ਪਾਕਿਸਤਾਨੀ ਫ਼ੌਜ ਮੁਖੀ ਦਾ ਭਾਰਤ ਨੂੰ ਮਸ਼ਵਰਾ,'ਅਤੀਤ ਨੂੰ ਦਫ਼ਨ ਕਰਨ' ਦਾ ਵੇਲ਼ਾ- ਪ੍ਰੈੱਸ ਰਿਵੀਊ

ਵੀਰਵਾਰ ਨੂੰ ਪਾਕਿਸਤਾਨ ਦੀ ਫ਼ੌਜ ਦੇ ਭਾਰਤ ਨਾਲ ਸਬੰਧਾਂ ਬਾਰੇ ਰਵਾਇਤੀ ਰੁਖ਼ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਇੱਕ ਸੰਬੋਧਨ ਦੌਰਾਨ, ਦੋਵਾਂ ਦੇਸ਼ਾਂ ਅਤੇ ਦੱਖਣੀ ਏਸ਼ੀਆ ਦੀ ਭਲਾਈ ਲਈ ਆਰਥਿਕ ਏਕੀਕਰਨ ਵੱਲ ਵਧਣ ਦੀ ਤਜਵੀਜ਼ ਕੀਤੀ।

ਹਾਲਾਂਕਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਭਾਰਤ ਨੂੰ ਸਿਰਫ਼ ਇਹ ਕਿਹਾ ਕਿ ਉਹ ਕਸ਼ਮੀਰ ਵਿੱਚ ਗੱਲਬਾਤ ਮੁੜ ਸ਼ੁਰੂ ਹੋ ਸਕਣ ਲਈ "ਸਾਜ਼ਗਾਰ ਮਾਹੌਲ" ਪੈਦਾ ਕਰੇ।

ਇਹ ਵੀ ਪੜ੍ਹੋ:

ਹਾਲਾਂਕਿ ਬਾਜਵਾ ਨੇ ਇਹ ਨਹੀਂ ਸਾਫ਼ ਕੀਤਾ ਕਿ ਕਸ਼ਮੀਰ ਵਿੱਚ ਸਾਜ਼ਗਾਰ ਮਹੌਲ ਤੋਂ ਉਨ੍ਹਾਂ ਦਾ ਕੀ ਭਾਵ ਸੀ। ਹਾਲਾਂਕਿ ਨਾ ਤਾਂ ਉਨ੍ਹਾਂ ਨੇ ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਜਾਣ ਦੀ ਪੁਰਾਣੀ ਗੱਲ ਦੁਹਰਾਈ ਅਤੇ ਨਾ ਹੀ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ 5 ਅਗਸਤ 2019 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਭਾਰਤ ਤੋਂ ਕੀਤੀ।

ਉਨ੍ਹਾਂ ਨੇ ਕਿਹਾ "ਇਹ ਸਮਝਣਾ ਅਹਿਮ ਹੈ ਕਿ ਕਸ਼ਮੀਰ ਵਿਵਾਦ ਦੇ ਸ਼ਾਂਤੀਮਈ ਤਰੀਕਿਆਂ ਨਾਲ ਸੁਲਝੇ ਬਿਨਾਂ, ਜੰਗ ਨਾਲ ਸਿਆਸੀ ਤੌਰ 'ਤੇ ਪ੍ਰੇਰਿਤ ਪਿਆਰ ਕਾਰਨ ਉਪ-ਮਹਾਂਦੀਪ ਵਿੱਚ ਮਿੱਤਰਤਾ ਕਦੇ ਵੀ ਮੁੜ ਲੀਹੋਂ ਲਹਿ ਸਕਦੀ ਹੈ।''

''ਹਾਲਾਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਮਾਂ ਹੈ ਜਦੋਂ ਅਤੀਤ ਨੂੰ ਦਫ਼ਨ ਕਰਕੇ ਅੱਗੇ ਵਧਿਆ ਜਾਵੇ।"

ਉਨ੍ਹਾਂ ਨੇ ਅੱਗੇ ਕਿਹਾ,"ਅਮਨ ਪ੍ਰਕਿਰਿਆ ਦੇ ਮੁੜ ਸ਼ੁਰੂ ਹੋਣ ਲਈ ਸਾਡੇ ਗੁਆਂਢੀ ਨੂੰ ਸਾਜ਼ਗਾਰ ਮਹੌਲ ਬਣਾਉਣਾ ਪਵੇਗਾ ਖ਼ਾਸ ਕਰਕੇ (ਕਸ਼ਮੀਰ) ਵਿੱਚ।"

ਕੋਰੋਨਾ ਅਪਡੇਟ: ਦੂਜਾ ਉਬਾਲ ਨੇੜੇ

ਵੀਰਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ 25,883 ਮਾਮਲੇ ਸਾਹਮਣੇ ਆਏ। ਜਦੋਂ ਤੋਂ ਮਹਾਮਾਰੀ ਸ਼ੁਰੂ ਹੋਈ ਹੈ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆਏ ਹੋਣ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਮਹਾਰਾਸ਼ਟਰ ਇਕੱਲਾ ਨਹੀਂ ਹੈ ਜਿੱਥੇ ਮਾਮਲਿਆਂ ਵਿੱਚ ਉਬਾਲ ਰਿਪੋਰਟ ਕੀਤਾ ਗਿਆ ਹੋਵੇ- ਪੰਜਾਬ (2,369), ਕਰਨਾਟਕ (1,488),ਗੁਜਰਾਤ (1,276), ਤਾਮਿਲਨਾਡੂ (989), ਮੱਧ ਪ੍ਰਦੇਸ਼ (917)ਅਤੇ ਹਰਿਆਣਾ (633) ਵਿੱਚ ਵੀ 24 ਘੰਟਿਾਂ ਦੌਰਾਨ ਇਸ ਸਾਲ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਇਹ ਵਾਧੇ ਇਸ ਦਾ ਸੰਕੇਤ ਹਨ ਕਿ ਕੋਵਿਡ-19 ਦੇਸ਼ ਵਿੱਚ ਦੇਸ਼ ਵਿੱਚ ਤੇਜ਼ੀ ਨਾਲ ਦੂਜਾ ਉਬਾਲਾ ਮਾਰ ਰਿਹਾ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਭਾਰਤ ਵਿੱਚ 102 ਦਿਨਾਂ ਬਾਅਦ ਕੋਰੋਨਾਵਾਇਰਸ ਦੇ 35,886 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ 64 ਫ਼ੀਸਦੀ ਮਾਮਲੇ ਇਕੱਲੇ ਮਹਾਰਸ਼ਟਰ ਤੋਂ ਆਏ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੀਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਕੋਰੋਨਾ ਦੇ ਹਾਲਤ ਵਿਗੜ ਰਹੇ ਹਨ ਅਤੇ ਸਖ਼ਤੀ ਕੀਤੀ ਜਾਵੇਗੀ। ਉਨ੍ਹਾਂ ਨੇ ਸੂਬੇ ਦੇ ਨੌਂ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫ਼ਿਊ ਰਾਤ ਦੇ ਨੌਂ ਵਜੇ ਤੋਂ ਸਵੇਰੇ 5 ਵਜੇ ਤੱਕ ਵਧਾਉਣ ਦਾ ਐਲਾਨ ਕੀਤਾ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇੱਕ ਸਾਲ ਵਿੱਚ ਚੁੱਕੇ ਜਾਣਗੇ ਟੋਲ ਇਸ ਤਰ੍ਹਾਂ ਹੋਵੇਗੀ ਟੋਲ ਦੀ ਵਸੂਲੀ

ਸੜਕੀ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਦੇ ਪ੍ਰਸ਼ਨ ਕਾਲ ਵਿੱਚ ਬੋਲਦਿਆਂ ਕਿਹਾ ਕਿ ਇੱਕ ਸਾਲ ਦੇ ਅੰਦਰ ਦੇਸ਼ ਵਿੱਚੋਂ ਟੋਲ ਪਲਾਜ਼ੇ ਖ਼ਤਮ ਕਰਕੇ ਜੀਪੀਐੱਸ ਅਧਾਰਿਤ ਟੋਲ ਵਸੂਲੀ ਸ਼ੁਰੂ ਕੀਤੀ ਜਾਵੇਗੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ 93 ਫ਼ੀਸਦੀ ਵਾਹਨ FASTag ਰਾਹੀਂ ਟੋਲ ਦਾ ਭੁਗਤਾਨ ਕਰਦੇ ਹਨ ਪਰ ਸੱਤ ਫ਼ੀਸਦੀ ਨੇ ਹਾਲੇ ਵੀ FASTag ਨਹੀਂ ਲਗਵਾਇਆ ਹੈ ਹਾਲਾਂਕਿ ਉਨ੍ਹਾਂ ਨੂੰ ਦੁੱਗਣਾ ਟੋਲ ਚੁਕਾਉਣਾ ਪੈਂਦਾ ਹੈ।

ਉਨ੍ਹਾਂ ਨੇ ਕਿਹਾ,"ਮੈਂ ਸਦਨ ਨੂੰ ਯਕੀਨ ਦਵਾਉਣਾ ਚਾਹੁੰਦਾ ਹਾਂ ਕਿ ਇੱਕ ਸਾਲ ਦੇ ਅੰਦਰ ਟੋਲ ਬੂਥ ਦੇਸ਼ ਵਿੱਚੋਂ ਹਟਾ ਦਿੱਤੇ ਜਾਣਗੇ। ਇਸ ਦਾ ਮਤਲਬ ਹੈ ਕਿ ਟੋਲ ਦੀ ਵਸੂਲੀ ਜੀਪੀਐੱਸ ਰਾਹੀਂ ਕੀਤੀ ਜਾਵੇਗੀ।"

ਇਸ ਦੇ ਨਾਲ ਹੀ ਗਡਕਰੀ ਨੇ ਪੁਰਾਣੇ ਵਾਹਨਾਂ ਨੂੰ ਸਕਰੈਪ ਕਰਨ ਦੀ ਨੀਤੀ ਵੀ ਸਦਨ ਵਿੱਚ ਰੱਖੀ।

ਉਨ੍ਹਾਂ ਨੇ ਕਿਹਾ ਕਿ ਪੁਰਾਣੇ ਵਾਹਨ ਸਕਰੈਪ ਕਰਵਾ ਕੇ ਨਵੇਂ ਵਾਹਨ ਖ਼ਰੀਦਣ ਵਾਲਿਆਂ ਨੂੰ ਵਾਹਨ ਦੀ ਐਕਸਸ਼ੋਰੂਮ ਕੀਮਤ ਵਿੱਚ 4-6 ਫ਼ੀਸਦੀ ਦੀ ਛੋਟ ਦਿੱਤੀ ਜਾਵੇਗੀ। ਉੱਥੇ ਹੀ 25 ਫ਼ੀਸਦੀ ਰਿਬੇਟ ਉਨ੍ਹਾਂ ਨੂੰ ਰੋਡ਼ ਟੈਕਸ ਵਿੱਚ ਮਿਲੇਗੀ ਅਤੇ 5 ਫ਼ੀਸਦੀ ਛੋਟ ਉਨ੍ਹਾਂ ਨੂੰ ਵਾਹਨ ਨਿਰਮਾਤਾ ਕੰਪਨੀਆਂ ਦੇਣਗੀਆਂ।

ਜਨਤਾ ਲਈ 15 ਸਾਲ ਤੋਂ ਵਧੇਰੇ ਪੁਰਾਣੇ ਵਾਹਨਾਂ ਨੂੰ ਸਕਰੈਪ ਕਰਨ ਦੀ ਨੀਤੀ ਦੇਸ਼ ਵਿੱਚ 2021 ਵਿੱਚ ਹੀ ਪਹਿਲੀ ਅਕਤੂਬਰ ਤੋਂ ਲਾਗੂ ਹੋ ਜਾਵੇਗੀ ਜਦਕਿ ਸਰਕਾਰੀ ਗੱਡੀਆਂ ਦੀ ਸਕਰੈਪਿੰਗ ਪਹਿਲੀ ਅਪਰੈਲ 2022 ਤੋਂ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)