਚ ਲਿਖਿਆ,"ਛੱਤੀਸਗੜ੍ਹ ਵਿੱਚ ਮਾਓਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਵੀਰ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਜ਼ਖ਼ਮੀਆਂ ਦੇ ਜਲਦੀ ਤੋਂ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।"

ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਸਾਡੇ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗਾ।

ਬੀਜੇਪੀ ਦੇ ਸੀਨੀਅਰ ਆਗੂ ਅਤੇ ਅਸਾਮ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਪ੍ਰਭਾਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਹਮਲੇ ਕਾਰਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਦੌਰਾ ਵਿਚਕਾਰ ਹੀ ਛੱਡ ਕੇ ਐਤਵਾਰ ਸ਼ਾਮ ਦਿੱਲੀ ਵਾਪਸ ਮੁੜਨ ਬਾਰੇ ਦੱਸਿਆ।

ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਾਓਵਾਦੀਆਂ ਅਤੇ ਸੁਰੱਖਿਆ ਦਸਤਿਆਂ ਦੇ ਵਿਚਕਾਰ ਲਗਭਗ ਚਾਰ ਘੰਟੇ ਮੁਠਭੇੜ ਚੱਲੀ। ਇਸ ਘਟਨਾ ਵਿੱਚ ਮਾਓਵਾਦੀਆਂ ਦਾ ਬਹੁਤ ਨੁਕਸਾਨ ਹੋਇਆ ਹੈ। ਜਿਹੜੇ ਸੱਤ ਜਵਾਨਾਂ ਨੂੰ ਰਾਏਪੁਰ ਭੇਜਿਆ ਗਿਆ ਹੈ, ਉਹ ਹੁਣ ਖ਼ਤਰੇ ਤੋਂ ਬਾਹਰ ਹਨ। ਇੱਕ ਜਵਾਨ ਹਾਲੇ ਲਾਪਤਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਨੂੰ ਸੁਕਾਮਾ ਅਤੇ ਬੀਜਾਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਸੀਆਰਪੀਐੱਫ਼, ਡਿਸਟਰਿਕਟ ਰਿਜ਼ਰਵ ਗਾਰਡ, ਸਪੈਸ਼ਲ ਟਾਸਕ ਫ਼ੋਰਸ ਅਤੇ ਕੋਬਰਾ ਬਟਾਲੀਅਨ ਦੇ 2059 ਜਵਾਨ ਅਪਰੇਸ਼ਨ ਲਈ ਨਿਕਲੇ ਸਨ।

ਇਸ ਵਿੱਚ ਨਰਸਾਪੁਰ ਕੈਂਪ ਵਿੱਚ 420 ਜਵਾਨ, ਮਿਨਪਾ ਕੈਂਪ ਤੋਂ 483, ਉਸੁਰ ਕੈਂਪ ਤੋਂ 200 ਜਵਾਨ, ਪਾਮੇੜ ਕੈਂਪ ਵਿੱਚੋਂ 195 ਜਵਾਨ ਅਤੇ ਤਰੇਮ ਕੈਂਪ ਤੋਂ 760 ਜਵਾਨ ਸ਼ਾਮਲ ਸਨ।

ਜ਼ਖ਼ਮੀ ਜਵਾਨ ਰਾਏਪੁਰ ਦੇ ਹਸਪਤਾਲ ਵਿੱਚ ਰੱਖੇ ਗਏ ਹਨ

ਸ਼ਨਿੱਚਰਵਾਰ ਨੂੰ ਅਪਰੇਸ਼ਨ ਤੋਂ ਬਾਅਦ ਵਾਪਸੀ ਦੌਰਾਨ ਤਰੇਮ ਥਾਣੇ ਦੇ ਸਿਗਲੇਰ ਨਾਲ ਲਗਦੇ ਜੋਨਾਗੁੰਡਾ ਦੇ ਜੰਗਲਾਂ ਵਿੱਚ ਮਾਓਵਾਦੀਆਂ ਨੇ ਸੁਰੱਖਿਆ ਦਸਤਿਆਂ ਉੱਪਰ ਹਮਲਾ ਕਰ ਦਿੱਤਾ ਸੀ।

ਮੁਠਭੇੜ ਵਿੱਚ ਜ਼ਖ਼ਮੀ ਹੋਏ 37 ਜਵਾਨਾਂ ਨੂੰ ਬੀਜਾਪੁਰ ਅਤੇ ਰਾਏਪੁਰ ਦੇ ਹਸਪਤਾਲਾਂ ਵਿੱਚ ਭਰਤੀ ਕੀਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਅੱਜ ਸ਼ਾਮ ਮੁੱਖ ਮੰਤਰੀ ਭੂਪੇਸ਼ ਬਘੇਲ ਅਸਾਮ ਤੋਂ ਛੱਤੀਸਗੜ੍ਹ ਦੇ ਲਈ ਰਵਾਨਾ ਹੋਣਗੇ।

ਇਸੇ ਦੌਰਾਨ ਸੂਬੇ ਦੇ ਗ੍ਰਹਿ ਮੰਤਰੀ ਤਾਉਮਰ ਸਾਹੂ ਨੇ ਐਤਰਵਾਰ ਦੀ ਰਾਤ ਰਾਏਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਜਵਾਨਾਂ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)