Republic Day : 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਪਹਿਲਾਂ ਰੂਟ ਨੂੰ ਲੈ ਕੇ ਹੋਇਆ ਹੋ-ਹੱਲਾ

ਇਸ ਪੰਨੇ ਰਾਹੀਂ ਅਸੀਂ ਤੁਹਾਨੂੰ ਕਿਸਾਨ ਅੰਦੋਲਨ ਨਾਲ ਜੁੜੀਆਂ ਅਹਿਮ ਖ਼ਬਰਾਂ ਦਿੰਦੇ ਰਹਾਂਗੇ।

ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਸਿੰਘੂ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਕਿ ਕਿਸਾਨ ਇੱਕ ਫਰਬਰੀ ਨੂੰ ਸੰਸਦ ਭਵਨ ਵੱਲ ਮਾਰਚ ਕਰਨਗੇ।

ਕਿਸਾਨ ਜਥੇਬੰਦੀਆਂ ਨੇ ਗਣਤੰਤਰ ਦਿਵਸ ਮੌਕੇ ਦਿੱਲੀ ਪੁਲਿਸ ਨਾਲ ਤੈਅ ਰੂਟ ਉੱਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ, ਜਦਕਿ ਕਿਸਾਨ ਸੰਘਰਸ਼ ਕਮੇਟੀ ਨੇ ਰਿੰਗ ਰੋਡ ਉੱਤੇ ਜਾਣ ਦਾ ਅਹਿਦ ਨਹੀਂ ਛੱਡਿਆ ਹੈ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਹ ਕਿਸਾਨ ਜਥੇਬੰਦੀਆਂ ਤੇ ਦਿੱਲੀ ਪੁਲਿਸ ਵਿਚਾਲੇ ਸਹਿਮਤੀ ਨਾਲ ਬਣਾਏ ਟਰੈਕਟਰ ਰੂਟ ਦੇ ਪਰੇਡ ਲਈ ਸਹਿਮਤ ਨਹੀਂ ਹਨ।

30 ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਮੋਰਚੇ ਦੇ ਆਗੂਆਂ ਨੇ ਵੀ ਮਿਲਕੇ ਚੱਲ ਦੀ ਅਪੀਲ ਕੀਤੀ ਪਰ ਸਿੰਘੂ ਬਾਰਡਰ ਦੇ ਮੰਚ ਦੀ ਰਸਮੀ ਕਾਰਵਾਈ ਖ਼ਤਮ ਹੋ ਤੋਂ ਬਾਅਦ ਕੁਝ ਲੋਕਾਂ ਨੇ ਹੋ-ਹੱਲਾ ਕੀਤਾ ਅਤੇ ਰਿੰਗ ਰੋਡ ਉੱਤੇ ਹੀ ਜਾਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ:

ਸਿੰਘੂ ਮੰਚ ਉੱਤੇ ਰਸਮੀ ਕਾਰਵਾਈ ਤੋਂ ਬਾਅਦ ਹੋ-ਹੱਲਾ

ਸਿੰਘੂ ਬਾਰਡਰ ਦੀ ਸਟੇਜ ਉੱਤੇ ਅਧਿਕਾਰਤ ਸਟੇਜ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਕੁਝ ਲੋਕ ਮੰਚ ਉੱਤੇ ਚੜ੍ਹ ਗਏ ਅਤੇ ਰਿੰਗ ਰੋਡ ਤੋਂ ਜਾਣ ਦੀ ਮੰਗ ਕਰ ਗਏ।

ਮੰਚ ਦੇ ਥੱਲੇ ਵੀ ਕਾਫੀ ਲੋਕ ਰੌਲਾ ਪਾ ਰਹੇ ਸਨ ਕਿ ਉਨ੍ਹਾਂ ਕਿਸਾਨਾਂ ਵਲੋਂ ਦਿੱਲੀ ਪੁਲਿਸ ਦੇ ਰੋਡ ਮੈਪ ਨੂੰ ਨਾ ਮੰਨਣ ਲਈ ਜੋਰ ਪਾ ਰਹੇ ਸਨ।

ਕਈ ਬੁਲਾਰੇ ਵਾਰ ਵਾਰ ਭਾਵੇਂ ਸ਼ਾਂਤੀ ਰੱਖਣ ਦੀ ਅਪੀਲ ਕਰ ਰਹੇ ਸਨ ਪਰ ਕੁਝ ਲੋਕ ਇੱਕ ਦੂਜੇ ਤੋਂ ਮਾਇਕ ਫੜ ਕੇ ਆਪੋ ਆਪਣੀ ਗੱਲ ਰੱਖਣ ਲੱਗੇ।

ਫਿਰ ਇਹ ਪਰੇਡ ਰੋਡ ਰਿੰਗ ਰੋਡ ਦੇ ਨਾਅਰੇ ਲਾਉਣ ਲੱਗੇ। ਇਹ ਕਿਸਾਨ ਆਗੂਆਂ ਨੂੰ ਰੋਡ ਮੈਪ ਬਦਲਣ ਦਾ ਅਲਟੀਮੇਟਮ ਦੇ ਰਹੇ ਸਨ।

ਇਸ ਦੌਰਾਨ ਮੰਚ ਉੱਤੇ ਪਹੁੰਚ ਕੇ ਨੌਜਵਾਨ ਆਗੂ ਲੱਖਾ ਸਧਾਣਾ ਨੇ ਸਾਰਿਆਂ ਨੂੰ ਸਾਂਤੀ ਦੀ ਅਪੀਲ ਕੀਤੀ ਅਤੇ ਕਿਹਾ ਕਿ ਮੈਂ ਸਾਰੇ ਨੌਜਵਾਨਾਂ ਨੂੰ ਸਾਂਤੀ ਦੀ ਅਪੀਲ ਕਰਕੇ ਆਇਆ ਹਾਂ। ਸਾਂਤੀ ਵਿਚ ਹੀ ਸਾਡੀ ਜਿੱਤੀ ਹੈ। ਭਾਵੇਂ ਕਿ ਉਹ ਸੰਯੁਕਤ ਮੋਰਚੇ ਦੇ ਰੂਟ ਦੀ ਬਜਾਇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਗੋਰਾਮ ਨਾਲ ਸਹਿਮਤ ਦਿਖੇ।

ਬਾਅਦ ਵਿਚ ਦੋ ਵੀਡੀਓ ਪਾ ਕੇ ਵੀ ਲੱਖਾ ਸਧਾਣਾ ਨੇ ਕਿਹਾ, ''ਕੱਲ ਦਾ ਦਿਨ ਬਹੁਤ ਅਹਿਮ ਹੈ, ਸਾਰਿਆਂ ਦੀ ਨਜ਼ਰ ਸਾਡੇ ਉੱਤੇ ਹੈ, ਸਰਕਾਰਾਂ ਦੀ ਜੋਰ ਇਸ ਅੰਦੋਲਨ ਨੂੰ ਹਿੰਸਕ ਬਣਾਉਣ ਲਈ ਲੱਗੇ ਹੋਏ ਹਨ। ਜੇ ਇਸ ਅੰਦੋਲਨ ਵਿਚ ਹਿੰਸਾ ਦਾ ਮਾਹੌਲ ਬਣਿਆ ਤਾਂ ਇਸ ਅੰਦੋਲਨ ਨੂੰ ਤੋੜਨ ਵਿਚ 5 ਮਿੰਟ ਲੱਗਣਗੇ।''

''ਮੈਂ ਵਾਰ ਵਾਰ ਕਹਿੰਦਾ ਹਾਂ ਕਿ ਅਸੀਂ ਅੰਦੋਲਨ ਜਿੱਤ ਕੇ ਜਾਵਾਂਗੇ,ਸੰਘਰਸ਼ ਬਿਲਕੁੱਲ ਸਿਖ਼ਰ ਉੱਤੇ ਪਹੁੰਚਿਆ ਹੋਇਆ ਹੈ। ਇਸ ਲਈ ਸਰਕਾਰ ਕਮਜੋਰ ਪੱਖ ਲੱਭਣ ਵਿਚ ਲੱਗੀ। ਅਸੀਂ ਬੜੀਆਂ ਜਿੰਮੇਵਾਰੀਆਂ ਨਾਲ ਆਏ ਹਾਂ, ਪਰ ਇੱਥੇ, ਜਿਸ ਮੋੜ ਉੱਤੇ ਅਸੀਂ ਪਹੁੰਚ ਗਏ, ਇਹ ਬੋਚ ਬੋਚ ਕਦਮ ਰੱਖਣ ਵਾਲਾ ਸਮਾਂ , ਜੇ ਕੱਲ ਇੱਕ ਵੀ ਗਲ਼ਤੀ ਹੋ ਗਈ ਤਾਂ ਸਾਰੀ ਉਮਰ ਪਛਤਾਵਾ ਰਹੇਗਾ, ਕਿ ਅਸੀਂ ਜਿੱਤੀ ਹੋਈ ਲੜਾਈ ਹਾਰ ਗਏ।''

ਕਿਸਾਨਾਂ ਨੇ ਕੀ ਐਲਾਨ ਕੀਤੇ

  • ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੰਸਦ ਦੇ ਬਜਟ ਸੈਸ਼ਨ ਦੌਰਾਨ ਕਈ ਐਕਸ਼ਨ ਕੀਤੇ ਜਾਣਗੇ।
  • ਬਜਟ ਸੈਸ਼ਨ ਦੌਰਾਨ ਕਿਸਾਨ ਪੈਦਲ ਸੰਸਦ ਵੱਲ ਮਾਰਚ ਕਰਨਗੇ ਅਤੇ ਸ਼ਾਤਮਈ ਮਾਰਚ ਕਰਨਗੇ।
  • ਗਣਤੰਤਰ ਪਰੇਡ 1947 ਵਿਚ ਟਰੈਕਟਰਾਂ ਉੱਤੇ ਹੋਈ ਸੀ ਅਤੇ ਹੁਣ 2021 ਵਿਚ ਹੋ ਰਹੀ ਹੈ।
  • ਸਿੰਘੂ ਬਾਰਡਰ ਤੋਂ 10 ਵਜੇ 32 ਕਿਸਾਨ ਜਥੇਬੰਦੀਆਂ ਟਰੈਕਟਰ ਮਾਰਚ ਸ਼ੁਰੂ ਕਰਨਗੀਆਂ
  • ਕਿਸਾਨ ਟਰੈਕਟਰ ਪਰੇਡ ਲਈ ਇੱਕ ਕਿਸਾਨ ਕੰਟਰੋਲ ਰੂਮ, ਮੀਡੀਆ ਕਮੇਟੀ ਤੇ ਹੈਲਪਲਾਇਨ ਨੰਬਰ ਜਾਰੀ ਹੋਣਗੇ।
  • ਪੁਲਿਸ ਬੈਰੀਕੇਡ ਹਟਾਏਗੀ ਅਤੇ ਕਿਸਾਨਾਂ ਦੇ ਟਰੈਕਟਰ ਅੱਗੇ ਵਧਣਗੇ
  • ਦਿੱਲੀ ਪੁਲਿਸ ਸੁਰੱਖਿਆ ਦੇਖੇਗੀ ਪਰ ਕਿਸਾਨਾਂ ਵਲੋਂ ਆਪਣੇ 3000 ਵਲੰਟੀਅਰਜ਼ ਵੀ ਪ੍ਰਬੰਧ ਦੇਖਣਗੇ।
  • ਪੁਲਿਸ ਨਾਲ ਸਹਿਮਤੀ ਉੱਤੇ ਜੋ ਰੂਟ ਬਣਿਆ ਹੈ ਉਹ ਕਾਫੀ ਚੰਗਾ ਹੈ ਅਤੇ ਸੋਚ ਸਮਝ ਕੇ ਲਿਆ ਗਿਆ
  • ਟਰੈਕਟਰਾਂ ਦੀ ਗਿਣਤੀ ਤੈਅ ਨਹੀਂ ਜੋ ਵੀ ਆਇਆ ਹੈ ਉਹ ਜਾਵੇਗਾ, ਇੱਕ ਟਰੈਕਟਰ ਉੱਤੇ 3-4 ਲੋਕ ਹੀ ਬੈਠਣਗੇ।
  • ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੋ ਕੀਤਾ ਉਹ ਉਨ੍ਹਾਂ ਨੇ ਦੇਖਣਾ ਹੈ, ਪਰ ਸਾਡੀ ਕੋਸ਼ਿਸ਼ ਹੈ ਕਿ ਪਰੇਡ ਇੱਕ ਹੀ ਰੂਟ ਉੱਤੇ ਚੱਲੇ, ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।
  • ਸਾਰੀਆਂ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਰੂਟ ਤੈਅ ਕੀਤਾ ਹੈ।
  • ਔਰਤਾਂ ਦੇ ਕਿਸਾਨ ਟਰੈਕਟਰ ਪਰੇਡ ਵਿਚ ਜਾਣ ਲ਼ਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।
  • ਸਾਰਿਆਂ ਨੂੰ ਟਰਾਲੀਆਂ ਪਿੱਛੇ ਛੱਡ ਕੇ ਆਉਣ ਲ਼ਈ ਕਿਹਾ ਹੈ। ਰਾਸ਼ਣ ਦਾ ਪ੍ਰਬੰਧ ਕੀਤਾ ਗਿਆ ਹੈ।
  • ਸਵੇਰੇ 8 ਵਜੇ ਚੱਲਣ ਦਾ ਪ੍ਰੋਗਰਾਮ ਹੈ ਅਤੇ ਜਦੋਂ ਤੱਕ ਆਖਰੀ ਟਰੈਕਟਰ ਨਹੀਂ ਲੰਘ ਜਾਂਦਾ ਉਦੋਂ ਤੱਕ ਇਹ ਪਰੇਡ ਚੱਲੇਗੀ।

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਵੱਖਰਾ ਰੂਟ

ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਹ ਤੇ ਕੁਝ ਹੋਰ ਜਥੇਬੰਦੀਆਂ ਪ੍ਰਸ਼ਾਸਨ ਨੂੰ ਰੂਟ ਵਿੱਚ ਤਬਦੀਲੀ ਕਰਨ ਲਈ ਗੱਲ ਕਰਨਗੀਆਂ। ਜੇ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਉਹ ਅਜਿਹਾ ਕੋਈ ਕੰਮ ਨਹੀਂ ਕਰਨਗੇ ਜਿਸ ਨਾਲ ਪਰੇਡ ਦੇ ਆਯੋਜਨ ਵਿੱਚ ਕੋਈ ਦਿੱਕਤ ਆਵੇ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਸਾਡਾ ਨਿਸ਼ਾਨਾਂ ਆਉਟਰ ਰਿੰਗ ਰੋਡ ਉੱਤੇ ਪਰੇਡ ਕਰਨ ਦਾ ਹੈ। ਸੰਯੁਕਤ ਮੋਰਚੇ ਨੇ ਇਸੇ ਉੱਤੇ ਮਾਰਚ ਕਰਨ ਦਾ ਐਲਾਨ ਕੀਤਾ ਸੀ। ਅਸੀਂ ਇਸੇ ਉੱਤੇ ਕਾਇਮ ਹਾਂ ਅਤੇ ਇਸੇ ਰੂਟ ਉੱਤੇ ਅੱਗੇ ਵਧਾਂਗੇ।

ਇਹ ਵੀ ਪੜ੍ਹੋ:

ਪ੍ਰੈਸ ਕਾਨਫਰੰਸ ਵਿਚ ਪੰਧੇਰ ਨੇ ਕੀ ਕਿਹਾ ਸੀ

  • ਖੇਤੀ ਕਾਨੂੰਨਾਂ ਅਤੇ ਐੱਮਐੱਸਪੀ ਉੱਤੇ ਕਾਨੂੰਨੀ ਗਾਰੰਟੀ ਦੇ ਮੁੱਦੇ ਉੱਤੇ ਕੋਈ ਵੀ ਕਿਸੇ ਜਥੇਬੰਦੀ ਨਾਲ ਕੋਈ ਮਤਭੇਦ ਨਹੀਂ ਹੈ।
  • ਪਰ ਸੰਯੁਕਤ ਮੋਰਚੇ ਨੇ ਜੋ ਸਾਂਝੇ ਤੌਰ ਉੱਤੇ ਰਿੰਗ ਰੋਡ ਉੱਤੇ ਦਿੱਲੀ ਅੰਦਰ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਸੀ, ਅਸੀਂ ਉਸੇ ਉੱਤੇ ਕਾਇਮ ਹਾਂ।
  • ਅਸੀਂ ਕਿਸੇ ਸਮਾਰਕ ਉੱਤੇ ਨਾ ਕਬਜਾ ਕਰਨਾ ਹੈ, ਨਾ ਅਸੀਂ ਦਿੱਲੀ ਵਿਚ ਡੇਰੇ ਲਾਉਣੇ ਅਤੇ ਨਾ ਸਰਕਾਰੀ ਸਮਾਗਮ ਵਿਚ ਵਿਘਨ ਨਹੀਂ ਪਾਉਣਾ
  • ਸਾਡਾ ਜਾਬਤਾਬੱਧ ਕਾਡਰ ਹੈ, ਇਹ ਅਨੁਸਾਸ਼ਨ ਵਿਚ ਰਹਿ ਕੇ ਐਕਸ਼ਨ ਕਰਦੇ ਹਾਂ, ਜੋ ਕਹਿੰਦੇ ਹਾਂ ਉਹੀ ਕਰਦੇ ਹਾਂ।
  • ਪੁਲਿਸ ਨਾਲ ਅੱਜ ਦੋ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਨੇ ਬੈਰੀਕੇਡ ਹਟਾਉਣ ਉੱਤੇ ਸਹਿਮਤੀ ਦਿੱਤੀ ਅਤੇ ਅਸੀਂ ਦੋ ਤੋਂ ਵੱਧ ਲਾਇਨਾਂ ਨਹੀਂ ਬਣਾਵਾਂਗੇ।
  • ਅਸੀਂ ਰਾਸ਼ਣ ਲੈਕੇ ਟਰਾਲੀਆਂ ਲੈਕੇ ਹੀ ਨਾਲ ਚੱਲਾਂਗੇ। ਉਹ ਸਾਨੂੰ ਪ੍ਰਸਤਾਵ ਦਿੰਦੇ ਰਹੇ ਅਸੀਂ ਉਨ੍ਹਾਂ ਨੂੰ ਪ੍ਰਸਤਾਵ ਦਿੱਤਾ ਕਿ ਸਾਨੂੰ ਰਿੰਗ ਰੋਡ ਉੱਤੇ ਪਰੇਡ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ।
  • ਅਸੀਂ ਪਰੇਡ ਆਉਟਰ ਰਿੰਗ ਰੋਡ ਉੱਤੇ ਹੀ ਪਰੇਡ ਹੈ ਅਸੀਂ ਦੂਜੀਆਂ ਦੋ ਜਥੇਬੰਦੀਆਂ ਨੂੰ ਵੀ ਰਿੰਗ ਰੋਡ ਉੱਤੇ ਹੀ ਪਰੇਡ ਕਰਨ ਜੀ ਅਪੀਲ ਕੀਤੀ।

ਮੁਸ਼ਕਲ ਦਾ ਹੱਲ ਨਿਕਲਣ ਦੀ ਉਮੀਦ - ਤੋਮਰ

ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨ ਟਰੈਕਟਰ ਪਰੇਡ ਤੋਂ ਪਹਿਲਾਂ ਇੱਕ ਵਾਰ ਫਿਰ ਕਿਹਾ ਹੈ ਕਿ ਕਿਸਾਨਾਂ ਨੂੰ ਇਹ ਪਰੇਡ ਨਹੀਂ ਕੱਢਣੀ ਚਾਹੀਦੀ । ਫਿਰ ਵੀ ਇਸ ਬਾਬਤ ਕੇਂਦਰ ਅਤੇ ਦਿੱਲੀ ਸਰਕਾਰ ਦੇ ਨੁੰਮਾਇਦੇ ਇਸ ਬਾਰੇ ਗੱਲਬਾਤ ਕਰ ਰਹੇ ਹਨ।

ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਦੀ ਇੱਕ ਮਰਿਯਾਦਾ ਹੁੰਦੀ ਹੈ, ਜੋ ਸਰਕਾਰੀ ਸਮਾਗਮ ਵਿਚ ਰੱਖੀ ਜਾਂਦੀ ਹੈ। ਕਿਸਾਨ ਟਰੈਕਟਰ ਪਰੇਡ ਵਰਗੇ ਐਕਸ਼ਨ ਵਿਚ ਉਹ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨਾਲ ਅਸੀਂ ਖੁੱਲ੍ਹੇ ਮਨ ਨਾਲ ਗੱਲਬਾਤ ਕਰਦਿਆਂ ਪ੍ਰਸਤਾਵ ਦਿੱਤੇ ਹਨ। ਡੇਢ-ਦੋ ਸਾਲ ਤੱਕ ਕਾਨੂੰਨ ਲਾਗੂ ਕਰਨ 'ਤੇ ਰੋਕ ਲਗਾਉਣ ਦਾ ਪ੍ਰਸਤਾਵ ਵੀ ਦਿੱਤਾ ਸੀ। 11 ਦੌਰ ਦੀ ਗੱਲਬਾਤ ਕਿਸਾਨ ਅਤੇ ਕੇਂਦਰ ਸਰਕਾਰ ਦਰਮਿਆਨ ਹੋ ਚੁੱਕੀ ਹੈ।ਮੈਨੂੰ ਅਜੇ ਵੀ ਉਮੀਦ ਹੈ ਕਿ ਕਿਸਾਨ ਦੇ ਹਿੱਤ ਵਾਲੇ ਲੋਕ ਸਾਹਮਣੇ ਆਉਣਗੇ ਅਤੇ ਇਨ੍ਹਾਂ ਕਾਨੂੰਨਾਂ ਬਾਰੇ ਜਾਗਰੁਕ ਹੋਣਗੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਖੁੱਲ੍ਹੇ ਮਨ ਨਾਲ ਕਿਸਾਨਾਂ ਦੀ ਹਮੇਸ਼ਾ ਸੁਣਾਂਗੇ। ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਮੁਸ਼ਕਲ ਦਾ ਹੱਲ ਜਲਦੀ ਕੱਢਾਂਗੇ।

ਮਹਾਰਾਸ਼ਟਰ ਵਿੱਚ ਕਿਸਾਨਾਂ ਦਾ ਵੱਡਾ ਇਕੱਠ

ਕਿਸਾਨ ਅੰਦੋਲਨ ਦੇ ਚਲਦਿਆਂ ਹੁਣ ਮਹਾਰਾਸ਼ਟਰ ਵਿੱਚ ਵੀ ਕਿਸਾਨਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ। 24 ਜਨਵਰੀ ਨੂੰ ਨਾਸਿਕ ਤੋਂ ਮੁੰਬਈ ਪੈਦਲ ਮਾਰਚ ਕਰਦੇ ਹਜ਼ਾਰਾਂ ਕਿਸਾਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹਨ।

ਬੀਬੀਸੀ ਪੱਤਰਕਾਰ ਮਯੂਰੇਸ਼ ਕੋਨੂੰਰ ਨੇ ਮੁੰਬਈ ਦੇ ਆਜ਼ਾਦ ਮੈਦਾਨ ਦਾ ਦੌਰਾ ਕੀਤਾ, ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਹਨ ਅਤੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਹੇ ਹਨ।

ਵੀਡੀ ਰਿਪੋਰਟ ਦੇਖੋ:

ਟਰੈਕਟਰ ਪਰੇਡ ਲਈ ਤਿਆਰੀਆਂ ਕੀ

ਕਿਸਾਨ ਏਕਤਾ ਮੋਰਚਾ ਵੱਲੋਂ 26 ਜਨਵਰੀ ਲਈ ਦਿਸ਼ਾ ਨਿਰਦੇਸ਼ਾਂ ਤੋਂ ਇਲਾਵਾ ਹੋਰ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ।

ਟਰੈਕਟਰ ਪਰੇਡ 26 ਜਨਵਰੀ ਨੂੰ ਸਵੇਰੇ ਕਰੀਬ 10 ਵਜੇ ਸ਼ੁਰੂ ਕਰ ਦਿੱਤੀ ਜਾਵੇਗੀ। ਕਰੀਬ 100 ਕਿ.ਮੀ. ਦਾ ਰੂਟ ਰਹੇਗਾ ਅਤੇ ਟਰੈਕਟਰਾਂ ਦੀ ਕੋਈ ਗਿਣਤੀ ਨਹੀਂ ਹੈ।

ਇਸ ਤੋਂ ਇਲਾਵਾ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਖੋਲ੍ਹ ਦਿੱਤੇ ਜਾਣਗੇ ਅਤੇ 25 ਜਨਵਰੀ ਸ਼ਾਮ ਨੂੰ ਹੀ ਟਰੈਕਟਰ ਕਤਾਰਾਂ ਵਿੱਚ ਲੱਗ ਜਾਣਗੇ।

ਟਰੈਕਟਰਾਂ 'ਤੇ ਕਿਸਾਨ ਅੰਦੋਲਨ ਦੇ ਝੰਡੇ ਅਤੇ ਤਿਰੰਗਾ ਝੰਡਾ ਹੋਵੇਗਾ।

ਹੋਰ ਦਿਸ਼ਾ-ਨਿਰਦੇਸ਼ ਅਤੇ ਜ਼ਰੂਰੀ ਹਦਾਇਤਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)