ਕਿਸਾਨ ਅੰਦੋਲਨ ਦੀ ਅਵਾਜ਼ ਸੰਯੁਕਤ ਰਾਸ਼ਟਰ ਪਹੁੰਚੀ, ਡਾ. ਦਰਸ਼ਨ ਪਾਲ ਨੇ ਇਹ ਅਪੀਲ ਕੀਤੀ- 5 ਅਹਿਮ ਖ਼ਬਰਾਂ

ਸੰਯੁਕਤ ਕਿਸਾਨ ਮੋਰਚੇ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਅਵਾਜ਼ ਨੂੰ ਸੰਯੁਕਤ ਰਾਸ਼ਟਰ ਵਿਚ ਉਠਾਇਆ ਹੈ।

ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਕੋਆਰਡੀਨੇਟਰ ਡਾਕਟਰ ਦਰਸ਼ਨਪਾਲ ਨੇ ਹਿਊਮਨ ਰਾਇਟਸ ਕਾਉਂਸਲ ਦੀ 46ਵੀਂ ਔਨਲਾਇਨ ਬੈਠਕ ਵਿਚ ਆਪਣੀ ਗੱਲ ਰੱਖੀ।

ਸੰਯੁਕਤ ਮੋਰਚੇ ਵਲੋਂ ਜਾਰੀ ਵੀਡੀਓ ਵਿਚ ਦਰਸ਼ਨਪਾਲ ਨੇ ਕਿਹਾ ਕਿ ਉਹ ਸੰਸਾਰ ਵਿਚ ਛੋਟੇ ਕਿਸਾਨਾਂ ਦੀ ਰੱਖਿਆ ਲਈ ਯੂਐਨ ਵਲੋਂ ਕਿਸਾਨੀ ਹੱਕਾਂ ਨੂੰ ਮਾਨਤਾ ਦੇਣ ਲਈ ਧੰਨਵਾਦੀ ਹਨ।

ਇਹ ਵੀ ਪੜ੍ਹੋ-

ਦਰਸ਼ਨਪਾਲ ਨੇ ਕਿਹਾ, ''ਸਾਡੇ ਦੇਸ਼ ਨੇ ਯੂਐਨਓ ਦੇ ਮਨੁੱਖੀ ਅਧਿਕਾਰਾਂ ਬਾਰੇ ਐਲਾਨ-ਨਾਮੇ ਉੱਤੇ ਦਸਤਖ਼ਤ ਕੀਤੇ ਹਨ । ਕਾਫ਼ੀ ਸਾਲਾਂ ਲਈ ਕਿਸਾਨੀ ਹਿੱਤਾਂ ਦੀ ਰਾਖੀ ਵੀ ਹੁੰਦੀ ਰਹੀ। ਜਿਸ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਕੁਝ ਅਸਾਨ ਬਣਾਇਆ, ਉਸ ਨੂੰ ਘੱਟੋ ਘੱਟ ਸਮਰਥਨ ਮੁੱਲ ਕਹਿੰਦੇ ਹਨ।''

ਦਰਸ਼ਨਪਾਲ ਦਾ ਕਹਿਣਾ ਸੀ ਕਿ ਯੂਐਨ ਦਾ ਐਲਾਨ-ਨਾਮਾ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਮੁਲਕ ਖੇਤੀ ਕਾਨੂੰਨ ਅਤੇ ਨੀਤੀਆਂ ਘੜਨ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨ।

''ਅਸੀਂ ਯੂਐਨਓ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੀ ਸਰਕਾਰ ਨੂੰ ਆਪਣੇ ਐਲਾਨ-ਨਾਮੇ ਦੇ ਪਾਬੰਦ ਕਰੇ। ਕਾਨੂੰਨ ਰੱਦ ਕੀਤੇ ਜਾਣ ਅਤੇ ਕਿਸਾਨ ਪੱਖੀ ਏਜੰਡੇ ਦੀ ਕਵਾਇਤ ਸ਼ੁਰੂ ਕੀਤੀ ਜਾਵੇ। ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਚੰਗਾ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ।'' ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਬਾਟਲਾ ਹਾਊਸ ਪੁਲਿਸ ਮੁਕਾਬਲਾ ਮਾਮਲੇ ਵਿੱਚ ਆਰਿਜ਼ ਖ਼ਾਨ ਨੂੰ ਫਾਂਸੀ ਦੀ ਸਜ਼ਾ

ਬਾਟਲਾ ਹਾਊਸ ਪੁਲਿਸ ਮੁਕਾਬਲੇ ਦੌਰਾਨ ਇੰਸਪੈਕਟਰ ਦੇ ਕਤਲ ਦੇ ਦੋਸ਼ੀ ਪਾਏ ਗਏ ਆਰਿਜ਼ ਖ਼ਾਨ ਨੂੰ ਦਿੱਲੀ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ।

ਦਿੱਲੀ ਦੀ ਸਾਕੇਤ ਕੋਰਟ ਦੋਸ਼ੀ ਨੂੰ ਆਰਿਜ਼ ਨੂੰ 11 ਲੱਖ ਦਾ ਜੁਰਮਾਨਾ ਵੀ ਲਾਇਆ ਹੈ। ਇਸ ਵਿਚ 10 ਲੱਖ ਰੁਪਏ ਇੰਸਪੈਕਟਰ ਮੋਹਨ ਲਾਲ ਸ਼ਰਮਾਂ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।

ਸਰਕਾਰੀ ਵਕੀਲ ਏਟੀ ਅੰਸਾਰੀ ਵਕੀਲ ਨੇ ਕਿਹਾ, ''ਮੈਨੂੰ ਸੰਤੁਸ਼ਟੀ ਹੈ ਕਿ ਆਖ਼ਰਕਾਰ ਅਦਾਲਤ ਨੇ ਇੱਕ ਬਹਾਦਰ ਪੁਲਿਸ ਅਫ਼ਸਰ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਹੈ. ਇਸ ਵਿਚ ਅਦਾਲਤ ਜਿੰਨੀ ਵਧ ਤੋਂ ਵਧ ਸਜ਼ਾ ਦੇ ਸਕਦੀ ਸੀ, ਉਹ ਫਾਸੀ ਦੀ ਸਜ਼ਾ ਦਿੱਤੀ ਗਈ ਹੈ।'' ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਲਾਹੌਰ : 'ਪੰਜਾਬੀ ਸੱਭਿਆਚਾਰ ਦਿਹਾੜਾ ਮਨਾ ਕੇ ਰਹਿਣਾ ਹੈ ਭਾਵੇਂ ਤੁਸੀਂ ਸਾਨੂੰ ਗੋਲੀ ਮਾਰ ਦਿਓ'

14 ਮਾਰਚ ਨੂੰ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਪੰਜਾਬੀ ਸੱਭਿਆਚਾਰਕ ਦਿਹਾੜੇ ਵਜੋਂ ਮਾਨਤਾ ਦਿੱਤੀ ਹੋਈ ਹੈ। ਪਰ ਨਾ 2020 ਵਿਚ ਅਤੇ ਨਾ ਹੀ 2021 ਵਿਚ ਇਸ ਨੂੰ ਕੋਰੋਨਾਵਾਇਰਸ ਕਾਰਨ ਮਨਾਉਣ ਦਿੱਤਾ ਗਿਆ।

ਪੰਜਾਬੀ ਕਲਚਰ ਡੇਅ ਦੇ ਪ੍ਰਬੰਧਕਾਂ ਨੇ ਇਲਜ਼ਾਮ ਲਾਇਆ ਕਿ ਪੰਜਾਬੀਆਂ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਸਰਾਇਕੀ ਤੇ ਬਲੋਚ ਸਮਾਗਮ ਹੋਣ ਦਿੱਤੇ ਗਏ ਅਤੇ ਪੰਜਾਬੀ ਨੂੰ ਬਹਾਨੇ ਨਾਲ ਰੋਕ ਦਿੱਤਾ ਗਿਆ।

ਪੰਜਾਬੀ ਕਾਰਕੁਨਾਂ ਨੇ ਪੁਲਿਸ ਨਾਲ ਕਾਫ਼ੀ ਬਹਿਸ ਵੀ ਕੀਤੀ ਪਰ ਪੁਲਿਸ ਨੇ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ।

ਆਖ਼ਰਕਾਰ ਪੰਜਾਬੀ ਸੱਭਿਆਚਾਰ ਦਿਹਾੜਾ ਮਨਾਉਣ ਨੂੰ ਲੈ ਕੇ ਸੜਕ ਉੱਤੇ ਹੀ 'ਮੇਲਾ' ਲੱਗ ਗਿਆ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੇਘਨ ਅਤੇ ਹੈਰੀ : ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਮੀਡੀਆ ਦਾ 'ਅਦਿੱਖ ਇਕਰਾਰਨਾਮਾ' ਕੀ ਹੈ

ਦਹਾਕਿਆਂ ਤੋਂ ਬ੍ਰਿਟਿਸ਼ ਰਾਜ ਪਰਿਵਾਰ ਦਾ ਜੀਵਨ ਜਿਊਣ ਦਾ ਇਹੀ ਸਿਧਾਂਤ ਰਿਹਾ ਹੈ ਕਿ "ਨਾ ਤਾਂ ਕਦੇ ਸ਼ਿਕਾਇਤ ਕਰੋ ਅਤੇ ਨਾ ਕੁਝ ਸਮਝਾਓ"। ਕੁਝ ਇਸੇ ਤਰ੍ਹਾਂ ਦਾ ਰਿਸ਼ਤਾ ਉਨ੍ਹਾਂ ਦਾ ਮੀਡੀਆ ਜਾਂ ਪ੍ਰੈੱਸ ਨਾਲ ਰਿਹਾ ਹੈ।

ਹੁਣ ਅਮਰੀਕੀ ਹੋਸਟ ਓਪਰਾ ਵਿਨਫ਼ਰੀ ਨੂੰ ਦਿੱਤੇ ਇੰਟਰਵਿਊ ਦੌਰਾਨ ਸਸੈਕਸ ਦੇ ਡਿਊਕ ਤੇ ਡੱਚਸ ਵਲੋਂ ਕੀਤੇ ਗਏ ਖ਼ੁਲਾਸਿਆਂ ਨੇ ਬ੍ਰਿਟਿਸ਼ ਰਾਜਸ਼ਾਹੀ ਦੇ ਮੀਡੀਆ ਨਾਲ ਸਬੰਧਾਂ ਬਾਰੇ ਚਰਚਾ ਛੇੜ ਦਿੱਤੀ ਹੈ।

ਪ੍ਰਿੰਸ ਹੈਰੀ ਨੇ ਸ਼ਾਹੀ ਪਰਿਵਾਰ ਅਤੇ ਪੱਤਰਕਾਰਾਂ ਦਰਮਿਆਨ ਇੱਕ "ਅਦਿੱਖ ਇਕਰਾਰਨਾਮੇ" ਬਾਰੇ ਗੱਲ ਕੀਤੀ, ਇੱਕ ਅਜਿਹੀ ਦੁਨੀਆਂ ਜਿਸ ਵਿੱਚ ਮਹਿਲ ਦੇ ਗੇਟਾਂ ਦੇ ਅੰਦਰ ਨਿੱਜਤਾ ਬਰਕਰਾਰ ਰੱਖਣ ਬਦਲੇ, ਯੋਜਨਾਬੱਧ ਤਰੀਕੇ ਨਾਲ ਜਨਤਕ ਪ੍ਰਦਰਸ਼ਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਇੱਕ ਪੱਧਰ ਤੱਕ ਪੜਤਾਲ ਨੂੰ ਰਵਾਇਤੀ ਤੌਰ 'ਤੇ ਪ੍ਰਵਾਨ ਕੀਤਾ ਜਾਂਦਾ ਹੈ। ਕਲਿੱਕ ਕਰਕੇ ਪੂਰੀ ਖ਼ਬਰ ਪੜ੍ਹੋ।

ਮੰਦਰ ਵਿੱਚ ਪਾਣੀ ਪੀਣ 'ਤੇ ਮੁਸਲਮਾਨ ਮੁੰਡੇ ਦੀ ਕੁੱਟਮਾਰ ਬਾਰੇ ਕੀ ਕਹਿੰਦਾ ਹੈ ਵਿਦੇਸ਼ੀ ਮੀਡੀਆ

ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ਸ਼ਹਿਰ ਦੇ ਇੱਕ ਮੰਦਰ ਵਿੱਚੋਂ ਪਾਣੀ ਪੀਣ ਕਾਰਨ ਕੁੱਟੇ ਗਏ ਮੁਸਲਮਾਨ ਮੁੰਡੇ ਦੀ ਖ਼ਬਰ ਨੂੰ ਵਿਦੇਸ਼ੀ ਮੀਡੀਆ ਖ਼ਾਸਕਰ ਮੁਸਲਮਾਨ ਦੇਸਾਂ ਦੇ ਮੀਡੀਆ ਨੇ ਪ੍ਰਮੁੱਖਤਾ ਨਾਲ ਛਾਪਿਆ ਹੈ।

ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਨ ਨੇ ਲਿਖਿਆ ਕਿ ਇੱਕ ਮੁਸਲਮਾਨ ਮੁੰਡੇ ਨੂੰ ਮੰਦਰ ਵਿੱਚ ਦਾਖ਼ਲ ਹੋਣ ਅਤੇ ਪਾਣੀ ਪੀਣ ਕਾਰਨ ਬੁਰੀ ਤਰ੍ਹਾਂ ਕੁੱਟਿਆ ਗਿਆ।

ਅਖ਼ਬਾਰ ਵਿੱਚ ਲਿਖਿਆ ਗਿਆ ਕਿ ਵੀਰਵਾਰ (11 ਮਾਰਚ) ਨੂੰ ਗ਼ਾਜ਼ੀਆਬਾਦ ਜ਼ਿਲ੍ਹੇ (ਯੂਪੀ) ਦੇ ਡਾਸਨਾ ਕਸਬੇ ਵਿੱਚ ਮੰਦਰ ਦੇ ਕੇਅਰਟੇਕਰ ਸ਼੍ਰਿੰਗੀ ਨੰਦਨ ਯਾਦਵ ਨੇ ਮੰਦਰ ਵਿੱਚੋਂ ਪਾਣੀ ਪੀਣ ਲਈ 14 ਸਾਲਾ ਮੁਸਲਮਾਨ ਮੁੰਡੇ ਨੂੰ ਕੁੱਟਿਆ।

ਬੰਗਲਾਦੇਸ਼ ਦੇ ਅੰਗਰੇਜ਼ੀ ਭਾਸ਼ਾ ਦੇ ਰੋਜ਼ਾਨਾ ਅਖ਼ਬਾਰ ਢਾਕਾ ਟ੍ਰਿਬਿਊਨ ਨੇ ਲਿਖਿਆ ਕਿ 'ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਕਾਰਨ ਸ਼੍ਰਿੰਗੀ ਨੰਦਨ ਯਾਦਵ ਵੱਲੋਂ ਕੀਤੀ ਗਈ ਹਰਕਤ 'ਤੇ ਸਭ ਦੀ ਨਜ਼ਰ ਪਈ।' ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)