You’re viewing a text-only version of this website that uses less data. View the main version of the website including all images and videos.
ਧਰਨੇ ਦੇ ਰਹੇ ਕਿਸਾਨਾਂ ਦੀ ਮਦਦ ਲਈ ਮੁਫ਼ਤ ਦੁੱਧ-ਸਬਜ਼ੀਆਂ, ਪੈਟਰੋਲ ਲਈ ਅੱਗੇ ਆਏ ਲੋਕ
"ਸਿੰਘੁ ਬਾਰਡਰ 'ਤੇ ਸਾਡੇ ਕਿਸਾਨਾਂ ਲਈ ਹੈਲਥ ਕੈਂਪ ਲਾਏ। ਏਮਜ਼, ਸਫ਼ਦਰਜੰਗ, ਹਿੰਦੂ ਰਾਓ ਤੇ ਦਿੱਲੀ ਦੇ ਹੋਰਨਾਂ ਹਸਪਤਾਲਾਂ ਤੋਂ ਡਾਕਟਰਾਂ ਨੇ ਕਿਸਾਨਾਂ ਦਾ ਸਾਥ ਦਿੱਤਾ। ਅਸੀਂ ਧਰਨੇ ਵਾਲੀਆਂ ਪੰਜੇ ਥਾਵਾਂ 'ਤੇ ਹੈਲਥ ਕੈਂਪ ਲਗਾਵਾਂਗੇ।"
ਕੁਝ ਇਸ ਤਰ੍ਹਾਂ ਹਰਜੀਤ ਸਿੰਘ ਭੱਟੀ ਨੇ ਦਿੱਲੀ ਬਾਰਡਰ 'ਤੇ ਧਰਨੇ 'ਤੇ ਬੈਠੇ ਕਿਸਾਨਾਂ ਦੀ ਮਦਦ ਕੀਤੀ। ਉਨ੍ਹਾਂ ਨੇ ਹੈਲਥ ਕੈਂਪ ਦੀਆਂ ਤਸਵੀਰਾਂ ਵੀ ਫੇਸਬੁੱਕ 'ਤੇ ਸਾਂਝੀਆਂ ਕੀਤੀਆਂ।
ਫੇਸਬੁੱਕ ਅਕਾਊਂਟ ਮੁਤਾਬਕ ਹਰਜੀਤ ਸਿੰਘ ਏਮਜ਼ ਦੇ ਸਾਬਕਾ ਸੀਨੀਅਰ ਰੈਜ਼ੀਡੈਂਟ ਹਨ।
ਇਹ ਵੀ ਪੜ੍ਹੋ:
ਅਜਿਹੇ ਹੀ ਕੁਝ ਹੋਰ ਵੀ ਲੋਕ ਹਨ ਜੋ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਸੋਸ਼ਲ ਮੀਡੀਆ ਉੱਤੇ ਮਦਦ ਦੀਆਂ ਕਈ ਤਸਵੀਰਾਂ ਤੇ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
"ਇੱਕ ਡਾਕਟਰ ਹੋਣ ਦੇ ਨਾਤੇ ਮੈਂ ਸਿੰਘੂ ਬਾਰਡਰ 'ਤੇ ਕਿਸਾਨ ਧਰਨੇ ਵਿਚ ਦਵਾਈਆਂ ਅਤੇ ਡਾਕਟਰੀ ਸਹਾਇਤਾ ਦਾ ਲੰਗਰ ਲਾਇਆ ਹੈ। ਜਿਸ ਕਿਸਾਨ ਦਾ ਪੈਦਾ ਕੀਤਾ ਅਨਾਜ ਖਾਧਾ ਹੈ, ਜਿਸ ਮਿੱਟੀ ਦਾ ਨਮਕ ਖਾਧਾ ਹੈ ਉਸ ਪ੍ਰਤਿ ਆਪਣਾ ਫ਼ਰਜ਼ ਅਦਾ ਕਰ ਰਿਹਾ ਹਾਂ।"
ਕੁਝ ਇਸ ਤਰ੍ਹਾਂ ਫੇਸਬੁੱਕ ਉੱਤੇ ਡਾ. ਬਲਬੀਰ ਸਿੰਘ ਨੇ ਦਿੱਲੀ ਬਾਰਡਰ 'ਤੇ ਧਰਨੇ 'ਤੇ ਬੈਠੇ ਕਿਸਾਨਾਂ ਦਾ ਸਮਰਥਨ ਕੀਤਾ। ਫੇਸਬੁੱਕ ਅਕਾਊਂਟ ਮੁਤਾਬਕ ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ ਵੁਲੰਟੀਅਰ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਹਰਿਆਣਾ ਦੇ ਲੋਕ ਵੰਡ ਰਹੇ ਸਬਜ਼ੀਆਂ-ਦੁੱਧ
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਹਰਿਆਣਾ ਵਿੱਚ ਵੀ ਸਥਾਨਕ ਲੋਕ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਹਨ।
ਬਹਾਦੁਰਗੜ੍ਹ ਵਿੱਚ ਟੀਕਰੀ ਬਾਰਡਰ ਅਤੇ ਸੋਨੀਪਤ ਵਿੱਚ ਸਿੰਘੁ ਬਾਰਡਰ 'ਤੇ ਲੋਕ ਦੁੱਧ, ਸਬਜ਼ੀਆਂ, ਪਾਣੀ ਅਤੇ ਹੋਰ ਮੁੱਢਲੀਆਂ ਲੋੜਾਂ ਦੀ ਲਗਾਤਾਰ ਸਪਲਾਈ ਕਰ ਰਹੇ ਹਨ।
ਅਖ਼ਬਾਰ ਮੁਤਾਬਕ ਮਨੀਸ਼ਾ ਨਾਮ ਦੀ ਸਥਾਨਕ ਵਾਸੀ ਨੇ ਧਰਨੇ ਵਿੱਚ ਸ਼ਾਮਿਲ ਕੁੜੀਆਂ ਦੀ ਸੁਰੱਖਿਆ ਲਈ ਸਾਉਣ ਵਾਸਤੇ ਇੱਕ ਦੁਕਾਨ ਅਤੇ ਟੁਇਲੇਟ ਦਾ ਪ੍ਰਬੰਧ ਕੀਤਾ ਹੈ। ਕੁੜੀਆਂ ਰਾਤ ਨੂੰ ਉੱਥੇ ਸੌਂਦੀਆਂ ਹਨ ਅਤੇ ਸਥਾਨਕ ਵਾਸੀ ਖਾਣੇ ਦਾ ਪ੍ਰਬੰਧ ਕਰਦੇ ਹਨ।
ਇਹ ਵੀ ਪੜ੍ਹੋ:
ਕਿਸਾਨਾਂ ਲਈ ਮੁਫ਼ਤ ਡੀਜ਼ਲ-ਪੈਟਰੋਲ
ਫਰੀਦਕੋਟ ਦੇ ਇੱਕ ਨੌਜਵਾਨ ਪ੍ਰਿਤਪਾਲ ਸਿੰਘ ਔਲਖ ਕਿਸਾਨਾਂ ਦੇ ਟਰੈਕਟਰਾਂ ਵਿੱਚ ਮੁਫ਼ਤ ਵਿੱਚ ਡੀਜ਼ਲ ਪਾ ਰਿਹਾ ਹੈ।
ਇਸ ਸਬੰਧੀ ਫੇਸਬੁੱਕ ਤੇ ਪੋਸਟ ਪਾਉਂਦਿਆਂ ਉਸ ਨੇ ਲਿਖਿਆ, "ਦਿੱਲੀ ਗਏ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਦੇ ਵੀ ਟਰੈਕਟਰ ਵਿੱਚ ਡੀਜ਼ਲ ਖ਼ਤਮ ਹੁੰਦਾ ਹੈ ਤਾਂ ਉਹ ਮੈਨੂੰ ਵੀਡੀਓ ਕਾਲ ਕਰ ਕੇ ਮੇਰੇ ਨੰਬਰ 'ਤੇ ਟੈਂਕੀ ਫੁੱਲ ਕਰਵਾ ਸਕਦਾ ਹੈ।"
ਉੱਧਰ ਪੀਟੀਸੀ ਨਿਊਜ਼ ਮੁਤਾਬਕ ਅੰਬਾਲਾ-ਹਿਸਾਰ ਰੋਡ 'ਤੇ ਇੱਕ ਪੈਟਰੋਲ ਪੰਪ ਦਾ ਮਾਲਕ ਧਰਨੇ ਵਿੱਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਦੇ ਟਰੈਕਟਰਾਂ ਵਿੱਚ ਮੁਫ਼ਤ ਵਿੱਚ ਤੇਲ ਪਾ ਰਿਹਾ ਹੈ।
ਜੋ ਵੀ ਟਰੈਕਟਰ ਅੰਬਾਲਾ-ਹਿਸਾਰ ਰੋਡ ਤੋਂ ਦਿੱਲੀ ਕੂਚ ਕਰ ਰਿਹਾ, ਉਸ ਦੇ ਟਰੈਕਟਰ ਵਿੱਚ ਇਸ ਪੈਟਰੋਲ ਪੰਪ 'ਤੇ ਮੁਫ਼ਤ ਵਿੱਚ ਤੇਲ ਪਾਇਆ ਜਾਂਦਾ ਹੈ।
ਅਮਰੀਕ-ਸੁਖਦੇਵ ਢਾਬੇ 'ਤੇ ਕਿਸਾਨਾਂ ਨੂੰ ਮੁਫ਼ਤ ਵਿੱਚ ਖਾਣਾ ਖਵਾਉਣ ਦੀ ਖ਼ਬਰ ਹਰ ਮੀਡੀਆ ਸੰਸਥਾ ਵਿੱਚ ਛਾਪੀ ਗਈ ਸੀ।
ਕਈ ਗੁਰਦੁਆਰਿਆਂ ਵਲੋਂ ਲਗਾਤਾਰ ਕਿਸਾਨਾਂ ਲਈ ਲੰਗਰ ਲਾਇਆ ਗਿਆ ਹੈ।
ਕਿਸਾਨਾਂ ਲਈ ਕੰਬਲਾਂ ਦਾ ਪ੍ਰੰਬਧ
ਉੱਥੇ ਹੀ ਦਿੱਲੀ ਵਿੱਚ ਕਿਸਾਨਾਂ ਨੂੰ ਕੰਬਲ ਵੰਡਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਡੇਲੀ ਸਿੱਖ ਅਪਡੇਟਸ ਨੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਸੰਸਥਾਵਾਂ ਵਲੋਂ ਕਿਸਾਨਾਂ ਦੀ ਮਦਦ
ਯੁਨਾਈਟਿਡ ਸਿਖਸ ਵਲੋਂ ਵੀ ਕਿਸਾਨਾਂ ਦੀ ਲਾਗਤਾਰ ਮਦਦ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਫੇਸਬੁੱਕ 'ਤੇ ਲਿਖਿਆ, "ਚੱਲ ਰਹੇ ਦਿੱਲੀ ਕਿਸਾਨ ਮੋਰਚੇ ਵਿੱਚ ਯੂਨਾਈਟਿਡ ਸਿੱਖਸ ਵੱਲੋਂ ਜਿੱਥੇ ਲੰਗਰ ਪਾਣੀ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਉੱਥੇ ਹੀ ਹਰ ਪ੍ਰਕਾਰ ਦੀਆਂ ਦਵਾਈਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਯੂਨਾਈਟਿਡ ਸਿੱਖਸ ਵਲੋਂ 24 ਘੰਟੇ ਐਮਰਜੈਂਸੀ ਵੈਨ ਵੀ ਉਪਲਬਧ ਕਰਵਾਈ ਗਈ ਹੈ। ਆਓ! ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਦੂਜੇ ਦਾ ਸਾਥ ਦੇਈਏ।"
ਖਾਲਸਾ ਏਡ ਇੰਟਰਨੈਸ਼ਨਲ ਨੇ ਵੀ ਐੱਨਐੱਚ-1 'ਤੇ ਕਿਸਾਨਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ।
ਉਨ੍ਹਾਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: