You’re viewing a text-only version of this website that uses less data. View the main version of the website including all images and videos.
ਅਮਿਤਾਭ ਬੱਚਨ ਨੂੰ ਫ਼ਿਲਮੀ ਵਿਰਾਸਤ ਸਾਂਭਣ ਲਈ ਸਨਮਾਨ, ਕਿਉਂ ਜ਼ਰੂਰੀ ਹੋ ਗਿਆ ਹੈ ਪੁਰਾਣੀਆਂ ਫ਼ਿਲਮਾਂ ਸਾਂਭਣੀਆਂ
ਦਹਾਕਿਆਂ ਤੋਂ ਅਮਿਤਾਭ ਬੱਚਨ ਨੇ ਆਪਣੀਆਂ ਕਰੀਬ 60 ਫਿਲਮਾਂ ਮੁੰਬਈ ਦੇ ਆਪਣੇ ਬੰਗਲੇ ਵਿਚ ਇਕ ਏਅਰ ਕੰਡੀਸ਼ਨਡ ਕਮਰੇ ਵਿਚ ਸੁਰੱਖਿਅਤ ਰੱਖੀਆਂ ਹੋਈਆਂ ਹਨ।
ਪੰਜ ਸਾਲ ਪਹਿਲਾਂ ਬਾਲੀਵੁੱਡ ਸੁਪਰਸਟਾਰ ਨੇ ਮੁੰਬਈ ਦੀ ਹੀ ਇੱਕ ਗੈਰ-ਮੁਨਾਫਾ ਸੰਸਥਾ ਦੁਆਰਾ ਚਲਾਏ ਗਏ ਤਾਪਮਾਨ-ਨਿਯੰਤਰਿਤ ਫਿਲਮ ਪੁਰਾਲੇਖ (ਟੈਂਪਰੇਚਰ ਕੰਟਰਲੋਡ ਫ਼ਿਲਮ ਆਰਕਾਈਵ) ਨੂੰ ਇਹ ਪ੍ਰਿੰਟ ਸੌਂਪੇ ਸਨ। ਇਸ ਸੰਸਥਾ ਨੇ ਭਾਰਤੀ ਫਿਲਮਾਂ ਨੂੰ ਸੰਵਾਰਨਾ (ਰੀਸਟੋਰ) ਅਤੇ ਸੁਰੱਖਿਅਤ ਕਰਨਾ (ਪ੍ਰੀਜ਼ਰਵ) ਸ਼ੁਰੂ ਕਰ ਦਿੱਤਾ ਸੀ।
ਪੁਰਸਕਾਰ ਜੇਤੂ ਫਿਲਮ ਨਿਰਮਾਤਾ ਆਰਕਾਈਵਿਸਟ ਅਤੇ ਰੀਸਟੋਰਰ ਸ਼ਵੇਂਦਰ ਸਿੰਘ ਡੂੰਗਰਪੁਰ ਦੀ ਅਗਵਾਈ ਵਿਚ ਫਿਲਮ ਹੈਰੀਟੇਜ ਫਾਉਂਡੇਸ਼ਨ ਇਨ੍ਹਾਂ ਯਤਨਾਂ ਵਿਚ ਸਭ ਤੋਂ ਅੱਗੇ ਰਹੀ ਹੈ।
ਨਿਰਦੇਸ਼ਕ ਕ੍ਰਿਸਟੋਫਰ ਨੋਲਨ ਦੇ ਅਨੁਸਾਰ, ਇਸ ਨੇ "ਉੱਤਮਤਾ ਲਈ ਇੱਕ ਅੰਤਰ ਰਾਸ਼ਟਰੀ ਪ੍ਰਸਿੱਧੀ ਬਣਾਈ ਹੈ", ਅਤੇ ਅਮਿਤਾਭ ਬੱਚਨ ਇਸਦੇ ਬ੍ਰਾਂਡ ਅੰਬੈਸਡਰ ਹਨ।
