ਕਿਸਾਨ ਅੰਦੋਲਨ ਨੂੰ ਬਿਆਨ ਕਰਦੀ ਇਸ ਤਸਵੀਰ ਦੀ ਦਾਅਵਿਆਂ ਤੋਂ ਪਰੇ ਇਹ ਹੈ ਅਸਲ ਕਹਾਣੀ

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਵੈਸੇ ਤਾਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਪਰ ਉਨ੍ਹਾਂ ਵਿੱਚੋਂ ਇੱਕ ਵਾਇਰਲ ਹੋ ਚੁੱਕੀ ਹੈ ਜਿਸ ਵਿੱਚ ਨੀਮ ਫੌਜੀ ਦਸਤੇ ਦਾ ਇੱਕ ਜਵਾਨ ਬਜ਼ੁਰਗ ਸਿੱਖ ਕਿਸਾਨ ਨੂੰ ਡੰਡਾ ਮਾਰਦਾ ਨਜ਼ਰ ਆ ਰਿਹਾ ਹੈ।

ਇਸ ਤਸਵੀਰ ਨੂੰ ਖ਼ਬਰ ਏਜੰਸੀ ਪੀਟੀਆਈ ਦੇ ਫ਼ੋਟੋ-ਪੱਤਰਕਾਰ ਰਵੀ ਚੌਧਰੀ ਨੇ ਆਪਣੇ ਕੈਮਰੇ ਵਿੱਚ ਕੈਦ ਕੀਤਾ ਅਤੇ ਫ਼ਿਰ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

ਇਸ ਤਸਵੀਰ ਕਰਕੇ ਸਿਆਸੀ ਰੱਸਾਕਸੀ ਵੀ ਹੋਈ ਜਿੱਥੇ ਵਿਰੋਧੀ ਧਿਰ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ।

ਇਹ ਵੀ ਪੜ੍ਹੋ-

ਵਿਰੋਧੀ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਤਸਵੀਰ ਮੋਦੀ ਸਰਕਾਰ ਦਾ ਕਿਸਾਨਾਂ ਪ੍ਰਤੀ ਰਵੱਈਆ ਪੇਸ਼ ਕਰਦੀ ਹੈ, ਪਰ ਭਾਜਪਾ ਦਾ ਦਾਅਵਾ ਹੈ ਕਿ ਤਸਵੀਰ ਵਿੱਚ ਨਜ਼ਰ ਆ ਰਹੇ ਬਜ਼ੁਰਗ ਸਿੱਖ ਨੂੰ ਸੋਟੀ ਨਹੀਂ ਵੱਜੀ ਸੀ।

ਬੀਤੇ ਕਈ ਦਿਨਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਕੌਮੀ ਰਾਜਧਾਨੀ ਦਿੱਲੀ ਦੀਆਂ ਹੱਦਾਂ 'ਤੇ ਡਟੇ ਹੋਏ ਹਨ।

ਕਿਸਾਨਾਂ ਦੇ ਹਿੱਤਾਂ 'ਤੇ ਅਸਰ

ਮੁਜ਼ਾਹਰਾਕਾਰੀ ਕਿਸਾਨ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਤਿੰਨ ਕਿਸਾਨ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਜਿਨ੍ਹਾਂ ਬਾਰੇ ਕਿਸਾਨਾਂ ਦਾ ਦਾਅਵਾ ਹੈ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ।

ਕਿਸਾਨ ਜਿਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਉਸ ਨੂੰ ਮੋਦੀ ਸਰਕਾਰ ਸੁਧਾਰ ਦੱਸ ਰਹੀ ਹਨ, ਪਰ ਕਿਸਾਨਾਂ ਦਾ ਦਾਅਵਾ ਹੈ ਕਿ ਇਹ ਉਨ੍ਹਾਂ ਦੇ ਹਿੱਤਾਂ ਦੇ ਵਿਰੁੱਧ ਹੈ।

ਮੋਦੀ ਸਰਕਾਰ ਦਾ ਕਹਿਣਾ ਹੈ ਕਿ ਸੁਧਾਰਾਂ ਨਾਲ ਖੇਤੀ ਖੇਤਰ ਵਿੱਚ ਨਿੱਜੀ ਸੈਕਟਰ ਲਈ ਰਾਹ ਖੁੱਲ੍ਹੇਗਾ, ਕਿਉਂਕਿ ਇਸ ਨਾਲ ਕਿਸਾਨਾਂ ਦੇ ਹਿੱਤਾਂ 'ਤੇ ਬੁਰਾ ਅਸਰ ਨਹੀਂ ਪਵੇਗਾ।

ਪਰ ਸਰਕਾਰ ਦੇ ਇਸ ਦਾਅਵੇ ਨਾਲ ਅਸਹਿਮਤ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਮਾਰਚ ਕੀਤਾ ਪਰ ਰਾਹ ਵਿੱਚ ਬੈਰੀਅਰ ਆਦਿ ਲਗਾ ਕੇ ਉਨ੍ਹਾਂ ਨੂੰ ਦਿੱਲੀ ਦਾਖ਼ਲ ਹੋਣ ਤੋਂ ਰੋਕਿਆ ਗਿਆ।

ਕਿਸਾਨਾਂ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ। ਦੋਵਾਂ ਦਰਮਿਆਨ ਟਕਰਾਅ ਵੀ ਹੋਇਆ।

ਵਾਇਰਲ ਤਸਵੀਰ

ਪੁਲਿਸ ਨੇ ਕਿਸਾਨਾਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦਾਗ਼ੇ ਅਤੇ ਪਾਣੀ ਦੀਆਂ ਬੁਛਾੜਾਂ ਦੀ ਵੀ ਵਰਤੋਂ ਕੀਤੀ ਗਈ।

ਹਾਲਾਂਕਿ ਦਿੱਲੀ ਪੁਲਿਸ ਨੇ ਬਾਅਦ ਵਿੱਚ ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਆ ਕੇ ਧਰਨਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਪਰ ਕਿਸਾਨਾਂ ਨੇ ਉਥੇ ਜਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਹ ਸਾਰੇ ਪਿਛਲੇ ਛੇ-ਸੱਤ ਦਿਨਾਂ ਤੋਂ ਰਾਜਧਾਨੀ ਦੀਆਂ ਹੱਦਾਂ 'ਤੇ ਹੀ ਡਟੇ ਹੋਏ ਹਨ।

ਬਜ਼ੁਰਗ ਸਿੱਖ 'ਤੇ ਡੰਡਾ ਲਹਿਰਾਉਂਦੇ ਨੀਮ ਫੌਜੀ ਦਸਤੇ ਦੇ ਜਵਾਨ ਦੀ ਤਸਵੀਰ ਸ਼ੁੱਕਰਵਾਰ ਸਿੰਘੂ ਬਾਰਡਰ ਦੀ ਹੈ।

ਇਸ ਬਾਰੇ ਪੀਟੀਆਈ ਦੇ ਫ਼ੋਟੇ ਜਰਨਲਿਸਟ ਰਵੀ ਚੌਧਰੀ ਨੇ ਫ਼ੈਕਟ ਚੈੱਕ ਵੈੱਬਸਾਈਟ ਬੂਮਲਾਈਵ.ਕੌਮ ਨੂੰ ਦੱਸਿਆ, "ਉਥੇ ਪਥਰਾਅ ਹੋ ਰਿਹਾ ਸੀ, ਬੈਰੀਅਰਾਂ ਨੂੰ ਤੋੜ੍ਹਿਆ ਜਾ ਰਿਹਾ ਸੀ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹਿੰਸਕ ਝੜਪ ਵਿੱਚ ਇੱਕ ਬੱਸ ਦਾ ਵੀ ਨੁਕਸਾਨ ਹੋਇਆ।"

ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਤਸਵੀਰ ਵਿੱਚ ਨਜ਼ਰ ਆ ਰਹੇ ਸਿੱਖ ਬਜ਼ੁਰਗ ਨੂੰ ਵੀ ਮਾਰਿਆ ਗਿਆ।

ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋਈ ਜਿਸ ਨੂੰ ਟਵੀਟਰ, ਫ਼ੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ।

ਭਾਜਪਾ ਦੇ ਆਈਟੀ ਸੈੱਲ ਦੀ ਦਲੀਲ

ਕਈ ਲੋਕਾਂ ਨੇ ਇਸ ਤਸਵੀਰ ਨਾਲ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਦਾ ਵੀ ਜ਼ਿਕਰ ਕੀਤਾ।

ਇਹ ਨਾਅਰਾ ਸਾਲ 1965 ਵਿੱਚ ਤਤਕਾਲੀ ਪ੍ਰਧਾਨਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਉਸ ਸਮੇਂ ਦਿੱਤਾ ਸੀ ਜਦੋਂ ਭਾਰਤ ਪਾਕਿਸਤਾਨ ਦੀ ਜੰਗ ਹੋ ਰਹੀ ਸੀ।

ਉਸ ਸਮੇਂ ਉਨ੍ਹਾਂ ਨੇ ਦੇਸ ਨਿਰਮਾਣ ਵਿੱਚ ਕਿਸਾਨਾਂ ਅਤੇ ਸੈਨਿਕਾਂ ਦੀ ਅਹਿਮੀਅਤ ਦੱਸੀ ਸੀ।

ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਤਸਵੀਰ ਨੂੰ ਟਵੀਟ ਕਰਦੇ ਹੋਏ ਲਿਖਿਆ, "ਬਹੁਤ ਹੀ ਦੁਖ਼ਦ ਤਸਵੀਰ ਹੈ। ਸਾਡਾ ਨਾਅਰਾ ਤਾਂ ਜੈ ਜਵਾਨ ਜੈ ਕਿਸਾਨ ਦਾ ਸੀ, ਪਰ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਹੰਕਾਰ ਨੇ ਜਵਾਨ ਨੂੰ ਕਿਸਾਨ ਖ਼ਿਲਾਫ਼ ਖੜ੍ਹਾ ਕਰ ਦਿੱਤਾ। ਇਹ ਬਹੁਤ ਖ਼ਤਰਨਾਕ ਹੈ।"

ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਰਾਹੁਲ ਗਾਂਧੀ ਦੇ ਇਸ ਦਾਅਵੇ 'ਤੇ ਪ੍ਰਸ਼ਨ ਚੁੱਕੇ ਅਤੇ ਤਿੰਨ ਸਕਿੰਟਾਂ ਦੀ ਇੱਕ ਕਲਿੱਪ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਬਜ਼ੁਰਗ ਸਿੱਖ ਨੂੰ ਸੋਟੀ ਨਹੀਂ ਮਾਰੀ ਗਈ ਸੀ ਅਤੇ ਉਨ੍ਹਾਂ ਨੇ ਇਸ ਨੂੰ ਇੱਕ 'ਪ੍ਰੋਪੈਗੰਡਾ' ਦੱਸਿਆ।

ਕਿਸਾਨਾਂ ਨਾਲ ਗੱਲਬਾਤ

ਪਰ ਅਮਿਤ ਮਾਲਵੀਆ ਦੇ ਦਾਅਵੇ ਨੂੰ ਬੂਮਲਾਈਵ.ਕੌਮ ਨੇ ਗ਼ਲਤ ਦੱਸਿਆ ਹੈ ਅਤੇ ਵੱਧ ਲੰਬਾ ਵੀਡੀਓ ਜ਼ਾਰੀ ਕਰਦੇ ਹੋਏ ਉਸ ਸਿੱਖ ਕਿਸਾਨ ਦੀ ਪਛਾਣ ਸੁਖਦੇਵ ਸਿੰਘ ਵਜੋਂ ਕੀਤੀ ਹੈ ਅਤੇ ਉਨ੍ਹਾਂ ਨਾਲ ਗੱਲ ਵੀ ਕੀਤੀ।

ਜਖ਼ਮੀ ਹੋਏ ਸੁਖਦੇਵ ਸਿੰਘ ਨੇ ਬੂਮਲਾਈਵ.ਕੌਮ ਨੂੰ ਦੱਸਿਆ ਉਨ੍ਹਾਂ ਨੂੰ ਇੱਕ ਨਹੀਂ ਬਲਕਿ ਦੋ ਜਵਾਨਾਂ ਨੇ ਮਾਰਿਆ।

ਪੰਜਾਬ ਅਤੇ ਹਰਿਆਣਾ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਤਸਵੀਰਾਂ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਦਾ ਵੀ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਦੇ ਰਵੱਈਏ ਪ੍ਰਤੀ ਚਿੰਤਾ ਜਤਾਈ ਸੀ। ਉਨ੍ਹਾਂ ਦੇ ਇਸ ਰੁਖ਼ ਬਾਰੇ ਭਾਰਤ ਸਰਕਾਰ ਨੇ ਤਿੱਖ਼ੀ ਪ੍ਰਤੀਕਿਰਿਆ ਦਿੱਤੀ ਸੀ।

ਹਾਲਾਂਕਿ ਸਰਕਾਰ ਅਤੇ ਕਿਸਾਨਾਂ ਦਰਮਿਆਨ ਮੰਗਲਵਾਰ ਵਿਚਾਰ ਚਰਚਾ ਹੋਈ। ਇਸ ਬੇਸਿੱਟਾ ਰਹੀ ਗੱਲਬਾਤ ਤੋਂ ਬਾਅਦ ਦੋਵੇਂ ਧਿਰਾਂ ਵੀਰਵਾਰ ਦੁਬਾਰਾ ਮਿਲ ਰਹੀਆਂ ਹਨ।

ਇਸ ਦਰਮਿਆਨ ਵੱਡੀ ਗਿਣਤੀ ਵਿੱਚ ਆਏ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ 'ਤੇ ਡੇਰਾ ਲਾਇਆ ਹੋਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਜਦੋਂ ਕਾਲੇ ਕਾਨੂੰਨ ਵਾਪਸ ਲਵੇਗੀ ਉਹ ਉਦੋਂ ਹੀ ਇਥੋਂ ਵਾਪਸ ਮੁੜਨਗੇ।

ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਨਾਲ ਰਾਸ਼ਨ-ਪਾਣੀ ਲੈ ਕੇ ਪੂਰੀ ਤਿਆਰੀ ਕਰਕੇ ਆਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)