Farmers Protest: ਬੁਰਾੜੀ ਮੈਦਾਨ 'ਚ ਪਹੁੰਚੋਂ ਹਰ ਮੰਗ 'ਤੇ ਦੂਜੇ ਹੀ ਦਿਨ ਗੱਲਬਾਤ ਲਈ ਤਿਆਰ - ਅਮਿਤ ਸ਼ਾਹ

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਬੁਰਾੜੀ ਮੈਦਾਨ ਵਿਚ ਧਰਨਾ ਦੇਣ ਦਾ ਕੇਂਦਰ ਸਰਕਾਰ ਦਾ ਸੱਦਾ ਰੱਦ ਕਰ ਦਿੱਤਾ ਹੈ।

30 ਕਿਸਾਨ ਜਥੇਬੰਦੀਆਂ ਨੇ ਬੈਠਕ ਕਰਕੇ ਸਰਬਸਮੰਤੀ ਨਾਲ ਗੱਲਬਾਤ ਕਰਕੇ ਐਲਾਨ ਕੀਤਾ ਕਿ ਕਿਸਾਨ ਦਿੱਲੀ ਬਾਰਡਰ ਉੱਤੇ ਹੀ ਧਰਨਾ ਦੇਣਗੇ।

ਕਿਸਾਨ ਆਗੂਆਂ ਦੇ ਨੁੰਮਾਇਦਿਆਂ ਨੇ ਕਿਹਾ ਕਿ ਹਰ ਰੋਜ਼ 11 ਵਜੇ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਇਆ ਕਰੇਗੀ ਅਤੇ ਅੰਦੋਲਨ ਸਬੰਧੀ ਗੱਲਬਾਤ ਰਾਹੀ ਸਰਬਸੰਮਤੀ ਨਾਲ ਫੈਸਲੇ ਲਏ ਜਾਣਗੇ।

ਕਿਸਾਨਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਦਿੱਲੀ ਦੇ ਬਾਰਡਰਾਂ ਨੂੰ ਘੇਰੀ ਰੱਖਣਗੇ।

ਇਹ ਵੀ ਪੜ੍ਹੋ

ਗੱਲਬਾਤ ਦਾ ਨਵਾਂ ਸੱਦਾ ਤੇ ਕਿਸਾਨਾਂ ਦਾ ਪ੍ਰਤੀਕਰਮ

ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਨੇ ਲਈ ਤੈਅ ਥਾਂ ਤੇ ਪਹੁੰਣਗੇ ਤਾਂ ਅਗਲੇ ਹੀ ਦਿਨ ਭਾਰਤ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰੇਗੀ।

ਗ੍ਰਹਿ ਮੰਤਰੀ ਦੇ ਬਿਆਨ ਉੱਤੇ ਪ੍ਰਤੀਕਰਮ ਦਿੰਦਿਆ ਸਵਰਾਜ ਆਗੂ ਯੋਂਗੇਦਰ ਯਾਦਵ ਨੇ ਕਿਹਾ ਕਿ ਗ੍ਰਹਿ ਮੰਤਰੀ ਅਜੇ ਵੀ ਸ਼ਰਤਾਂ ਲਗਾ ਰਹੇ ਹਨ ਅਤੇ ਇਹ ਮੰਗਭਾਗੀ ਗੱਲ ਹੈ।

ਉਨ੍ਹਾਂ ਕਿ ਗੱਲਬਾਤ ਬਿਨਾਂ ਸ਼ਰਤ ਹੋਣੀ ਚਾਹੀਦੀ ਹੈ ਅਤੇ ਸਰਕਾਰ ਜੇਕਰ ਕਾਨੂੰਨਾਂ ਉੱਤੇ ਪੁਨਰ ਵਿਚਾਰ ਕਰਨ ਦਾ ਭਰੋਸਾ ਦੇਵੇ ਤਾਂ ਗੱਲਬਾਤ ਹੋ ਸਕਦੀ ਹੈ। ਪਰ ਇਸਦਾ ਫੈਸਲਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਸਵੇਰੇ 11 ਵਜੇ ਹੋਣ ਵਾਲੀ ਬੈਠਕ ਵਿਚ ਹੀ ਹੋਵੇਗਾ।

ਧਰਨੇ ਵਾਲੀ ਥਾਂ 'ਤੇ ਜਾਓ, ਅਗਲੇ ਦਿਨ ਹੀ ਕਰਾਂਗੇ ਗੱਲ- ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਪੁਲਿਸ ਵਲੋਂ ਤੈਅ ਧਰਨੇ ਵਾਲੀ ਥਾਂ 'ਤੇ ਪਹੁੰਚਣ।

28 ਨਵੰਬਰ ਸ਼ਾਮ ਨੂੰ ਇੱਕ ਵੀਡੀਓ ਸੰਦੇਸ ਰਾਹੀ ਉਨ੍ਹਾਂ ਕਿਹਾ, "ਪੰਜਾਬ ਦੀ ਸਰਹੱਦ ਤੋਂ ