You’re viewing a text-only version of this website that uses less data. View the main version of the website including all images and videos.
ਗੁਜਰਾਤ ਦਾ ਡਾਕਟਰ ਜੋ ਔਰਤ ਤੋਂ ਪੁਰਸ਼ ਬਣਿਆ ਪਰ ਦਸਤਾਵੇਜ਼ਾਂ ’ਚ ਪਛਾਣ ਬਦਲਵਾਉਣਾ ਚੁਣੌਤੀ ਬਣਿਆ
- ਲੇਖਕ, ਭਾਰਗਵ ਪਰੀਖ
- ਰੋਲ, ਬੀਬੀਸੀ ਪੱਤਰਕਾਰ
"ਇਸ ਸਮਾਜ ਵਿੱਚ ਤੁਸੀਂ ਕਿਸੇ ਤੋਂ ਪਿਆਰ ਅਤੇ ਹਮਦਰਦੀ ਦੇ ਦੋ ਸ਼ਬਦ ਮੰਗੋ ਤਾਂ ਤੁਹਾਨੂੰ ਨਫ਼ਰਤ ਮਿਲਦੀ ਹੈ ਇਸ ਲਈ ਮੈਂ ਔਰਤ ਤੋਂ ਪੁਰਸ਼ ਬਣਨ ਦਾ ਫ਼ੈਸਲਾ ਕੀਤਾ। ਮੈਂ ਪੁਰਸ਼ ਤਾਂ ਬਣ ਗਿਆ ਹਾਂ ਪਰ ਹੁਣ ਮੈਨੂੰ ਕੋਈ ਸਵਿਕਾਰ ਨਹੀਂ ਕਰ ਰਿਹਾ।"
ਭਾਵੇਸ਼ ਭਾਈ (ਬਦਲਿਆ ਹੋਇਆ ਨਾਮ) ਅਜਿਹਾ ਕਹਿੰਦੇ ਹਨ। ਇੱਕ ਸਰਕਾਰੀ ਹਸਪਤਾਲ ਵਿੱਚ ਡਾਕਟਰ, ਭਾਵੇਸ਼ ਭਾਈ ਔਰਤ ਤੋਂ ਪੁਰਸ਼ ਬਣਨ ਤੋਂ ਬਾਅਦ ਸਮਾਜਿਕ ਲੜਾਈ ਲੜ ਰਹੇ ਹਨ।
ਉਨ੍ਹਾਂ ਮੁਤਾਬਕ ਲੋਕ ਹੁਣ ਉਨ੍ਹਾਂ ਨੂੰ ਪੁਰਸ਼ ਦੀ ਬਜਾਇ ਟਰਾਂਸਜੈਂਡਰ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਅਜਿਹੇ ਵਿੱਚ ਪੁਰਸ਼ ਵਜੋਂ ਮਾਣਤਾ ਹਾਸਿਲ ਕਰਨ ਲਈ ਭਾਵੇਸ਼ ਭਾਈ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਕੋਰੋਨਾ ਮਹਾਂਮਾਰੀ ਤੋਂ ਬਾਅਦ ਹਾਲਾਤ ਵਿੱਚ ਸੁਧਾਰ ਨਜ਼ਰ ਆ ਰਿਹਾ ਹੈ। ਹੁਣ ਮੈਂ ਸਰਕਾਰੀ ਨੌਕਰੀ ਛੱਡਕੇ ਪੜ੍ਹਾਈ ਕਰਨ ਲਈ ਵਿਦੇਸ਼ ਜਾਵਾਂਗਾ।"
ਇਹ ਵੀ ਪੜ੍ਹੋ
ਬਚਪਨ ਵਿੱਚ ਨਹੀਂ ਸੀ ਪਤਾ
ਭਾਵੇਸ਼ ਭਾਈ ਦਾ ਜਨਮ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਤਿੰਨ ਭਰਾਵਾਂ ਦੇ ਸੰਯੁਕਤ ਪਰਿਵਾਰ ਵਿੱਚ ਕੁੱਲ ਨੌਂ ਬੱਚੇ ਸਨ, ਪੰਜ ਬੇਟੇ ਅਤੇ ਚਾਰ ਬੇਟੀਆਂ।
ਬਚਪਨ ਵਿੱਚ ਭਾਵੇਸ਼ ਭਾਈ ਨੂੰ ਲੜਕਿਆਂ ਨਾਲ ਦੋਸਤੀ ਕਰਨਾ ਪਸੰਦ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦਾ ਸਰੀਰ ਤਾਂ ਲੜਕੀ ਦਾ ਹੈ ਪਰ ਮਾਨਸਿਕ ਤੌਰ 'ਤੇ ਲੜਕਿਆਂ ਵਾਲਾ ਵਿਵਹਾਰ ਕਰ ਰਹੇ ਹਨ।
ਭਾਵੇਸ਼ ਭਾਈ ਕਹਿੰਦੇ ਹਨ, "ਮੈਂ ਛੋਟੇ ਜਿਹੇ ਪਿੰਡ ਦੇ ਸਕੂਲ ਵਿੱਚ ਪੜ੍ਹਦਾ ਸੀ। ਦਸਵੀਂ ਜਮਾਤ ਤੱਕ ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਲੜਕੀ ਹਾਂ ਜਾਂ ਲੜਕਾ। ਮੇਰੇ ਵਾਲ ਬੇਹੱਦ ਲੰਬੇ ਸਨ। ਪਰ ਮੈਨੂੰ ਜੈਂਡਰ ਸਬੰਧੀ ਸਮਝ ਨਹੀਂ ਸੀ। ਹਾਲਾਂਕਿ ਸਮੇਂ ਦੇ ਨਾਲ ਇਸ ਵਿੱਚ ਬਦਲਾਅ ਆਇਆ।"
ਉਨ੍ਹਾਂ ਨੇ ਦੱਸਿਆ, "ਲੜਕੀਆਂ ਨੂੰ ਪਸੰਦ ਜ਼ਰੂਰ ਕਰਦਾ ਸੀ ਪਰ ਮੈਨੂੰ ਉਨ੍ਹਾਂ ਨਾਲ ਘੁੰਮਣ ਫ਼ਿਰਨ ਜਾਣ ਜਾਂ ਫ਼ੈਸ਼ਨ ਬਾਰੇ ਗੱਲ ਕਰਨ ਵਿੱਚ ਦਿਲਚਸਪੀ ਨਹੀਂ ਸੀ ਹੁੰਦੀ। ਮੇਰਾ ਵਿਵਹਾਰ ਲੜਕੀਆਂ ਵਾਲਾ ਨਹੀਂ ਸੀ। ਇਸ ਲਈ ਲੋਕ ਮੇਰੇ ਨਾਲ ਨਾਰਾਜ਼ ਰਹਿਣ ਲੱਗੇ ਸਨ। ਮੇਰੇ ਚਾਚੇ-ਤਾਏ ਦੇ ਬੱਚੇ ਅਤੇ ਚਾਚੀ ਮੈਨੂੰ ਲੜਕੀਆਂ ਦੀ ਤਰ੍ਹਾਂ ਵਿਵਹਾਰ ਕਰਨਾ ਸਿੱਖਣ ਲਈ ਕਹਿਣ ਲੱਗੇ। ਪਰ ਮੇਰੇ ਦਿਮਾਗ ਵਿੱਚ ਉਲਝਣ ਸੀ ਕਿ ਕੁਝ ਸਹੀ ਨਹੀਂ ਹੈ।"
ਉਹ ਦੱਸਦੇ ਹਨ, "ਮੈਨੂੰ ਉਸ ਸਮੇਂ ਪਤਾ ਲੱਗਿਆ ਕਿ ਕੀ ਹੋ ਰਿਹਾ ਹੈ। ਲੋਕ ਮੇਰੇ ਨਾਲ ਨਾਰਾਜ਼ ਰਹਿੰਦੇ ਸਨ, ਮੇਰੇ ਤੋਂ ਦੂਰੀ ਬਣਾਉਣ ਲੱਗੇ ਸਨ। ਮੈਂ ਵੀ ਸਭ ਕੁਝ ਛੱਡ ਕੇ ਪੜ੍ਹਾਈ ਵਿੱਚ ਲੱਗ ਗਿਆ ਅਤੇ ਪਹਿਲੇ ਰੈਂਕ ਨਾਲ ਪਾਸ ਹੋਇਆ। ਫ਼ਿਰ ਮੈਂ ਪਰਿਵਾਰ ਦੀ ਇੱਛਾ ਮੁਤਾਬਕ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈ ਲਿਆ।"
ਦਾਖ਼ਲੇ ਤੋਂ ਬਾਅਦ ਦੀਆਂ ਮੁਸ਼ਕਿਲਾਂ
ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣ ਤੋਂ ਬਾਅਦ ਭਾਵੇਸ਼ ਭਾਈ ਲਈ ਅਸਲੀ ਮੁਸ਼ਕਿਲਾਂ ਸ਼ੁਰੂ ਹੋਈਆਂ।
ਉਨ੍ਹਾਂ ਨੇ ਦੱਸਿਆ ਕਿ, "ਉਥੇ ਮੇਰੀਆਂ ਮੁਸ਼ਕਿਲਾਂ ਸ਼ੁਰੂ ਹੋਈਆਂ। ਮੇਰੇ ਸਾਰੇ ਦਸਤਾਵੇਜ਼ਾਂ 'ਤੇ ਮੇਰਾ ਜੈਂਡਰ ਫ਼ੀਮੇਲ ਲਿਖਿਆ ਹੋਇਆ ਸੀ। ਸਰਕਾਰੀ ਕਾਲਜ ਦੇ ਨਿਯਮਾਂ ਮੁਤਬਾਕ ਮੈਂ ਲੜਕੀਆਂ ਦੇ ਹੌਸਟਲ ਵਿੱਚ ਰਹਿਣਾ ਸੀ। ਕਿਉਂਕਿ ਮੈਂ ਹੁਣ ਮੈਡੀਸਨ ਦੀ ਪੜ੍ਹਾਈ ਕਰ ਰਿਹਾ ਸੀ, ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਅੰਦਰ ਕਿਸ ਤਰ੍ਹਾਂ ਦੇ ਬਦਲਾਅ ਹੋ ਰਹੇ ਹਨ।"
ਉਹ ਦੱਸਦੇ ਹਨ, "ਹੌਸਟਲ ਵਿੱਚ ਮੈਨੂੰ ਕਾਫ਼ੀ ਇੱਕਲਾਪਣ ਮਹਿਸੂਸ ਹੁੰਦਾ ਸੀ। ਮੈਂ ਹਾਰਮੋਨ ਟਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ। ਮੇਰੇ ਸਰੀਰ ਵਿੱਚ ਹੌਲੀ ਹੌਲੀ ਬਦਲਾਅ ਆਉਣ ਲੱਗੇ। ਮੇਰਾ ਹੌਸਟਲ ਵਿੱਚ ਰਹਿਣਾ ਹੋਰ ਮੁਸ਼ਕਿਲ ਹੁੰਦਾ ਜਾ ਰਿਹਾ ਸੀ। ਹੌਲੀ ਹੌਲੀ ਮੇਰੇ ਦਾੜੀ ਅਤੇ ਮੁੱਛਾਂ ਵੀ ਆ ਗੀਆਂ ਸਨ। ਮੈਂ ਲੜਕਿਆਂ ਦੇ ਹੌਸਟਲ ਵਿੱਚ ਰਹਿਣ ਲਈ ਬਗ਼ਾਵਤ ਕਰ ਦਿੱਤੀ। ਇਸ ਦੇ ਬਦਲੇ ਲੜਕੀਆਂ ਮੇਰੇ ਤੋਂ ਦੂਰ ਰਹਿਣ ਲਗੀਆਂ ਅਤੇ ਲੜਕੇ ਮੈਨੂੰ ਸਵਿਕਾਰ ਕਰਨ ਲਈ ਤਿਆਰ ਨਾ ਹੋਏ।"
ਇਸੇ ਦੌਰਾਨ ਭਾਵੇਸ਼ ਭਾਈ ਨੇ ਦਿੱਲੀ ਵਿੱਚ ਇੱਕ ਸਮਾਜਿਕ ਸੰਸਥਾ ਨਾਲ ਸੰਪਰਕ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਲੜਕਿਆਂ ਦੇ ਹੌਸਟਲ ਵਿੱਚ ਰਹਿਣ ਦੀ ਆਗਿਆ ਮਿਲੀ।
ਉਹ ਦੱਸਦੇ ਹਨ, "ਮੱਧ-ਵਰਗੀ ਪਰਿਵਾਰ ਤੋਂ ਹੋਣ ਕਾਰਨ ਮੇਰੀ ਆਰਥਿਕ ਸਥਿਤੀ ਬਹੁਤੀ ਚੰਗੀ ਨਹੀਂ ਸੀ। ਪਰ ਮੈਂ ਇਹ ਮਹਿਸੂਸ ਕਰਨ ਲੱਗਿਆ ਸੀ ਕਿ ਮੇਰਾ ਸਰੀਰ ਤਾਂ ਲੜਕੀ ਦਾ ਹੈ ਪਰ ਮੇਰੀ ਆਤਮਾ ਪੁਰਸ਼ ਵਰਗੀ ਹੈ, ਮੈਨੂੰ ਪੁਰਸ਼ ਦੇ ਸਰੀਰ ਵਿੱਚ ਹੋਣਾ ਚਾਹੀਦਾ ਹੈ। ਕਾਲਜ ਵਿੱਚ ਨਾਲ ਪੜ੍ਹਣ ਵਾਲੀ ਇੱਕ ਲੜਕੀ ਮੈਨੂੰ ਸਮਝਣ ਲੱਗੀ ਸੀ। ਉਸਨੇ ਮੈਨੂੰ ਕਿਹਾ ਕਿ ਲੜਕੀਆਂ ਵਰਗੇ ਕੱਪੜੇ ਪਹਿਨਦੇ ਹੋ ਤਾਂ ਵੀ ਕੋਈ ਗੱਲ ਨਹੀਂ ਹੈ। ਉਸ ਨੇ ਮੇਰੀ ਕਾਫ਼ੀ ਮਦਦ ਕੀਤੀ।"
ਇਹ ਵੀ ਪੜ੍ਹੋ
ਵਿਆਹ ਦੀ ਚਿੰਤਾ
ਭਾਵੇਸ਼ ਭਾਈ ਨੇ ਦੱਸਿਆ, "ਇੱਕ ਦਿਨ ਮੈਂ ਆਪਣੇ ਪਿਤਾ ਦੇ ਨਾਲ ਮਨੋਵਿਗਿਆਨਿਕ ਕੋਲ ਗਿਆ। ਪਿਤਾ ਮੈਨੂੰ ਕਾਫ਼ੀ ਪਿਆਰ ਕਰਦੇ ਹਨ ਪਰ ਉਨ੍ਹਾਂ ਨੂੰ ਸਮਾਜ ਦਾ ਡਰ ਹੈ। ਉਹ ਵਿਆਹ ਦੇ ਮਾਮਲੇ 'ਤੇ ਉਲਝਣ ਵਿੱਚ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਪੁਰਸ਼ ਬਣਨ 'ਤੇ ਮੇਰੇ ਨਾਲ ਵਿਆਹ ਕੌਣ ਕਰਵਾਏਗਾ? ਬੁਢਾਪੇ ਵਿੱਚ ਮੇਰਾ ਸਾਥ ਕੌਣ ਦੇਵੇਗਾ?"
"ਮੈਂ ਉਨ੍ਹਾਂ ਨੂੰ ਇਹ ਹੀ ਕਹਿ ਰਿਹਾ ਸੀ ਕਿ ਕੀ ਗਾਰੰਟੀ ਹੈ ਕਿ ਮੇਰੇ ਪਤੀ ਦੀ ਮੌਤ ਮੇਰੇ ਤੋਂ ਪਹਿਲਾਂ ਨਹੀਂ ਹੋਵੇਗੀ? ਬੁਢਾਪੇ ਵਿੱਚ ਬੱਚੇ ਦੇਖਭਾਲ ਕਰਨਗੇ ਇਸ ਦੀ ਕੀ ਗਾਰੰਟੀ ਹੈ? ਮੇਰੇ ਪਿਤਾ ਇਨ੍ਹਾਂ ਦਲੀਲਾਂ ਨਾਲ ਸਹਿਮਤ ਹੋ ਗਏ।"
ਭਾਵੇਸ਼ ਭਾਈ ਨੇ ਦੱਸਿਆ, "ਮੇਰੇ ਪਿਤਾ ਨੇ ਉਸ ਸਮੇਂ ਕਿਹਾ ਸੀ ਕਿ ਬੇਟਾ ਸਾਡਾ ਮਾਣ ਵਧਾਈਂ। ਇਹ ਮੇਰੇ ਲਈ ਕਾਫ਼ੀ ਸੀ। ਮੈਂ ਸਰਜਰੀ ਕਰਵਾ ਲਈ। ਮੈਂ ਲੜਕੀ ਤੋਂ ਲੜਕਾ ਤਾਂ ਬਣ ਗਿਆ। ਜਦੋਂ ਮੇਰੀ ਸਰਜਰੀ ਹੋਈ ਤਾਂ ਨਰਸ ਨੇ ਮੇਰੇ ਚਹਿਰੇ 'ਤੇ ਕੋਈ ਭਾਵ ਨਾ ਦੇਖਿਆ।"
"ਨਰਸ ਨੇ ਮੈਨੂੰ ਕਿਹਾ ਲੋਕ ਤਾਂ ਕਾਫ਼ੀ ਉਤਸ਼ਾਹਿਤ ਹੋ ਜਾਂਦੇ ਹਨ। ਪਰ ਤੁਸੀਂ ਸ਼ਾਂਤ ਹੀ ਰਹੇ। ਤਾਂ ਮੈਂ ਉਸ ਨੂੰ ਕਿਹਾ ਮੈਨੂੰ ਅਸਲ ਸਰੀਰ ਮਿਲ ਗਿਆ। ਮੈਂ ਕਿਸੇ ਲਈ ਇਹ ਸਰਜਰੀ ਨਹੀਂ ਕਰਵਾਈ, ਮੈਂ ਇਹ ਇਸ ਲਈ ਕਰਵਾਇਆ ਕਿਉਂਕਿ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਸੀ।"
ਨਿਆਂ ਪਾਉਣ ਲਈ ਹਾਈ ਕੋਰਟ ਦੀ ਸ਼ਰਨ
ਸਰਜਰੀ ਤੋਂ ਬਾਅਦ ਭਾਵੇਸ਼ ਭਾਈ ਦੀ ਦੂਜੀ ਲੜਾਈ ਸ਼ੁਰੂ ਹੋਈ। ਉਹ ਅੱਗੇ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਜਨਮ ਪ੍ਰਮਾਣ ਪੱਤਰ, ਸਕੂਲ ਕਾਲਜ ਦੀਆਂ ਡਿਗਰੀਆਂ ਦੇ ਸਰਟੀਫ਼ੀਕੇਟ ਅਤੇ ਪਾਸਪੋਰਟ ਵਿੱਚ ਬਦਲਾਅ ਕਰਵਾਉਣਾ ਸੀ। ਉਨ੍ਹਾਂ ਨੂੰ ਆਪਣਾ ਜੈਂਡਰ ਫ਼ੀਮੇਲ ਤੋਂ ਮੇਲ ਕਰਵਾਉਣਾ ਪੈਣਾ ਸੀ।
ਪਰ ਸਰਕਾਰੀ ਦਫ਼ਤਰਾਂ ਵਿੱਚ ਕੋਈ ਕੁਝ ਵੀ ਬਦਲਣ ਨੂੰ ਤਿਆਰ ਨਹੀਂ ਸੀ। ਬਹੁਤ ਕੋਸ਼ਿਸ਼ਾਂ ਦੇ ਬਾਅਦ ਭਾਵੇਸ਼ ਭਾਈ ਨੂੰ ਟਰਾਂਸਜੈਂਡਰ ਦਾ ਪ੍ਰਮਾਣ ਪੱਤਰ ਮਿਲਿਆ।
ਇਸਤੋਂ ਬਾਅਦ ਉਨ੍ਹਾਂ ਨੇ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।
ਭਾਵੇਸ਼ ਭਾਈ ਦੇ ਵਕੀਲ ਅਮਿਤ ਚੌਧਰੀ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸੰਵਿਧਾਨ ਦੇ ਅਨੁਛੇਦ 116 ਅਤੇ 227 ਦੀ ਧਾਰਾ 14,15 ਅਤੇ 2012 ਮੁਤਾਬਕ ਹਾਈ ਕੋਰਟ ਵਿੱਚ ਬੇਨਤੀ ਪੱਤਰ ਦਿੱਤਾ।"
ਭਾਵੇਸ਼ ਭਾਈ ਨੂੰ ਬਚਪਨ ਤੋਂ ਹੀ ਜੈਂਡਰ ਡਾਈਸਫੋਰਿਆ ਸੀ, ਅਜਿਹੇ ਮਾਮਲੇ ਵਿੱਚ ਸਰਕਾਰੀ ਹਸਪਤਾਲ ਦਾ ਪ੍ਰਮਾਣ ਪੱਤਰ ਸਭ ਤੋਂ ਜ਼ਰੂਰੀ ਹੁੰਦਾ ਹੈ।
ਬੇਨਤੀ ਵਿੱਚ ਇਹ ਵੀ ਕਿਹਾ ਗਿਆ ਕਿ ਭਾਵੇਸ਼ ਭਾਈ ਤੇ ਕੋਈ ਅਪਰਾਧਿਕ ਮਾਮਲਾ ਨਹੀਂ ਹੈ, ਉਹ ਵਿਦੇਸ਼ ਜਾ ਕੇ ਆਪਣੀ ਪੜ੍ਹਾਈ ਕਰਨਾ ਚਾਹੁੰਦੇ ਹਨ, ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਪਾਸਪੋਰਟ ਅਤੇ ਸਕੂਲ ਕਾਲਜ ਦੇ ਸਰਟੀਫ਼ੀਕੇਟਾਂ 'ਤੇ ਜੈਂਡਰ ਨੂੰ ਫ਼ੀਮੇਲ ਤੋਂ ਬਦਲਕੇ ਮੇਲ ਕਰਨ ਦੀ ਆਗਿਆ ਦਿੱਤੀ ਜਾਵੇ।
ਇਸ ਤੋਂ ਬਾਅਦ ਜਸਟਿਸ ਏਜੇ ਦਿਸਾਈ ਨੇ ਬਦਲਾਅ ਲਈ ਹੁਕਮ ਦੇ ਦਿੱਤੇ।
ਭਾਵਨਗਰ ਯੂਨੀਵਰਸਿਟੀ ਦੇ ਵਾਈਸ ਚਾਂਸਲ ਮਹਿਪਤ ਸਿੰਘ ਚਾਵੜਾ ਨੇ ਕਿਹਾ, "ਜਦੋਂ ਸਾਨੂੰ ਭਾਵੇਸ਼ ਦੇ ਜੈਂਡਰ ਡਾਈਸਫ਼ੋਰਿਆ ਦਾ ਪਤਾ ਲੱਗਿਆ ਤਾਂ ਅਸੀਂ ਉਸ ਨੂੰ ਲੜਕਿਆਂ ਦੇ ਹੌਸਟਲ ਵਿੱਚ ਦਾਖ਼ਲਾ ਦੇ ਦਿੱਤਾ। ਹੁਣ ਅਸੀਂ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਬਦਲਾਅ ਕਰ ਰਹੇ ਹਾਂ।"
ਲੰਬੀ ਲੜਾਈ ਤੋਂ ਬਾਅਦ ਜਿੱਤ ਹਾਸਿਲ ਕਰਨ ਦੇ ਬਾਅਦ ਭਾਵੇਸ਼ ਭਾਈ ਨੇ ਬੀਬੀਸੀ ਨੂੰ ਕਿਹਾ, "ਇੱਕ ਸਮਾਂ ਸੀ ਜਦੋਂ ਮੈਂ ਖ਼ੁਦਕੁਸ਼ੀ ਕਰਨ ਬਾਰੇ ਸੋਚਦਾ ਸੀ, ਪਰ ਫ਼ਿਰ ਮੈਂ ਸੰਘਰਸ਼ ਕਰਨ ਦਾ ਫ਼ੈਸਲਾ ਲਿਆ।"
ਉਹ ਅੱਗੇ ਕਹਿੰਦੇ ਹਨ, "ਹਾਈ ਕੋਰਟ ਤੋਂ ਪਹਿਲਾਂ ਮੈਂ ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ ਸਕੌਲਰਸ਼ਿਪ ਹਾਸਿਲ ਕੀਤੀ। ਅਦਾਲਤ ਦੇ ਹੁਕਮਾਂ ਦੇ ਬਾਅਦ ਸਿੱਧਾ ਵਿਦੇਸ਼ ਜਾ ਸਕਦਾ ਸੀ। ਪਰ ਮੈਂ ਸਰਕਾਰੀ ਹਸਪਤਾਲ ਵਿੱਚ ਡਿਊਟੀ 'ਤੇ ਹਾਂ ਅਤੇ ਮਰੀਜ਼ਾਂ ਦੀ ਸੇਵਾ ਕਰ ਰਿਹਾ ਸਾਂ। ਕੋਰੋਨਾ ਖ਼ਤਮ ਹੋਣ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਕਰਨ ਲਈ ਵਿਦੇਸ਼ ਜਾਵਾਂਗਾ।"
ਹੁਣ ਭਾਵੇਸ਼ ਭਾਈ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਮੁਕਤ ਮਹਿਸੂਸ ਕਰ ਰਹੇ ਹਨ, ਉਨ੍ਹਾਂ ਨੇ ਕਿਹਾ, "ਹੁਣ ਮੈਂ ਸਮਾਜਿਕ ਬੰਧਨਾਂ ਤੋਂ ਮੁਕਤ ਮਹਿਸੂਸ ਕਰ ਰਿਹਾ ਹਾਂ।"
ਇਹ ਵੀ ਪੜ੍ਹੋ: