ਕਿਸਾਨ ਅੰਦੋਲਨ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਜਾਰੀ ਰਹੇਗਾ ਅੰਦੋਲਨ, ਸਿਰਫ਼ ਕੇਂਦਰ ਸਰਕਾਰ ਨਾਲ ਕਰਾਂਗੇ ਗੱਲਬਾਤ’

ਇਸ ਪੰਨੇ ਰਾਹੀਂ ਕਿਸਾਨ ਅੰਦੋਲਨ ਦਾ ਪ੍ਰਮੁੱਖ ਘਟਨਾਕ੍ਰਮ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਗਾਜ਼ੀਪੁਰ, ਟਿਕਰੀ ਤੇ ਸਿੰਘੂ ਬਾਰਡਰ ’ਤੇ ਕਾਫੀ ਤਣਾਅ ਬਣਿਆ ਹੋਇਆ ਹੈ।

ਦਿੱਲੀ ਪੁਲਿਸ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਯੂਏਪੀਏ ਐਕਟ ਤੇ ਦੇਸਧ੍ਰੋਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦਿੱਲੀ ਪੁਲਿਸ ਨੇ ਬਿਆਨ ਵਿੱਚ ਕਿਹਾ, “ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲਗਿਆ ਕਿ ਕਿਸਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਤੈਅ ਕਰਾਰ ਨੂੰ ਜਾਣ-ਬੁੱਝ ਕੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਕੌਮਾਂਤਰੀ ਬੇਇੱਜ਼ਤੀ ਕਰਵਾਉਣ ਲਈ ਕੌਮੀ ਸਮਾਰਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੀ ਜਾਂਚ ਹੁਣ ਕੀਤੀ ਜਾ ਰਹੀ ਹੈ।”

ਇਹ ਵੀ ਪੜ੍ਹੋ:

ਅੰਦੋਲਨ ਨੂੰ ਲਾਠੀ ਦੇ ਬਲ ’ਤੇ ਖ਼ਤਮ ਕਰਨ ਦੀ ਕੋਸ਼ਿਸ਼-ਪ੍ਰਿਅੰਕਾ ਗਾਂਧੀ

ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਕਿਸਾਨਾਂ ਦੇ ਨਾਲ ਹੈ।

ਪ੍ਰਿਅੰਕਾ ਗਾਂਧਈ ਨੇ ਆਪਣੇ ਟਵੀਟ ਵਿੱਚ ਕਿਹਾ, "ਕੱਲ੍ਹ ਅੱਧੀ ਰਾਤ ਵਿੱਚ ਲਾਠੀ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਗਾਜੀਪੁਰ, ਸਿੰਘੂ ਬਾਰਡਰ 'ਤੇ ਕਿਸਾਨਾਂ ਨੂੰ ਧਮਕਾਇਆ ਜਾ ਰਿਹਾ ਹੈ। ਇਹ ਲੋਕਤੰਤਰ ਦੇ ਹਰ ਨਿਯਮ ਦੇ ਉਲਟ ਹੈ।"

"ਕਾਂਗਰਸ ਕਿਸਾਨਾਂ ਦੇ ਨਾਲ ਇਸ ਸੰਘਰਸ਼ ਵਿੱਚ ਖੜ੍ਹੀ ਰਹੇਗੀ। ਕਿਸਾਨ ਦੇਸ ਦਾ ਹਿਤ ਹਨ। ਜੋ ਉਨ੍ਹਾਂ ਨੂੰ ਤੋੜਨਾ ਚਾਹੁੰਦੇ ਹਨ-ਉਹ ਦੇਸ਼ਧ੍ਰੋਹੀ ਹਨ।"

ਸਿਰਫ਼ ਪਿੰਡ ਤੋਂ ਆਇਆ ਪਾਣੀ ਹੀ ਪੀਵਾਂਗਾ-ਟਿਕੈਤ

ਗਾਜ਼ੀਪੁਰ ਬਾਰਡਰ ’ਤੇ ਮਾਹੌਲ ਕਾਫ਼ੀ ਗਰਮਾ ਗਿਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨ ਏਕਤਾ ਮੋਰਚਾ ਦੀ ਸਟੇਜ ਤੋਂ ਐਲਾਨ ਕਰ ਦਿੱਤਾ ਕਿ ਉਹ ਤੇ ਕੋਈ ਵੀ ਹੋਰ ਕਿਸਾਨ ਗ੍ਰਿਫ਼ਤਾਰੀ ਨਹੀਂ ਦੇਵੇਗਾ।

ਇਸ ਤੋਂ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਰਾਕੇਸ਼ ਟਿਕੈਤ ਸਰੰਡਰ ਕਰ ਰਹੇ ਹਨ ਪਰ ਰਾਕੇਸ਼ ਟਿਕੈਤ ਨੇ ਇਨ੍ਹਾਂ ਸਾਰਿਆਂ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਇੱਕ ਸਿਆਸੀ ਪਾਰਟੀ ’ਤੇ ਹਿੰਸਾ ਭੜਕਾਉਣ ਲਈ ਲੋਕਾਂ ਨੂੰ ਗਾਜ਼ੀਪੁਰ ਬਾਰਡਰ ’ਤੇ ਇਕੱਠ ਕਰਵਾਉਣ ਦਾ ਇਲਜ਼ਾਮ ਲਗਾਇਆ।

ਰਾਕੇਸ਼ ਟਿਕੈਤ ਨੇ ਕਿਹਾ, “ਸਰਕਾਰ ਵੱਲੋਂ ਪਹਿਲਾਂ ਬਿਜਲੀ ਕੱਟ ਦਿੱਤੀ ਗਈ। ਉਸ ਮਗਰੋਂ ਗਾਜ਼ੀਪੁਰ ਬਾਰਡਰ ’ਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। ਹੁਣ ਜਦੋਂ ਤੱਕ ਪਿੰਡਾਂ ਤੋਂ ਪਾਣੀ ਨਹੀਂ ਆਉਂਦਾ ਹੈ ਉਦੋਂ ਤੱਕ ਮੈਂ ਪਾਣੀ ਨਹੀਂ ਪੀਵਾਂਗਾ।”

ਗਾਜ਼ੀਪੁਰ ਬਾਰਡਰ ਉੱਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਮੌਜੂਦ ਹਨ। ਕਈ ਵੱਡੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਚੁੱਕੇ ਹਨ।

ਕਿਸਾਨਾਂ ਨੂੰ ਦਿੱਤਾ ਨੋਟਿਸ

ਗਾਜ਼ੀਪੁਰ ’ਤੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੂੰ ਗਾਜ਼ੀਆਬਾਦ ਪ੍ਰਸ਼ਾਸਨ ਵੱਲੋਂ ਧਰਨਾ ਚੁੱਕਣ ਲਈ ਨੋਟਿਸ ਦਿੱਤਾ ਗਿਆ ਹੈ। ਗਾਜ਼ੀਆਬਾਦ ਦੇ ਏਡੀਐੱਮ ਸ਼ਾਲਿੰਦਰ ਕੁਮਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਧਾਰਾ 133 ਤਹਿਤ ਨੋਟਿਸ ਦਿੱਤਾ ਗਿਆ ਹੈ।

ਟਿਕਰੀ ਬਾਰਡਰ ਉੱਤੇ ਵੀ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਕਾਫ਼ੀ ਵਧਾ ਦਿੱਤੀ ਗਈ ਹੈ। ਸਿੰਘੂ ਬਾਰਡਰ ਉੱਤੇ ਹਰਿਆਣਾ ਤੋਂ ਦਿੱਲੀ ਜਾਂਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਸਰੰਡਰ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅਫ਼ਵਾਹਾਂ ਹਨ ਜੋ ਭਾਜਪਾ ਸਰਕਾਰ ਵੱਲੋਂ ਫੈਲਾਈਆਂ ਜਾ ਰਹੀਆਂ ਹਨ।

ਹਰਿਆਣਾ ਵਿੱਚ ਮੋਬਾਇਲ ਇੰਟਰਨੈੱਟ ਸੇਵਾ ਬੰਦ ਰਹੇਗੀ

ਹਰਿਆਣਾ ਸਰਕਾਰ ਨੇ ਸੋਨੀਪਤ, ਪਲਵਲ ਤੇ ਝੱਜਰ ਵਿੱਚ ਕੱਲ੍ਹ ਸ਼ਾਮ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਤੇ ਮੈਸੇਜ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੋਬਾਈਲ ਨੈੱਟਰਵਰਕ 'ਤੇ ਡੋਂਗਲ ਸੇਵਾਵਾਂ ਨੂੰ ਵੀ ਬੰਦ ਕੀਤਾ ਗਿਆ ਹੈ, ਹਾਲਾਂਕਿ ਵੁਇਸ ਕਾਲਜ਼ ਜਾਰੀ ਰਹਿਣਗੀਆਂ।

16 ਪਾਰਟੀਆਂ ਦਾ ਰਾਸ਼ਟਰਪਤੀ ਦੇ ਭਾਸ਼ਣ ਦੇ ਬਾਈਕਾਟ ਦਾ ਐਲਾਨ

ਇਸ ਵਾਰ ਦਾ ਬਜਟ ਸੈਸ਼ਨ ਹੰਗਾਮੇਦਾਰ ਰਹਿਣ ਦੀ ਉਮੀਦ ਹੈ। ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਅਕਾਲੀ ਦਲ ਨੇ ਵੀ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਅਕਾਲੀ ਦਲ ਆਗੂ ਨਰੇਸ਼ ਗੁਜਰਾਲ ਨੇ ਕਿਹਾ, "ਅਸੀਂ ਕਿਸਾਨਾਂ ਦੀ ਪਾਰਟੀ ਹਾਂ। ਅਸੀਂ ਇਹ ਨਹੀਂ ਦੇਖ ਸਕਦੇ ਹਾਂ ਕਿ ਕਿਸਾਨਾਂ ਦੇ ਹੱਕ ਖੋਹੇ ਜਾਣ। ਇਸ ਲਈ ਅਸੀਂ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕਰ ਰਹੇ ਹਾਂ।"

ਸਾਡਾ ਕੋਈ ਬੰਦਾ ਲਾਲ ਕਿਲੇ ਨਹੀਂ ਗਿਆ-ਸਤਨਾਮ ਪੰਨੂੰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਕਾਰਕੁਨ ਵੱਲੋਂ ਕੋਈ ਹਿੰਸਾ ਨਹੀਂ ਕੀਤੀ ਗਈ ਹੈ।

"ਸਾਡਾ ਸ਼ਾਂਤੀਪੂਰਨ ਮਾਰਚ ਸੀ ਤੇ ਅਸੀਂ ਰਿੰਗ ਰੋਡ 'ਤੇ ਹੀ ਗਏ ਸੀ। ਸਾਡਾ ਕੋਈ ਵੀ ਆਦਮੀ ਲਾਲ ਕਿਲੇ ਨਹੀਂ ਗਿਆ ਸੀ। ਮੋਦੀ ਸਰਕਾਰ ਨੇ ਸਾਡੇ 'ਤੇ ਝੂਠੇ ਪਰਚੇ ਦਰਜ ਕੀਤੇ ਹਨ।"

"ਅਸੀਂ ਇਨ੍ਹਾਂ ਪਰਚਿਆਂ ਖਿਲਾਫ਼ ਵੀ ਆਪਣਾ ਸੰਘਰਸ਼ ਕਰਾਂਗੇ।"

‘ਜੇ ਕਿਸਾਨਾਂ ਨੂੰ ਕਾਨੂੰਨ ਬਾਰੇ ਵਿਸਥਾਰ ਨਾਲ ਪਤਾ ਲਗਿਆ ਤਾਂ...’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਾਇਨਾਡ ਦੇ ਪਕਪੇੱਟਾ ਵਿੱਚ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਤਿੰਨ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਆਪਣੀ ਗੱਲ ਰੱਖੀ ਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਕਿਹਾ, "ਸੱਚਾਈ ਇਹ ਹੈ ਕਿ ਜ਼ਿਆਦਾਤਰ ਕਿਸਾਨ ਇਨ੍ਹਾਂ ਕਾਨੂੰਨਾਂ ਬਾਰੇ ਵਿਸਥਾਰ ਨਾਲ ਨਹੀਂ ਸਮਝਦੇ ਹਨ ਕਿਉਂਕਿ ਜੇ ਉਹ ਸਮਝ ਗਏ ਤਾਂ ਪੂਰੇ ਦੇਸ ਵਿੱਚ ਅੰਦੋਲਨ ਹੋਵੇਗਾ। ਦੇਸ ਵਿੱਚ ਅੱਗ ਲਗ ਜਾਵੇਗੀ।"

ਸਿੰਘੂ ਬਾਰਡਰ ’ਤੇ ਵਧਿਆ ਤਣਾਅ

ਸਿੰਘੂ ਬਾਰਡਰ ’ਤੇ ਮੌਜੂਦਾ ਵੇਲੇ ਕੁਝ ਤਣਾਅ ਵਧ ਗਿਆ ਹੈ। ਪੁਲਿਸ ਵੱਲੋਂ ਸਿੰਘੂ ਬਾਰਡਰ ’ਤੇ ਸਟੇਜ ਦੇ ਨਾਲ ਦਾ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਮੌਜੂਦ ਨਿਹੰਗ ਸਿੰਘਾਂ ਨੇ ਉਸ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਕੁਝ ਲੋਕ ਤਿਰੰਗਾ ਯਾਤਰਾ ਲੈ ਕੇ ਆ ਗਏ ਤੇ ਕਿਸਾਨਾਂ ਦੀ ਵਾਪਸੀ ਲਈ ਨਾਅਰੇ ਲਗਾਉਣ ਲੱਗੇ।

ਸਿੰਘੂ ਬਾਰਡਰ ’ਤੇ ਨਾਲ ਦੀ ਲਗਦੇ ਬਜ਼ਾਰ ਨੂੰ ਵੀ ਪੁਲਿਸ ਪ੍ਰਸ਼ਾਸਨ ਨੇ ਬੰਦ ਕਰਵਾ ਦਿੱਤਾ ਹੈ।

ਕੁਝ ਲੰਗਰ ਬੰਦ ਕਰਵਾਏ ਗਏ

ਇੱਕ ਪਾਸੇ ਦਿੱਲੀ ਪੁਲਿਸ ਕਿਸਾਨਾਂ ਆਗੂਆਂ ਉੱਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਲਾ ਕੇ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕਰ ਰਹੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੀ ਮਦਦ ਲਈ ਲੱਗੇ ਕਈ ਥਾਂਵਾਂ ਦੇ ਲੰਗਰ ਬੰਦ ਕਰਵਾਏ ਜਾ ਰਹੇ ਹਨ।

ਯੂਪੀ ਵਿਚ ਪੁਲਿਸ ਨੇ ਬਾਗਪਤ ਵਿਚ ਰਾਤੀਂ ਇੱਕ ਕਿਸਾਨ ਧਰਨਾ ਜ਼ਬਰੀ ਉਠਾ ਦਿੱਤਾ ਅਤੇ ਗਾਜ਼ੀਪੁਰ ਧਰਨੇ ਦੀ ਬਿਜਲੀ ਸਪਲਾਈ ਕੱਟਣ ਦੇ ਨਾਲ-ਨਾਲ ਤੈਨਾਤੀ ਵਧਾ ਦਿੱਤੀ ਗਈ ਹੈ।

ਦੁਪਹਿਰ ਤੱਕ ਕੁਝ ਲੋਕਾਂ ਦਾ ਗਰੁੱਪ ਸਿੰਘੂ ਬਾਰਡਰ ਧਰਨੇ ਲੋਕ ਪਹੁੰਚ ਗਿਆ, ਹੱਥਾਂ ਵਿਚ ਤਿਰੰਗੇ ਫੜੇ ਕਿਸਾਨਾਂ ਉੱਤੇ ਉਹ ਕੌਮੀ ਝੰਡੇ ਦੇ ਅਪਮਾਨ ਦਾ ਇਲਜ਼ਾਮ ਲਾ ਰਹੇ ਸਨ।

ਇਹ ਲੋਕ ਕਿਸਾਨਾਂ ਨੂੰ ਸਿੰਘੂ ਬਾਰਡਰ ਵਾਲੀ ਥਾਂ ਖ਼ਾਲੀ ਕਰਨ ਦੀ ਮੰਗ ਕਰ ਰਹੇ ਸਨ ਅਤੇ ਦਿੱਲੀ ਪੁਲਿਸ ਦੇ ਹੱਕ ਵਿਚ ਨਾਅਰੇ ਬਾਜ਼ੀ ਕਰ ਰਹੇ ਸਨ।

ਪੁਲਿਸ ਵਾਲਿਆਂ ਦਾ ਹਾਲ ਪੁੱਛਣ ਹਸਪਤਾਲ ਗਏ ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਦੇ ਤੀਰਥ ਰਾਮ ਸ਼ਾਹ ਹਸਪਤਾਲ ਵਿੱਚ 26 ਜਨਵਰੀ ਦੀ ਹਿੰਸਾ ਦੌਰਾਨ ਜ਼ਖ਼ਮੀ ਹੋਏ ਪੁਲਿਸ ਵਾਲਿਆਂ ਨੂੰ ਮਿਲਣ ਪਹੁੰਚੇ।

ਇੱਕ ਹੋਰ ਘਟਨਾਕ੍ਰਮ ਵਿੱਚ ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਪੁਲਿਸ ਨਾਲ ਟਰੈਕਟਰ ਮਾਰਚ ਬਾਬਤ ਹੋਇਆ ਕਰਾਰ ਤੋੜਨ ਬਾਰੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਹੋਈ ਹਿੰਸਾ ਅਤੇ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਬੁੱਧਵਾਰ ਨੂੰ ਦਿੱਲੀ ਪੁਲਿਸ ਕਮੀਸ਼ਨਰ ਐੱਸਐੱਨ ਸ਼੍ਰੀਵਾਸਤਵ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਕਿਸਾਨ ਆਗੂਆਂ ਨੇ ਸਾਡੇ ਨਾਲ ਧੋਖਾ ਕੀਤਾ ਹੈ ਜਿਸ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਮਨਜ਼ੂਰਸ਼ੁਦਾ ਰੂਟਾਂ ਉੱਪਰ ਹੀ ਮਾਰਚ ਕੀਤਾ ਸੀ ਜਦੋਂਕਿ ਕੁਝ ਸ਼ਰਾਰਤੀ ਤੱਤਾਂ ਨੇ ਸਰਕਾਰ ਦੀ ਸਾਜ਼ਿਸ਼ ਤਹਿਤ ਹਿੰਸਾ ਕੀਤੀ।

ਪ੍ਰਸ਼ਾਸਨ ਨੇ ਬੁੱਧਵਾਰ ਬਾਗਪਤ ਦੇ ਬੜੌਤ ਵਿੱਚ ਧਰਨਾ ਦੇ ਰਹੇ ਕਿਸਾਨਾਂ ਦਾ ਜ਼ਬਰੀ ਧਰਨਾ ਚੁਕਵਾ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੁੱਧਵਾਰ ਦਾ ਪ੍ਰਮੁੱਖ ਘਟਨਾਕ੍ਰਮ

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)