ਬੇਟੀ ਲਈ 64 ਸਾਲ ਦੀ ਉਮਰ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਨ ਵਾਲਾ ਪਿਤਾ

    • ਲੇਖਕ, ਸੰਦੀਪ ਸ਼ਾਹੂ
    • ਰੋਲ, ਭੁਵਨੇਸ਼ਵਰ (ਮੱਧ ਪ੍ਰਦੇਸ਼) ਤੋਂ ਬੀਬੀਸੀ ਲਈ

ਉੜੀਸਾ ਦੇ ਇੱਕ ਸੇਵਾਮੁਕਤ ਅਧਿਕਾਰੀ ਨੇ ਇਸ ਸਾਲ ਨੀਟ ਦੀ ਪ੍ਰੀਖਿਆ ਪਾਸ ਕਰਕੇ ਐਮ.ਬੀ.ਬੀ.ਐਸ. ਦੀ ਪੜ੍ਹਾਈ ਸ਼ੁਰੂ ਕੀਤੀ ਹੈ। ਸੇਵਾਮੁਕਤ ਬੈਂਕ ਅਧਿਕਾਰੀ ਜੈ ਕਿਸ਼ੋਰ ਪ੍ਰਧਾਨ ਨੇ 64 ਸਾਲ ਦੀ ਉਮਰ ਵਿੱਚ ਇਹ ਕਾਰਨਾਮਾ ਕੀਤਾ ਹੈ।

ਉਹ ਆਪਣੀਆਂ ਧੀਆਂ ਦਾ ਸੁਫ਼ਨਾ ਪੂਰਾ ਕਰਨ ਲਈ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਪ੍ਰਧਾਨ ਨੇ ਸਿਰਫ਼ ਉਮਰ ਦੀ ਰੁਕਾਵਟ ਨੂੰ ਹੀ ਪਾਰ ਨਹੀਂ ਕੀਤਾ ਬਲਕਿ ਇੱਕ ਹਾਦਸੇ ਬਾਅਦ ਆਈ ਅਪਾਹਜਤਾ 'ਤੇ ਵੀ ਜਿੱਤ ਹਾਸਿਲ ਕੀਤੀ ਹੈ।

ਸਾਲ 2003 ਵਿੱਚ ਉਨ੍ਹਾਂ ਦਾ ਇੱਕ ਪੈਰ ਨਾਕਾਮ ਹੋ ਗਿਆ ਸੀ।

ਇਹ ਵੀ ਪੜ੍ਹੋ:

ਪੈਰ ਵਿੱਚ ਲੱਗੇ ਸਪ੍ਰਿੰਗ ਦੀ ਮਦਦ ਨਾਲ ਉਹ ਤੁਰ ਫ਼ਿਰ ਤਾਂ ਸਕਦੇ ਹਨ ਪਰ ਸੌਖਿਆਂ ਨਹੀਂ। ਜੈ ਕਿਸ਼ੋਰ ਨੇ ਬੀਬੀਸੀ ਨੂੰ ਦੱਸਿਆ ਕਿ ਡਾਕਟਰ ਬਣਨ ਦੀ ਇੱਛਾ ਉਨ੍ਹਾਂ ਦੇ ਮਨ ਵਿੱਚ ਬਚਪਨ ਤੋਂ ਹੀ ਸੀ। ਸਾਲ 1974-75 ਵਿੱਚ ਬਾਹ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਮੈਡੀਕਲ ਦੀ ਪ੍ਰੀਖਿਆ ਦਿੱਤੀ ਸੀ ਪਰ ਕਾਮਯਾਬ ਨਹੀਂ ਸਨ ਹੋ ਸਕੇ।

ਉਸ ਸਮੇਂ ਮੈਡੀਕਲ ਦੇ ਇਮਤਿਹਾਨ ਲਈ ਇੱਕ ਸਾਲ ਹੋਰ ਗਵਾਉਣ ਦੀ ਬਜਾਏ ਉਨ੍ਹਾਂ ਨੇ ਬੀਐਸਸੀ ਵਿੱਚ ਦਾਖ਼ਲਾ ਲੈ ਕੇ ਆਪਣੀ ਪੜ੍ਹਾਈ ਜਾਰੀ ਰੱਖਣਾ ਠੀਕ ਸਮਝਿਆ। ਉਨ੍ਹਾਂ ਨੇ ਭੌਤਿਕ ਵਿਗਿਆਨ (ਫ਼ਿਜੀਕਸ) ਆਨਰਜ਼ ਨਾਲ ਗਰੈਜ਼ੂਏਸ਼ਨ ਕੀਤੀ ਅਤੇ ਫ਼ਿਰ ਸਟੇਟ ਬੈਂਕ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ।

ਸਾਲ 1982 ਵਿੱਚ ਪ੍ਰਧਾਨ ਦੇ ਪਿਤਾ ਬੀਮਾਰ ਹੋਏ ਤਾਂ ਉਨ੍ਹਾਂ ਨੂੰ ਇਲਾਜ ਲਈ ਬੁਰਲਾ ਦੇ ਸਰਕਾਰੀ ਮੈਡੀਕਲ ਕਾਲਜ ਭਰਤੀ ਕਰਵਾਇਆ ਗਿਆ, ਜਿਥੇ ਦੋ ਵਾਰ ਉਨ੍ਹਾਂ ਦਾ ਅਪਰੇਸ਼ਨ ਹੋਇਆ।

ਪਰ ਇਸਦੇ ਬਾਵਜੂਦ ਜਦੋਂ ਉਹ ਠੀਕ ਨਾ ਹੋਏ ਤਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਬੇਲੌਰ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਜਿਥੋਂ ਉਹ ਸਿਹਤਯਾਬ ਹੋ ਕੇ ਘਰ ਵਾਪਸ ਆਏ।

ਡਾਕਟਰੀ ਦੀ ਪੜ੍ਹਾਈ

ਆਪਣੇ ਪਿਤਾ ਦੇ ਇਲਾਜ ਲਈ ਹਸਪਤਾਲ ਵਿੱਚ ਰਹਿੰਦੇ ਸਮੇਂ ਪ੍ਰਧਾਨ ਦੇ ਮਨ ਵਿੱਚ ਡਾਕਟਰ ਬਣਨ ਦੀ ਇੱਛਾ ਫ਼ਿਰ ਤੋਂ ਜਾਗੀ। ਪਰ ਉਸ ਸਮੇਂ ਤੱਕ ਉਹ ਡਾਕਟਰੀ ਦੀ ਪੜ੍ਹਾਈ ਦੀ ਨਿਰਧਾਰਿਤ ਉਮਰ ਸੀਮਾਂ ਪਾਰ ਕਰ ਚੁੱਕੇ ਸਨ। ਇਸ ਲਈ ਉਸ ਸਮੇਂ ਵੀ ਮਨ ਮਾਰ ਕੇ ਰਹਿ ਗਏ।

ਪ੍ਰਧਾਨ ਖ਼ੁਦ ਚਾਹੇ ਡਾਕਟਰ ਨਾ ਬਣ ਸਕੇ ਪਰ 30 ਸਤੰਬਰ, 2016 ਨੂੰ ਸੇਵਾਮੁਕਤ ਹੋਣ ਬਾਅਦ ਉਨ੍ਹਾਂ ਨੇ ਆਪਣੀਆਂ ਜੋੜ੍ਹੀਆਂ ਧੀਆਂ ਜ਼ਰੀਏ ਆਪਣਾ ਸੁਫ਼ਨਾ ਪੂਰਾ ਕਰਨ ਦੀ ਨਿਸ਼ਚਾ ਕਰ ਲਿਆ।

ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਡਾਕਟਰੀ ਦੀ ਪੜ੍ਹਾਈ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਤਿਆਰੀ ਵਿੱਚ ਮਦਦ ਵੀ ਕੀਤੀ। ਉਨ੍ਹਾਂ ਦੀ ਮਿਹਨਤ, ਲਗਨ ਅਤੇ ਪ੍ਰੇਰਣਾ ਆਖ਼ਿਰਕਾਰ ਰੰਗ ਲਿਆਈ ਅਤੇ ਉਨ੍ਹਾਂ ਦੀਆਂ ਦੋਵਾਂ ਧੀਆਂ ਬੀਡੀਐਸ (ਡੈਂਟਲ ਸਾਇੰਸ) ਦੀ ਪ੍ਰੀਖਿਆ ਪਾਸ ਕਰ ਗਈਆਂ।

ਪਰ ਸਾਲ 2019 ਵਿੱਚ 'ਨੀਟ' ਦੀ ਪ੍ਰੀਖਿਆ ਲਈ ਉਮਰ ਸੀਮਾਂ ਨੂੰ ਚਣੌਤੀ ਦਿੰਦੀ ਇੱਕ ਪਟੀਸ਼ਨ ਦਾਇਰ ਹੋਈ ਜਿਸ 'ਤੇ ਜਦੋਂ ਸੁਪਰੀਮ ਕੋਰਟ ਨੇ ਮਾਮਲੇ ਵਿੱਚ ਅੰਤਿਮ ਫ਼ੈਸਲੇ ਤੱਕ ਉਮਰ ਸੀਮਾ ਹਟਾ ਦਿੱਤੀ ਤਾਂ ਪ੍ਰਧਾਨ ਨੇ ਇਸ ਮੌਕੇ ਦਾ ਫ਼ਾਇਦਾ ਲਿਆ ਅਤੇ ਉਸੇ ਸਾਲ 'ਨੀਟ' ਦੀ ਪ੍ਰੀਖਿਆ ਵਿੱਚ ਬੈਠ ਗਏ। ਪਰ ਉਨ੍ਹਾਂ ਨੂੰ ਇਸ ਸਾਲ ਵੀ ਕਾਮਯਾਬੀ ਨਾ ਮਿਲੀ।

ਉਹ ਕਹਿੰਦੇ ਹਨ, "ਸੱਚ ਪੁਛੋਂ ਤਾਂ ਮੈਂ ਪਿਛਲੇ ਸਾਲ 'ਨੀਟ' ਲਈ ਕੋਈ ਵੱਖਰੀ ਤਿਆਰੀ ਨਹੀਂ ਸੀ ਕੀਤੀ ਪਰ ਬੇਟੀਆਂ ਦੀ ਜਿੱਦ ਕਰਕੇ ਇਮਤਿਹਾਨ ਵਿੱਚ ਬੈਠ ਗਿਆ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਉਹ ਅੱਗੇ ਕਹਿੰਦੇ ਹਨ, ਉਸ ਸਾਲ ਮੈਨੂੰ ਸਫ਼ਲਤਾ ਨਹੀਂ ਮਿਲੀ, ਪਰ ਇੱਕ ਫ਼ਾਇਦਾ ਜ਼ਰੂਰ ਹੋਇਆ ਮੈਨੂੰ ਪਤਾ ਲੱਗ ਗਿਆ ਕਿ 'ਨੀਟ' ਦਾ ਇਮਤਿਹਾਨ ਕਿਸਤਰ੍ਹਾਂ ਦਾ ਹੁੰਦਾ ਹੈ, ਉਸ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ। ਇਸ ਵਾਰ ਮੈਂ ਬਿਹਤਰ ਤਿਆਰੀ ਨਾਲ ਇਮਤਿਹਾਨ ਵਿੱਚ ਬੈਠਿਆ ਅਤੇ ਕਾਮਯਾਬ ਹੋਇਆ।"

ਧੀ ਦੀ ਮੌਤ

ਪ੍ਰਧਾਨ ਨੇ ਸਤੰਬਰ ਵਿੱਚ ਨੀਟ ਦੀ ਪ੍ਰੀਖਿਆ ਦਿੱਤੀ ਅਤੇ ਉਸਦਾ ਨਤੀਜਾ ਦਸੰਬਰ ਵਿੱਚ ਆਇਆ ਪਰ ਇਸ ਦੌਰਾਨ ਪਰਿਵਾਰ ਵਿੱਚ ਅਜਿਹਾ ਹਾਦਸਾ ਹੋ ਗਿਆ ਜਿਸਨੇ ਉਨ੍ਹਾਂ ਨੂੰ ਹਿਲ੍ਹਾ ਕੇ ਰੱਖ ਦਿੱਤਾ। ਪਿਛਲੀ ਨਵੰਬਰ ਇੱਕ ਹਾਦਸੇ ਵਿੱਚ ਉਨ੍ਹਾਂ ਦੀਆਂ ਜੋੜ੍ਹੀਆਂ ਧੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ।

ਉਹ ਕਹਿੰਦੇ ਹਨ, "ਮੈਨੂੰ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰਨ ਲਈ ਉਸੇ ਨੇ ਜ਼ਿਆਦਾ ਪ੍ਰੇਰਿਤ ਕੀਤਾ, ਅੱਜ ਉਹ ਜਿਉਂਦੀ ਹੁੰਦੀ, ਤਾਂ ਸਭ ਤੋਂ ਜ਼ਿਆਦਾ ਖ਼ੁਸ਼ ਹੁੰਦੀ। ਪਰ ਇਹ ਮੇਰੀ ਮਾੜੀ ਕਿਸਮਤ ਹੈ ਕਿ ਨਤੀਜਾ ਆਉਣ ਤੋਂ ਪਹਿਲਾਂ ਹੀ ਉਹ ਗੁਜ਼ਰ ਗਈ।"

ਇਹ ਕਹਿੰਦਿਆਂ ਪ੍ਰਧਾਨ ਭਾਵੁਕ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਆਵਾਜ਼ ਵਿੱਚੋਂ ਦਰਦ ਸਾਫ਼ ਜ਼ਾਹਰ ਹੁੰਦਾ ਹੈ। ਪਿਛਲੇ ਵੀਰਵਾਰ ਪ੍ਰਧਾਨ ਨੇ 'ਬੁਰਲਾ ਸ਼ਹਿਰ ਸਥਿਤ ਸਰਕਾਰੀ ਮੈਡੀਕਲ ਕਾਲਜ ਵੀਰ ਸੁਰਿੰਦਰ ਸਾਏ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ' ਯਾਨੀ 'ਵਿਮਸਾਰ' ਵਿੱਚ ਦਾਖ਼ਲਾ ਲੈ ਲਿਆ।

ਪਰ ਹਾਲੇ ਕਲਾਸਾਂ ਸ਼ੁਰੂ ਨਹੀਂ ਹੋਈਆਂ। ਸੰਯੋਗਵਸ ਇਹ ਕਾਲਜ ਉਨ੍ਹਾਂ ਦੀ ਰਿਹਾਇਸ਼ ਅਤਾਬੀਰਾ ਤੋਂ ਸਿਰਫ਼ 15 ਕਿਲੋਮੀਟਰ ਦੀ ਦੂਰੀ 'ਤੇ ਹੈ। ਪ੍ਰਧਾਨ ਨੇ ਹਾਲੇ ਫ਼ੈਸਲਾ ਨਹੀਂ ਕੀਤਾ ਕਿ ਉਹ ਘਰ ਰਹਿ ਕੇ ਪੜ੍ਹਾਈ ਕਰਨਗੇ ਜਾਂ ਹੌਸਟਲ ਵਿੱਚ ਰਹਿਣਗੇ।

ਜਦੋਂ ਮੈਂ ਪੁੱਛਿਆ ਕਿ ਜੇ ਉਨ੍ਹਾਂ ਨੂੰ ਬਿਮਸਾਰ ਦੀ ਬਜਾਇ ਕਿਤੇ ਦੂਰ, ਕਿਸੇ ਹੋਰ ਸੂਬੇ ਦੇ ਮੈਡੀਕਲ ਕਾਲਜ ਵਿੱਚ ਦਾਖ਼ਲਾ ਮਿਲਦਾ ਤਾਂ ਕੀ ਉਹ ਫ਼ਿਰ ਵੀ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰਦੇ, ਤਾਂ ਉਨ੍ਹਾਂ ਨੇ ਝੱਟ ਜੁਆਬ ਕਿਹਾ, "

ਜ਼ਰੂਰ ਕਰਦਾ ਕਿਉਂਕਿ ਇਹ ਸਿਰਫ਼ ਮੇਰਾ ਸੁਫ਼ਨਾ ਨਹੀਂ, ਮੇਰੀ ਵਿਛੜੀ ਧੀ ਦਾ ਵੀ ਸੁਫਨਾ ਸੀ।"

ਡਾਕਟਰਾਂ ਵਾਂਗ ਪ੍ਰੈਕਟਿਸ ਕਰਨਗੇ

ਆਪਣੇ ਬੱਚਿਆਂ ਦੀ ਉਮਰ ਦੇ ਨੌਜਵਾਨਾਂ ਨਾਲ ਪੜ੍ਹਾਈ ਕਰਨਾ ਅਤੇ ਆਪਣੇ ਤੋਂ ਛੋਟੀ ਉਮਰ ਦੇ ਲੋਕਾਂ ਨੂੰ ਆਪਣਾ ਸਿੱਖਿਅਕ ਮੰਨਨਾ ਕੀ ਉਨ੍ਹਾਂ ਨੂੰ ਥੋੜ੍ਹਾ ਅਜੀਬ ਲੱਗੇਗਾ?

ਇਸ ਸਵਾਲ ਦੇ ਜੁਆਬ ਵਿੱਚ ਪ੍ਰਧਾਨ ਨੇ ਕਿਹਾ, "ਮੈਂ ਆਪਣੇ ਵਲੋਂ ਕੋਸ਼ਿਸ਼ ਕਰਾਂਗਾ ਕਿ ਮੇਰੇ ਨਾਲ ਪੜ੍ਹਨ ਵਾਲੇ ਵਿਦਿਆਰਥੀ, ਵਿਦਿਆਰਥਣਾਂ ਮੈਨੂੰ ਆਪਣਾ ਜਮਾਤੀ ਸਮਝਣ ਅਤੇ ਮੇਰੇ ਨਾਲ ਵੀ ਅਜਿਹਾ ਹੀ ਵਿਵਹਾਰ ਕਰਨ। ਜਿਥੇ ਤੱਕ ਸਿਖਿਅਕਾਂ ਦਾ ਸਵਾਲ ਹੈ, ਉਹ ਮੇਰੇ ਲਈ ਗੁਰੂ ਹੋਣਗੇ ਚਾਹੇ ਉਹ ਉਮਰ ਵਿੱਚ ਮੇਰੇ ਤੋਂ ਛੋਟੇ ਹੀ ਕਿਉਂ ਨਾ ਹੋਣ।"

ਡਾਕਟਰੀ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਕੀ ਉਹ ਵੀ ਦੂਸਰੇ ਡਾਕਟਰਾਂ ਵਾਂਗ ਪ੍ਰੈਕਟੀਸ ਕਰਨਗੇ?

ਇਸ 'ਤੇ ਪ੍ਰਧਾਨ ਦਾ ਕਹਿਣਾ ਸੀ, " ਇਸ ਨੂੰ ਪੇਸ਼ਾ ਬਣਾਉਣ ਦੇ ਇਰਾਦੇ ਨਾਲ ਮੈਂ ਇਮਤਿਹਾਨ ਵਿੱਚ ਨਹੀਂ ਸੀ ਬੈਠਾ। ਬੈਂਕ ਦੀ ਨੌਕਰੀ ਨਾਲ ਮੇਰੀ ਪੇਸ਼ੇਵਰ ਜ਼ਿੰਦਗੀ ਖ਼ਤਮ ਹੋ ਚੁੱਕੀ ਹੈ। ਡਾਕਟਰੀ ਤੋਂ ਰੋਜ਼ੀ ਰੋਟੀ ਕਮਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ।"

ਉਹ ਕਹਿੰਦੇ ਹਨ, "ਮੈਨੂੰ ਜੋ ਪੈਨਸ਼ਨ ਮਿਲਦੀ ਹੈ ਉਸ ਨਾਲ ਮੇਰਾ ਗੁਜ਼ਾਰਾ ਹੋ ਜਾਂਦਾ ਹੈ। ਮੈਂ ਡਾਕਟਰ ਬਣਨਾ ਸਿਰਫ਼ ਇਸ ਲਈ ਚਾਹਿਆ ਕਿ ਆਪਣੇ ਇਲਾਕੇ ਵਿੱਚ ਉਨ੍ਹਾਂ ਗ਼ਰੀਬਾਂ ਦੀ ਮਦਦ ਕਰ ਸਕਾਂ, ਜਿਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਹੁੰਦੇ। ਜੇ ਮੈਂ ਅਜਿਹਾ ਕਰ ਸਕਾਂ ਤਾਂ ਮੈਂ ਆਪਣੇ ਆਪ ਨੂੰ ਭਾਗਾਂਵਾਲਾ ਸਮਝਾਂਗਾ।"

ਪ੍ਰਧਾਨ ਨੇ ਰਿਕਾਰਡ ਬਣਾਉਣ ਲਈ ਚਾਹੇ ਹੀ ਡਾਕਟਰ ਬਣਨਾ ਨਾ ਚਾਹਿਆ ਹੋਵੇ। ਪਰ ਸੰਭਾਵਨਾ ਹੈ ਕਿ ਇਸ ਉਮਰ ਵਿੱਚ ਉਨ੍ਹਾਂ ਦੀ ਇਸ ਅਨੋਖੀ ਸਫ਼ਲਤਾ ਕਰਕੇ ਉਨ੍ਹਾਂ ਨੂੰ ਕਿਸੇ ਰਿਕਾਰਡ ਬੁੱਕ ਵਿੱਚ ਜਗ੍ਹਾ ਮਿਲ ਹੀ ਜਾਵੇ।

ਪ੍ਰਧਾਨ ਨੇ ਇਹ ਜ਼ਰੂਰ ਸਾਬਤ ਕਰ ਦਿੱਤਾ ਕਿ ਜੇ ਕੋਈ ਕਿਸੇ ਉਦੇਸ਼ ਨੂੰ ਪ੍ਰਾਪਤ ਕਰਨ ਦਾ ਮਨ ਬਣਾ ਲਵੇ ਅਤੇ ਉਸ ਲਈ ਪੂਰੀ ਲਗਨ ਨਾਲ ਮਿਹਨਤ ਕਰੇ ਤਾਂ ਉਮਰ ਉਸ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)