ਇਹ ਵੀ ਪੜ੍ਹੋ
ਸਾਲਾਂ ਤੋਂ ਉਹ ਭਾਰਤ ਦੀ ਤੇਜ਼ੀ ਨਾਲ ਪਤਨ ਵੱਲ ਵਧ ਰਹੀ ਫਿਲਮੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੀ ਵਕਾਲਤ ਕਰ ਰਹੇ ਹਨ ਅਤੇ ਇਸ ਲਈ ਤਮਾਮ ਕੋਸ਼ਿਸ਼ਾਂ ਵੀ ਕਰ ਰਹੇ ਹਨ।
ਸ਼ੁੱਕਰਵਾਰ ਨੂੰ, ਅਮਿਤਾਭ ਬੱਚਨ ਨੂੰ ਆਪਣੇ ਇਸ ਕੰਮ ਲਈ ਸਨਮਾਨਿਤ ਕੀਤਾ ਗਿਆ। 78 ਸਾਲਾ ਅਦਾਕਾਰ ਨੂੰ ਇਸ ਸਾਲ ਦਾ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਫਿਲਮ ਆਰਕਾਈਵਜ਼ ਪੁਰਸਕਾਰ ਦਿੱਤਾ ਗਿਆ।
ਨੋਲਨ ਅਤੇ ਸਾਥੀ ਫਿਲਮ ਨਿਰਮਾਤਾ ਮਾਰਟਿਨ ਸਕੋਰਸੇਸੇ ਨੇ ਅਮਿਤਾਭ ਬੱਚਣ ਨੂੰ ਇਹ ਪੁਰਸਕਾਰ ਸੌਂਪਿਆ।
ਡੂੰਗਰਪੁਰ ਕਹਿੰਦੇ ਹਨ ਕਿ ਬੱਚਨ ਨੇ ਫ਼ਿਲਮਾਂ ਨੂੰ ਸੁਰੱਖਿਅਤ ਰੱਖਣ ਅਤੇ ਆਰਕਾਈਵ ਕਰਨ ਦੇ ਵਿਚਾਰ ਵਿੱਚ "ਹਮੇਸ਼ਾਂ ਗੰਭਾਰਤਾ" ਵਿਖਾਈ ਹੈ।
ਇੱਕ ਗੱਲਬਾਤ ਦੌਰਾਨ ਅਮਿਤਾਭ ਬੱਚਣ ਇਸ ਗੱਲ 'ਤੇ ਕਾਫ਼ੀ ਦੁਖੀ ਹੋਏ ਸੀ ਕਿ ਉਹ ਦਿਲੀਪ ਕੁਮਾਰ ਦੀਆਂ ਪਹਿਲੀਆਂ ਕੁਝ ਫਿਲਮਾਂ ਨਹੀਂ ਵੇਖ ਸਕੇ ਸੀ ਕਿਉਂਕਿ "ਉਹ ਗੁੰਮ ਗਈਆਂ" ਸਨ।
ਭਾਰਤ ਦੀ ਵੱਡੀ ਫ਼ਿਲਮ ਇੰਡਸਟ੍ਰੀ
ਭਾਰਤ ਵਿੱਚ 10 ਵੱਡੀਆਂ ਫ਼ਿਲਮ ਇੰਡਸਟ੍ਰੀਆਂ ਹਨ ਜਿਸ ਵਿੱਚ ਬਾਲੀਵੁੱਡ ਵੀ ਸ਼ਾਮਲ ਹੈ। ਭਾਰਤ ਵਿੱਚ ਹਰ ਸਾਲ ਲਗਭਗ 36 ਭਾਸ਼ਾਵਾਂ ਵਿੱਚ 2,000 ਫਿਲਮਾਂ ਦਾ ਨਿਰਮਾਣ ਕੀਤਾ ਜਾਂਦਾ ਹੈ।
ਪਰ ਇਸ ਕੋਲ ਸਿਰਫ਼ ਦੋ ਹੀ ਫ਼ਿਲਮ ਅਰਕਾਈਵ ਹਨ - ਇੱਕ ਪੱਛਮੀ ਸ਼ਹਿਰ ਪੁਣੇ ਵਿੱਚ, ਜੋ ਕਿ ਰਾਜ-ਸੰਚਾਲਿਤ ਹੈ ਅਤੇ ਇੱਕ ਗੈਰ ਮੁਨਾਫ਼ੀ ਸੰਸਥਾ ਜੋ ਕਿ ਡੂੰਗਰਪੁਰ ਦੁਆਰਾ ਚਲਾਈ ਜਾ ਰਹੀ ਹੈ।
ਡੂੰਗਰਪੁਰ ਕਹਿੰਦੇ ਹਨ, "ਸਾਡੇ ਅਮੀਰ ਅਤੇ ਵਧੀਆ ਫਿਲਮੀ ਇਤਿਹਾਸ ਦੇ ਮੱਦੇਨਜ਼ਰ ਇਹ ਬਹੁਤ ਨਾਕਾਫੀ ਹੈ।"
ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਫਿਲਮਾਂ ਦੀ ਸੰਭਾਲ ਨਾ ਹੋਣ ਕਾਰਨ, ਭਾਰਤ ਦੀ ਬਹੁਤ ਸਾਰੀ ਫਿਲਮ ਵਿਰਾਸਤ ਗੁੰਮ ਹੋ ਚੁੱਕੀ ਹੈ ਜਾਂ ਨੁਕਸਾਨੀ ਗਈ ਹੈ।
ਭਾਰਤ ਦੀ ਪਹਿਲੀ ਟੌਕਿੰਗ ਆਲਮ ਆਰਾ (1931) ਅਤੇ ਸਥਾਨਕ ਤੌਰ 'ਤੇ ਬਣਾਈ ਗਈ ਪਹਿਲੀ ਰੰਗੀਨ ਫਿਲਮ ਕਿਸਾਨ ਕੰਨਿਆ (1937) ਨੂੰ ਲੱਭਿਆ ਨਹੀਂ ਜਾ ਸਕਿਆ।
ਸਾਈ ਪਰਾਂਜਪੀਏ (1977) ਵੱਲੋਂ ਆਜ਼ਾਦੀ ਦੀ ਨਾਇਕਾ ਲਖਸ਼ਮੀ ਸਹਿਗਲ 'ਤੇ ਬਣੀ ਡਾਕੂਮੈਂਟਰੀ ਦੀ ਅਸਲ ਫੁਟੇਜ ਅਤੇ ਸ਼ਿਆਮ ਬੈਨੇਗਲ ਦੁਆਰਾ ਬਣਾਈ ਗਈ 'ਭਾਰਤ ਏਕ ਖੋਜ' (1988) ਹੁਣ ਮੌਜੂਦ ਨਹੀਂ ਹੈ।
ਡਾਇਰੈਕਟਰ ਦੇ ਅਨੁਸਾਰ, ਐਸ ਐਸ ਰਾਜਮੌਲੀ ਦੁਆਰਾ 2009 ਵਿੱਚ ਬਣਾਈ ਗਈ 'ਮਗਧੀਰਾ' ਨਾਮ ਦੀ ਫਿਲਮ ਦੇ ਨੈਗੇਟਿਵ "ਸਿਰਫ ਛੇ ਸਾਲਾਂ ਵਿੱਚ ਹੀ ਗਾਇਬ ਹੋ ਗਏ।"
ਡੂੰਗਰਪੁਰ ਦੱਸਦੇ ਹਨ ਕਿ ਭਾਰਤ ਵਿਚ ਬਣੀ 1,138 ਸਾਈਲੰਟ ਫਿਲਮਾਂ ਵਿਚੋਂ ਸਿਰਫ 29 ਹੀ ਬਚੀਆਂ ਹਨ। 1931 ਤੋਂ 1950 ਦਰਮਿਆਨ ਮੁੰਬਈ ਵਿੱਚ ਬਣੀਆਂ 2000 ਤੋਂ ਵੱਧ ਫਿਲਮਾਂ ਵਿੱਚੋਂ 80% ਫਿਲਮਾਂ ਦੇਖਣ ਲਈ ਉਪਲਬਧ ਨਹੀਂ ਹਨ।
ਪਿਛਲੇ ਸਾਲ, ਡੂੰਗਰਪੁਰ ਅਤੇ ਉਸਦੀ ਟੀਮ ਨੂੰ ਮੁੰਬਈ ਦੇ ਇਕ ਗੋਦਾਮ ਵਿਚ 200 ਫਿਲਮਾਂ ਬੋਰੀਆਂ ਵਿਚ ਪਈਆਂ ਮਿਲੀਆਂ। ਉਨ੍ਹਾਂ ਦੱਸਿਆ ਕਿ "ਉਸ ਵਿੱਚ ਪ੍ਰਿੰਟ ਅਤੇ ਨੈਗੇਟਿਵ ਸ਼ਾਮਲ ਸਨ ਅਤੇ ਕਿਸੇ ਨੇ ਉਨ੍ਹਾਂ ਨੂੰ ਬੇਵਜ੍ਹਾ ਹੀ ਸੁੱਟਿਆ ਹੋਇਆ ਸੀ।"
ਇੰਨਾ ਹੀ ਨਹੀਂ, ਸਰਕਾਰੀ ਆਡੀਟਰਾਂ ਅਨੁਸਾਰ, ਸੂਬੇ ਦੁਆਰਾ ਚਲਾਏ ਜਾ ਰਹੇ ਫਿਲਮ ਆਰਕਾਈਵ ਦੁਆਰਾ ਰੱਖੀ ਗਈਆਂ ਫਿਲਮਾਂ ਦੇ 31,000 ਰੀਲ ਗੁੰਮ ਜਾਂ ਨਸ਼ਟ ਹੋ ਗਏ ਹਨ।
2003 ਵਿਚ, ਰਾਜ ਸੰਚਾਲਿਤ ਆਰਕਾਈਵ ਹਾਊਸ ਵਿਚ ਲੱਗੀ ਅੱਗ ਨਾਲ 600 ਤੋਂ ਵੱਧ ਫਿਲਮਾਂ ਨੂੰ ਨੁਕਸਾਨ ਪਹੁੰਚਿਆ ਸੀ। ਇਨ੍ਹਾਂ ਵਿਚ 1913 ਦੀ ਕਲਾਸਿਕ ਰਾਜਾ ਹਰੀਸ਼ਚੰਦਰ, ਜੋ ਕਿ ਭਾਰਤ ਦੀ ਪਹਿਲੀ ਸਾਈਲੰਟ ਫਿਲਮ ਸੀ, ਦੀਆਂ ਆਖਰੀ ਕੁਝ ਮੌਜੂਦਾ ਰੀਲਾਂ ਦੇ ਅਸਲ ਪ੍ਰਿੰਟ ਵੀ ਸ਼ਾਮਲ ਸਨ।
ਨਿਰਦੇਸ਼ਕ ਗੌਤਮ ਘੋਸ਼ ਕਹਿੰਦੇ ਹਨ, "ਤੁਹਾਨੂੰ ਆਪਣੇ ਅਤੀਤ ਦਾ ਸਤਿਕਾਰ ਕਰਨਾ ਪਏਗਾ। ਆਪਣੇ ਅਤੀਤ ਦਾ ਸਤਿਕਾਰ ਕਰਨ ਲਈ ਤੁਹਾਨੂੰ ਆਪਣੀਆਂ ਫਿਲਮਾਂ ਦੀ ਸਾਂਭ ਸੰਭਾਲ ਅਤੇ ਪੁਨਰ ਨਿਰਮਾਣ ਕਰਨ ਦੀ ਲੋੜ ਹੈ।
ਬੀਬੀਸੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
ਡਿਜੀਟਲ ਫ਼ਿਲਮਾਂ ਦਾ ਆਉਣਾ
ਡਿਜੀਟਲ ਆਉਣ ਤੋਂ ਪਹਿਲਾਂ, ਫਿਲਮਾਂ ਆਮ ਤੌਰ 'ਤੇ ਨੈਗੇਟਿਵ ਜਾਂ ਉਨ੍ਹਾਂ ਨੈਗੇਟਿਵ ਦੇ ਡੁਪਲੀਕੇਟ ਦੇ ਪ੍ਰਿੰਟਸ ਦੇ ਰੂਪ ਵਿੱਚ ਸੁਰੱਖਿਅਤ ਹੁੰਦੀਆਂ ਸਨ।
ਡੂੰਗਰਪੁਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਭਾਰਤੀ ਫਿਲਮ ਨਿਰਮਾਤਾਵਾਂ ਨੇ ਸਾਲ 2014 ਵਿੱਚ ਫਿਲਮ ਦੀ ਸ਼ੂਟਿੰਗ ਰੋਕਣ ਤੋਂ ਬਾਅਦ, ਬਹੁਤ ਸਾਰੀਆਂ ਫਿਲਮਾਂ ਦੀ ਲੈਬਾਂ ਨੇ ਆਪਣੇ ਸਟਾਕ ਨੂੰ ਡਿਜੀਟਾਈਜ਼ ਕਰ ਦਿੱਤਾ ਅਤੇ ਨੈਗਿਟਵ ਨੂੰ ਇੱਕ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ। ਉਨ੍ਹਾਂ ਨੂੰ ਲੱਗਿਆ ਕਿ ਇਸ ਦਾ ਉਨ੍ਹਾਂ ਲਈ ਹੁਣ ਕੋਈ ਲਾਭ ਨਹੀਂ ਹੈ।
ਉਹ ਕਹਿੰਦੇ ਹਨ, "ਅਸਲ ਕੈਮਰਾ ਨੈਗੇਟਿਵ ਦਾ ਰੈਜ਼ੋਲੇਸ਼ਨ, ਅੱਜ ਦੀਆਂ ਡਿਜੀਟਲ ਫ਼ਿਲਮਾਂ ਨਾਲੋਂ ਕਾਫ਼ੀ ਵੱਧ ਸੀ। ਇਹ ਉਨ੍ਹਾਂ ਨੂੰ ਪਤਾ ਨਹੀਂ ਸੀ।"
ਹੁਣ, ਭਾਰਤ ਵਿੱਚ ਰੱਖਿਆਵਾਦੀ (ਪ੍ਰੀਜ਼ਰਵ ਕਰਨ ਵਾਲੇ) ਮੁੱਖ ਤੌਰ 'ਤੇ ਪ੍ਰਿੰਟਾਂ 'ਤੇ ਕੰਮ ਕਰਦੇ ਹਨ।
"ਸਾਨੂੰ ਸੈਲੂਲੋਇਡ ਫਿਲਮ ਅਤੇ ਇਸ ਦੇ ਇਤਿਹਾਸ ਬਾਰੇ ਪੂਰੀ ਤਰ੍ਹਾਂ ਨਵੀਂ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਪਈ।"
ਪਿਛਲੇ ਛੇ ਸਾਲਾਂ ਦੌਰਾਨ, ਡੂੰਗਰਪੁਰ ਅਤੇ ਵਿਸ਼ਵ ਭਰ ਦੇ ਪ੍ਰਮੁੱਖ ਫਿਲਮ ਪੁਰਾਲੇਖਾਂ ਅਤੇ ਅਜਾਇਬ ਘਰਾਂ ਦੇ ਮਾਹਰਾਂ ਦੀ ਇੱਕ ਫੈਕਲਟੀ ਨੇ ਪੂਰੇ ਭਾਰਤ ਵਿੱਚ ਵਰਕਸ਼ਾਪਾਂ ਕਰਵਾਈਆਂ ਹਨ ਅਤੇ ਫਿਲਮਾਂ ਦੀ ਬਹਾਲੀ ਅਤੇ ਸੰਭਾਲ ਲਈ 300 ਤੋਂ ਵੱਧ ਲੋਕਾਂ ਨੂੰ ਸਿਖਲਾਈ ਦਿੱਤੀ ਹੈ।
ਫਾਉਂਡੇਸ਼ਨ ਨੇ ਮੁੰਬਈ ਵਿਚ ਇਸ ਦੀ ਸਹੂਲਤ ਵਿਚ ਚੋਟੀ ਦੇ ਭਾਰਤੀ ਫਿਲਮ ਨਿਰਮਾਤਾਵਾਂ ਦੀਆਂ 500 ਤੋਂ ਵੱਧ ਫਿਲਮਾਂ, ਸੁਤੰਤਰਤਾ ਅੰਦੋਲਨ ਦੀ ਫੁਟੇਜ ਅਤੇ ਭਾਰਤੀ ਘਰੇਲੂ ਫਿਲਮਾਂ ਇਕੱਤਰ ਕੀਤੀਆਂ ਅਤੇ ਸੁਰੱਖਿਅਤ ਕੀਤੀਆਂ ਹਨ।
ਡੂੰਗਰਪੁਰ ਕੋਲ ਭਾਰਤੀ ਫਿਲਮ ਯਾਦਗਾਰਾਂ ਦਾ ਪ੍ਰਭਾਵਸ਼ਾਲੀ ਸੰਗ੍ਰਹਿ ਹੈ, ਜਿਸ ਵਿੱਚ ਹਜ਼ਾਰਾਂ ਪੁਰਾਣੀਆਂ ਤਸਵੀਰਾਂ, ਫੋਟੋ ਨੈਗੇਟਿਵ ਅਤੇ ਫਿਲਮ ਦੇ ਪੋਸਟਰ ਸ਼ਾਮਲ ਹਨ।
ਬੱਚਨ ਹਮੇਸ਼ਾਂ ਹੀ ਭਾਰਤੀ ਫ਼ਿਲਮਾਂ ਦੀ ਵਿਰਾਸਤ ਨੂੰ ਸੰਭਾਲਣ ਦੀ ਜ਼ਰੂਰਤ ਬਾਰੇ ਸਪੱਸ਼ਟ ਤੌਰ 'ਤੇ ਬੋਲਦੇ ਰਹੇ ਹਨ।
ਦੋ ਸਾਲ ਪਹਿਲਾਂ, ਕੋਲਕਾਤਾ ਵਿਖੇ ਇੱਕ ਅੰਤਰਰਾਸ਼ਟਰੀ ਫਿਲਮ ਮੇਲੇ ਵਿੱਚ, ਉਨ੍ਹਾਂ ਨੇ ਕਿਹਾ: "ਸਾਡੀ ਪੀੜ੍ਹੀ ਭਾਰਤੀ ਸਿਨੇਮਾ ਦੇ ਮਹਾਨ ਨਾਇਕਾਂ ਦੇ ਬੇਮਿਸਾਲ ਯੋਗਦਾਨ ਨੂੰ ਮੰਨਦੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਅੱਗ ਦੀਆਂ ਲਪਟਾਂ ਵਿੱਚ ਖ਼ਤਮ ਹੋ ਗਈਆਂ ਹਨ ਜਾਂ ਗੁਆਚ ਗਈਆਂ ਹਨ।"
"ਸਾਡੀ ਫਿਲਮੀ ਵਿਰਾਸਤ ਦਾ ਬਹੁਤ ਘੱਟ ਹਿੱਸਾ ਬਚਿਆ ਹੈ ਅਤੇ ਜੇ ਅਸੀਂ ਬਚੀਆਂ ਹੋਈਆਂ ਚੀਜ਼ਾਂ ਨੂੰ ਬਚਾਉਣ ਲਈ ਤੁਰੰਤ ਕਦਮ ਨਹੀਂ ਚੁੱਕੇ, ਤਾਂ 100 ਹੋਰ ਸਾਲਾਂ ਵਿਚ ਉਨ੍ਹਾਂ ਸਾਰਿਆਂ ਦੀ ਯਾਦਗਾਰੀ ਨਹੀਂ ਰਹੇਗੀ ਜਿਹੜੇ ਸਾਡੇ ਸਾਹਮਣੇ ਹਨ।"
ਇਹ ਵੀ ਪੜ੍ਹੋ: