ਕਿਸਾਨ ਅੰਦੋਲਨ: ਦੀਪ ਸਿੱਧੂ ਦੇ ਨਾਲ ਬਲਬੀਰ ਸਿੰਘ ਰਾਜੇਵਾਲ ਨੇ ਜਿਸ ਸਰਵਨ ਪੰਧੇਰ ਤੇ ਸਤਨਾਮ ਪੰਨੂੰ ਨੂੰ ਪੰਜਾਬ ਦੇ ''ਗੱਦਾਰ'' ਕਿਹਾ ਉਹ ਕੌਣ ਹਨ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਕਿਸਾਨਾਂ ਵਲੋਂ 26 ਜਨਵਰੀ ਟਰੈਕਟਰ ਪਰੇਡ ਦੇ ਨਿਰਧਾਰਿਤ ਕੀਤੇ ਰੂਟ ਦੇ ਉਲਟ ਜਾ ਕੇ ਪਰੇਡ ਕਰਨਾ ਅਤੇ ਫਿਰ ਦਿੱਲੀ ਦੇ ਲਾਲ ਕਿਲੇ ਸਣੇ ਕਈ ਥਾਵਾਂ ਉੱਤੇ ਹਿੰਸਾਂ ਦੇ ਇਲਜ਼ਮਾਂ ਵਿੱਚ ਇਸ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਮ ਦਾ ਸੰਗਠਨ ਚਰਚਾ ਵਿੱਚ ਹੈ।

ਇਸ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੰਗਠਨ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦਾ ਸਬੰਧ ਪੰਜਾਬ ਦੇ ਮਾਝੇ ਖ਼ਿੱਤੇ ਨਾਲ ਹੈ।

ਇੱਥੇ ਇਹ ਗੱਲ ਸਪੱਸ਼ਟ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਪਰੇਡ ਲਈ ਜੋ ਰੂਟ ਦਿੱਤਾ ਸੀ ਉਸ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਹਿਲਾਂ ਹੀ ਰੱਦ ਕਰ ਦਿੱਤਾ ਸੀ। ਉਹਨਾਂ ਬਾਕੀ ਸੰਗਠਨਾਂ ਤੋਂ ਵੱਖ ਹੋ ਕੇ ਵੱਖਰੇ ਰੂਟ ਰਿੰਗ ਰੋਡ ਉਤੇ ਟਰੈਕਟਰ ਪਰੇਡ ਮੰਗਲਵਾਰ ਨੂੰ ਕੀਤੀ।

ਸੰਯੁਕਤ ਮੋਰਚੇ ਨੇ ਪਹਿਲਾਂ ਰਿੰਗ ਰੋਡ ਉੱਤੇ ਪਰੇਡ ਕਰਨ ਦਾ ਐਲਾਨ ਕੀਤਾ ਸੀ ਪਰ ਬਾਅਦ ਵਿਚ ਦਿੱਲੀ ਪੁਲਿਸ ਨਾਲ ਹੋਈਆਂ ਬੈਠਕਾਂ ਦੌਰਾਨ ਵੱਖਰੇ ਰੂਟ ਉੱਤੇ ਸਹਿਮਤੀ ਬਣ ਗਈ ਸੀ।

ਇਹ ਵੀ ਪੜ੍ਹੋ

ਪਹਿਲਾਂ ਟਰੈਕਟਰ ਪਰੇਡ ਅਤੇ ਫਿਰ ਲਾਲ ਕਿਲੇ ਉੱਤੇ ਜੋ ਵੀ ਗੜਬੜੀ ਹੋਈ ਹੈ, ਉਸ ਲਈ ਇਸ ਸੰਗਠਨ ਉੱਤੇ ਉਂਗਲੀ ਉੱਠੀ ਹੋਈ ਹੈ। ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਸਿੰਘੂ ਮੋਰਚੇ ਦੀ ਸਟੇਜ ਤੋਂ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂੰ ਅਤੇ ਸਰਵਨ ਸਿੰਘ ਪੰਧੇਰ ਨੂੰ ਪੰਜਾਬ ਦਾ ਸਭ ਤੋਂ ਵੱਡਾ ਗ਼ੱਦਾਰ ਕਰਾਰ ਦਿੰਦਿਆਂ, ਇਨ੍ਹਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।

ਰਾਜੇਵਾਲ ਲਾਲ ਕਿਲੇ 'ਤੇ ਹੋਈ ਹਿੰਸਾ ਤੋਂ ਇੱਕ ਦਿਨ ਬਾਅਦ "ਕਿਸਾਨਾਂ ਦੇ ਅੰਦੋਲਨ ਵਿਚੋਂ ਗੰਦਗੀ” ਕੱਢਣ ਦਾ ਸੱਦਾ ਦਿੱਤਾ।

ਕੌਣ ਹੈ ਸਤਨਾਮ ਸਿੰਘ ਪੰਨੂੰ ਅਤੇ ਸਰਵਨ ਸਿੰਘ ਪੰਧੇਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮਾਝੇ ਖੇਤਰ ਵਿੱਚ ਜ਼ਿਆਦਾ ਚਰਚਿਤ ਹੈ। ਇਸ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਪ੍ਰਮੁੱਖ ਆਗੂ ਹਨ।

ਇਸ ਜਥੇਬੰਦੀ ਵਿੱਚ ਪ੍ਰਧਾਨ ਦੀ ਥਾਂ ਜਨਰਲ ਸਕੱਤਰ ਪੰਧੇਰ ਕਿਸਾਨੀ ਅੰਦੋਲਨ ਦੌਰਾਨ ਪ੍ਰਮੁੱਖ ਚਿਹਰਾ ਬਣ ਕੇ ਉੱਭਰਿਆ ਹੈ। ਮੀਡੀਆ ਨਾਲ ਜ਼ਿਆਦਾਤਰ ਸਰਵਨ ਸਿੰਘ ਪੰਧੇਰ ਹੀ ਗੱਲ ਕਰਦੇ ਹਨ।

ਆਖ਼ਰ ਕੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕੌਣ ਹਨ ਇਸ ਨੂੰ ਚਲਾਉਣ ਵਾਲੇ ਆਗੂ?

ਸਤਨਾਮ ਸਿੰਘ ਪੰਨੂੰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਹਨ। ਇਹ ਸੰਗਠਨ 2007 ਵਿੱਚ ਹੋਂਦ ਵਿੱਚ ਆਇਆ।

ਅਸਲ ਵਿੱਚ ਕਿਸਾਨ ਸੰਘਰਸ਼ ਕਮੇਟੀ ਕੰਵਲਜੀਤ ਸਿੰਘ ਪੰਨੂ ਤੋਂ ਵੱਖ ਹੋ ਕੇ ਇਹ ਸੰਗਠਨ ਹੋਂਦ ਵਿੱਚ ਆਇਆ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਪੰਨੂੰ ਦਾ ਜੱਦੀ ਪਿੰਡ ਤਰਨਤਾਰਨ ਜ਼ਿਲ੍ਹੇ ਦਾ 'ਪੀਦੀ' (piddi) ਹੈ ।

ਗਰੈਜੁਏਸ਼ਨ ਪਾਸ ਪੰਨੂੰ ਦਾ ਮੁੱਖ ਕਿੱਤਾ ਖੇਤੀਬਾੜੀ ਦੇ ਨਾਲ ਨਾਲ ਆੜ੍ਹਤ ਦਾ ਕਾਰੋਬਾਰ ਵੀ ਹੈ। ਉਨ੍ਹਾਂ ਮੁਤਾਬਕ ਖੇਤੀ ਸੰਬੰਧੀ ਕਾਨੂੰਨ ਪਾਸ ਹੋਣ ਤੋਂ ਬਾਅਦ ਸੰਗਠਨ ਦਾ ਆਧਾਰ ਪੰਜਾਬ ਵਿੱਚ ਹੋਰ ਮਜ਼ਬੂਤ ਹੋਇਆ ਹੈ।

ਸੰਗਠਨ ਦਾ ਆਧਾਰ ਤਰਨਤਾਰਨ, ਅੰਮਿਤਸਰ, ਗੁਰਦਾਸਪੁਰ, ਫ਼ਿਰੋਜਪੁਰ ਵਿੱਚ ਜ਼ਿਆਦਾ ਹੈ। ਹਰਪ੍ਰੀਤ ਸਿੰਘ ਮੁਤਾਬਕ ਉਨ੍ਹਾਂ ਪਹਿਲਾਂ ਰੇਲਾਂ ਪਟੜੀਆਂ ਉੱਤੇ ਸੰਘਰਸ਼ ਕੀਤਾ ਅਤੇ ਹੁਣ ਉਹ ਦਿੱਲੀ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।

ਸਰਵਨ ਸਿੰਘ ਪੰਧੇਰ

ਸਰਵਨ ਸਿੰਘ ਪੰਧੇਰ ਮਾਝੇ ਦੇ ਸਿਰਕੱਢ ਨੌਜਵਾਨ ਕਿਸਾਨ ਆਗੂ ਹਨ, ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਹਨ।

ਇਸ ਜਥੇਬੰਦੀ ਦਾ ਗਠਨ 2007 ਵਿੱਚ ਸਤਨਾਮ ਸਿੰਘ ਪੰਨੂੰ ਨੇ ਕੀਤਾ ਸੀ। ਉਹ ਇਸ ਸਮੇਂ ਵੀ ਇਸ ਜਥੇਬੰਦੀ ਦੀ ਅਗਵਾਈ ਕਰਦੇ ਹਨ, ਪਰ ਮੌਜੂਦਾ ਸੰਘਰਸ਼ ਵਿੱਚ ਸਰਵਨ ਸਿੰਘ ਪੰਧੇਰ ਚਿਹਰਾ ਮੋਹਰਾ ਬਣ ਕੇ ਉੱਭਰੇ ਹਨ।

ਸਰਵਨ ਸਿੰਘ ਪੰਧੇਰ ਇਸ ਦੇ ਤੇਜ਼ ਤਰਾਰ ਅੰਦੋਲਨਕਾਰੀ ਨੇਤਾ ਵਜੋਂ ਸਰਗਰਮ ਨਜ਼ਰ ਆ ਰਹੇ ਹਨ।

ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਵਨ ਸਿੰਘ ਦਾ ਪਿੰਡ ਜ਼ਿਲ੍ਹਾ ਪੰਧੇਰ ਅੰਮ੍ਰਿਤਸਰ ਵਿੱਚ ਪੈਂਦਾ ਹੈ। ਉਹ ਗ੍ਰੈਜੁਏਸ਼ਨ ਪਾਸ ਹਨ ਅਤੇ ਵਿਦਿਆਰਥੀ ਜੀਵਨ ਤੋਂ ਹੀ ਲੋਕ ਅੰਦੋਲਨਾਂ ਵਿੱਚ ਹਿੱਸਾ ਲੈਂਦੇ ਰਹੇ ਹਨ।

ਹਰਪ੍ਰੀਤ ਸਿੰਘ ਕਹਿੰਦੇ ਹਨ, ''ਸਰਵਨ ਸਿੰਘ ਪੰਧੇਰ ਦੀ ਉਮਰ 42 ਸਾਲ ਦੇ ਕਰੀਬ ਹੈ ਅਤੇ ਉਨ੍ਹਾਂ ਨੇ ਲੋਕ ਹਿਤਾਂ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੋਈ ਹੈ। ਇਸੇ ਲਈ ਉਨ੍ਹਾਂ ਨੇ ਵਿਆਹ ਵੀ ਨਹੀਂ ਕਰਵਾਇਆ ਹੈ।''

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਕੀ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਟਰੈਕਟਰ ਪਰੇਡ ਦਾ ਰੂਟ ਪਲਾਨ

25 ਜਨਵਰੀ ਨੂੰ ਸੰਗਠਨ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਜਿਸ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਲਈ ਜੋ ਰੂਟ ਦਿੱਤਾ ਹੈ ਉਸ ਨਾਲ ਉਹ ਸਹਿਮਤ ਨਹੀਂ ਹਨ।

ਇਸ ਪ੍ਰੈਸ ਰਿਲੀਜ਼ ਵਿੱਚ ਸਰਵਨ ਸਿੰਘ ਪੰਧੇਰ ਨੇ ਸਪਸ਼ਟ ਕੀਤਾ ਕੀ ਉਹ 26 ਜਨਵਰੀ ਨੂੰ ਦਿੱਲੀ ਅੰਦਰ ਰਿੰਗ ਰੋਡ ਉੱਤੇ ਹੀ ਟਰੈਕਟਰ ਪਰੇਡ ਕਰਨਗੇ।

ਨਾਲ ਹੀ ਉਨ੍ਹਾਂ ਇਸ ਗੱਲ ਦਾ ਵੀ ਖ਼ਦਸ਼ਾ ਪ੍ਰਗਟਾਇਆ ਕਿ ਸਰਕਾਰ ਅੰਦੋਲਨ ਵਿਚ ਕਿਸੇ ਵੀ ਤਰ੍ਹਾਂ ਦੀ ਵੀ ਸ਼ਰਾਰਤ ਕਰਵਾ ਸਕਦੀ ਹੈ ਅਤੇ ਇਸ ਲਈ ਪੌ੍ਗਰਾਮ ਦੀ ਸਾਨੂੰ ਸਾਰਿਆਂ ਨੂੰ ਮਿਲ ਕੇ ਰਾਖੀ ਕਰਨੀ ਪਵੇਗੀ।

ਹਾਲਾਂਕਿ ਦਿੱਲੀ ਪੁਲਿਸ ਦੇ ਮੁਤਾਬਕ ਟਰੈਕਟਰ ਪਰੇਡ ਦਾ ਟਾਈਮ 11 ਵਜੇ ਤੋਂ ਬਾਅਦ ਦਾ ਸੀ, ਪਰ ਇਸ ਸੰਗਠਨ ਨੇ ਜੋ 26 ਜਨਵਰੀ ਨੂੰ ਪ੍ਰੈਸ ਰਿਲੀਜ਼ ਜਾਰੀ ਕੀਤਾ, ਉਸ ਵਿੱਚ ਸਪਸ਼ਟ ਤੌਰ ਉੱਤੇ ਲਿਖਿਆ ਕਿ ਪਰੇਡ ਨੂੰ ਸਵੇਰੇ 8 ਤੋ 9 ਵਜੇ ਪ੍ਰਬੰਧ ਕਰ ਕੇ ਰਵਾਨਾ ਕੀਤਾ ਜਾਵੇਗਾ।

ਇੱਥੇ ਵੀ ਜਥੇਬੰਦੀ ਨੇ ਗੜਬੜੀ ਦਾ ਖ਼ਦਸ਼ਾ ਪ੍ਰਗਟਾਇਆ। ਇਸ ਦੌਰਾਨ ਜਦੋਂ ਇਸ ਜਥੇਬੰਦੀ ਨੇ ਰਿੰਗ ਰੋਡ ਉੱਤੇ ਪਰੇਡ ਸ਼ੁਰੂ ਕੀਤੀ ਤਾਂ ਉੱਥੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਵੀ ਦੇਖਣ ਨੂੰ ਮਿਲਿਆ ਜਿਸ ਦੀ ਜਾਣਕਾਰੀ ਸਰਵਨ ਸਿੰਘ ਪੰਧੇਰ ਨੇ ਖ਼ੁਦ ਆਪਣੀ ਆਡੀਓ ਰਿਲੀਜ਼ ਕਰ ਕੇ ਮੀਡੀਆ ਨੂੰ ਦਿੱਤੀ।

ਇੱਥੇ ਪਰੇਡ ਕਰਦੇ ਹੋਏ ਕੁਝ ਨੌਜਵਾਨ ਲਾਲ ਕਿਲੇ ਪਹੁੰਚ ਗਏ, ਇਸ ਗੱਲ ਦੀ ਜਾਣਕਾਰੀ ਖ਼ੁਦ ਸਰਵਨ ਸਿੰਘ ਪੰਧੇਰ ਨੇ ਹੀ ਆਪਣੀ ਵੀਡੀਓ ਰਾਹੀਂ ਮੀਡੀਆ ਨੂੰ ਦਿੱਤੀ ਜਿਸ ਵਿਚ ਉਹ ਸਪਸ਼ਟ ਆਖ ਰਹੇ ਹਨ ਕਿ ਜੋ ਲੋਕ ਲਾਲ ਕਿਲੇ ਗਏ ਉਹ ਵਾਪਸ ਆ ਜਾਣ, ਲਾਲ ਕਿਲੇ ਉੱਤੇ ਕਬਜ਼ਾ ਕਰਨਾ ਸਾਡਾ ਮਕਸਦ ਨਹੀਂ ਹੈ ਅਤੇ ਨਾ ਹੀ ਇਹ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਸੀ ਉਦੋਂ ਤੱਕ ਲਾਲ ਕਿਲੇ ਵਿਖੇ ਹਿੰਸਕ ਗਤੀਵਿਧੀਆਂ ਸ਼ੁਰੂ ਹੋ ਗਈਆਂ ਸਨ।

ਗੜਬੜੀ ਤੋਂ ਬਾਅਦ ਪੰਧੇਰ ਦਾ ਬਿਆਨ

ਲਾਲ ਕਿਲੇ ਦੀ ਘਟਨਾ ਉੱਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਸਰਵਨ ਸਿੰਘ ਪੰਧੇਰ ਨੇ ਇਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਲਾਲ ਕਿਲੇ ਉੱਤੇ ਜਾਣਾ ਉਨ੍ਹਾਂ ਦੇ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਸੀ ਪਰ ਸ਼ਰਾਰਤੀ ਤੱਤ ਉਨ੍ਹਾਂ ਦੇ ਪਰੇਡ ਵਿੱਚ ਸ਼ਾਮਲ ਹੋ ਗਏ ਅਤੇ ਲੋਕਾਂ ਨੂੰ ਗੁਮਰਾਹ ਕਰ ਕੇ ਆਪਣੇ ਨਾਲ ਲੈ ਗਏ।

ਉਨ੍ਹਾਂ ਸਪਸ਼ਟ ਕੀਤਾ ਕਿ ਲਾਲ ਕਿਲੇ ਵਿਖੇ ਤਿਰੰਗੇ ਦਾ ਕਿਸੇ ਨੇ ਵੀ ਅਪਮਾਨ ਨਹੀਂ ਕੀਤਾ ਅਤੇ ਜੋ ਕੁਝ ਵੀ ਉੱਥੇ ਹੋਇਆ ਉਹ ਬਹੁਤ ਛੋਟੀ ਗੱਲ ਹੈ ਅਤੇ ਇਹ ਸਾਰਾ ਕੁਝ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ।

ਉਨ੍ਹਾਂ ਲਾਲ ਕਿਲੇ ਦੀ ਘਟਨਾ ਲਈ ਦੀਪ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ ਅਤੇ ਆਖਿਆ ਕਿ ਉਸ ਨੇ ਗੁਮਰਾਹ ਕਰ ਕੇ ਇਹ ਸਭ ਕੁਝ ਕੀਤਾ ਹੈ।ਸਰਵਨ ਸਿੰਘ ਪੰਧੇਰ ਨੇ ਖ਼ੁਦ ਮੰਨਿਆ ਕਿ ਪਰੇਡ ਵਿੱਚ ਸਭ ਤੋਂ ਅੱਗੇ ਉਨ੍ਹਾਂ ਦੀ ਜਥੇਬੰਦੀ ਦੇ ਲੋਕ ਸਨ ਅਤੇ ਕੁੰਡਲੀ ਉੱਤੇ ਪੁਲਿਸ ਨਾਲ ਟਕਰਾਅ ਵੀ ਹੋਇਆ ਪਰ ਉਨ੍ਹਾਂ ਦੀ ਜਥੇਬੰਦੀ ਨੇ ਸ਼ਾਂਤ ਮਈ ਤਰੀਕੇ ਨਾਲ ਪਰੇਡ ਜਾਰੀ ਰੱਖੀ।

ਪੰਧੇਰ ਮੁਤਾਬਕ ਉਹ ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ ਵਾਪਸ ਪਰਤਣਾ ਚਾਹੁੰਦੇ ਸਨ ਪਰ ਭੀੜ ਉੱਤੇ ਉਹ ਕਾਬੂ ਨਹੀਂ ਪਾ ਸਕੇ ਅਤੇ ਕਿਸਾਨ ਟਰੈਕਟਰ ਲੈ ਕੇ ਅੱਗੇ ਨਿਕਲ ਗਏ।

ਉਨ੍ਹਾਂ ਸਪਸ਼ਟ ਕੀਤਾ ਕਿ ਗਾਜੀਪੁਰ, ਟਿਕਰੀ ਅਤੇ ਹੋਰਨਾਂ ਥਾਵਾਂ ਤੋਂ ਵੀ ਕਿਸਾਨ ਲਾਲ ਕਿਲੇ ਵਿਖੇ ਪਹੁੰਚੇ। ਉਨ੍ਹਾਂ ਸਪਸ਼ਟ ਕੀਤਾ ਦੀਪ ਸਿੱਧੂ ਅਤੇ ਲੱਖਾ ਸਿਧਾਣੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।

ਪੰਜਾਬ ਦੀ ਇਸ ਜਥੇਬੰਦੀ ਦੀ ਸ਼ੁਰੂ ਵੱਖਰੀ ਕਿਉਂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਆਪਣੀਆਂ ਗਤੀਵਿਧੀਆਂ ਤਰਨਤਾਰਨ , ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਵਿੱਚ ਕਰਦੀ ਆ ਰਹੀ ਹੈ।

ਪੰਜਾਬ ਦੀਆਂ ਸਮੂਹ ਕਿਸਾਨੀ ਜਥੇਬੰਦੀਆਂ ਜਦੋਂ ਇੱਕ ਮੰਚ ਉੱਤੇ ਇਕੱਠੀਆਂ ਹੋਈਆਂ ਅਤੇ ਇਸ ਨੇ ਇਸ ਤੋਂ ਦੂਰੀ ਬਣਾਈ ਰੱਖੀ। ਇੱਥੋਂ ਕਿ ਜਦੋਂ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਚੰਡੀਗੜ੍ਹ ਬੁਲਾਇਆ ਤਾਂ ਇਸ ਜਥੇਬੰਦੀ ਨੇ ਮੀਟਿੰਗਾਂ ਦਾ ਬਾਈਕਾਟ ਕੀਤਾ।

ਪੰਜਾਬ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਨੇ ਰੇਲ ਪਟੜੀਆਂ ਉੱਤੇ ਲਗਾਏ ਧਰਨੇ ਖ਼ਤਮ ਕਰਨ ਦਾ ਐਲਾਨ ਕੀਤਾ ਤਾਂ ਇਸ ਜਥੇਬੰਦੀ ਨੇ ਰੇਲ ਰੋਕੂ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ।

ਪੰਜਾਬ ਸਮੂਹ ਜਥੇਬੰਦੀਆਂ ਦਿੱਲੀ ਵਿੱਚ ਸਰਕਾਰ ਨਾਲ ਜਦੋਂ ਗੱਲਬਾਤ ਕਰ ਰਹੀਆਂ ਸਨ ਤਾਂ ਸ਼ੁਰੂ ਵਿੱਚ ਇਹ ਜਥੇਬੰਦੀ ਗੱਲਬਾਤ ਤੋਂ ਦੂਰ ਰਹੀ। ਸੰਯੁਕਤ ਕਿਸਾਨ ਜਥੇਬੰਦੀਆਂ ਦੀ ਸਿੰਘੂ ਵਿਖੇ ਹੋਈਆਂ ਮੀਟਿੰਗ ਤੋਂ ਵੀ ਇਹ ਜਥੇਬੰਦੀ ਦੂਰ ਰਹੀ।

ਸਿਰਫ਼ ਬੀਕੇਯੂ ਉਗਰਾਹਾਂ ਦੇ ਨਾਲ ਇਸ ਜਥੇਬੰਦੀ ਨੇ ਕੁਝ ਪ੍ਰੈਸ ਕਾਨਫ਼ਰੰਸਾਂ ਟਿਕਰੀ ਬਾਰਡਰ ਉੱਤੇ ਜ਼ਰੂਰ ਕੀਤੀਆਂ ਹਨ।

ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸਪਸ਼ਟ ਕੀਤਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੀਆਂ ਉਨ੍ਹਾਂ ਬਹੁਤ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਸਾਡੀ ਕਦੇ ਵੀ ਕੋਈ ਗੱਲ ਨਹੀਂ ਮੰਨੀ।

ਇਹਨਾਂ ਹੋਰ ਵੀ ਕਈ ਗੰਭੀਰ ਆਰੋਪ ਇਸ ਸੰਗਠਨ ਉੱਤੇ ਲਾਏ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਤਨਾਮ ਸਿੰਘ ਪੰਨੂੰ ਅਤੇ ਸਰਵਨ ਸਿੰਘ ਪੰਧੇਰ ਦਾ ਬਾਈਕਾਟ ਦਾ ਸੱਦਾ ਵੀ ਦਿੱਤਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)