You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ ਬਾਰੇ ਗਰੇਟਾ ਤੇ ਰਿਹਾਨਾ ਦੇ ਟਵੀਟ 'ਤੇ ਕੀ ਮੋਦੀ ਸਰਕਾਰ ਨੇ ਲੋੜ ਤੋਂ ਵੱਧ ਪ੍ਰਤੀਕਰਮ ਦਿੱਤਾ
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਮਸ਼ਹੂਰ ਅੰਤਰਰਾਸ਼ਟਰੀ ਗਾਇਕਾ ਰਿਹਾਨਾ ਨੇ ਭਾਰਤ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ 'ਤੇ ਟਵੀਟ ਕੀ ਕੀਤਾ, ਪੂਰੇ ਭਾਰਤ ਵਿੱਚ ਹੰਗਾਮਾ ਹੋ ਗਿਆ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਰਿਹਾਨਾ ਦਾ ਨਾਂਅ ਲਏ ਬਿਨਾਂ ਹੀ ਇੱਕ ਬਿਆਨ ਵਿੱਚ ਕਿਹਾ ਹੈ, "ਅਜਿਹੇ ਗੰਭੀਰ ਮਾਮਲਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਪਹਿਲਾਂ, ਅਸੀਂ ਤਾਕੀਦ ਕਰਦੇ ਹਾਂ ਕਿ ਤੱਥਾਂ ਦਾ ਸਹੀ ਢੰਗ ਨਾਲ ਪਤਾ ਲਗਾਇਆ ਜਾਵੇ ਅਤੇ ਮੁੱਦਿਆਂ ਸਬੰਧੀ ਉੱਚਿਤ ਸਮਝ ਰੱਖੀ ਜਾਵੇ।"
"ਮਸ਼ਹੂਰ ਹਸਤੀਆਂ ਵੱਲੋਂ ਸਨਸਨੀਖੇਜ਼ ਸੋਸ਼ਲ ਮੀਡੀਆ ਹੈਸ਼ਟੈਗ ਅਤੇ ਟਿੱਪਣੀਆਂ ਕਰਨਾ ਨਾ ਤਾਂ ਸਹੀ ਹੈ ਅਤੇ ਨਾ ਹੀ ਜ਼ਿੰਮੇਵਾਰ ਨਾਗਰਿਕ ਦਾ ਕੰਮ ਹੈ।"
ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਦੋ ਹੈਸ਼ਟੈਗ ਵੀ ਸ਼ੇਅਰ ਕੀਤੇ ਹਨ, ਜੋ ਕਿ ਬੀਤੇ ਦਿਨ ਟਾਪ ਟਰੈਂਡ ਰਹੇ।
ਭਾਰਤ ਸਰਕਾਰ ਦੇ ਮੰਤਰੀਆਂ ਸਮੇਤ ਕਈ ਖਿਡਾਰੀਆਂ, ਫ਼ਿਲਮੀ ਸ਼ਖਸੀਅਤਾਂ, ਗਾਇਕਾਂ ਨੇ ਵੀ ਸਰਕਾਰ ਦੇ ਸਮਰਥਨ ਵਿੱਚ ਟਵੀਟ ਕੀਤੇ ਹਨ।
ਇਹ ਵੀ ਪੜ੍ਹੋ:
ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਉਨ੍ਹਾਂ ਹਸਤੀਆਂ ਦੇ ਟਵੀਟਸ ਨੂੰ ਰੀਟਵੀਟ ਕਰਦੇ ਦਿਖੇ। ਜਦੋਂਕਿ ਆਮ ਤੌਰ 'ਤੇ ਅਜਿਹਾ ਕਦੇ ਵੀ ਨਹੀਂ ਕਰਦੇ ਹਨ।
ਇਸ ਲਈ ਵਿਰੋਧੀ ਧਿਰ, ਕੁੱਝ ਪੱਤਰਕਾਰ, ਕੁੱਝ ਮਸ਼ਹੂਰ ਹਸਤੀਆਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਨੇ ਸਿਵਲ ਸੁਸਾਇਟੀ 'ਚ ਦਖ਼ਲ ਦੇਣ ਵਾਲੇ ਲੋਕਾਂ ਤੋਂ ਆਪਣੇ ਹੱਕ 'ਚ ਟਵੀਟ ਕਰਵਾਏ ਹਨ।
ਸੋਸ਼ਲ ਮੀਡੀਆ 'ਤੇ ਸਵਾਲਿਆ ਨਿਸ਼ਾਨ
ਯੂਪੀਏ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਰਹੇ ਸ਼ਸ਼ੀ ਥਰੂਰ ਨੇ ਟਵੀਟ ਕਰਦਿਆਂ ਕਿਹਾ ਹੈ, "ਸਰਕਾਰ ਦੀ ਜ਼ਿੱਦ ਅਤੇ ਗੈਰ ਜਮਹੂਰੀ ਰਵੱਈਏ ਦੇ ਕਾਰਨ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਸਾਖ਼ ਨੂੰ ਧੱਕਾ ਲੱਗਿਆ ਹੈ। ਇਸ ਦੀ ਭਰਪਾਈ ਭਾਰਤੀ ਸੈਲਿਬ੍ਰਿਟੀਜ਼ ਵੱਲੋਂ ਸਰਕਾਰ ਦੇ ਸਮਰਥਨ ਵਿੱਚ ਟਵੀਟ ਕਰਵਾ ਕੇ ਨਹੀਂ ਕੀਤੀ ਜਾ ਸਕਦੀ ਹੈ।"
ਕਾਂਗਰਸ ਆਗੂ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਵੀ ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਨੂੰ 'ਬਚਕਾਨਾ ਹਰਕਤ' ਕਰਾਰ ਦਿੱਤਾ ਹੈ।
ਤੱਥਾਂ ਦੀ ਜਾਂਚ ਕਰਨ ਵਾਲੀ ਵੈਬਸਾਈਟ ਆਲਟ ਨਿਊਜ਼ ਦੇ ਪ੍ਰਤੀਕ ਸਿਨਹਾ ਨੇ #indiaagainstpropaganda ਟਵੀਟ ਕਰਕੇ ਦੋ ਮਸ਼ਹੂਰ ਹਸਤੀਆਂ ਸਾਇਨਾ ਨੇਹਵਾਲ ਅਤੇ ਅਕਸ਼ੇ ਕੁਮਾਰ ਵੱਲੋਂ ਕੀਤੇ ਟਵੀਟ ਦੇ ਸਕ੍ਰੀਨ ਸ਼ਾਟ ਸਾਂਝੇ ਕੀਤੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵੇਂ ਹੀ ਟਵੀਟਸ ਦੀ ਸ਼ਬਦਾਵਲੀ ਬਹੁਤ ਹੱਦ ਤੱਕ ਮੇਲ ਖਾਂਦੀ ਹੈ।
ਸਾਬਕਾ ਕਾਂਗਰਸ ਆਗੂ ਸੰਜੇ ਝਾਅ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਡਿਪਲੋਮੈਸੀ ਭਾਵ ਕੂਟਨੀਤੀ ਦੀ ਏਬੀਸੀ ਦਾ ਸਬਕ ਮੁੜ ਤੋਂ ਪੜ੍ਹਨ ਦੀ ਲੋੜ ਹੈ।
ਸਾਬਕਾ ਭਾਜਪਾ ਆਗੂ ਸੁਧੀਂਦਰ ਕੁਲਕਰਣੀ ਨੇ ਵੀ ਟਵੀਟ ਕਰਦਿਆਂ ਲਿਖਿਆ ਹੈ ਕਿ ਕੀ ਕੁੱਝ ਨਾਮਵਰ ਗੈਰ-ਸਰਕਾਰੀ ਸ਼ਖਸੀਅਤਾਂ ਦੀ ਅਲੋਚਨਾ ਨਾਲ ਹੀ ਭਾਰਤ ਦੀ ਪ੍ਰਭੂਤਾ, ਅਖੰਡਤਾ ਖਤਰੇ ਵਿੱਚ ਪੈ ਸਕਦੀ ਹੈ?
ਕੀ ਭਾਰਤੀ ਦੂਜੇ ਦੇਸਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਕਦੇ ਵੀ ਨਹੀਂ ਬੋਲਦੇ?
ਇਸ ਮੁੱਦੇ ਉੱਤੇ ਸਾਬਕਾ ਕ੍ਰਿਕਟਰ ਇਰਫ਼ਾਨ ਪਠਾਨ ਨੇ ਵੀ ਜਾਰਜ ਫਲਾਇਡ ਦੇ ਕਤਲ ਦਾ ਜ਼ਿਕਰ ਕਰਦਿਆਂ ਟਵੀਟ ਕੀਤਾ ਹੈ।
ਅਦਾਕਾਰਾ ਤਾਪਸੀ ਪਨੂੰ ਨੇ ਵੀ ਟਵੀਟ ਕਰਦਿਆਂ ਗੰਭੀਰ ਸਵਾਲ ਖੜੇ ਕੀਤੇ ਹਨ।
ਇਹ ਸਵਾਲ ਇਸ ਲਈ ਉੱਠ ਰਹੇ ਹਨ ਕਿ ਕੁੱਝ ਵਿਦੇਸ਼ੀ ਹਸਤੀਆਂ ਵੱਲੋਂ ਕੀਤੇ ਟਵੀਟ ਦਾ ਜਵਾਬ ਵਿਦੇਸ਼ ਮੰਤਰਾਲੇ ਵੱਲੋਂ ਬਿਆਨ ਜਾਰੀ ਕਰਕੇ ਦੇਣਾ ਚਾਹੀਦਾ ਸੀ ਜਾਂ ਫਿਰ ਨਹੀਂ?
ਕੀ ਵਿਦੇਸ਼ ਮੰਤਰਾਲੇ ਨੇ ਇਸ ਪੂਰੇ ਮਾਮਲੇ 'ਤੇ 'ਓਵਰ ਰੀਏਕਟ' ਤਾਂ ਨਹੀਂ ਕੀਤਾ? ਜਾਂ ਫਿਰ ਇਹ ਸਾਰੇ ਹੀ ਇਲਜ਼ਾਮ ਵਿਰੋਧੀ ਧਿਰ ਦੀ ਰਾਜਨੀਤੀ ਦਾ ਹੀ ਹਿੱਸਾ ਹਨ?
ਕੁੱਝ ਲੋਕ ਤਾਂ ਇਹ ਵੀ ਸਵਾਲ ਚੁੱਕ ਰਹੇ ਹਨ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ 'ਚ ਕੈਪੀਟਲ ਹਿੱਲ ਹਿੰਸਾ ਮਾਮਲੇ 'ਤੇ ਟਵੀਟ ਕਰਦੇ ਹਨ ਤਾਂ ਫਿਰ ਕੀ ਇਹ ਅਮਰੀਕਾ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਹੈ ?
ਇਸ ਲਈ ਇਹ ਸਮਝਣ ਦੀ ਜ਼ਰੂਰਤ ਹੈ ਕਿ ਵਿਦੇਸ਼ੀ ਨਾਗਰਿਕਾਂ ਵੱਲੋਂ ਕੀਤੀਆਂ ਟਿੱਪਣੀਆਂ 'ਤੇ ਸਰਕਾਰ ਕਦੋਂ ਬੋਲਦੀ ਹੈ ਅਤੇ ਕਦੋਂ ਨਹੀਂ?
ਭਾਰਤ ਦੀਆਂ ਨਾਮਵਰ ਹਸਤੀਆਂ ਜੋ ਕਿ ਆਮ ਤੌਰ 'ਤੇ ਵੱਡੇ ਤੋਂ ਵੀ ਵੱਡੇ ਅੰਦਰੂਨੀ ਮਾਮਲੇ 'ਚ ਚੁੱਪ ਧਾਰੀ ਰੱਖਦੀਆਂ ਹਨ, ਫਿਰ ਉਨ੍ਹਾਂ ਨੇ ਇਸ ਵਾਰ ਆਪਣਾ ਮੂੰਹ ਕਿਵੇਂ ਖੋਲਿਆ?
ਉਨ੍ਹਾਂ ਵੱਲੋਂ ਕੀਤਾ ਟਵੀਟ ਕਿੰਨਾ ਜ਼ਿੰਮੇਵਾਰੀ ਵਾਲਾ ਹੈ?
ਸਿਰਫ਼ ਇਹ ਹੀ ਨਹੀਂ ਬਲਕਿ ਇਹ ਵੀ ਸਮਝਣ ਦੀ ਲੋੜ ਹੈ ਕਿ ਰਿਹਾਨਾ ਦਾ ਭਾਰਤ ਦੇ ਖੇਤੀਬਾੜੀ ਕਾਨੂੰਨਾਂ 'ਤੇ ਟਵੀਟ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਮਰੀਕਾ ਦੇ ਕੈਪੀਟਲ ਹਿੱਲ ਹਿੰਸਾ 'ਤੇ ਟਵੀਟ, ਇੰਨ੍ਹਾਂ ਦੋਨਾਂ ਦੀ ਤੁਲਨਾ ਕਿੰਨੀ ਕੁ ਵਾਜਬ ਅਤੇ ਕਿੰਨੀ ਕੁ ਗਲਤ ਹੈ।
ਕੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ 'ਓਵਰ ਰੀਐਕਟ' ਕੀਤਾ ?
ਬੀਬੀਸੀ ਨੇ ਇਸ ਪੂਰੇ ਮਾਮਲੇ ਨੂੰ ਸਮਝਣ ਲਈ ਭਾਰਤ ਦੇ ਵਿਦੇਸ਼ ਮੰਤਰਾਲੇ 'ਚ ਸਕੱਤਰ ਰਹਿ ਚੁੱਕੇ ਵਿਵੇਕ ਕਾਟਜੂ ਨਾਲ ਗੱਲਬਾਤ ਕੀਤੀ।
ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਦੋ ਗੈਰ-ਸਰਕਾਰੀ ਮਸ਼ਹੂਰ ਹਸਤੀਆਂ ਵੱਲੋਂ ਕੀਤੇ ਟਵੀਟ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਅਜਿਹਾ ਬਿਆਨ ਦੇਣ ਦੀ ਜ਼ਰੂਰਤ ਸੀ ਜਾਂ ਫਿਰ ਨਹੀਂ
ਉਨ੍ਹਾਂ ਨੇ ਜਵਾਬ 'ਚ ਕਿਹਾ, "ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਨਵਾਂ ਤਰੀਕਾ ਅਪਣਾਇਆ ਹੈ।
ਜੋ ਟਵੀਟ ਬੁੱਧਵਾਰ ਨੂੰ ਕੁੱਝ ਵਿਦੇਸ਼ੀ ਹਸਤੀਆਂ ਵੱਲੋਂ ਕੀਤਾ ਗਿਆ, ਉਸ 'ਤੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੇਰੇ ਤਜ਼ੁਰਬੇ 'ਚ ਪਹਿਲਾਂ ਕਦੇ ਵੀ ਨਹੀਂ ਹੋਇਆ ਹੈ।
"ਅੱਜ ਦੇ ਦੌਰ 'ਚ ਸੋਸ਼ਲ ਮੀਡੀਆ ਦਾ ਪ੍ਰਭਾਵ ਬਹੁਤ ਵੱਧ ਗਿਆ ਹੈ। ਜੇਕਰ ਵਿਦੇਸ਼ ਮੰਤਰੀ ਜੈਸ਼ੰਕਰ ਜਾਂ ਕੋਈ ਦੂਜਾ ਮੰਤਰੀ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਰਕਾਰ ਦੇ ਹੱਕ 'ਚ ਇਹ ਇੱਕ ਵੱਡੀ ਤਰਕੀਬ ਹੈ ਤਾਂ ਇਹ ਵੀ ਇੱਕ ਨਵੀਂ ਪ੍ਰਥਾ ਹੈ ਅਤੇ ਅੱਜ ਦੇ ਯੁੱਗ 'ਚ ਕਈ ਨਵੀਆਂ ਰਵਾਇਤਾਂ ਬਣਾਈਆਂ ਜਾ ਰਹੀਆਂ ਹਨ।"
"ਪਰ ਇੱਥੇ ਇਹ ਦੇਖਣ ਦੀ ਲੋੜ ਹੈ ਕਿ ਵਿਦੇਸ਼ ਮੰਤਰੀ ਵੱਲੋਂ ਕੀਤੇ ਟਵੀਟ ਕਿਹੜੇ ਲੋਕਾਂ ਤੱਕ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੂੰ ਕਿਹੜੇ ਲੋਕ ਫੋਲੋ ਕਰ ਰਹੇ ਹਨ। ਓਵਰ ਰਿਐਕਸ਼ਨ ਜਾਂ ਫਿਰ ਅੰਡਰ ਰਿਐਕਸ਼ਨ ਤਾਂ ਸਮਾਂ ਹੀ ਦੱਸੇਗਾ ਅਤੇ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਸ ਪ੍ਰਤੀਕਰਮ ਦਾ ਕੀ ਪ੍ਰਭਾਵ ਪੈਂਦਾ ਹੈ।"
ਭਾਰਤ ਸਰਕਾਰ ਨੇ ਕੀ ਹਾਸਲ ਕੀਤਾ
ਦਰਅਸਲ ਬੁੱਧਵਾਰ ਨੂੰ ਵਿਦੇਸ਼ ਮੰਤਰਾਲੇ ਦਾ ਬਿਆਨ ਆਉਣ ਤੋਂ ਬਾਅਦ ਭਾਰਤ ਦੀਆਂ ਨਾਮਵਰ ਸ਼ਖਸੀਅਤਾਂ ਦੇ ਟਵੀਟ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰੀ-ਟਵੀਟ ਵੀ ਕੀਤਾ।
ਵਿਵੇਕ ਕਾਟਜੂ ਕਹਿੰਦੇ ਹਨ ਕਿ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਨੂੰ ਇੰਨ੍ਹਾਂ ਪੈਮਾਨਿਆਂ 'ਤੇ ਪਰਖਨ ਦੀ ਜ਼ਰੂਰਤ ਹੈ-
ਕੀ ਰਵੀ ਸ਼ਾਸਤਰੀ ਦੇ ਬੋਲਣ ਨਾਲ ਰਿਹਾਨਾ ਦੇ ਫਾਲੋਅਰਜ਼ 'ਤੇ ਅਸਰ ਪਏਗਾ? ਕੀ ਭਾਰਤ ਦੇ ਵਿਦੇਸ਼ ਮੰਤਰੀ ਵੱਲੋਂ ਬਿਆਨ ਰੀ-ਟਵੀਟ ਕਰਨ ਨਾਲ ਰਿਹਾਨਾ ਦੇ ਸਮਰਥਕਾਂ 'ਤੇ ਅਸਰ ਪਵੇਗਾ?
ਕੀ ਵਿਦੇਸ਼ ਮੰਤਰੀ ਆਪਣੇ ਹੀ ਦੇਸ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੇਖੋ ਭਾਰਤ ਵਿੱਚ ਸਾਡੇ ਬਿਆਨ ਨੂੰ ਕਿੰਨਾ ਸਮਰਥਨ ਹਾਸਲ ਹੋ ਰਿਹਾ ਹੈ?
ਉਨ੍ਹਾਂ ਦੇ ਬਿਆਨ ਨਾਲ ਕੌਮਾਂਤਰੀ ਪੱਧਰ 'ਤੇ ਭਾਰਤ ਦੇ ਅਕਸ 'ਤੇ ਕੀ ਅਸਰ ਪਿਆ?
ਇੰਨ੍ਹਾਂ ਜ਼ਰੂਰ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਬਾਅਦ ਅਮਰੀਕਾ ਦੀ ਬਾਇਡਨ ਹਕੂਮਤ ਵੱਲੋਂ ਕਿਸਾਨ ਅੰਦੋਲਨ 'ਤੇ ਪ੍ਰਤੀਕ੍ਰਿਆ ਆ ਗਈ ਹੈ, ਜੋ ਕਿ ਬਹੁਤ ਹੀ ਘੱਟ ਸ਼ਬਦਾਂ 'ਚ ਕੀਤੀ ਗਈ ਟਿੱਪਣੀ ਹੈ।
ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇੱਕ ਤਰਜਮਾਨ ਨੇ ਆਪਣੇ ਬਿਆਨ 'ਚ ਭਾਰਤ ਦੇ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰਦਿਆਂ 'ਸ਼ਾਂਤਮਈ ਪ੍ਰਦਰਸ਼ਨਾਂ ਨੂੰ ਲੋਕਤੰਤਰ ਦੀ ਕਸੌਟੀ' ਦੱਸਿਆ ਹੈ।
ਭਾਰਤ ਸਰਕਾਰ ਦੀ ਸਾਖ ਬਿਹਤਰ ਕਰਨ ਦੀ ਮੁਹਿੰਮ ਕਿੰਨੀ ਸਹੀ ਕਿੰਨੀ ਗਲਤ
ਜਾਮਿਆ ਮਿਲੀਆ ਯੂਨੀਵਰਸਿਟੀ ਦੇ ਪ੍ਰੋਫੈੱਸਰ ਮੁਕੁਲ ਕੇਸਵਨ ਇਸ ਪੂਰੇ ਮਾਮਲੇ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਦੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਜਦੋਂ ਮੈਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਟਵੀਟ ਪੜ੍ਹਿਆ, ਜਿਸ 'ਚ ਉਨ੍ਹਾਂ ਨੇ 'ਇੰਡੀਆ ਵਿਲ ਪੁਸ਼ ਬੈਕ' ਲਿਖਿਆ ਸੀ ਤਾਂ ਮੇਰੇ ਦਿਮਾਗ 'ਚ ਇੱਕ ਤਸਵੀਰ ਆਈ।"
"ਭਾਰਤ ਵਰਗਾ ਦੇਸ ਜਿਸ ਦੀ ਆਬਾਦੀ 136 ਬਿਲੀਅਨ ਹੈ, ਉਹ ਰਿਹਾਨਾ ਵਰਗੀ ਹਸਤੀ ਨੂੰ 'ਪੁਸ਼ ਬੈਕ' ਕਰਨ ਦਾ ਯਤਨ ਕਰ ਰਿਹਾ ਹੈ, ਜਿਸ ਦੇ ਕਿ ਟਵਿੱਟਰ 'ਤੇ 101 ਮਿਲੀਅਨ ਫਾਲੋਅਰਜ਼ ਹਨ। ਅਜਿਹਾ ਕਰਕੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇੰਨੀ ਵੱਡੀ ਵੱਸੋਂ ਵਾਲੇ ਦੇਸ ਦਾ ਅਕਸ ਕਿਸੇ ਹੀਰੋ ਨਹੀਂ ਬਲਕਿ ਜ਼ੀਰੋ ਜਾਂ ਕਾਰਟੂਨ ਵਾਂਗਰ ਵਧੇਰੇ ਪੇਸ਼ ਕਰ ਰਹੇ ਹਨ।
ਇਸ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਇੱਕ ਯੋਧਾ ਵਾਂਗ ਮੈਦਾਨ ਵਿੱਚ ਉਤਰਦੇ ਹਾਂ ਤਾਂ ਰਿਹਾਨਾ ਅਤੇ ਗਰੇਟਾ ਵਰਗੇ ਸਾਡੇ ਦੁਸ਼ਮਣ ਹੁੰਦੇ ਹਨ। ਇਹ ਤਾਂ ਇੰਝ ਹੈ ਜਿਵੇਂ ਜੈਸ਼ੰਕਰ ਮਹਾਭਾਰਤ ਦੇ ਜੰਗ ਦੇ ਮੈਦਾਨ ਵਿੱਚ ਉਤਰੇ ਹਨ, ਉਹ ਵੀ ਗਰੇਟਾ ਥਨਬਰਗ ਦੇ ਸਾਹਮਣੇ। ਕੀ ਭਾਰਤ ਨੂੰ ਇਸ ਤੋਂ ਵੱਡੀ ਹਸਤੀ ਨਹੀਂ ਮਿਲੀ?"
ਪ੍ਰੋ. ਕੇਸਵਨ ਭਾਰਤੀ ਹਸਤੀਆਂ ਵੱਲੋਂ ਸਰਕਾਰ ਦੇ ਸਮਰਥਨ 'ਚ ਕੀਤੇ ਟਵੀਟ ਨੂੰ ਸਰਕਾਰ ਵੱਲੋਂ ਕੀਤਾ ਗਿਆ 'ਪੀਆਰ ਅਭਿਆਸ' ਦੱਸਦੇ ਹਨ।
'ਪੀਆਰ ਅਭਿਆਸ' ਦਾ ਮਤਲਬ ਹੈ ਕਿ ਆਮ ਜਨਤਾ ਵਿਚਾਲੇ ਸਰਕਾਰ ਦੀ ਸਾਖ ਨੂੰ ਬਿਹਤਰ ਕਰਨ ਸਬੰਧੀ ਮੁਹਿੰਮ।
ਹਾਲਾਂਕਿ ਪ੍ਰੋਫੈੱਸਰ ਕੇਸਵਾਨ ਨੂੰ ਇਸ ਵਿੱਚ ਕੁੱਝ ਵੀ ਗਲਤ ਨਹੀਂ ਲਗਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਪੱਧਰ 'ਤੇ ਭਾਰਤ ਦੇ ਅਕਸ ਨੂੰ ਬਿਹਤਰ ਕਰਨ ਲਈ ਸਰਕਾਰਾਂ ਅਜਿਹਾ ਕਰਦੀਆਂ ਹਨ।
ਇਹ ਵੀ ਪੜ੍ਹੋ:
"ਹੋ ਸਕਦਾ ਹੈ ਕਿ ਪੀਆਰ ਲਈ ਇਹ ਸਭ ਤੋਂ ਵਧੀਆ ਤਰੀਕਾ ਨਾ ਹੋਵੇ ਪਰ ਸਰਕਾਰਾਂ ਅਜਿਹਾ ਕਿਉਂ ਨਾ ਕਰਨ? ਲੋਕ ਰਾਏ ਬਣਾਉਣ ਲਈ ਸੋਸ਼ਲ ਮੀਡੀਆ ਇੱਕ ਮਹੱਤਵਪੂਰਣ ਹਥਿਆਰ ਹੈ ਪਰ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਪੂਰੇ ਪੀਆਰ ਅਭਿਆਸ ਦਾ ਇੰਚਾਰਜ ਵਿਦੇਸ਼ ਮੰਤਰੀ ਵਰਗੇ ਕੈਬਨਿਟ ਮੰਤਰੀ ਨੂੰ ਨਾ ਬਣਾ ਕੇ ਸਗੋਂ ਵਿਦੇਸ਼ ਮੰਤਰਾਲੇ ਦੇ ਪਬਲੀਸਿਟੀ ਵਿਭਾਗ ਨੂੰ ਬਣਾਇਆ ਜਾਣਾ ਚਾਹੀਦਾ ਸੀ।
ਦੂਜੀ ਸਮੱਸਿਆ ਇਹ ਹੈ ਕਿ ਇਸ ਸਭ ਦਾ ਪ੍ਰਬੰਧਨ ਬਹੁਤ ਹੀ ਘਟੀਆ ਤਰੀਕੇ ਨਾਲ ਕੀਤਾ ਗਿਆ। ਟਵੀਟ ਤੋਂ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਦੀਆਂ ਨਾਮਵਰ ਹਸਤੀਆਂ ਸਰਕਾਰ ਦੇ ਹੱਥ ਦੀ ਕੱਠਪੁਤਲੀ ਬਣ ਕੇ ਹੀ ਰਹਿ ਗਈਆਂ ਹਨ।
ਅਕਸ਼ੇ ਕੁਮਾਰ ਅਤੇ ਕੰਗਨਾ ਰਨੌਤ ਦੇ ਟਵੀਟ ਨਾਲ ਤੁਸੀਂ ਸਹਿਮਤ ਜਾਂ ਅਸਹਿਮਤ ਹੋ ਸਕੇ ਹੋ। ਪਰ ਇੰਨ੍ਹਾਂ ਲੋਕਾਂ ਨੇ ਪਹਿਲਾਂ ਹੀ ਜਨਤਕ ਤੌਰ 'ਤੇ ਇਹ ਪੁਜ਼ੀਸ਼ਨ ਹੈ ਪਰ ਸਚਿਨ, ਰਵੀ ਸ਼ਾਸਤਰੀ, ਅਜਿੰਕਿਆ ਰਹਾਣੇ ਦਾ ਜਨਤਕ ਪੋਜ਼ੀਸ਼ਨ ਕਦੇ ਵੀ ਅਜਿਹੀ ਨਹੀਂ ਰਹੀ ਹੈ।
ਇੱਕ ਵਾਰ ਜੇਕਰ ਅਸੀਂ ਇਹ ਮੰਨ ਵੀ ਲਈਏ ਕਿ ਸਾਰੀਆਂ ਭਾਰਤੀ ਨਾਮਵਰ ਹਸਤੀਆਂ ਨੇ ਰਟੀਆਂ ਰਟਾਈਆਂ ਗੱਲਾਂ ਨਹੀਂ ਲਿਖੀਆਂ ਹਨ, ਸਗੋਂ ਆਪਣੇ ਵਿਚਾਰ ਅਨੁਸਾਰ ਹੀ ਟਵੀਟ ਕੀਤਾ ਹੈ।
ਪਰ ਇਹ ਤਾਂ ਸੱਚ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਨ ਨੂੰ ਕਿਹਾ ਗਿਆ ਹੈ। ਮਿਸਾਲ ਦੇ ਤੌਰ 'ਤੇ ਸਚਿਨ ਅਤੇ ਅਜਿੰਕਿਆ ਦਾ ਟਵੀਟ ਦੇਖ ਲਓ।
ਜੇਕਰ ਰਿਹਾਨਾ ਅਤੇ ਗਰੇਟਾ ਦੇ ਰਿਕਾਰਡ 'ਤੇ ਝਾਤ ਮਾਰੀ ਜਾਵੇ ਤਾਂ ਉਹ ਦੁਨੀਆਂ ਭਰ 'ਚ ਇਸ ਤਰ੍ਹਾਂ ਦੇ ਮੁੱਦਿਆਂ 'ਤੇ ਟਵੀਟ ਕਰਦੀਆਂ ਹਨ ਪਰ ਦੂਜੇ ਪਾਸੇ ਸਚਿਨ, ਕੋਹਲੀ, ਰਹਾਣੇ ਇੰਨ੍ਹਾਂ ਦਾ ਅਜਿਹਾ ਟਰੈਕ ਰਿਕਾਰਡ ਨਹੀਂ ਹੈ।
ਉਨ੍ਹਾਂ ਵੱਲੋਂ ਅਜਿਹੀ ਕਾਰਵਾਈ ਹੈਰਾਨੀ ਪੈਦਾ ਕਰਦੀ ਹੈ। ਇਹ ਲੋਕ ਲਵ-ਜਿਹਾਦ, ਲਿੰਚਿੰਗ, ਦਿੱਲੀ ਹਿੰਸਾ ਵਰਗੇ ਅੰਦਰੂਨੀ ਮੁੱਦਿਆਂ 'ਤੇ ਨਹੀਂ ਬੋਲੇ ਸਨ। ਇਹ ਉਨ੍ਹਾਂ ਦੀ ਆਪਣੀ ਚੋਣ ਸੀ। ਇਸ ਵਿੱਚ ਕੁੱਝ ਗਲਤ ਵੀ ਨਹੀਂ ਹੈ। ਬਹੁਤ ਸਾਰੇ ਲੋਕ ਨਿਰਪੱਖ ਰਹਿਣਾ ਪਸੰਦ ਕਰਦੇ ਹਨ। ਪਰ ਇਸ ਮੁੱਦੇ 'ਤੇ ਬੋਲਣਾ, ਇਹ ਦਰਸਾਉਂਦਾ ਹੈ ਕਿ ਤੁਸੀਂ ਉਸ ਸਮੇਂ ਹੀ ਬੋਲੋਗੇ, ਜਦੋਂ ਤੁਹਾਨੂੰ ਬੋਲਣ ਲਈ ਕਿਹਾ ਜਾਵੇਗਾ।"
ਕਿਸਾਨ ਅੰਦੋਲਨ ਭਾਰਤ ਦਾ ਅੰਦਰੂਨੀ ਮਸਲਾ ਹੈ
ਅਜਿਹੀ ਸਥਿਤੀ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਕਿਸਾਨ ਅੰਦੋਲਨ ਦੇਸ ਦੇ ਦੂਜੇ ਅੰਦਰੂਨੀ ਮੁੱਦਿਆਂ ਤੋਂ ਵੱਖਰਾ ਹੈ?
ਭਾਰਤ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲ਼ਾਫ ਹੈ।
ਜੇਕਰ ਕੋਈ ਵਿਦੇਸ਼ੀ ਹਸਤੀ ਇਸ ਅੰਦੋਲਨ 'ਤੇ ਟਵੀਟ ਕਰੇ ਤਾਂ ਕੀ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਮੰਨਿਆ ਜਾਣਾ ਚਾਹੀਦਾ ਹੈ?
ਵਿਵੇਕ ਕਾਟਜੂ ਦਾ ਕਹਿਣਾ ਹੈ, "ਬਿਲਕੁੱਲ ਮੰਨਿਆ ਜਾਣਾ ਚਾਹੀਦਾ ਹੈ। ਕਿਸਾਨ ਅੰਦੋਲਨ 'ਤੇ ਟਿੱਪਣੀ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਹੈ। ਇਹ ਨਵੇਂ ਖੇਤੀਬਾੜੀ ਕਾਨੂੰਨ ਭਾਰਤ ਦੇ ਕਿਸਾਨਾਂ ਲਈ ਹਨ। ਇੰਨ੍ਹਾਂ ਕਾਨੂੰਨਾਂ ਨਾਲ ਕਿਸੇ ਦੂਜੇ ਦੇਸ਼ 'ਤੇ ਕੋਈ ਅਸਰ ਨਹੀਂ ਪੈਂਦਾ ਹੈ।"
"ਜੇਕਰ ਕਿਸੇ ਦੇਸ ਵਿੱਚ ਕੋਈ ਅਜਿਹਾ ਹਾਦਸਾ ਵਾਪਰਦਾ ਹੈ, ਜਿਸ ਕਾਰਨ ਦੁਨੀਆਂ ਪ੍ਰਭਾਵਿਤ ਹੁੰਦੀ ਹੈ, ਕਿਸੇ ਖੇਤਰ 'ਤੇ ਪ੍ਰਭਾਵ ਪੈਂਦਾ ਹੈ ਤਾਂ ਉਸ ਸੂਰਤ 'ਚ ਅਜਿਹੀ ਟਿੱਪਣੀ ਜਾਇਜ਼ ਹੋ ਸਕਦੀ ਹੈ। ਪਰ ਖੇਤੀ ਕਾਨੂੰਨਾਂ ਬਾਰੇ ਜੋ ਵੀ ਫ਼ੈਸਲੇ ਲਏ ਜਾਂਦੇ ਹਨ, ਉਹ ਭਾਰਤ ਦੇ ਸੰਵਿਧਾਨ ਦੇ ਅਧੀਨ ਹੋਣਗੇ, ਉਨ੍ਹਾਂ ਦਾ ਪ੍ਰਭਾਵ ਤਾਂ ਸਿਰਫ ਭਾਰਤ 'ਤੇ ਹੀ ਪਵੇਗਾ। ਇਸ ਲਈ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੀ ਹੋਇਆ।"
ਪਰ ਦੇਸ ਦੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦਾ ਤਰਕ ਹੈ ਕਿ ਕਿਸਾਨੀ ਅੰਦੋਲਨ ਦਾ ਮੁੱਦਾ ਮਨੁੱਖੀ ਅਧਿਕਾਰਾਂ ਅਤੇ ਰੋਜ਼ੀ-ਰੋਟੀ ਕਮਾਉਣ ਦਾ ਮਸਲਾ ਹੈ ਅਤੇ ਇੰਨ੍ਹਾਂ ਮੁੱਦਿਆਂ ਨੂੰ ਚੁੱਕਣ ਵਾਲੇ ਲੋਕ ਕੌਮੀ ਸਰਹੱਦਾਂ ਨੂੰ ਨਹੀਂ ਮੰਨਦੇ ਹਨ। ਦਰਅਸਲ, ਰਿਹਾਨਾ ਨੇ ਆਪਣੇ ਟਵੀਟ ਵਿੱਚ ਇੰਟਰਨੈੱਟ 'ਤੇ ਪਾਬੰਦੀ ਦਾ ਹੀ ਮੁੱਦਾ ਚੁੱਕਿਆ ਹੈ। ਆਪਣੇ ਨਵੇਂ ਟਵੀਟ 'ਚ ਗ੍ਰੇਟਾ ਨੇ ਵੀ ਮਨੁੱਖੀ ਅਧਿਕਾਰਾਂ ਬਾਰੇ ਹੀ ਗੱਲ ਕੀਤੀ ਹੈ।
ਵਿਵੇਕ ਕਾਟਜੂ ਦਾ ਕਹਿਣਾ ਹੈ, "ਜਦੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਇਹ ਦੇਖਣਾ ਪਵੇਗਾ ਕਿ ਕਿਸ ਪੱਧਰ ਜਾਂ ਡਿਗਰੀ ਦਾ ਉਲੰਘਣ ਹੋਇਆ ਹੈ। ਇੱਕ ਮਾਮਲਾ ਹੁੰਦਾ ਹੈ, ਜੋ ਕਿ ਸਿਸਟਮ ਵਿੱਚ ਹੁੰਦਾ ਹੈ, ਜਿਵੇਂ ਕਿ ਦੱਖਣੀ ਅਫ਼ਰੀਕਾ ਵਿੱਚ ਕਾਲੇ ਲੋਕਾਂ ਨਾਲ ਹੋ ਰਿਹਾ ਸੀ। ਉੱਥੇ ਕਾਲੇ ਲੋਕਾਂ ਨਾਲ ਮਤਭੇਦ, ਵਿਤਕਰਾ ਸਿਸਟਮ ਅਧੀਨ ਹੀ ਹੋ ਰਿਹਾ ਸੀ।"
"ਇੱਕ ਦੂਜਾ ਮਾਮਲਾ ਹੁੰਦਾ ਹੈ, ਪ੍ਰਸ਼ਾਸਨਿਕ ਕੰਮਾਂ ਵਿੱਚ ਕੋਈ ਕਦਮ ਚੁੱਕਣ ਕਾਰਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ। ਜਿਵੇਂ ਕਿ ਪ੍ਰਦਰਸ਼ਨ ਦੌਰਾਨ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਤੁਸੀਂ ਕੋਈ ਕਦਮ ਚੁੱਕ ਰਹੇ ਹੋ। ਕੀ ਅਜਿਹੇ ਕਦਮ ਚੁੱਕਣ ਦੀ ਇਜਾਜ਼ਤ ਕਾਨੂੰਨ ਦਿੰਦਾ ਹੈ? ਜੇਕਰ ਲੋਕਤੰਤਰ ਹੈ ਅਤੇ ਨਿਆਂ ਪ੍ਰਣਾਲੀ ਵੀ ਸੁਤੰਤਰ ਹੈ ਤਾਂ ਉਸ ਵਿੱਚ ਮਨੁੱਖੀ ਅਧਿਕਾਰਾਂ ਨੂੰ ਚੁਣੌਤੀ ਦੇਣ ਲਈ ਇੱਕ ਵਿਵਸਥਾ ਹੈ।"
ਉਹ ਅੱਗੇ ਕਹਿੰਦੇ ਹਨ ਕਿ ਇੰਟਰਨੈੱਟ ਕੱਟਿਆ ਤਾਂ ਕਿੱਥੇ ਕੱਟਿਆ, ਕਿੰਨੇ ਦਿਨਾਂ ਲਈ ਪਾਬੰਦੀ ਲਗਾਈ ਗਈ, ਇਸ ਸਬੰਧੀ ਅਦਾਲਤ ਵਿੱਚ ਕੀ ਕਿਹਾ ਗਿਆ, ਕਾਨੂੰਨ ਦੇ ਦਾਇਰੇ ਵਿੱਚ ਕੰਮ ਹੋ ਰਿਹਾ ਹੈ ਜਾਂ ਫਿਰ ਨਹੀਂ… ਇੰਨ੍ਹਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ।
ਪਰ ਉਹ ਇਹ ਵੀ ਕਹਿੰਦੇ ਹਨ ਕਿ ਇਸ ਦਾ ਇਹ ਮਤਲਬ ਬਿਲਕੁੱਲ ਵੀ ਨਾ ਲਿਆ ਜਾਵੇ ਕਿ ਉਹ ਇਸ ਤਰ੍ਹਾਂ ਦੀ ਕਾਰਵਾਈ ਦੇ ਸਮਰਥਕ ਹਨ।
ਭਾਰਤ ਦਾ ਕਿਸਾਨ ਅੰਦੋਲਨ ਅਤੇ ਅਮਰੀਕਾ ਦੇ ਕੈਪੀਟਲ ਹਿੱਲ ਹਿੰਸਾ ਦੀ ਤੁਲਨਾ ਕਿੰਨੀ ਵਾਜਬ?
ਕਈ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਅਮਰੀਕਾ ਦੇ ਕੈਪੀਟਲ ਹਿੱਲ ਹਿੰਸਾ 'ਤੇ ਕਿਉਂ ਟਵੀਟ ਕੀਤਾ ਗਿਆ ਸੀ। ਕੀ ਉਹ ਅਮਰੀਕਾ ਦਾ ਅੰਦਰੂਨੀ ਮਾਮਲਾ ਨਹੀਂ ਹੈ?
ਪੀ ਚਿਦੰਬਰਮ ਨੇ ਸਰਕਾਰ ਤੋਂ ਇਹ ਵੀ ਪੁੱਛਿਆ ਹੈ ਕਿ ਮਿਆਂਮਾਰ 'ਚ ਫੌਜ ਵੱਲੋਂ ਤਖ਼ਤਾ ਪਲਟਣ ਅਤੇ ਨੇਪਾਲ ਤੇ ਸ੍ਰੀਲੰਕਾ ਦੇ ਮੁੱਦਿਆਂ 'ਤੇ ਭਾਰਤ ਕਿਉਂ ਟਿੱਪਣੀ ਕਰਦਾ ਹੈ।
ਵਿਵੇਕ ਕਟਜੂ ਇਸ 'ਤੇ ਕਹਿੰਦੇ ਹਨ, "ਕੈਪੀਟਲ ਹਿੱਲ ਹਿੰਸਾ ਮਾਮਲੇ 'ਚ ਸਿਰਫ ਭਾਰਤ ਦੇ ਪ੍ਰਧਾਨ ਮੰਤਰੀ ਨੇ ਹੀ ਟਵੀਟ ਨਹੀਂ ਕੀਤਾ ਬਲਕਿ ਦੁਨੀਆਂ ਦੇ ਕਈ ਦੂਜੇ ਦੇਸ਼ਾਂ ਦੇ ਮੁਖੀਆਂ ਨੇ ਵੀ ਕੀਤਾ ਹੈ।"
"ਉਹ ਟਵੀਟ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਅਮਰੀਕਾ ਵਿੱਚ ਵਾਪਰੀ ਇਸ ਘਟਨਾ ਦਾ ਅਸਰ ਸਾਰਿਆਂ 'ਤੇ ਵੀ ਪੈ ਸਕਦਾ ਸੀ। ਅਮਰੀਕਾ ਦੀ ਸਥਿਰਤਾ, ਉੱਥੋਂ ਦੀ ਪ੍ਰਣਾਲੀ, ਵਿਸ਼ਵ ਦੀ ਸਥਿਰਤਾ ਲਈ ਬਹੁਤ ਮਹੱਤਵਪੂਰਨ ਹੈ।"
"ਅਮਰੀਕਾ ਦੁਨੀਆਂ ਦਾ ਸਭ ਤੋਂ ਵੱਧ ਤਕਾਤਵਰ ਦੇਸ਼ ਹੈ। ਉੱਥੋਂ ਦੇ ਚੋਣ ਨਤੀਜਿਆਂ 'ਤੇ ਸਵਾਲੀਆ ਨਿਸ਼ਾਨ ਲੱਗਣਾ ਸਿਰਫ਼ ਅਮਰੀਕਾ ਨਾਲ ਸਬੰਧਤ ਹੀ ਮਸਲਾ ਨਹੀਂ ਹੈ। ਉਸ ਦਾ ਪ੍ਰਭਾਵ ਪੂਰੀ ਦੁਨੀਆਂ 'ਤੇ ਪੈਂਦਾ ਹੈ। ਉਸ ਹਿੰਸਾ ਨੂੰ ਸਿਰਫ਼ ਅਮਰੀਕਾ ਦਾ ਅੰਦਰੂਨੀ ਮਾਮਲਾ ਮੰਨਣਾ ਜਾਇਜ਼ ਨਹੀਂ ਹੈ।"
ਵਿਵੇਕ ਕਟਜੂ ਇੱਕ ਛੋਟੀ ਜਿਹੀ ਉਦਾਹਰਣ ਦੇ ਨਾਲ ਵਿਦੇਸ਼ੀ ਅਤੇ ਅੰਦਰੂਨੀ ਮਾਮਲੇ ਵਿਚਲੇ ਅੰਤਰ ਨੂੰ ਸਮਝਾਉਂਦੇ ਹਨ। ਜੇਕਰ ਸਿਰਫ ਇੱਕ ਘਰ ਵਿੱਚ ਅੱਗ ਲੱਗੇ ਤਾਂ ਕੋਈ ਦੂਜਾ ਕਿਉਂ ਟਿੱਪਣੀ ਕਰੇਗਾ ਪਰ ਜੇਕਰ ਅੱਗ ਦੀ ਲਪੇਟ ਵਿੱਚ ਦੂਜੇ ਘਰ ਵੀ ਆਉਣ ਤਾਂ ਦੂਜੇ ਘਰਾਂ ਦੇ ਲੋਕ ਟਿੱਪਣੀ ਕਰਨਗੇ ਹੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: