You’re viewing a text-only version of this website that uses less data. View the main version of the website including all images and videos.
Farmers Protest: ਕਿਸਾਨ ਧਰਨਿਆਂ ਵਿੱਚ ਸਾਫ਼-ਸਫ਼ਾਈ ਤੇ ਔਰਤਾਂ ਦੀ ਸਹੂਲਤ ਲਈ ਇਹ ਹੈ ਪ੍ਰਬੰਧ
- ਲੇਖਕ, ਚਿੰਕੀ ਸਿਨਹਾ
- ਰੋਲ, ਬੀਬੀਸੀ ਲਈ
ਹਰ ਰੋਜ਼ ਉਹ ਹੱਥਾਂ ਵਿੱਚ ਹੱਥ ਪਾ ਕੇ ਇੱਕ ਸੁਰੱਖਿਆ ਘੇਰਾ ਬਣਾਉਂਦੇ ਹਨ, ਹਰ ਵਾਰ ਜਦੋਂ ਵੀ ਕਿਸੇ ਔਰਤ ਨੇ ਟਿਕਰੀ ਬਾਰਡਰ ਨੇੜਲੇ ਕਿਸੇ ਪੈਟਰੋਲ ਪੰਪ ਜਾਂ ਫ਼ਿਰ ਕਿਸੇ ਫ਼ੈਕਟਰੀ ਵਿੱਚ ਪਖ਼ਾਨੇ ਦੀ ਵਰਤੋਂ ਕਰਨ ਜਾਣਾ ਹੋਵੇ।
ਧਰਨੇ ਵਾਲੀਆਂ ਥਾਵਾਂ 'ਤੇ ਇਸ ਤਰ੍ਹਾਂ ਉਹ ਔਰਤਾਂ ਦੀ ਪਰਦੇਦਾਰੀ ਅਤੇ ਸੁਰੱਖਿਆ ਪੁਖ਼ਤਾ ਕਰਦੇ ਹਨ।
ਪੰਜਾਬ ਦੇ ਜ਼ਿਲ੍ਹਾਂ ਸੰਗਰੂਰ 'ਚ ਪੈਂਦੇ ਪਿੰਡ ਨਿਆਗਾਓਂ ਤੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਧਰਨੇ ਵਿੱਚ ਹਿੱਸਾ ਲੈਣ ਆਏ ਗੁਰਪ੍ਰੀਤ ਸਿੰਘ ਕਹਿੰਦੇ ਹਨ, ”ਇਹ ਔਖਾ ਹੈ ਪਰ ਉਨ੍ਹਾਂ ਨੇ ਇਥੇ ਟਿਕ ਕੇ ਬੈਠੇ ਰਹਿਣ ਦਾ ਤਰੀਕਾ ਲੱਭ ਲਿਆ ਹੈ।”
ਉਹ ਕਹਿੰਦੇ ਹਨ, "ਇਥੇ ਪੈਟਰੋਲ ਪੰਪ ਦੇ ਮਾਲਕ ਜੱਟ ਹਨ ਅਤੇ ਉਹ ਸਾਡੀ ਹਮਾਇਤ ਕਰਦੇ ਹਨ। ਉਹ ਸਾਨੂੰ ਆਪਣੇ ਪਖ਼ਾਨੇ ਇਸਤੇਮਾਲ ਕਰਨ ਦਿੰਦੇ ਹਨ।"
ਇਹ ਵੀ ਪੜ੍ਹੋ-
ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ ਦੇ ਵੱਖ ਵੱਖ ਸੂਬਿਆਂ ਤੋਂ ਆਏ ਲੱਖਾਂ ਕਿਸਾਨਾਂ ਨੇ ਕੌਮੀ ਰਾਜਧਾਨੀ ਦਿੱਲੀ ਨਾਲ ਲੱਗਦੀਆਂ ਪੰਜ ਹੱਦਾਂ 'ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਲਾਇਆ ਹੋਇਆ ਹੈ।
ਕਿਉਂਕਿ ਇਸ ਧਰਨੇ ਦਾ ਦੂਸਰਾ ਹਫ਼ਤਾ ਚੱਲ ਰਿਹਾ ਹੈ ਇਥੇ ਸਾਫ਼-ਸਫ਼ਾਈ ਇੱਕ ਚਿੰਤਾ ਦਾ ਵਿਸ਼ਾ ਬਣ ਗਈ ਹੈ।
ਭਾਰਤ ਸਰਕਾਰ ਨੇ ਕਿਸਾਨਾਂ ਨੂੰ ਧਰਨੇ ਲਈ ਬੁਰਾੜੀ ਦੇ ਨਿਰੰਕਾਰੀ ਮੈਦਾਨ ਦੀ ਪੇਸ਼ਕਸ਼ ਕੀਤੀ ਸੀ ਅਤੇ ਇਥੇ ਦਿੱਲੀ ਸਰਕਾਰ ਵਲੋਂ ਮੋਬਾਇਲ ਪਖ਼ਾਨਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਪਰ ਬਹੁਤੇ ਕਿਸਾਨਾਂ ਨੇ ਫ਼ੈਸਲਾ ਕੀਤਾ ਕਿ ਜਦੋਂ ਤੱਕ ਸਰਕਾਰ, ਜਿਨ੍ਹਾਂ ਨੂੰ ਉਹ 'ਕਾਲੇ ਕਾਨੂੰਨ' ਕਹਿੰਦੇ ਹਨ ਨੂੰ ਰੱਦ ਨਹੀਂ ਕਰ ਦਿੰਦੀ, ਉਹ ਵੱਖ ਵੱਖ ਬਾਰਡਰਾਂ 'ਤੇ ਹੀ ਧਰਨਾ ਲਾਉਣਗੇ।
ਆਪਣਾ ਪ੍ਰਬੰਧ ਆਪ
ਦੁਨੀਆਂ ਵਿੱਚ ਕਈ ਸਰਕਾਰਾਂ ਹਮੇਸ਼ਾਂ ਸੁਚੇਤ ਰੂਪ ਵਿੱਚ ਗੰਦਗੀ ਦੇ ਫ਼ੈਲਾਅ ਨੂੰ ਇੱਕ ਬਹਾਨੇ ਵਜੋਂ ਇਸਤੇਮਾਲ ਕਰਦੀਆਂ ਹਨ। ਉਹ ਇਸ ਦਲੀਲ ਦੀ ਵਰਤੋਂ ਮੁਜ਼ਾਹਰਾਕਾਰੀਆਂ ਦੀ ਕਿਸੇ ਥਾਂ ਤੱਕ ਪਹੁੰਚ ਨੂੰ ਰੋਕਣ ਅਤੇ ਉਨ੍ਹਾਂ ਨੂੰ ਸੀਮਤ ਅਤੇ ਅਨੁਸ਼ਾਸ਼ਿਤ ਕਰਨ ਲਈ ਕਰਦੀਆਂ ਹਨ।
ਸਰਕਾਰਾਂ ਉਨ੍ਹਾਂ ਨੂੰ ਸਿਹਤ, ਸਾਫ਼-ਸਫ਼ਾਈ ਅਤੇ ਹਾਈਜ਼ੀਨ ਦੇ ਤਰਕ ਦਿੰਦੀਆਂ ਹਨ। ਦਿੱਲੀ ਕੂਚ ਕਰਨ ਆਏ ਕਿਸਾਨ ਇਸ ਗੱਲ ਤੋਂ ਬਾਖ਼ੂਬੀ ਵਾਕਫ਼ ਹਨ।
ਕਿਸਾਨਾਂ ਦੇ 'ਦਿੱਲੀ ਚਲੋ' ਅੰਦੋਲਨ ਦੇ ਸੰਬੰਧ ਵਿੱਚ ਸਾਫ਼ ਸਫ਼ਾਈ ਪ੍ਰਤੀ ਚਿੰਤਾ ਦਾ ਸਵਾਲ ਉੱਠ ਚੁੱਕਿਆ ਹੈ।
ਕਿਸਾਨ ਜਥੇਬੰਦੀਆਂ ਦੇ ਇਸ ਸੱਦੇ 'ਤੇ ਦਿੱਲੀ ਨਾਲ ਲੱਗਦੀਆਂ ਹੱਦਾਂ 'ਤੇ ਪੰਜ ਲੱਖ ਤੋਂ ਵੱਧ ਕਿਸਾਨ ਧਰਨੇ 'ਤੇ ਬੈਠੇ ਹਨ। 96 ਹਜ਼ਾਰ ਤੋਂ ਵੱਧ ਟਰੈਕਟਰ, ਟਰਾਲੀਆਂ ਅਤੇ ਟਰੱਕ ਵੀ ਦਿੱਲੀ ਦੇ ਬਾਰਡਰਾਂ 'ਤੇ ਖੜ੍ਹੇ ਹਨ ਜਿਨਾਂ ਵਿੱਚ ਉਨ੍ਹਾਂ ਨੇ ਆਪਣੇ ਸੌਣ, ਬੈਠਣ ਦਾ ਪ੍ਰਬੰਧ ਕੀਤਾ ਹੋਇਆ ਹੈ।
ਬਰਤਾਨਵੀ ਮਨੁੱਖੀ ਵਿਗਿਆਨੀ ਮੈਰੀ ਡਗਲਸ ਨੇ 1966 ਵਿੱਚ ਕਿਹਾ ਸੀ ਕਿ ''ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਯਕੀਨੀ ਤੌਰ 'ਤੇ ਗੰਦਗੀ ਇੱਕ ਵਿਕਾਰ ਹੈ।''
ਸਰਕਾਰ ਦੀਆਂ ਨਜ਼ਰਾਂ ਵਿੱਚ ਕਿਸਾਨ ਅੰਦੋਲਨ ਵਰਗੇ ਸਾਰੇ ਵਿਕਾਰ ਗੰਦਗੀ ਹਨ ਅਤੇ ਇਸ ਕਰਕੇ ਜਿਹੜੇ ਕਿਸਾਨ ਇਕੱਠੇ ਹੋਏ ਹਨ ਉਨ੍ਹਾਂ ਲਈ ਮਹਾਂਮਾਰੀ ਦੇ ਦੌਰ ਵਿੱਚ ਅਨੁਸ਼ਾਸਨ ਅਤੇ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਅਤੇ ਇਸ ਨੂੰ ਦਿਖਾਉਣਾ ਬਹੁਤ ਅਹਿਮ ਹੈ।
ਟਿਕਰੀ ਬਾਰਡਰ 'ਤੇ ਇੱਕ ਕਿਸਾਨ ਧਰਨਾ ਸਥਲ ਨੂੰ ਸੈਨੇਟਾਈਜ਼ ਕਰ ਰਿਹਾ ਸੀ ਅਤੇ ਤੁਸੀਂ ਕਈ ਥਾਵਾਂ 'ਤੇ ਸੁੱਕਣ ਲਈ ਧੋ ਕੇ ਟੰਗੇ ਕੱਪੜੇ ਵੀ ਦੇਖ ਸਕਦੇ ਹੋ
ਕਿਸਾਨ ਜਿਹੜੇ ਟੈਂਕਰ ਆਪਣੇ ਨਾਲ ਲਿਆਏ ਹਨ, ਉਹ ਭਰੇ ਹੋਏ ਹਨ ਅਤੇ ਪਾਸੇ ਖੜੇ ਕੀਤੇ ਹੋਏ ਹਨ। ਗੱਤੇ ਦੀਆਂ ਪਲੇਟਾਂ ਗਿਲਾਸ ਆਦਿ ਜੋ ਵਰਤੋਂ ਬਾਅਦ ਕੂੜੇ ਵਿੱਚ ਤਬਦੀਲ ਹੋ ਗਏ ਨੂੰ ਬਾਖ਼ੂਬੀ ਇਕੱਠਾ ਕੀਤਾ ਜਾਂਦਾ ਹੈ ਨਸ਼ਟ ਕੀਤਾ ਜਾਂਦਾ ਹੈ।
ਸਫ਼ਾਈ ਦਾ ਮੁੱਦਾ ਅਤੇ ਸਰਕਾਰੀ ਪ੍ਰਬੰਧ
ਜਿਵੇਂ ਹੀ ਮਹਾਂਮਾਰੀ ਵਿੱਚ ਤਾਪਮਾਨ ਘੱਟਦਾ ਜਾ ਰਿਹਾ ਹੈ, ਇਨਾਂ ਬਾਰਡਰਾਂ ਦੇ ਸਾਫ਼ ਸਫ਼ਾਈ ਦਾ ਮਾਮਲਾ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿਉਂਕਿ ਸਰਕਾਰ ਨਾਲ ਚੱਲ ਰਿਹਾ ਗੱਲਾਬਾਤ ਦਾ ਸਿਲਸਿਲਾ ਨਤੀਜਾਕੁਨ ਨਜ਼ਰ ਨਹੀਂ ਆ ਰਿਹਾ।
ਸਿੰਘੁ ਬਾਰਡਰ 'ਤੇ ਸਥਾਨਕ ਲੋਕ ਮਦਦ ਕਰ ਰਹੇ ਹਨ, ਧਰਨੇ 'ਤੇ ਬੈਠੀਆਂ ਔਰਤਾਂ ਨੂੰ ਆਪਣੇ ਘਰਾਂ 'ਚ ਪਖ਼ਾਨੇ ਇਸਤੇਮਾਲ ਕਰਨ ਦੇ ਰਹੇ ਹਨ। ਆਪਣੀਆਂ ਮੋਟਰਾਂ ਨਾਲ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਵਾ ਰਹੇ ਹਨ।
ਟਿਕਰੀ ਬਾਰਡਰ 'ਤੇ ਹਰਿਆਣਾ ਸਰਕਾਰ ਦੀ ਨਗਰ ਕੌਂਸਲ ਨੇ 392 ਮੁਬਾਇਲ ਪਖ਼ਾਨਿਆ ਦਾ ਪ੍ਰਬੰਧ ਕੀਤਾ ਹੈ। ਨਗਰ ਕੌਂਸਲ ਕਿਸਾਨਾਂ ਲਈ ਪਾਣੀ ਦੇ ਟੈਂਕ ਵੀ ਭੇਜ ਰਹੀ ਹੈ।
ਉਹ ਧਰਨੇ ਵਾਲੀ ਥਾਂ 'ਤੇ ਲੋੜ ਅਨੁਸਾਰ ਫ਼ੌਗਿੰਗ (ਕੀਟਾਣੂ ਨਾਸ਼ਕ ਧੂੰਏ ਦੀ ਬੁਛਾੜ ਕਰਨਾ) ਵੀ ਕਰ ਰਹੇ ਹਨ। ਅਧਿਕਾਰੀ ਜਿਹੜੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਇਲਾਕਿਆਂ ਵਿੱਚ ਇੰਨੀ ਵੱਡੀ ਗਿਣਤੀ ਸਮੂਹਾਂ ਨਾਲ ਨਜਿੱਠਣ ਦੇ ਤਰੀਕਿਆਂ ਦੀ ਭਾਲ ਕਰ ਰਹੇ ਹਨ, ਮੁਤਾਬਕ ਇਹ ਇੱਕ ਅਣਕਿਆਸੀ ਸਥਿਤੀ ਹੈ।
ਜਿਥੇ ਸਿੰਘੁ ਬਾਰਡਰ ਪੇਂਡੂ ਵਿਕਾਸ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਟਿਕਰੀ ਬਾਰਡਰ ਬਹਾਦਰਗੜ੍ਹ ਨਗਰ ਕੌਂਸਲ ਅਧੀਨ ਹੈ।
ਇਸ ਇਲਾਕੇ ਦੇ ਕਾਰਜਕਾਰੀ ਅਧਿਕਾਰੀ ਅਤਰ ਸਿੰਘ ਕਹਿੰਦੇ ਹਨ ਉਨ੍ਹਾਂ ਨੇ ਇਕੋ ਵਾਰੀ 'ਚ 392 ਮੋਬਾਇਲ ਪਖ਼ਾਨਿਆਂ ਦਾ ਇੰਤਜ਼ਾਮ ਕੀਤਾ।
ਉਹ ਕਹਿੰਦੇ ਹਨ,"ਅਸੀਂ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਅਸੀਂ ਹੋਰ ਨਗਰ ਕੌਂਸਲਾਂ ਤੋਂ ਪੈਖ਼ਾਨੇ ਕਿਰਾਏ 'ਤੇ ਲਏ ਅਤੇ ਇਥੋਂ ਤੱਕ ਕਿ ਥੋੜ੍ਹੇ ਜਿਹੇ ਖ਼ਰੀਦੇ ਵੀ ਅਤੇ ਫ਼ੈਕਰੀਆਂ ਨੂੰ ਖ਼ੁੱਲ੍ਹਾ ਰੱਖਿਆ ਤਾਂ ਕਿ ਕਿਸਾਨ ਸਹੂਲਤਾਂ ਦੀ ਵਰਤੋਂ ਕਰ ਸਕਣ।"
ਟਿਕਰੀ ਬਾਰਡਰ 'ਤੇ ਸਫ਼ਾਈ ਦਾ ਪ੍ਰਬੰਧ ਕਰਨ ਲਈ ਕਾਉਂਸਲ ਵਲੋਂ ਸ਼ਿਫਟਾਂ ਲਗਾਕੇ 24 ਘੰਟਿਆ ਲਈ 100 ਸਫ਼ਾਈ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਵਲੋਂ ਕੂੜਾ ਇਕੱਠਾ ਕਰਨ ਅਤੇ ਉਥੋਂ ਲੈ ਜਾਣ ਲਈ ਸੈਪਟਿਕ ਟੈਂਕਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।
ਕਿਉਂਕਿ ਉਨ੍ਹਾਂ ਲਈ ਖੁੱਲ੍ਹੇ ਵਿੱਚ ਪਖ਼ਾਨਾ ਕਰਨ ਤੋਂ ਰੋਕਣ ਅਤੇ ਇਸ ਨੂੰ ਨਿਯੰਤ੍ਰਿਤ ਕਰਨ ਦੇ ਹੁਕਮ ਹਨ ਇਸ ਲਈ ਉਨ੍ਹਾਂ ਨੇ ਇੱਕ ਮੀਟਿੰਗ ਕੀਤੀ ਅਤੇ ਫ਼ੈਸਲਾ ਕੀਤਾ ਕਿ ਧਰਨਾ ਸਥਲ 'ਤੇ ਜਿਥੇ ਵੀ ਜਗ੍ਹਾ ਮਿਲੇ ਉਥੇ ਮੋਬਾਇਲ ਪਖ਼ਾਨਾ ਲਗਾ ਦਿੱਤਾ ਜਾਵੇ।
ਉਹ ਕਹਿੰਦੇ ਹਨ,"ਅਸੀਂ ਧਰਨੇ ਵਾਲੀ ਥਾਂ 'ਤੇ ਵੰਡਣ ਲਈ ਮਾਸਕਾਂ ਦਾ ਵੀ ਆਰਡਰ ਦਿੱਤਾ ਹੈ।"
ਇਸ ਦੇ ਨਾਲ ਹੀ ਉਨ੍ਹਾਂ ਨੇ ਧਰਨਾ ਸਥਲ 'ਤੇ ਕਿਸਾਨਾਂ ਲਈ ਦੋ ਪਾਣੀ ਵਾਲੇ ਟੈਂਕਾ ਵੀ ਲਗਾਏ ਹਨ।
ਉਹ ਕਹਿੰਦੇ ਹਨ,"ਬਹੁਤ ਸਾਰੇ ਕਿਸਾਨ ਆਪਣੇ ਪਾਣੀ ਦੇ ਟੈਂਕ ਨਾਲ ਲੈ ਕੇ ਆਏ ਹਨ ਅਸੀਂ ਉਨਾਂ ਨੂੰ ਭਰਨ ਵਿੱਚ ਮਦਦ ਕਰਦੇ ਹਾਂ।"
ਵਿਦਿਆਰਥਣਾਂ ਨੇ ਕੀਤਾ ਰਹਿਣ ਦਾ ਫ਼ੈਸਲਾ
ਹਰਿਆਣਾ ਦੇ ਜ਼ਿਲ੍ਹੇ ਹਿਸਾਰ ਤੋਂ 18 ਸਾਲਾ ਵਿਦਿਆਰਥਣ ਸ਼ਹਾਨਾ,ਆਪਣਾ ਸਮਰਥਨ ਦੇਣ ਅਤੇ ਇਲਾਕੇ ਵਿੱਚ ਕਾਲਜ ਵਿਦਿਆਰਥੀਆਂ ਦੀ ਇੱਕ ਸੰਸਥਾ ਪ੍ਰੋਗਰੈਸਿਵ ਸਟੂਡੈਂਟ ਫ਼ਰੰਟ ਵਲੋਂ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਨ ਆਏ ਹਨ।
ਉਹ ਵੀਹ ਕੁੜੀਆਂ ਦੇ ਇੱਕ ਗਰੁੱਪ ਨਾਲ ਟਿਕਰੀ ਬਾਰਡਰ ਤੇ 26 ਨਵੰਬਰ ਨੂੰ ਪਹੁੰਚੇ। ਪਹਿਲੀ ਰਾਤ ਉਨ੍ਹਾਂ ਨੂੰ ਲੰਗਰ ਖਵਾਇਆ ਗਿਆ ਅਤੇ ਇੱਕ ਟਰਾਲੀ ਵਿੱਚ ਸੌਣ ਦਾ ਪ੍ਰਸਤਾਵ ਦਿੱਤਾ ਗਿਆ।
ਉਹ ਵਿਦਿਆਰਥੀਆਂ ਦਾ ਇੱਕ ਸਮੂਹ ਸੀ ਜਿਸ ਨੇ ਉਥੇ ਰਹਿਣ ਦਾ ਫ਼ੈਸਲਾ ਕੀਤਾ ਅਤੇ ਨੇੜਲੇ ਬਾਜ਼ਾਰ ਤੋਂ ਕੁਝ ਕੱਪੜੇ ਖ਼ਰੀਦੇ। ਉਨ੍ਹਾਂ ਨੇ ਪਤਾ ਕੀਤਾ ਕਿ ਉਹ ਨੇੜਲੀਆਂ ਫ਼ੈਕਟਰੀਆਂ ਦੇ ਦਫ਼ਤਰਾਂ ਵਿੱਚ ਸੌਂ ਸਕਦੇ ਹਨ ਅਤੇ ਉਥੇ ਪਖ਼ਾਨੇ ਆਦਿ ਦੀ ਸਹੂਲਤ ਵੀ ਇਸੇਤਮਾਲ ਕਰ ਸਕਦੇ ਹਨ।
ਉਨ੍ਹਾਂ ਲਈ ਇਹ ਔਖਾ ਹੈ, ਇੱਕ ਦਿਨ ਛੱਡ ਕੇ ਨਹਾਉਂਦੇ ਹਨ, ਉਹ ਵੀ ਦੁਪਿਹਰ ਸਮੇਂ ਫ਼ੈਕਟਰੀਆਂ ਦੇ ਬਾਥਰੂਮਾਂ 'ਚ।
ਉਹ ਦੱਸਦੇ ਹਨ,"ਅਸੀਂ ਕਿਸਾਨ ਪਰਿਵਾਰਾਂ ਤੋਂ ਨਹੀਂ ਆਏ ਪਰ ਅਸੀਂ ਸਮਰਥਨ ਵਿੱਚ ਆਏ ਹਾਂ। ਮੁੰਡਕਾ ਅਤੇ ਟਿਕਰੀ ਦੇ ਮੈਟਰੋ ਸਟੇਸ਼ਨਾਂ 'ਤੇ ਟਾਇਲਟ ਹਨ ਇਸ ਲਈ ਅਸੀਂ ਉਨਾਂ ਦੀ ਵਰਤੋਂ ਕਰਦੇ ਹਾਂ।"
ਰਾਤ ਨੂੰ ਉਹ ਸੌਣ ਜਾਣ ਤੋਂ ਪਹਿਲਾਂ ਗਰੁੱਪ ਵਿੱਚ ਜਾਂਦੇ ਹਨ ਅਤੇ ਸੁਵਿਧਾਵਾਂ ਦੀ ਵਰਤੋਂ ਕਰਦੇ ਹਨ।
ਇਹ ਨੌਜਵਾਨ ਲੜਕੀਆਂ ਪਹਿਲੀ ਵਾਰ ਕਿਸੇ ਅੰਦੋਲਨ ਦਾ ਹਿੱਸਾ ਬਣੀਆਂ ਹਨ ਜਿਹੜਾ ਆਪਣੇ ਦੂਸਰੇ ਹਫ਼ਤੇ ਵਿੱਚ ਪਹੁੰਚਿਆ ਹੋਵੇ ਅਤੇ ਉਨ੍ਹਾਂ ਦਾ ਕਹਿਣਾ ਹੈ ਉਹ ਇਥੇ ਰੁਕਣਗੀਆਂ।
ਨਹਾਉਣ ਦਾ ਪ੍ਰਬੰਧ
ਟਿਕਰੀ ਅਤੇ ਹੋਰ ਬਾਰਡਰਾਂ ਅੰਦਰ ਜਿਥੇ ਧਰਨਾਂ ਟਰੈਕਟਰਾਂ, ਟਰਾਲੀਆਂ ਅਤੇ ਟਰੱਕਾਂ ਨਾਲ ਕਈ ਦਰਜਨ ਕਿਲੋਮੀਟਰਾਂ ਤੱਕ ਫ਼ੈਲਿਆ ਹੋਇਆ ਹੈ। ਮਰਦ ਕਿਸਾਨਾਂ ਦੇ ਖੁੱਲ੍ਹੇ ਵਿੱਚ ਨਹਾਉਣ ਲਈ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੋਈ ਹੈ।
ਔਰਤਾਂ ਸਥਾਨਕ ਲੋਕਾਂ ਦੇ ਘਰਾਂ ਦੀ ਵਰਤੋਂ ਕਰਦੀਆਂ ਹਨ ਜਾਂ ਫ਼ਿਰ ਫ਼ੈਕਟਰੀਆਂ 'ਚ ਜਾਂ ਮਰਦਾਂ ਅਤੇ ਔਰਤਾਂ ਵਲੋਂ ਬਣਾਏ ਗਏ ਸੁਰੱਖਿਆ ਘੇਰਿਆਂ ਅੰਦਰ ਨਹਾਉਂਦੀਆਂ ਹਨ।
ਵਟਾਂਦਰਾ ਪ੍ਰਣਾਲੀ ਇੱਕ ਪ੍ਰਬੰਧ
ਗੁਰਪ੍ਰੀਤ ਸਿੰਘ ਲਈ ਇਹ ਇੱਕ ਸਧਾਰਨ ਇੰਤਜ਼ਾਮ ਹੈ ਜਿਸਨੂੰ ਵਟਾਂਦਰੇ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ।
ਉਹ ਕਹਿੰਦੇ ਹਨ,"ਅਸੀਂ ਉਨ੍ਹਾਂ ਨੂੰ ਭੋਜਨ ਅਤੇ ਬਦਾਮ ਦਿੰਦੇ ਹਾਂ ਅਤੇ ਉਹ ਸਾਨੂੰ ਫ਼ੈਕਟਰੀਆਂ ਵਿੱਚ ਟਾਇਲੈਟ ਇਸਤੇਮਾਲ ਕਰਨ ਦਿੰਦੇ ਹਨ। ਸਾਡੇ ਲਈ ਇਹ ਤਰੀਕਾ ਕੰਮ ਕਰਦਾ ਹੈ।"
ਬਠਿੰਡਾ ਤੋਂ ਆਏ ਰਮਨਦੀਪ ਮਾਨ ਸਿੰਘੁ ਬਾਰਡਰ 'ਤੇ ਕਿਸਾਨਾਂ ਦੀ ਹਮਾਇਤ ਕਰਨ ਆਏ ਹਨ।
ਉਹ ਕਹਿੰਦੇ ਹਨ ਕਿ ਸਥਾਨਕ ਲੋਕ ਸਾਨੂੰ ਉਨ੍ਹਾਂ ਕੋਲ ਪ੍ਰਾਪਤ ਸੁਵਿਧਾਵਾਂ ਦੀ ਵਰਤੋਂ ਕਰਨ ਦੇ ਰਹੇ ਹਨ ਅਤੇ ਸਰਕਾਰ ਵਲੋਂ ਕੋਈ ਵੀ ਮੋਬਾਇਲ ਪਖ਼ਾਨੇ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਹੈ,"ਅਸੀਂ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਾਂ।"
ਮਨੁੱਖਤਾ ਲਈ ਕੰਮ ਕਰਦੀ ਇੱਕ ਸੰਸਥਾ ਖ਼ਾਲਸਾ ਏਡ ਦੀ ਭਾਰਤ ਇਕਾਈ ਵਲੋਂ ਔਰਤ ਮੁਜ਼ਾਹਰਾਕਾਰੀਆਂ ਲਈ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾ ਰਹੇ ਹਨ ਉਨ੍ਹਾਂ ਨੇ ਕਈ ਥਾਵਾਂ 'ਤੇ ਔਰਤਾਂ ਅਤੇ ਮਰਦਾਂ ਲਈ ਇੱਕ ਥਾਂ ਤੋਂ ਦੂਸਰੇ ਤੱਕ ਲਿਜਾਏ ਜਾ ਸਕਣ ਵਾਲੇ ਬਾਥਰੂਮਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਔਰਤਾਂ ਦੀ ਦ੍ਰਿੜਤਾ
ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਔਰਤ ਕਿਸਾਨਾਂ ਦੇ ਇੱਕ ਗਰੁੱਪ ਨਾਲ ਆਏ 60 ਸਾਲਾ ਸੁਰਜੀਤ ਕੌਰ ਟਿਕਰੀ ਬਾਰਡਰ 'ਤੇ ਧਰਨਾਂ ਦੇ ਰਹੇ ਹਨ। ਉਹ ਕਹਿੰਦੇ ਹਨ ਇਹ ਔਖਾ ਹੈ ਕਿਉਂਕਿ ਠੰਡ ਹੈ ਅਤੇ ਉਹ ਬਿਲਕੁਲ ਹੀ ਸੜਕ 'ਤੇ ਰਹਿ ਰਹੇ ਹਨ। ਪਰ ਉਹ ਕਿਸੇ ਵੀ ਤਰੀਕੇ ਨਾਲ ਕੰਮ ਚਲਾ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਦੀ ਸੁਣੇ।
ਉਹ ਕਹਿੰਦੇ ਹਨ,"ਅਸੀਂ ਹਰ ਰੋਜ਼ ਨਹੀਂ ਨਹਾਉਂਦੇ ਅਤੇ ਪਖ਼ਾਨਾ ਲੱਭਣਾ ਵੀ ਮੁਸ਼ਿਕਲ ਹੈ ਪਰ ਅਸੀਂ ਕਿਸੇ ਤਰ੍ਹਾਂ ਕੰਮ ਚਲਾ ਰਹੇ ਹਾਂ।"
ਔਰਤਾਂ ਦਾ ਇਹ ਸਮੂਹ ਭਾਰਤੀ ਕਿਸਾਨ ਯੂਨੀਅਨ ਦਾ ਹੈ ਅਤੇ ਧਰਨੇ ਵਾਲੀ ਥਾਂ 'ਤੇ ਝੰਡਿਆਂ ਨਾਲ, ਨਾਹਰੇ ਲਾਉਂਦੇ ਹੋਏ ਨਿਕਲਦਾ ਹੈ। ਇਨ੍ਹਾਂ ਵਿੱਚ ਬਹੁਤੀਆਂ ਔਰਤਾਂ ਉਮਰ ਪੱਖੋਂ ਪੰਜਾਹ ਜਾਂ ਸੱਠ ਸਾਲਾਂ ਦਰਮਿਆਨ ਹਨ ਅਤੇ ਉਨ੍ਹਾਂ ਨੇ ਤਮਾਮ ਅਸੁਵਿਧਾਵਾਂ ਦੇ ਬਾਵਜੂਦ ਆਪਣੇ ਰਹਿਣ ਦਾ ਮਸਲਾ ਹੱਲ ਕਰ ਲਿਆ ਹੈ।
ਬਹੁਤੇ ਕਿਸਾਨ ਪਖ਼ਾਨੇ ਲਈ ਨੇੜਲੇ ਖ਼ਾਲੀ ਪਲਾਟਾਂ ਜਾਂ ਖੇਤਾਂ ਦੀ ਵਰਤੋਂ ਕਰ ਰਹੇ ਹਨ ਪਰ ਬਹੁਤ ਸਾਰੀਆਂ ਏਜੰਸੀਆਂ ਇਸ ਦੇ ਹੱਲ ਲਈ ਅੱਗੇ ਆਈਆਂ ਅਤੇ ਮੌਬਾਇਲ ਟਾਇਲੈਟ ਲਗਾ ਰਹੀਆਂ ਹਨ ਤਾਂ ਕਿ ਸਫ਼ਾਈ ਅਤੇ ਹਾਈਜ਼ੀਨ ਦਾ ਧਿਆਨ ਰੱਖਿਆ ਜਾ ਸਕੇ।
ਮਹਿਜ਼ ਪਖ਼ਾਨਿਆਂ ਦਾ ਪ੍ਰਬੰਧ ਇੱਕ ਮਸਲਾ
ਹਾਲਾਂਕਿ ਕਿਸਾਨ ਛੇ ਮਹੀਨਿਆਂ ਦੀ ਪੂਰੀ ਤਿਆਰੀ ਨਾਲ ਆਏ ਹਨ ਅਤੇ ਆਪਣੇ ਨਾਲ ਰਾਸ਼ਨ ਦੇ ਨਾਲ-ਨਾਲ, ਸਥਾਨਕ ਕਮੇਟੀਆਂ ਅਤੇ ਚੈਰੀਟੇਬਲ ਸੰਸਥਾਵਾਂ ਤੋਂ ਐਂਮਬੂਲੈਂਸਾਂ ਵੀ ਲਿਆਏ ਹਨ। ਪਖ਼ਾਨਿਆਂ ਦਾ ਲੋੜੀਂਦਾ ਪ੍ਰਬੰਧ ਉਨ੍ਹਾਂ ਲਈ ਇੱਕ ਮਸਲਾ ਬਣ ਗਿਆ ਹੈ।
ਕਰਨਾਲ ਤੋਂ ਆਏ ਭਾਰਤੀ ਕਿਸਾਨ ਯੂਨੀਅਨ ਦੀ ਕੋਰ ਕਮੇਟੀ ਦੇ ਮੈਂਬਰ ਜਗਦੀਪ ਔਲਖ਼ ਕਹਿੰਦੇ ਹਨ ਕਿ ਉਹ ਖੇਤੀ ਕਾਨੂੰਨਾਂ ਵਿਰੁੱਧ ਮਹਾਂਮਾਰੀ ਅਤੇ ਠੰਡ ਦੇ ਬਾਵਜੂਦ ਮਹੀਨਿਆਂ ਤੋਂ ਲੜ ਰਹੇ ਹਨ।
ਹੁਣ ਉਹ ਮੁਜ਼ਾਹਰਾਕਾਰੀਆਂ ਨਾਲ ਸਿੰਘੁ ਬਾਰਡਰ 'ਤੇ ਹਨ। ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਅਤੇ ਬਾਕੀਆਂ ਲਈ ਕਿਸੇ ਤੀਰਥ ਯਾਤਰਾ ਵਰਗਾ ਹੈ। ਲੋਕ ਮੱਥਾ ਟੇਕਣ ਦੇ ਭਾਵ ਨਾਲ ਆਉਂਦੇ ਹਨ ਅਤੇ ਇਸ ਤਰੀਕੇ ਨਾਲ ਧਰਨੇ ਵਾਲੇ ਥਾਂ ਵਿਕਸਿਤ ਹੋ ਰਹੀ ਹੈ।
ਉਹ ਕਹਿੰਦੇ ਹਨ,"ਕਿਸਾਨ ਦੀ ਜ਼ਿੰਦਗੀ ਇੱਕ ਸਖ਼ਤ ਲੜਾਈ ਹੈ ਅਤੇ ਅਸੀਂ ਸੰਘਰਸ਼ ਦੇ ਆਦੀ ਹਾਂ।"
ਸਥਾਨਕ ਲੋਕ ਸਾਡੀ ਮਦਦ ਕਰ ਰਹੇ ਹਨ ਅਤੇ ਅਸੀਂ ਉਨ੍ਹਾਂ ਦੇ ਘਰਾਂ ਵਿੱਚ ਨਹਾਉਂਦੇ ਹਾਂ।
ਉਹ ਕਹਿੰਦੇ ਹਨ,"ਤਕਰੀਬਨ 50 ਲੋਕ ਇੱਕ ਘਰ ਦੀ ਵਰਤੋਂ ਕਰਦੇ ਹਨ। ਕੁਝ ਏਜੰਸੀਆਂ ਨੇ ਮੋਬਾਇਲ ਟੋਇਲੈਟ ਲਗਾਏ ਹਨ। ਅਸੀਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਾਂ ਪਰ ਏਜੰਸੀਆਂ ਆ ਰਹੀਆਂ ਹਨ। ਸਥਾਨਕ ਲੋਕ ਚੰਗੇ ਹਨ।ਉਹ ਸਾਡੀ ਬਹੁਤ ਮਦਦ ਕਰ ਰਹੇ ਹਨ।"
ਇਨਾਂ ਥਾਵਾਂ ਤੇ ਲੋਕ ਲੰਗਰ ਬਣਾ ਰਹੇ ਹਨ ਅਤੇ ਹਰ ਇੱਕ ਨੂੰ ਖਾਣ ਲਈ ਪੇਸ਼ਕਸ਼ ਕਰ ਰਹੇ ਹਨ। ਤੁਸੀਂ ਲੋਕਾਂ ਦੇ ਨਹਾਉਣ ਲਈ ਬਣੇ ਹੋਏ ਘੇਰੇ ਵੀ ਦੇਖ ਸਕਦੇ ਹੋ। ਉਹ ਥਾਵਾਂ ਜਿਥੇ ਕਿਸਾਨ ਸੌਂਦੇ ਅਤੇ ਭੋਜਨ ਪਕਾਉਂਦੇ ਹਨ ਸਾਫ਼ ਰੱਖੀਆਂ ਜਾਂਦੀਆਂ ਹਨ।
ਕਿਸਾਨ ਨੂੰ ਪਾਣੀ ਨਾਲ ਨਹੀਂ ਡਰਾਇਆ ਜਾ ਸਕਦਾ
ਸਰਕਾਰ ਵਲੋਂ ਕੀਤੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਨੂੰ ਕਿਸਾਨਾਂ ਨੇ ਨਹਾਉਣ ਵਜੋਂ ਲਿਆ। ਗੁਰਪ੍ਰੀਤ ਕਹਿੰਦੇ ਹਨ ਕਿ ਪਾਣੀ ਦੀ ਘਾਟ ਹੈ ਅਤੇ ਜਦੋਂ ਸਰਕਾਰ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤਾਂ ਇਨਾਂ ਨੇ ਉਨ੍ਹਾਂ ਲਈ ਫ਼ੁਹਰੇ ਦਾ ਕੰਮ ਕੀਤਾ।
ਉਹ ਕਹਿੰਦੇ ਹਨ,"ਅਸੀਂ ਇਸ ਵਿੱਚ ਨਹਾ ਸਕਦੇ ਹਾਂ। ਤੁਸੀਂ ਇੱਕ ਕਿਸਾਨ ਨੂੰ ਪਾਣੀ ਨਾਲ ਨਹੀਂ ਡਰਾ ਸਕਦੇ। ਸਾਨੂੰ ਠੰਡੇ ਪਾਣੀ ਨਾਲ ਨਹਾਉਣ ਦੀ ਆਦਤ ਹੈ।"
ਇਸ ਤਰ੍ਹਾਂ ਧਰਨਾ ਚੱਲ ਰਿਹਾ ਹੈ। ਅਨੁਸ਼ਾਸਨ ਵਿੱਚ ਅਤੇ ਦੂਸਰਿਆਂ ਦੀ ਮਦਦ ਨਾਲ। ਨਾਮੁਕੰਮਲ ਏਕੇ ਦੀ ਇੱਕ ਹੋਰ ਉਦਾਹਰਣ ਅਤੇ ਵਟਾਂਦਰਾ ਪ੍ਰਣਾਲੀ ਅਤੇ ਸਦਇੱਛਾ ਨਾਲ।
ਸਥਾਨਕ ਲੋਕਾਂ ਦੀ ਫ਼ਰਾਖਦਿਲੀ
ਇਸ ਦੀ ਇੱਕ ਉਦਾਹਰਣ 45 ਸਾਲਾ ਗੁਰਮੀਤ ਸਿੰਘ ਵਲੋਂ ਟੀਕਰੀ ਬਾਰਡਰ 'ਤੇ ਲਗਾਇਆ ਗਿਆ ਇੱਕ ਸਟਾਲ ਹੈ। ਉਹ ਇੱਕਠੇ ਹੋਏ ਕਿਸਾਨਾਂ ਨੂੰ ਕਾੜ੍ਹਾ, ਅਤੇ ਖੰਘ, ਜ਼ੁਕਾਮ ਤੋਂ ਆਯੁਰਵੈਦਿਕ ਮਿਸ਼ਰਣ ਵੰਡ ਰਹੇ ਹਨ।
ਸਿੰਘ ਨੇੜੇ ਇਲਾਕੇ ਦੇ ਹੀ ਰਹਿੰਦੇ ਹਨ ਅਤੇ ਉਨ੍ਹਾਂ ਨੇ ਆਪਣੇ ਬੇਟੇ ਅਤੇ ਧੀ ਨਾਲ ਛੋਟੀ ਮੋਟੀ ਬੀਮਾਰੀ ਤੋਂ ਬਚਾਅ ਲਈ ਸਟਾਲ ਲਗਾਇਆ ਹੈ।
ਉਹ ਕਹਿੰਦੇ ਹਨ,"ਅਸੀਂ ਦੇਖਿਆ ਕਿ ਬਹੁਤ ਸਾਰੇ ਕਿਸਾਨ ਜ਼ਖ਼ਮੀ ਹਨ ਇਸ ਲਈ ਅਸੀਂ ਪੱਟੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ।"
ਉਨ੍ਹਾਂ ਦੇ ਵੱਡੇ ਭਰਾ ਇੰਦਰਜੀਤ ਸਿੰਘ ਇੱਕ ਡਾਕਟਰ ਹਨ ਅਤੇ ਉਹ ਧਰਨੇ ਵਾਲੀ ਥਾਂ ਤੇ ਆਉਂਦੇ ਹਨ ਅਤੇ ਖੰਘ, ਜ਼ੁਕਾਮ ਜਾਂ ਮਾਮੂਲੀ ਬੀਮਾਰੀ ਤੋਂ ਪੀੜਤ ਕਿਸਾਨਾਂ ਦਾ ਚੈੱਕਅੱਪ ਕਰਦੇ ਹਨ।
ਫ਼ਿਰ ਇਥੇ ਬੂਥ ਅਤੇ ਐਂਮਬੂਲੈਂਸਾਂ ਹਨ ਜਿਹੜੀਆਂ ਕਿ ਸਮਾਜਿਕ ਚੇਤਨਾ ਵੈਲਫ਼ੇਅਰ ਸੁਸਾਇਟੀ ਵਰਗੀਆਂ ਸੰਸਥਾਵਾਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਸੰਸਥਾਵਾਂ ਆਪਣੇ ਡਾਕਟਰ ਵੀ ਭੇਜਦੀਆਂ ਹਨ। ਇਸ ਤਰ੍ਹਾਂ ਹਰ ਇੱਕ ਤੋਂ ਥੋੜੀ ਬਹੁਤ ਮਦਦ ਨਾਲ ਉਹ ਸਭ ਕੁਝ ਸੰਭਾਲ ਰਹੇ ਹਨ ਅਤੇ ਮੰਗਾ ਦੀ ਪੂਰਤੀ ਤੱਕ ਧਰਨੇ ਬੈਠੇ ਰਹਿਣ ਲਈ ਦ੍ਰਿੜ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: