You’re viewing a text-only version of this website that uses less data. View the main version of the website including all images and videos.
Farmers Protest : ਖੱਟਰ ਸਮਰਥਕ ਵਿਧਾਇਕ ਸਣੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਕੀਤਾ ਦਿੱਲੀ ਕੂਚ ਦਾ ਐਲਾਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਿੰਘੂ ਬਾਰਡਰ 'ਤੇ ਅੜੇ ਕਿਸਾਨਾਂ ਨੂੰ ਬੁਰਾੜੀ ਮੈਦਾਨ ਵਿੱਚ ਆ ਕੇ ਬੈਠਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤਾ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਜਥੇਬੰਦੀਆਂ ਦੀ ਬੈਠਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ''ਕੇਂਦਰ ਸਰਕਾਰ ਨੇ ਜੋ ਗੱਲਬਾਤ ਦਾ ਸੱਦਾ ਭੇਜਿਆ ਗਿਆ ਉਹ ਸ਼ਰਤ ਅਧਾਰਿਤ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਸਰਕਾਰ ਇਸ ਪਾਸੇ ਕਿਸਾਨਾਂ ਨੂੰ ਠੰਢ ਵਿਚ ਬੈਠਣ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਗੱਲਬਾਤ ਲਈ ਸ਼ਰਤਾਂ ਰੱਖ ਰਹੀ ਹੈ। ਇਹ ਅਸੀਂ ਰੱਦ ਕਰਦੇ ਹਾਂ।''
ਅਮਿਤ ਸ਼ਾਹ ਦੇ ਸੱਦੇ ਨੂੰ ਲੈ ਕੇ ਸਿੰਘੂ ਬਾਰਡਰ ਉੱਤੇ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ। ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਬੈਠਕ ਕਰਕੇ ਬੁਰਾੜੀ ਮੈਦਾਨ ਵਿਚ ਨਾ ਜਾਣ ਦਾ ਫ਼ੈਸਲਾ ਲਿਆ।
ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਕਹੀਆਂ ਗਈਆਂ ਖ਼ਾਸ ਗੱਲਾ...
- ਬੁਰਾੜੀ ਪਾਰਕ 'ਚ ਕਦੇ ਨਹੀਂ ਜਾਵਾਂਗੇ
- ਸਰਕਾਰ ਨੇ ਗੱਲਬਾਤ ਲਈ ਸ਼ਰਤਾਂ ਰੱਖੀਆਂ ਹਨ ਜਿਸ ਨੂੰ ਅਸੀਂ ਸਵੀਕਾਰ ਨਹੀਂ ਕਰਦੇ
- ਬੁਰਾੜੀ ਪਾਰਕ ਨਹੀਂ ਬਲਕਿ ਓਪਨ ਜੇਲ੍ਹ ਹੈ
- ਅਸੀਂ ਦਿੱਲੀ ਨੂੰ ਲੱਗਦੇ ਸਾਰੇ ਮੁੱਖ ਮਾਰਗਾਂ 'ਤੇ ਧਰਨੇ ਦੇਵਾਂਗੇ ਅਤੇ ਦਿੱਲੀ ਦਾ ਘੇਰਾ ਕਰਾਂਗੇ
- ਅਸੀਂ ਦਿੱਲੀ ਨਾਲ ਲੱਗਦੇ ਸਾਰੇ ਪੰਜ ਹਾਈਵੇ ਜਾਮ ਕਰਾਂਗੇ ਅਤੇ ਬਾਰਡਰਾਂ 'ਤੇ ਹੀ ਬੈਠਾਂਗੇ
- ਅਸੀਂ ਟ੍ਰਾਲੀਆਂ ਨੂੰ ਹੀ ਘਰ ਬਣਾਇਆ ਹੈ। ਸਾਡੇ ਕੋਲ ਇਨ੍ਹਾਂ ਰਾਸ਼ਨ ਹੈ ਕਿ ਅਸੀਂ ਚਾਰ ਮਹੀਨੇ ਵੀ ਰੋਡ 'ਤੇ ਬੈਠ ਸਕਦੇ ਹਾਂ
- ਸਾਡੀ ਸਟੇਜ 'ਤੇ ਕਿਸੇ ਵੀ ਰਾਜਨੀਤਿਕ ਦਲ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੋਵੇਗੀ
- ਕਿਸਾਨ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਸਾਨੂੰ ਵਿਰੋਧ ਕਰਨ ਦਾ ਕੋਈ ਸ਼ੌਂਕ ਨਹੀਂ ਹੈ ਜੇਕਰ ਸਰਕਾਰ ਬਿਨਾਂ ਸ਼ਰਤ ਗੱਲਬਾਤ ਕਰੇ।
- "ਸਰਕਾਰ ਬਸ ਇਹ ਤਿੰਨ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦੇਵੇ, ਸਾਨੂੰ ਗੱਲਬਾਤ ਦੀ ਵੀ ਕੋਈ ਜ਼ਰੂਰਤ ਨਹੀਂ।"
- ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਬਿਨਾਂ ਸ਼ਰਤ ਦੇ ਬੁਲਾਵੇਗੀ ਤਾਂ ਅਸੀਂ ਜ਼ਰੂਰ ਜਾਵਾਂਗੇ, ਨਹੀਂ ਤਾਂ ਰੋਡ ਜਾਮ ਰਹੇਗਾ।"
- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਬੀਮਾਰ ਹੈ
ਇਸ ਤੋਂ ਪਹਿਲਾਂ ਬੈਠਕ ਤੋਂ ਬਾਅਦ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਅਸੀਂ ਸੜਕਾਂ ਜਾਮ ਕੀਤੀਆਂ ਹੋਈਆਂ ਹਨ, ਉਹ ਉਸ ਵੇਲੇ ਤੱਕ ਜਾਮ ਰਹਿਣਗੀਆਂ ਜਦੋਂ ਤੱਕ ਸਰਕਾਰ ਬਿਨਾਂ ਸ਼ਰਤ ਮੀਟਿੰਗ ਨਹੀਂ ਬੁਲਾਉਂਦੀ।
ਇਹ ਵੀ ਪੜ੍ਹੋ-
ਉਨ੍ਹਾਂ ਕਿਹਾ ਕਿ, ''ਸਰਕਾਰ ਦੀ ਸ਼ਰਤ ਬੁਰਾੜੀ ਜਾਣ ਦੀ ਹੈ, ਜਿਸ ਨੂੰ ਅਸੀਂ ਨਹੀਂ ਮੰਨਾਗੇ। ਉਨ੍ਹਾਂ ਕਿਹਾ ਕਿ ਐਨੀ ਵੱਡੀ ਗਿਣਤੀ 'ਚ ਕਿਸਾਨ ਆਏ ਹਨ, ਜੇ ਇਹ ਬਿੱਲ ਸਾਡੇ ਹੱਕ 'ਚ ਹੁੰਦਾ ਤਾਂ ਕਿਉਂ ਆਉਂਦੇ।''
"60 ਦਿਨ ਪੰਜਾਬ 'ਚ ਅੰਦੋਲਨ ਕੀਤਾ, ਸਰਕਾਰ ਨੂੰ ਕੋਈ ਫ਼ਰਕ ਨਹੀਂ ਪਿਆ। ਪੀਐੱਮ ਨੂੰ ਲੋਕਤੰਤਰਿਕ ਢੰਗ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਨਿਰੋਲ ਕਿਸਾਨ ਦਾ ਅੰਦੋਲਨ ਹੈ ਜੋ ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਹੈ।"
ਅਮਿਤ ਸ਼ਾਹ ਨੇ ਭੇਜਿਆ ਸੀ ਗੱਲਬਾਤ ਦਾ ਸੱਦਾ
ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ 1 ਦਸੰਬਰ ਨੂੰ ਦੁਪਹਿਰ 1 ਵਜੇ ਬੈਠਕ ਕਰਨ ਦਾ ਸੱਦਾ ਭੇਜਿਆ ਗਿਆ ਹੈ।
ਇਸ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਬੀਤੇ ਦਿਨੀਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਜਿਆਣੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਕੀਤੀ ਸੀ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਜਥੇਬੰਦੀਆਂ ਦਾ ਇਸ ਬਾਰੇ ਕੀ ਕਹਿਣਾ ਹੈ।
ਅਮਿਤ ਸ਼ਾਹ ਨੇ ਕਿਸਾਨਾਂ ਬਾਰੇ ਕੀ ਕਿਹਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸਾਨਾਂ ਨੂੰ ਰਾਜਨੀਤੀ ਨਾਲ ਪ੍ਰੇਰਿਤ ਨਹੀਂ ਆਖਿਆ ਅਤੇ ਨਾ ਹੀ ਇਹ ਗੱਲ ਮੈਂ ਹੁਣ ਆਖ ਰਿਹਾ ਹਾਂ।
ਸੁਪਰੀਮ ਕੋਰਟ ਦੇ ਵਕੀਲ ਵੀ ਕਿਸਾਨਾਂ ਦੇ ਪੱਖ 'ਚ ਨਿੱਤਰੇ
ਭਾਰਤੀ ਸੁਪਰੀਮ ਕੋਰਟ ਦੇ ਬਾਹਰ ਇਕੱਠੇ ਹੋਏ 30-35 ਵਕੀਲਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਮੁਜਾਹਰਾ ਕੀਤਾ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਅਤੇ ਦਿੱਲੀ ਬਾਰ ਕੋਂਸਲ ਦੇ ਮੈਂਬਰ ਰਾਜੀਵ ਖੋਸਲਾ ਦੀ ਅਗਵਾਈ ਵਿਚ ਵਕੀਲਾਂ ਨੇ ਸੁਪਰੀਮ ਕੋਰਟ ਦੇ ਬਾਹਰ ਇਕੱਠ ਕੀਤਾ ਅਤੇ ਕਿਸਾਨਾਂ ਨੂੰ ਨਵੇਂ ਖੇਤੀ ਬਿੱਲਾਂ ਕਾਰਨ ਆ ਰਹੀਆਂ ਮੁਸ਼ਕਲਾਂ ਸੁਣਨ ਦੀ ਅਪੀਲ ਕੀਤੀ।
ਨਵੇਂ ਖੇਤੀ ਕਾਨੂੰਨਾਂ ਦੀ ਆਲੋਚਨਾ ਕਰਦਿਆਂ ਫੂਲਕਾ ਨੇ ਕਿਹਾ ਕਿ ਕਿਸਾਨਾਂ ਨੂੰ ਸਾਂਤਮਈ ਮੁਜਾਹਰਾ ਕਰਨ ਦੇਣਾ ਚਾਹੀਦਾ ਹੈ।
ਫੂਲਕਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਕਿਉਂ ਕਿ ਉਹ ਆਪਣੇ ਘਰਬਾਰ ਛੱਡ ਕੇ ਦਿੱਲੀ ਡੇਰਾ ਲਾਈ ਬੈਠੇ ਹਨ।
ਖਾਪ ਪੰਚਾਇਤ ਨੇ ਵੀ ਕੀਤਾ ਕਿਸਾਨਾਂ ਦਾ ਸਮਰਥਨ
ਹਰਿਆਣਾ ਦੀ ਖਾਪ ਪੰਚਾਇਤ, ਜਿਸ ਵਿੱਚ ਹੁੱਡਾ, ਮਲਿਕ, ਮਹਿਮ ਚੌਬਿਸ਼ੀ, ਨੰਦਲ ਆਦਿ ਵੱਡੀਆਂ ਖਾਪਾਂ ਸ਼ਾਮਲ ਹਨ, ਨੇ ਕਿਸਾਨਾਂ ਦੇ ਸਮਰਥਨ ਪ੍ਰਤੀ ਆਪਣੀ ਇਕਜੁੱਟਤਾ ਦਿਖਾਈ ਹੈ।
ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ, ਦਿੱਲੀ ਖਾਪ--360 (ਪਾਲਮ) ਦੇ ਪ੍ਰਧਾਨ ਰਾਮ ਕਰਨ ਸੋਲੰਕੀ ਵੀ ਮੀਟਿੰਗ ਵਿੱਚ ਮੌਜੂਦ ਸਨ ਜਿਨ੍ਹਾਂ ਨੇ ਸੜਕਾਂ 'ਤੇ ਉਤਰੇ ਕਿਸਾਨਾਂ ਨੂੰ ਪੂਰੇ ਸਮਰਥਨ ਦੀ ਪੇਸ਼ਕਸ਼ ਕੀਤੀ ਹੈ।
ਨੰਦਲ ਖਾਪ ਦੀ ਮੁਖੀ ਸੁਰੇਸ਼ ਨੰਦਲ ਨੇ ਕਿਹਾ, "ਅਸੀਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹਾਂ। ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਕਿਸਾਨਾਂ ਦੀ ਜਾਇਜ਼ ਮੰਗਾਂ ਨੂੰ ਮੰਨੇ ਅਤੇ ਇਸ ਮੁੱਦੇ ਦਾ ਜਲਦੀ ਤੋਂ ਜਲਦੀ ਹੱਲ ਕੱਢੇ।"
ਖਾਪ ਪੰਚਾਇਤ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਹਰਿਆਣਾ ਦੇ ਸਾਬਕਾ ਸੀਐੱਮ ਨੇ ਕੀ ਕਿਹਾ?
ਹਰਿਆਣਾ ਦੇ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਕਾਰਵਾਈ ਨਾਲ ਕਿਸਾਨਾਂ ਦੇ ਅਹਿਮ ਨੂੰ ਸੱਟ ਲੱਗੀ ਹੈ।
ਮਨ ਕੀ ਬਾਤ 'ਚ ਪੀਐੱਮ ਮੋਦੀ ਨੇ ਕੀਤੀ ਖੇਤੀ ਕਾਨੂੰਨਾਂ ਦੀ ਗੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਬਾਰੇ ਕਿਹਾ ਹੈ ਕਿ ਵਹਿਮਾਂ ਅਤੇ ਅਫ਼ਾਵਹਾਂ ਤੋਂ ਦੂਰ, ਕਾਨੂੰਨ ਦੀ ਸਹੀ ਜਾਣਕਾਰੀ ਲੋਕਾਂ ਨੂੰ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਇਨ੍ਹਾਂ ਕਾਨੂੰਨਾਂ ਬਾਰੇ ਗੱਲ ਕਰਦਿਆਂ ਹੋਇਆ ਕਿਹਾ, "ਇਨ੍ਹਾਂ ਸੁਧਾਰਾਂ ਨਾਲ ਨਾ ਸਿਰਫ਼ ਕਿਸਾਨਾਂ ਦੀਆਂ ਰੁਕਾਵਟਾਂ ਖ਼ਤਮ ਹੋਈਆਂ ਹਨ, ਬਲਕਿ ਉਨ੍ਹਾਂ ਨੂੰ ਨਵੇਂ ਅਧਿਕਾਰ ਵੀ ਮਿਲੇ ਹਨ, ਨਵੇਂ ਮੌਕੇ ਵੀ ਮਿਲੇ ਹਨ।"
ਪੰਜਾਬ-ਹਰਿਆਣਾ ਤੋਂ ਆਏ ਸਿੱਖ ਹਨ, ਇਸ ਲਈ ਖ਼ਾਲਿਸਤਾਨੀ ਸੱਦਿਆ ਜਾ ਰਿਹਾ- ਸੰਜੇ ਰਾਊਤ
ਸ਼ਿਵ ਸੈਨਾ ਆਗੂ ਸੰਜੇ ਰਾਊਤ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਜਾ ਰਿਹਾ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਇਸ ਦੇਸ਼ ਦੇ ਨਹੀਂ ਹਨ।
ਉਨ੍ਹਾਂ ਨੇ ਕਿਹਾ, "ਉਨ੍ਹਾਂ ਨਾਲ 'ਦਹਿਸ਼ਤਗਰਦਾਂ' ਵਾਲਾ ਵਤੀਰਾ ਕੀਤਾ ਜਾ ਰਿਹਾ ਹੈ।''
ਕਿਉਂਕਿ ਉਹ ਸਿੱਖ ਹਨ ਅਤੇ ਪੰਜਾਬ ਤੇ ਹਰਿਆਣਾ ਤੋਂ ਆਏ ਹਨ, ਇਸ ਲਈ ਉਨ੍ਹਾਂ ਨੂੰ ਖ਼ਲਿਸਤਾਨੀ ਆਖਿਆ ਜਾ ਰਿਹਾ ਹੈ।"
ਕੇਂਦਰ ਸਰਕਾਰ ਦੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਸਵਾਲ ਕੀਤਾ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿੱਚ ਹੀ ਕਿਉਂ ਜਾਣ ਲਈ ਕਹਿ ਰਿਹਾ ਹੈ।
ਸਮਾਚਾਰ ਏਜੰਸੀ ਏਐੱਨਆਈ ਮੁਾਤਬਕ ਦਿੱਲੀ-ਗਾਜ਼ੀਆਬਾਦ ਬਾਰਡਰ ਦੇ ਕੋਲ ਵਿਰੋਧ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ, "ਵਿਰੋਧ ਪ੍ਰਦਰਸ਼ਨ ਰਾਮਲੀਲਾ ਮੈਦਾਨ ਵਿੱਚ ਹੁੰਦੇ ਹਨ ਤਾਂ ਅਸੀਂ ਬੁਰਾੜੀ ਦੇ ਨਿਰੰਕਾਰੀ ਭਵਨ ਵਿੱਚ ਕਿਉਂ ਜਾਈਏ ਜੋ ਇੱਕ ਨਿੱਜੀ ਥਾਂ ਹੈ।"
ਇਸ ਵਿਚਾਲੇ ਕਿਸਾਨਾਂ ਦੀ ਵਧਦੀ ਸੰਖਿਆ ਨੂੰ ਦੇਖਦਿਆਂ ਹੋਇਆ ਦਿੱਲੀ ਦੇ ਹਰਿਆਣਾ ਬਾਰਡਰ 'ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਕਾਂਗਰਸ ਨੇਤਾ ਦੀਪੇਂਦਰ ਸਿੰਘ ਹੁੱਡਾ ਨੇ ਬਹਾਦੁਰਗੜ੍ਹ ਵਿੱਚ ਦਿੱਲੀ-ਹਰਿਆਣਾ ਬਾਰਡਰ 'ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨ ਦਸੰਬਰ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਸਗੋਂ ਕਿਸਾਨਾਂ ਨਾਲ ਤੁਰੰਤ ਗੱਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਹਨ।
ਕਾਂਗਰਸ ਸੰਸਦ ਮੈਂਬਰ ਹੁੱਡਾ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਠੰਢ ਵਿੱਚ ਤਿੰਨ ਦਸੰਬਰ ਤੱਕ ਬਿਠਾ ਕੇ ਰੱਖਣਾ ਚਾਹੁੰਦੀ ਹੈ ਤਾਂ ਉਨ੍ਹਾਂ ਦੇ ਰਹਿਣ, ਖਾਣ ਅਤੇ ਦਵਾਈ ਦਾ ਇੰਤਜ਼ਾਮ ਕਰੇ।
ਉਨ੍ਹਾਂ ਨੇ ਇਲਜ਼ਾਮ ਲਗਾਇਆ,''ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਲੋਕਾਂ ਨੂੰ ਕੋਵਿਡ-19 ਦੌਰਾਨ ਇਕੱਠਾ ਨਹੀਂ ਹੋਣਾ ਚਾਹੀਦਾ ਅਤੇ ਦੂਜੇ ਪਾਸੇ ਉਹ ਤਿੰਨ ਦਸੰਬਰ ਤੱਕ ਕਿਸਾਨਾਂ ਨੂੰ ਬਿਠਾ ਕੇ ਰੱਖਣਾ ਚਾਹੁੰਦੀ ਹੈ। ਸਰਕਾਰ ਖ਼ੁਦ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਵਧਾਵਾ ਦੇ ਰਹੀ ਹੈ।"
ਕਾਫਲੇ 'ਚ ਸ਼ਾਮਲ ਗੱਡੀ ਨੂੰ ਅੱਗ ਲੱਗਣ ਨਾਲ ਮੁਜ਼ਾਹਰਾਕਾਰੀ ਦੀ ਮੌਤ
ਬੀਕੇਯੂ ਏਕਤਾ ਉਗਰਾਹਾਂ ਦੇ ਕਾਫਲੇ 'ਚ ਸ਼ਾਮਲ ਜਨਕ ਰਾਜ ਪੁੱਤਰ ਪ੍ਰੀਤਮ ਲਾਲ ਵਾਸੀ ਧਨੌਲਾ ਦੀ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ।
ਜਨਕ ਰਾਜ ਰਾਤ ਨੂੰ ਸਵਿੱਫਟ ਗੱਡੀ ਚ ਸੁੱਤਾ ਸੀ। ਦੇਰ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਉਨ੍ਹਾਂ ਦੀ ਵਿੱਚੇ ਹੀ ਮੌਤ ਹੋ ਗਈ।
ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਕਿਸਾਨ ਸ਼ਾਂਤਮਈ ਢੰਗ ਨਾਲ ਬੈਠੇ ਹਨ ਤੇ ਸਹਿਯੋਗ ਕਰ ਰਹੇ ਹਨ: ਪੁਲਿਸ ਕਮਿਸ਼ਨਰ
ਦਿੱਲੀ ਨੌਰਥਨ ਰੇਂਜ ਦੇ ਪੁਲਿਸ ਕਮਿਸ਼ਨਰ ਸੁਰਿੰਦਰ ਯਾਦਵ ਦਾ ਕਹਿਣਾ ਹੈ ਹੁਣ ਕਿਸਾਨ ਸ਼ਾਂਤਮਈ ਢੰਗ ਨਾਲ ਬੈਠੇ ਹਨ ਤੇ ਸਹਿਯੋਗ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਸਾਡਾ ਉਦੇਸ਼ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣਾ ਹੈ ਅਤੇ ਸੁਨਿਸ਼ਚਿਤ ਕਰਨਾ ਹੈ ਕਿ ਉਨ੍ਹਾਂ ਦੀ ਅੰਦੋਲਨ ਦੀ ਵਿਵਸਥਾ ਸੁਵਿਧਜਨਕ ਬਣੀ ਰਹੀ ਹੈ।"
ਪੰਜਾਬ ਦੇ ਕਿਸਾਨਾਂ ਦੇ ਸਮਰਥਨ ਲਈ ਯੂਪੀ ਦੇ ਕਿਸਾਨ ਪਹੁੰਚੇ ਦਿੱਲੀ
ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਕੁਝ ਸਮੂਹ ਸ਼ਨੀਵਾਰ ਦੁਪਹਿਰ ਆਪਣੇ ਵਾਹਨਾਂ ਰਾਹੀਂ ਗਾਜ਼ੀਪੁਰ ਬਾਰਡਰ 'ਤੇ ਇਕੱਠਾ ਹੋਏ ਹਨ।
ਉੱਤਰ ਪ੍ਰਦੇਸ਼ ਦੇ ਇਹ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਲਈ ਆਏ ਹਨ।
ਦਿੱਲੀ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਸੰਗਠਨਾਂ ਦੇ 'ਦਿੱਲੀ ਚਲੋ' ਦੇ ਸੱਦੇ 'ਤੇ ਕਰੀਬ 200 ਕਿਸਾਨ ਯੂਪੀ ਗੇਟ (ਗਾਜ਼ੀਪੁਰ ਬਾਰਡਰ) ਪਹੁੰਚੇ ਹਨ ਅਤੇ ਪੁਲਿਸ ਅਧਿਕਾਰੀ ਉਨ੍ਹਾਂ ਨਾਲ ਗੱਲ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਪ੍ਰਦਰਸ਼ਕਾਰੀ ਕਿਸਾਨਾਂ ਨੇ ਆਪਣੇ ਵਾਹਨ ਨਿਰਧਾਰਿਤ ਥਾਵਾਂ ਦੇ ਪਾਰਕ ਕੀਤੇ ਹਨ ਤਾਂ ਜੋ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਟ੍ਰੈਫਿਕ ਚਲਦਾ ਰਹੇ।
ਡਿਪਟੀ ਪੁਲਿਸ ਕਮਿਸ਼ਨਰ (ਪੂਰਵ) ਜਸਮੀਤ ਸਿੰਘ ਨੇ ਕਿਹਾ, "ਕਿਸਾਨ ਮੰਗ ਕਰ ਰਹੇ ਹਨ ਕਿ ਉਹ ਦਿੱਲੀ ਵੱਲ ਵਧਣਾ ਚਾਹੁੰਦੇ ਹਨ ਪਰ ਅਸੀਂ ਉਨ੍ਹਾਂ ਨਾਲ ਗੱਲ ਕਰ ਰਹੇ ਹਾਂ। ਇਸ ਵੇਲੇ ਉਨ੍ਹਾਂ ਦੀ ਗਿਣਤੀ ਕਰੀਬ 200 ਹੈ। ਉਹ ਯੂਪੀ ਗੇਟ 'ਤੇ ਬੈਠੇ ਹਨ।"
ਇਹ ਵੀ ਪੜ੍ਹੋ:
ਹਰਿਆਣਾ 'ਚ ਕਿਸਾਨ ਆਗੂ ਸਣੇ ਹੋਰਨਾਂ ਖ਼ਿਲਾਫ਼ ਦੋ ਮਾਮਲੇ ਦਰਜ
ਹਰਿਆਣਾ ਦੇ ਕਰਨਾਲ ਵਿੱਚ ਭਾਰਤੀ ਕਿਸਾਨ ਸੰਘ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਅਤੇ ਹੋਰਨਾਂ ਦੇ ਖ਼ਿਲਾਫ਼ ਦੋ ਮਾਮਲੇ ਦਰਜ ਕੀਤੇ ਗਏ ਹਨ।
ਕਰਨਾਲ ਦੇ ਡੀਐੱਸਪੀ ਨੇ ਦੱਸਿਆ ਕਿ ਇਹ ਮਾਮਲੇ ਕਿਸਾਨਾਂ ਦੇ ਮੌਜੂਦਾ ਵਿਰੋਧ ਪ੍ਰਦਰਸ਼ਨ ਨਾਲ ਜੁੜੇ ਹੋਏ ਹਨ।
ਉਨ੍ਹਾਂ ਨੇ ਕਿਹਾ, "ਇਹ ਮਾਮਲੇ ਕਰਨਾਲ ਦੇ ਸਰਦਾਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੇ ਗਏ ਹਨ। ਮਾਮਲੇ ਵਿਰੋਧ ਪ੍ਰਦਰਸ਼ਨ ਦੌਰਾਨ ਨਿਯਮਾਂ ਦੇ ਉਲੰਘਣ ਨਾਲ ਜੁੜੇ ਹਨ।"
ਸਰਕਾਰ ਖੇਤੀ ਕਾਨੂੰਨਾਂ 'ਤੇ ਮੁੜ ਵਿਚਾਰ ਕਰ ਲੈਣ ਤਾਂ ਬਿਹਤਰ: ਮਾਇਆਵਤੀ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਕਿਸਾਨ ਵਿਰੋਧ ਕਰ ਰਹੇ ਹਨ, ਸਰਕਾਰ ਨੂੰ ਇੱਕ ਵਾਰ ਮੁੜ ਇਨ੍ਹਾਂ ਕਾਨੂੰਨਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ।
ਬੁਰਾੜੀ ਵਿੱਚ ਕਿਸਾਨਾਂ ਨਾਲ ਮਿਲੇ ਆਮ ਆਦਮੀ ਪਾਰਟੀ ਦੇ ਅਮਾਨਤੁੱਲਾਹ ਖ਼ਾਨ
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾਹ ਖ਼ਾਨ ਨੇ ਬੁਰਾੜੀ ਦੇ ਨਿਰੰਕਾਰੀ ਸਮਾਗਮ ਮੈਦਾਨ ਵਿੱਚ ਇਕੱਠੇ ਹੋਏ ਕਿਸਾਨਾਂ ਨਾਲ ਦੇਰ ਰਾਤ ਮੁਲਾਕਾਤ ਕੀਤੀ।
ਉਨ੍ਹਾਂ ਨੇ ਕਿਹਾ, "ਅਸੀਂ ਇਹ ਦੇਖਣ ਆਏ ਹਾਂ ਕਿ ਕਿਸਾਨਾਂ ਨੂੰ ਖਾਣ-ਪੀਣ ਜਾਂ ਰਹਿਣ ਦੀ ਕੋਈ ਦਿੱਕਤ ਨਾ ਹੋਵੇ। ਕਿਸਾਨ ਜਦੋਂ ਤੱਕ ਇੱਥੇ ਹਨ ਅਸੀਂ ਉਨ੍ਹਾਂ ਦਾ ਧਿਆਨ ਰੱਖਾਂਗੇ।"
ਇਸ ਤੋਂ ਪਹਿਲਾਂ ਦਿੱਲੀ ਦੀ ਆਮ ਆਦਮੀ ਪਾਰਟੀ ਸਕਰਾ ਨੇ ਸਟੇਡੀਅਮ ਨੂੰ ਅਸਥਾਈ ਜੇਲ੍ਹ ਵਿੱਚ ਤਬਦੀਲ ਕਰਨ ਤੋਂ ਕੇਂਦਰ ਸਰਕਾਰ ਦੀ ਗੁਜਾਰਿਸ਼ ਨੂੰ ਠੁਕਰਾ ਦਿੱਤਾ ਸੀ।
ਦਿੱਲੀ ਸਰਕਾਰ ਨੇ ਕਿਹਾ ਸੀ, "ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਂਤਮਈ ਹੈ। ਉਨ੍ਹਾਂ ਨੂੰ ਜੇਲ੍ਹ ਵਿੱਚ ਪਾਉਣਾ ਸਮੱਸਿਆ ਦਾ ਹੱਲ ਨਹੀਂ ਹੈ।"
ਅਮਿਤ ਸ਼ਾਹ ਦੇ ਸੱਦੇ ਬਾਰੇ ਕਿਸਾਨ ਅੱਜ ਲੈਣਗੇ ਫ਼ੈਸਲਾ
ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਅਮਿਤ ਸ਼ਾਹ ਵੱਲੋਂ ਗੱਲਬਾਤ ਦੇ ਸੱਦੇ ਦਾ ਜਵਾਬ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਨੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਹੈ, "ਅਮਿਤ ਸ਼ਾਹ ਵੱਲੋਂ ਗੱਲਬਾਤ ਲਈ ਸ਼ਰਤ ਆਧਾਰਿਤ ਸੱਦਾ ਚੰਗੀ ਗੱਲ ਨਹੀਂ ਹੈ। ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਗੱਲਬਾਤ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਅਸੀਂ ਬੈਠਕ ਕਰਾਂਗੇ ਅਤੇ ਇਸ ਬਾਰੇ ਫ਼ੈਸਲਾ ਲਵਾਂਗੇ।
ਦਰਅਸਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਨੇ ਲਈ ਤੈਅ ਥਾਂ ਤੇ ਪਹੁੰਣਗੇ ਤਾਂ ਅਗਲੇ ਹੀ ਦਿਨ ਭਾਰਤ ਸਰਕਾਰ ਉਨ੍ਹਾਂ ਦੇ ਨਾਲ ਗੱਲਬਾਤ ਕਰੇਗੀ।