ਕੋਰੋਨਾਵਾਇਰਸ ਦਾ 'ਡਬਲ ਮਿਊਟੈਂਟ' ਰੂਪ ਕਿੰਨਾ ਖ਼ਤਰਨਾਕ ਹੈ, ਸਿਹਤ ਮਾਹਰਾਂ ਤੋਂ ਸਮਝੋ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਕੋਰੋਨਾਵਾਇਰਸ ਦੇ ਲਏ ਗਏ ਨਮੂਨਿਆਂ ਵਿੱਚ ਇੱਕ ਨਵਾਂ "ਡਬਲ ਮਿਊਟੈਂਟ" ਮਿਲਿਆ ਹੈ।

ਵਿਗਿਆਨੀ ਦੇਖ ਰਹੇ ਹਨ ਕਿ ਕੀ ਦੂਜੀ ਵਾਰ ਰੂਪ ਪਲਟਾ ਚੁੱਕਿਆ ਇੱਕ ਵਾਇਰਸ ਜ਼ਿਆਦਾ ਲਾਗ ਫ਼ੈਲਾਉਂਦਾ ਹੈ ਜਾਂ ਉਸ 'ਤੇ ਵੈਕਸੀਨ ਦਾ ਕਿੰਨਾ ਅਸਰ ਹੁੰਦਾ ਹੈ।

ਵਾਇਰਸ ਦਾ "ਡਬਲ ਮਿਊਟੈਂਟ" ਰੂਪ ਕੀ ਹੈ?

ਦੂਜੇ ਹੋਰ ਵਾਇਰਸਾਂ ਵਾਂਗ ਹੀ ਕੋਰੋਨਾਵਾਇਰਸ ਵੀ ਜਦੋਂ ਇੱਕ ਤੋਂ ਦੂਜੇ ਮਨੁੱਖ ਵਿੱਚ ਜਾਂਦਾ ਹੈ ਤਾਂ ਇਸ ਦੇ ਰੂਪ ਵਿੱਚ ਕੁਝ ਨਾ ਕੁਝ ਬਦਲਾਅ ਆਉਂਦਾ ਹੈ।

ਇਹ ਵੀ ਪੜ੍ਹੋ-

ਇਨ੍ਹਾਂ ਵਿੱਚੋਂ ਬਹੁਤੇ ਬਦਲਾਅ ਇੰਨੇ ਮਾਮੂਲੀ ਹੁੰਦੇ ਹਨ ਕਿ ਇਸ ਨਾਲ ਵਾਇਰਸ ਦੇ ਵਿਹਾਰ ਉੱਪਰ ਕੋਈ ਅਸਰ ਨਹੀਂ ਪੈਂਦਾ।

ਜਦਕਿ ਕੁਝ ਬਦਲਾਅ ਅਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਵਾਇਰਸ ਦੇ ਉਸ ਸਪਾਈਕ ਪ੍ਰੋਟੀਨ ਵਿੱਚ ਤਬਦੀਲੀ ਆ ਜਾਂਦੀ ਹੈ, ਜਿਸ ਦੀ ਵਰਤੋਂ ਕਰਕੇ ਵਾਇਰਸ ਮਨੁੱਖੀ ਸਰੀਰ ਦੇ ਸੈੱਲ ਨਾਲ ਚਿਪਕਦਾ ਹੈ ਅਤੇ ਫਿਰ ਉਸ ਦੇ ਅੰਦਰ ਦਾਖ਼ਲ ਹੋ ਜਾਂਦਾ ਹੈ।

ਕਈ ਵਾਰ ਇਸ ਤਬਦੀਲੀ ਤੋਂ ਬਾਅਦ ਵਾਇਰਸਾਂ ਦੀ ਲਾਗਸ਼ੀਲਤਾ ਵੱਧ ਸਕਦੀ ਹੈ, ਉਹ ਜ਼ਿਆਦਾ ਗੰਭੀਰ ਬੀਮਾਰੀ ਪੈਦਾ ਕਰ ਸਕਦੇ ਹਨ ਜਾਂ ਦਵਾਈ ਤੋਂ ਬੇਅਸਰ ਵੀ ਹੋ ਸਕਦੇ ਹਨ।

ਸਾਹ ਸਬੰਧੀ ਬੀਮਾਰੀਆਂ ਦੇ ਜਨਕ ਵਾਇਰਸ ਜਿਵੇਂ SARS-Cov2 ਜੋ ਕਿ ਕੋਵਿਡ-19 ਦੀ ਵਜ੍ਹਾ ਬਣਦਾ ਹੈ।

ਇਸ ਦੇ ਖ਼ਿਲਾਫ਼ ਲੱਗਣ ਵਾਲੇ ਟੀਕੇ ਸਾਡੇ ਸਰੀਰ ਨੂੰ ਇਨ੍ਹਾਂ ਵਾਇਰਸਾਂ ਖ਼ਿਲਾਫ਼ ਐਂਟੀਬਾਡੀਜ਼ ਬਣਾਉਣ ਲਈ ਉਤੇਜਿਤ ਕਰਦੇ ਹਨ। ਇਸ ਤਰ੍ਹਾਂ ਇਨ੍ਹਾਂ ਵਾਇਰਸਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਰੱਖਿਆ ਕਰਦੇ ਹਨ।

ਇਨ੍ਹਾਂ ਵਿੱਚ ਸਰਬੋਤਮ ਕਿਸਮ ਹੁੰਦੀ ਹੈ,"ਨਿਊਟਰਲਾਈਜ਼ਿੰਗ ਐਂਟੀਬਾਡੀਜ਼" ਕਿਉਂਕਿ ਉਹ ਵਾਇਰਸ ਨੂੰ ਮਨੁੱਖੀ ਸੈੱਲਾਂ ਵਿੱਚ ਵੜਨ ਤੋਂ ਰੋਕਦੇ ਹਨ। 

ਭਾਰਤੀ ਜੀਨ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੇ ਇੱਕ ਨਵੀਂ ਕਿਸਮ "ਡਬਲ ਮਿਊਟੈਂਟ" ਦਾ ਪਤਾ ਲਾਇਆ ਹੈ।

ਸਰਕਾਰ ਮੁਤਾਬਕ, "ਮਹਾਰਾਸ਼ਟਰ ਵਿੱਚੋਂ ਲਏ ਗਏ ਨਮੂਨਿਆਂ ਵਿੱਚ E484Q ਅਤੇ L452R ਦੇ ਹਿੱਸਿਆਂ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਇਕੱਠੇ ਕੀਤੇ ਨਮੂਨਿਆਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ ਹੈ।"

ਸਿਹਤ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਜਿਹੇ (ਡਬਲ) ਬਦਲਾਅ ਵਾਇਰਸ ਨੂੰ ਸਰੀਰ ਦੀ ਰੋਗਾਂ ਨਾਲ ਲੜਨ ਦੀ ਪ੍ਰਣਾਲੀ ਤੋਂ ਸੁਰੱਖਿਤ ਕਰਦੀਆਂ ਹਨ ਅਤੇ ਉਸ ਦੀ ਲਾਗਸ਼ੀਲਤਾ ਨੂੰ ਵਧਾਉਂਦੇ ਹਨ।

ਡਾ਼ ਜੈਰੇਮੀ ਕਾਮਿਲ ਲੂਸੀਆਨਾ ਸਟੇਟ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸਜ਼ ਸੈਂਟਰ ਸ਼ਰੇਵਰਪੋਰਟ ਵਿੱਚ ਇੱਕ ਵਾਇਰਸ ਵਿਗਿਆਨੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ E484Q ਮਿਊਟੇਸ਼ਨ, E484K ਵਰਗੀ ਹੀ ਹੈ। ਇਹ E484K ਮਿਊਟੇਸ਼ਨ ਉਹੀ ਹੈ ਜੋ ਕੋਰੋਨਾਵਾਇਰਸ ਦੇ B.1.351 (ਦੱਖਣੀ ਅਫ਼ਰੀਕੀ) ਅਤੇ P.1 (ਬ੍ਰਾਜ਼ੀਲੀ) ਰੂਪ ਵਿੱਚ ਦੇਖੀ ਗਈ ਸੀ। ਇਹ ਮਿਊਟੇਸ਼ਨਾਂ ਕਈ ਵਾਰ ਸੁਤੰਤਰ ਰੂਪ ਵਿੱਚ ਵਾਪਰੀਆਂ ਹਨ।

ਜੇ ਕਿਸੇ ਵਾਇਰਸ ਪਰਿਵਾਰ ਵਿੱਚ ਮਿਊਟੇਸ਼ਨਾਂ ਹੁੰਦੀਆਂ ਰਹਿਣ ਭਾਵ ਉਹ ਲਗਾਤਾਰ ਰੂਪ ਵਟਾਉਂਦਾ ਰਹੇ ਤਾਂ ਵਾਇਰਸ ਦਾ ਵਿਹਾਰ ਬਦਲ ਸਕਦਾ ਹੈ ਅਤੇ ਵਾਇਰਸ ਦੀ ਉਹ ਲੀਨੇਜ "ਰੂਪ (ਮਿਊਟੈਂਟ) ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ।"

ਡਾ਼ ਕਾਮੀਲ ਨੇ ਮੈਨੂੰ ਦੱਸਿਆ ਕਿ ਜਿੱਥੋਂ ਤੱਕ L452R ਮਿਊਟੇਸ਼ਨ ਦਾ ਸਬੰਧ ਹੈ ਜੋ ਕਿ ਭਾਰਤ ਵਿਚਲੀ "ਡਬਲ ਮਿਊਟੇਸ਼ਨ" ਵਿੱਚ ਵੀ ਦੇਖੀ ਗਈ ਹੈ।

ਉਸ ਨੇ ਪਹਿਲੀ ਵਾਰ B.1.427/B.1.429 ਦੇ ਹਿੱਸੇ ਵਜੋਂ ਧਿਆਨ ਖਿੱਚਿਆ ਇਹ ਲੀਨੇਜ ਅਮਰੀਕਾ ਵਿੱਚ ਦੇਖੀ ਗਈ ਸੀ ਤੇ ਇਸ ਨੂੰ "ਕੈਲੀਫੋਰਨੀਆ ਵੇਰੀਐਂਟ" ਵੀ ਕਿਹਾ ਜਾਂਦਾ ਹੈ।

ਕੀ ਅਜਿਹੇ "ਡਬਲ ਮਿਊਟੈਂਟ" ਦੁਰਲਭ ਹਨ? 

ਡਾ. ਕਾਮੀਲ ਦਾ ਕਹਿਣਾ ਹੈ, "ਬਿਲਕੁਲ ਨਹੀਂ।"

ਡਾ. ਕਮੀਲ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਕੋਰੋਨਾਵਾਇਰਸ ਦੀਆਂ 9 ਲੀਨੇਜਾਂ ਉੱਪਰ ਹੋਏ ਇੱਕ ਅਧਿਐਨ ਵਿੱਚ ਹਿੱਸਾ ਲਿਆ ਹੈ।

ਉਨ੍ਹਾਂ ਨੇ ਦੱਸਿਆ, "ਇੱਕੋ ਸਮੇਂ ਇੱਕ ਤੋਂ ਵਧੇਰੇ ਮਿਊਟੇਸ਼ਨਾਂ ਦੇਖਣਾ ਹੁਣ ਇੱਕ ਆਮ ਗੱਲ ਹੈ। ਭਾਵੇਂ ਅਸੀਂ ਆਪਣੇ ਆਪ ਨੂੰ ਇਕਹਿਰੇ ਸਪਾਈਕ ਜੀਨ ਤੱਕ ਹੀ ਸੀਮਤ ਕਿਉਂ ਨਾ ਕਰੀਏ।"

ਮਹਾਂਮਾਰੀ ਦੇ ਸ਼ੁਰੂ ਵਿੱਚ ਜ਼ਿਆਦਾਤਰ ਸਪਾਈਕ ਜੀਨਾਂ ਵਿੱਚ ਇੱਕ ਹੀ ਮਿਊਟੇਸ਼ਨ ਸੀ, D614G, ਹੁਣ ਇਹੀ ਮਿਊਟੇਸ਼ਨ ਭਾਰੂ ਹੈ ਅਤੇ ਹਰ ਥਾਂ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਸ ਲਈ ਅਸੀਂ ਦੂਜਿਆਂ ਨੂੰ ਇਸ ਤੋਂ ਉੱਪਰ ਦੇਖਦੇ ਹਾਂ।

ਹਾਲਾਂਕਿ ਤੱਥ ਵਜੋਂ GISAID ਜੋ ਕਿ ਇੱਕ ਖੁੱਲ੍ਹਾ ਡੇਟਾਬੇਸ ਹੈ, ਜਿਸ ਵਿੱਚ 43 ਅਜਿਹੇ ਵਾਇਰਸ ਹਨ ਜਿਨ੍ਹਾਂ ਵਿੱਚ ਭਾਰਤ ਵਿੱਚ ਮਿਲੀਆਂ E484Q ਅਤੇ L452R ਮਿਊਟੇਸ਼ਨਾਂ ਹਨ।

ਡਾ. ਕਾਮੀਲ ਕਹਿੰਦੇ ਹਨ ਕਿ ਜਿਹੜਾ ਵਾਇਰਸ ਮਾਰਚ ਦੌਰਾਨ ਬ੍ਰਿਟੇਨ ਤੋਂ ਲਿਆ ਗਿਆ ਸੀ ਉਸ ਵਿੱਚ 9 ਸਪਾਈਕ ਮਿਊਟੇਸ਼ਨਜ਼ ਸਨ।

ਉਨ੍ਹਾਂ ਦਾ ਸਵਾਲ ਹੈ, "ਇਹ ਮਿਊਟੇਸ਼ਨਾਂ ਬਹੁਤ ਜ਼ਿਆਦਾ ਹਨ। ਕੀ ਸਾਨੂੰ ਪੱਕਾ ਪਤਾ ਹੈ ਕਿ ਭਾਰਤੀ ਰੂਪ (ਮਿਊਟੈਂਟ) ਵਿੱਚ ਦੋ ਹੀ ਮਿਊਟੇਸ਼ਨਾਂ (ਬਦਲਾਅ) ਹੋਈਆਂ ਹਨ?"

ਜਦੋਂ ਭਾਰਤੀ ਵਿਗਿਆਨੀ ਆਪਣਾ ਡਾਟਾ GISAID ਵਿੱਚ ਜੋੜਨਗੇ ਤਾਂ ਦੁਨੀਆਂ ਭਰ ਦੇ ਵਿਗਿਆਨੀ ਇਹ ਨਿਸ਼ਚਿਤ ਕਰ ਸਕਣਗੇ ਕਿ ਕੀ ਇਹ ਵਾਇਰਸ ਦਾ ਬ੍ਰਿਟੇਨ ਵਾਲਾ ਹੀ ਰੂਪ ਹੈ ਜਾਂ ਇਹ ਸੁਤੰਤਰ ਰੂਪ ਵਿੱਚ ਵਿਕਸਿਤ ਹੋਇਆ ਹੈ। 

ਜਿਵੇਂ ਕਿ K417N/T, E484K ਅਤੇ N501Y ਦੇ ਤੀਹਰੇ ਬਦਲਾਵਾਂ ਵਿੱਚ ਹੋਇਆ ਸੀ। ਇਹ ਮਿਊਟੇਸ਼ਨਾਂ ਬ੍ਰਿਟੇਨ ਅਤੇ ਦੱਖਣੀ ਅਫ਼ਰੀਕਾ ਵਿੱਚ ਇਕੱਠੀਆਂ ਹੋਈਆਂ ਅਤੇ ਆਪਣੇ ਸਟਰੇਨ P.1 ਅਤੇ B.1.351 ਵਿੱਚ ਵਾਧਾ ਕੀਤਾ।

ਸਾਨੂੰ ਨਵੇਂ ਵੈਰੀਐਂਟ ਤੋਂ ਕਿੰਨਾ ਡਰਨਾ ਚਾਹੀਦਾ ਹੈ?

ਇਹ ਮਿਊਟੇਸ਼ਨਾਂ ਜਾਂ ਬਦਲਾਅ ਕਿਸੇ ਵਾਇਰਸ ਦੀ ਲਾਗਸ਼ੀਲਤਾ ਨੂੰ ਵਧਾ ਸਕਦੀਆਂ ਹਨ ਜਾਂ ਉਸ ਨੂੰ ਟੀਕੇ ਤੋਂ ਬੇਅਸਰ ਕਰ ਸਕਦੀਆਂ ਹਨ।

ਇਸ ਦਾ ਮਤਲਬ ਇਹ ਹੋਇਆ ਕਿ ਜੇ ਬਦਲਾਅ "ਸਹੀ ਪਾਸੇ ਨੂੰ" ਹੋਇਆ ਤਾਂ ਇਹ ਕੋਰੋਨਾ ਤੋਂ ਇੱਕ ਵਾਰ ਠੀਕ ਹੋ ਚੁੱਕੇ ਵਿਅਕਤੀ (ਜਿਸ ਦਾ ਸਰੀਰ ਕੋਰੋਨਾ ਵਾਇਰਸ ਨਾਲ ਲੜਾਈ ਇੱਕ ਵਾਰ ਜਿੱਤ ਚੁੱਕਿਆ ਹੈ ਅਤੇ ਅਗਲੀ ਵਾਰ ਲਈ ਤਿਆਰ ਹੈ) ਨੂੰ ਵੀ ਮੁੜ ਲਾਗ ਲਗਾ ਸਕਦਾ ਹੈ।

ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੁੜ ਲੱਗੀ ਲਾਗ ਉਨ੍ਹਾਂ ਲੋਕਾਂ ਵਿੱਚ ਪਹਿਲੀ ਲਾਗ ਦੇ ਮੁਕਾਬਲੇ ਮੱਧਮ ਹੋਵੇਗੀ ਜੋ ਕੋਰੋਨਾਵਾਇਰਸ ਤੋਂ ਇੱਕ ਵਾਰ ਠੀਕ ਹੋ ਚੁੱਕੇ ਹਨ ਜਾਂ ਜਿਨ੍ਹਾਂ ਨੂੰ ਟੀਕਾ ਲੱਗ ਚੁੱਕਿਆ ਹੈ।

ਪਰ ਜੇ ਡਾ਼ ਕਾਮੀਲ ਮੁਤਾਬਕ ਵਾਇਰਸ ਇਸ ਲਾਗ ਨੂੰ ਮੁੜ ਫ਼ੈਲਣ ਲਈ ਵਰਤਦਾ ਹੈ ਤਾਂ ਉਹ ਹਰਡ ਅਮਿਊਨਿਟੀ ਨੂੰ ਤੋੜ ਸਕਦਾ ਹੈ।

ਹਰਡ ਅਮਿਊਨਿਟੀ ਉਦੋਂ ਹੁੰਦੀ ਹੈ ਜਦੋਂ ਕਿਸੇ ਵਸੋਂ ਦਾ ਵੱਡਾ ਹਿੱਸਾ ਕਿਸੇ ਬੀਮਾਰੀ ਤੋਂ ਸੁਰੱਖਿਅਤ ਹੋ ਜਾਂਦਾ ਹੈ।

ਇਹ ਦੋ ਤਰੀਕਿਆਂ ਨਾਲ ਹਾਸਲ ਹੁੰਦੀ ਹੈ, ਪਹਿਲਾ, ਵਿਆਪਕ ਟੀਕਾਕਰਨ ਰਾਹੀਂ ਅਤੇ ਦੂਜਾ ਬੀਮਾਰੀ ਇੰਨੀ ਫੈਲੇ ਕਿ ਵਸੋਂ ਦੇ ਵੱਡੇ ਹਿੱਸੇ ਨੂੰ ਰੋਗੀ ਬਣਾ ਦੇਵੇ ਅਤੇ ਉਸ ਵਿੱਚ ਉਸ ਨਾਲ ਲੜਨ ਦੀ ਸ਼ਕਤੀ ਵਿਕਸਿਤ ਹੋ ਜਾਵੇ।

ਇਸ ਨਾਲ ਪਹਿਲਾਂ ਤੋਂ ਖ਼ਤਰੇ ਵਿੱਚ ਰਹਿ ਰਹੇ ਲੋਕਾਂ ਨੂੰ ਗੰਭੀਰ ਬੀਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ ਕਿਉਂਕਿ ਵਾਇਰਸ ਹਰਡ ਵਿੱਚੋਂ ਹੋ ਕੇ ਉਨ੍ਹਾਂ ਤੱਕ ਪਹੁੰਚ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਸ ਦੇ ਹੋਰ ਰੂਪਾਂ ਦੇ ਮੁਕਾਬਲੇ ਭਾਰਤੀ ਰੂਪ ਦੇ ਮਾਰੂ ਜਾਂ ਲਾਗਸ਼ੀਲ ਹੋਣ ਦੀ ਸੰਭਾਵਨਾ ਘੱਟ ਹੈ ਪਰ ਇਸ ਤੱਥ ਦੀ ਪੁਸ਼ਟੀ ਲਈ ਹਾਲੇ ਹੋਰ ਡਾਟਾ ਲੋੜੀਂਦਾ ਹੈ। 

ਇਹ ਵੀ ਪੜ੍ਹੋ-

ਕੀ ਭਾਰਤ ਵਿਚਲੇ ਦੂਜੇ ਉਛਾਲ ਦੇ ਪਿੱਛੇ ਨਵਾਂ ਰੂਪ ਹੈ?

ਭਾਰਤ ਵਿੱਚ ਬੁੱਧਵਾਰ ਨੂੰ 47,262 ਨਵੇਂ ਕੇਸ ਆਏ ਅਤੇ 275 ਮੌਤਾਂ ਹੋਈਆਂ, ਇਹ 2021 ਵਿੱਚ ਸਾਹਮਣੇ ਕੇਸਾਂ ਅਤੇ ਮੌਤਾਂ ਦੀ ਇੱਕ ਦਿਨ ਦੀ ਸਭ ਤੋਂ ਵਧੇਰੇ ਗਿਣਤੀ ਹੈ।

ਡਾ਼ ਰਾਕੇਸ਼ ਮਿਸ਼ਰਾ, ਡਾਇਰੈਕਟਰ ਹੈਦਰਾਬਾਦ ਸੈਂਟਰ ਫਾਰ ਸੈਲਿਊਲਰ ਐਂਡ ਮੌਲਿਕੂਲਰ ਬਾਇਓਲੋਜੀ (CCMB) ਨੇ ਦੱਸਿਆ ਇਹ "ਡਬਲ ਮਿਊਟੈਂਟ" ਮਹਾਰਾਸ਼ਟਰ ਦੇ 20 ਫ਼ੀਸਦ ਕੇਸਾਂ ਵਿੱਚ ਦੇਖਿਆ ਗਿਆ ਹੈ, ਜਿੱਥੇ ਕਿ ਕੇਸਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।

"ਇੱਕ ਸ਼ੱਕ ਇਹ ਹੈ ਕਿ ਇਹੀ ਵੇਰੀਐਂਟ ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਪਿੱਛੇ ਹੈ। ਮੈਂ ਕਹਾਂਗਾ ਨਹੀਂ। 80% ਵਿੱਚ ਇਹ ਮਿਊਟੈਂਟ ਨਹੀਂ ਸੀ।"

ਇਸ ਤੋਂ ਜ਼ਿਆਦਾ ਚਿੰਤਤ ਕਰਨ ਵਾਲਾ ਤਾਂ ਯੂਕੇ ਦਾ ਜਾਂ ਕੈਂਟ ਰੂਪ ਹੈ (B.1.1.7)। ਬ੍ਰਿਟੇਨ ਦੇ ਜ਼ਿਆਦਾਤਰ ਹਿੱਸੇ ਵਿੱਚ ਇਹੀ ਭਾਰੂ ਹੈ ਅਤੇ 50 ਤੋਂ ਵੱਧ ਦੇਸ਼ਾਂ ਵਿੱਚ ਫ਼ੈਲ ਚੁੱਕਿਆ ਹੈ।

ਭਾਰਤ ਵਿੱਚ ਜਾਂਚੇ ਗਏ 10,787 ਨਮੂਨਿਆਂ ਵਿੱਚੋਂ 736 ਵਿੱਚ ਇਹੀ ਰੂਪ ਦੇਖਿਆ ਗਿਆ ਹੈ।

ਜ਼ਿਆਦਾ ਦੂਜੀ ਲਹਿਰ ਦੇ ਪਿੱਛੇ ਇਸ ਦਾ ਹੱਥ ਵਧੇਰੇ ਹੋਣ ਦੀ ਸੰਭਾਵਨਾ ਹੈ। (ਅਧਿਐਨਾਂ ਮੁਤਾਬਕ ਇਹ ਪਹਿਲੇ ਵਾਇਰਸ ਨਾਲੋਂ 50% ਤੋਂ ਵਧੇਰੇ ਲਾਗਸ਼ੀਲ ਅਤੇ 60% ਤੋਂ ਵਧੇਰੇ ਮਾਰੂ ਹੈ)

ਡਾ਼ ਕਾਮੀਲ ਮੁਤਾਬਕ "ਜ਼ਿਆਦਾਤਰ ਤਾਂ ਦੂਜੀ ਲਹਿਰ ਲਈ ਮਨੁੱਖੀ ਲਾਪਰਵਾਹੀ ਹੀ ਜ਼ਿੰਮੇਵਾਰ ਹੁੰਦੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)