You’re viewing a text-only version of this website that uses less data. View the main version of the website including all images and videos.
ਪੂਜਾ ਗਹਿਲੋਤ: ਵਾਲੀਬਾਲ ਖਿਡਾਰਨ ਜੋ ਪਹਿਲਵਾਨ ਬਣੀ
ਪੂਜਾ ਗਹਿਲੋਤ ਦੀ ਬਚਪਨ ਤੋਂ ਹੀ ਖੇਡਾਂ ਵਿੱਚ ਬਹੁਤ ਰੁਚੀ ਸੀ। ਉਹ ਮਹਿਜ਼ ਛੇ ਸਾਲਾਂ ਦੀ ਸੀ ਜਦੋਂ ਉਸ ਨੇ ਆਪਣੇ ਪਹਿਲਵਾਨ ਚਾਚੇ ਧਰਮਵੀਰ ਸਿੰਘ ਨਾਲ ਅਖਾੜੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਪਰ ਉਸ ਦੇ ਪਿਤਾ ਵਿਜੇਂਦਰ ਸਿੰਘ ਪਹਿਲਵਾਨ ਬਣਨ ਦੇ ਵਿਚਾਰ ਦੇ ਬਹੁਤੇ ਹੱਕ ਵਿੱਚ ਨਹੀਂ ਸਨ।
ਗਹਿਲੋਤ ਦੇ ਪਿਤਾ ਨੇ ਉਸ ਨੂੰ ਕੁਸ਼ਤੀ ਦੀ ਬਜਾਇ ਕਿਸੇ ਹੋਰ ਖੇਡ ਲਈ ਕੋਸ਼ਿਸ਼ ਕਰਨ ਬਾਰੇ ਪੁੱਛਿਆ।
ਉਸਦੀ ਅਗਲੀ ਪਸੰਦ ਵਾਲੀਬਾਲ ਸੀ ਅਤੇ ਪੂਜਾ ਨੇ ਜੂਨੀਅਰ ਨੈਸ਼ਨਲ ਪੱਧਰ ਤੱਕ ਵਾਲੀਬਾਲ ਖੇਡਿਆ ਵੀ।
ਇਹ ਵੀ ਪੜ੍ਹੋ
2010 ਦੀਆਂ ਕੌਮਨਵੈਲਥ ਖੇਡਾਂ ਵਿੱਚ ਹਰਿਆਣਾ ਦੀਆਂ ਭੈਣਾਂ ਗੀਤਾ ਫੋਗਾਟ ਅਤੇ ਬਬੀਤਾ ਫੋਗਾਟ ਨੂੰ ਜਿੱਤਦਿਆਂ ਦੇਖਕੇ ਪੂਜਾ ਦੀ ਜ਼ਿੰਦਗੀ ਬਦਲ ਗਈ।
ਗਹਿਲੋਤ ਨੂੰ ਪਤਾ ਸੀ ਕਿ ਉਸ ਨੇ ਫੋਗਾਟ ਭੈਣਾਂ ਦੀਆਂ ਪੈੜਾਂ 'ਤੇ ਤੁਰਨਾ ਸੀ।
ਹਾਲਾਂਕਿ ਗਹਿਲੋਤ ਦੇ ਪਿਤਾ ਇੰਨੇ ਪ੍ਰਭਾਵਿਤ ਨਹੀਂ ਸਨ। ਉਨ੍ਹਾਂ ਨੇ ਕਿਹਾ ਉਹ ਉਸ ਨੂੰ ਰੋਕਣਗੇ ਨਹੀਂ, ਪਰ ਉਸਨੂੰ ਆਪਣੀ ਰੁਚੀ ਨੂੰ ਅੱਗੇ ਵਧਾਉਣ ਲਈ ਖ਼ੁਦ ਪ੍ਰਬੰਧ ਕਰਨਾ ਪਵੇਗਾ।
ਉਨ੍ਹਾਂ ਨੇ ਸੋਚਿਆ ਕੁਸ਼ਤੀ ਪ੍ਰਤੀ ਉਨ੍ਹਾਂ ਦੀ ਧੀ ਦਾ ਮੋਹ ਥੋੜ੍ਹਾ ਸਮਾਂ ਰਹੇਗਾ।
ਕੁਸ਼ਤੀ ਦੀ ਸ਼ੁਰੂਆਤ
ਉਤਸ਼ਾਹ ਭਰੀ ਨੌਜਵਾਨ ਪਹਿਲਵਾਨ ਲਈ ਇਹ ਸੌਖਾ ਨਹੀਂ ਸੀ ਕਿਉਂਕਿ ਉੱਤਰ ਪੱਛਮੀ ਦਿੱਲੀ ਦੇ ਉਪਨਗਰ ਨਰੇਲਾ, ਜਿਥੇ ਉਹ ਉਸ ਸਮੇਂ ਰਹਿੰਦੇ ਸਨ ਵਿੱਚ ਕੁੜੀਆਂ ਲਈ ਕੁਸ਼ਤੀ ਦੀ ਕੋਈ ਸਹੂਲਤ ਨਹੀਂ ਸੀ।
ਇਸ ਦਾ ਅਰਥ ਸੀ ਕਿ ਉਸਨੂੰ ਟਰੇਨਿੰਗ ਲਈ ਦਿੱਲੀ ਤੱਕ ਦਾ ਸਫ਼ਰ ਕਰਨਾ ਪੈਣਾ ਸੀ। ਉਹ ਕਹਿੰਦੀ ਹੈ ਉਸ ਨੂੰ ਸ਼ਹਿਰ ਵਿੱਚ ਪਹੁੰਚਣ ਲਈ ਹਰ ਰੋਜ਼ ਬੱਸ ਰਾਹੀਂ ਤਿੰਨ ਘੰਟੇ ਦਾ ਸਫ਼ਰ ਕਰਨਾ ਪੈਂਦਾ ਸੀ, ਉਸ ਨੂੰ ਸਵੇਰੇ ਤਿੰਨ ਵਜੇ ਜਾਗਣਾ ਪੈਂਦਾ ਸੀ।
ਕਿਉਂਕਿ ਉਸਦਾ ਪ੍ਰੈਕਟਿਸ ਦਾ ਬਹੁਮੁੱਲਾ ਸਮਾਂ ਲੰਬੇ ਸਫ਼ਰ ਕਾਰਨ ਪ੍ਰਭਾਵਿਤ ਹੋ ਰਿਹਾ ਸੀ, ਅੰਤ ਨੂੰ ਗਹਿਲੋਤ ਨੇ ਦਿੱਲੀ ਵਿੱਚ ਪ੍ਰੈਕਟਿਸ ਛੱਡ, ਘਰ ਨੇੜਲੇ ਮੁੰਡਿਆਂ ਦੇ ਟਰੇਨਿੰਗ ਸੈਂਟਰ ਵਿੱਚ ਹੀ ਸਿਖਲਾਈ ਲੈਣ ਦਾ ਫ਼ੈਸਲਾ ਲਿਆ।
ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੁੰਡਿਆਂ ਨਾਲ ਕੁਸ਼ਤੀ ਕਰਨ ਦੇ ਵਿਚਾਰ ਨਾਲ ਬਹੁਤੇ ਸਹਿਜ ਨਹੀਂ ਸਨ।
ਹਾਲਾਂਕਿ, ਗਹਿਲੋਟ ਦੇ ਪਿਤਾ ਉਸ ਦੇ ਖੇਡ ਪ੍ਰਤੀ ਜਨੂੰਨ ਅਤੇ ਸਖ਼ਤ ਮਿਹਨਤ ਤੋਂ ਕਾਫ਼ੀ ਪ੍ਰਭਾਵਿਤ ਸਨ ਅਤੇ ਪਰਿਵਾਰ ਨੇ ਪੂਜਾ ਨੂੰ ਸਿਖਲਾਈ ਉਪਲੱਬਧ ਕਰਵਾਉਣ ਲਈ ਰੋਹਤਕ ਜਾਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ
ਕਾਮਯਾਬੀ ਨੇ ਦਰਵਾਜ਼ੇ 'ਤੇ ਦਸਤਕ ਦਿੱਤੀ
ਪਰਿਵਾਰ ਦੇ ਸਹਿਯੋਗ ਅਤੇ ਸਖ਼ਤ ਮਿਹਨਤ ਸਦਕਾ, ਗਹਿਲੋਟ ਨੇ ਸਾਲ 2016 ਵਿੱਚ ਰਾਂਚੀ 'ਚ ਹੋਈ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ 48 ਕਿਲੋ ਭਾਰ ਵਰਗ ਵਿੱਚ ਸੋਨ ਤਮਗ਼ਾ ਜਿੱਤਿਆ।
ਹਾਲਾਂਕਿ ਗਹਿਲੋਟ ਨੂੰ ਆਪਣੇ ਖੇਡ ਸਫ਼ਰ ਵਿੱਚ ਇੱਕ ਵੱਡੀ ਰੁਕਾਵਟ ਦਾ ਸਾਹਮਣਾ ਕਰਨਾ ਪਿਆ ਜਦੋਂ 2016 ਵਿੱਚ ਇੱਕ ਸੱਟ ਦੀ ਵਜ੍ਹਾ ਨਾਲ ਉਸ ਨੂੰ ਕੁਸ਼ਤੀ ਤੋਂ ਇੱਕ ਸਾਲ ਤੱਕ ਦੂਰ ਰਹਿਣਾ ਪਿਆ।
ਚੰਗੀ ਮੈਡੀਕਲ ਸੰਭਾਲ ਅਤੇ ਉਸ ਦੇ ਆਪਣੇ ਦ੍ਰਿੜ ਇਰਾਦੇ ਦੀ ਬਦੌਲਤ ਉਹ ਮੁੜ ਰੈਸਲਿੰਗ ਮੈਟ 'ਤੇ ਆ ਗਈ।
ਉਸ ਨੂੰ ਕੌਮਾਂਤਰੀ ਪੱਧਰ 'ਤੇ ਪਹਿਲੀ ਅਹਿਮ ਸਫ਼ਲਤਾ ਉਸ ਸਮੇਂ ਮਿਲੀ ਜਦੋਂ ਉਸ ਨੇ 51 ਕਿਲੋ ਭਾਰ ਵਰਗ ਵਿੱਚ, 2017 ਵਿੱਚ ਤਾਇਵਾਨ 'ਚ ਹੋਈ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਜਿੱਤਿਆ।
ਉਸਨੇ 2019 ਵਿਚ ਬੁਡਾਪੈਸਟ, ਹੰਗਰੀ ਵਿਚ ਅੰਡਰ -23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗ਼ਾ ਜਿੱਤ ਕੇ ਆਪਣੇ ਕਰੀਅਰ ਵਿਚ ਇਕ ਹੋਰ ਵੱਡੀ ਪੁਲਾਂਘ ਪੁੱਟੀ।
ਉਹ ਇੱਕ ਸ਼ਾਨਦਾਰ ਸੁਆਗਤ ਨਾਲ ਸੋਨੀਪਤ ਵਾਪਸ ਆਈ ਜਿੱਥੇ ਹੁਣ ਉਹ ਆਪਣੇ ਮਾਤਾ ਪਿਤਾ ਨਾਲ ਰਹਿ ਰਹੀ ਹੈ।
ਬਹੁਤ ਸਾਰੇ ਗੁਆਂਢੀ ਅਤੇ ਰਿਸ਼ਤੇਦਾਰ ਜਿਹੜੇ ਉਸ ਵਲੋਂ ਕੁਸ਼ਤੀ ਖੇਡਣ ਦੇ ਇਰਾਦੇ ਦਾ ਵਿਰੋਧ ਕਰ ਰਹੇ ਸਨ ਅਤੇ ਉਨ੍ਹਾਂ ਨੇ ਉਸਦੇ ਪਿਤਾ ਨੂੰ ਉਸ ਨੂੰ (ਗਹਿਲੋਟ ਨੂੰ) ਰੋਕਣ ਲਈ ਮਨਾਉਣ ਤੱਕ ਦੀ ਕੋਸ਼ਿਸ਼ ਕੀਤੀ ਹੁਣ ਉਸ ਦੀਆਂ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕਰਦੇ ਹਨ।
ਗਹਿਲੋਟ ਦਾ ਕਹਿਣਾ ਹੈ ਖਿਡਾਰੀਆਂ ਖ਼ਾਸਕਰ ਘੱਟ ਆਮਦਨ ਵਰਗ ਤੋਂ ਆਉਣ ਵਾਲਿਆਂ ਲਈ ਵਾਤਾਵਰਣ ਸੁਖਾਵਾਂ ਅਤੇ ਸਹਿਯੋਗੀ ਹੋਣਾ ਚਾਹੀਦਾ ਹੈ।
ਕਿਉਂਕਿ ਆਮ ਤੌਰ 'ਤੇ ਇਹ ਗ਼ਰੀਬ ਪਿਛੋਕੜ ਵਾਲੇ ਲੋਕ ਹੀ ਹਨ ਜੋ ਖੇਡਾਂ ਦੀ ਕਿੱਤੇ ਵਜੋਂ ਚੋਣ ਕਰਦੇ ਹਨ।
ਗਹਿਲੋਟ ਕਹਿੰਦੇ ਹਨ, ਸਰਕਾਰ ਅਤੇ ਹੋਰ ਸਹਿਯੋਗੀ ਸੰਸਥਾਵਾਂ ਨੂੰ ਉਨ੍ਹਾਂ ਖਿਡਾਰਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਘੱਟ ਆਮਦਨ ਵਰਗ ਤੋਂ ਹਨ ਅਤੇ ਖ਼ੁਰਾਕ ਅਤੇ ਸਿਖਲਾਈ ਸਹੁਲਤਾਂ ਉਨ੍ਹਾਂ ਦੀ ਪਹੁੰਚ ਵਿੱਚ ਨਹੀਂ ਹਨ ਜੋ ਕਿ ਬਹੁਤ ਮਹਿੰਗੀਆਂ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: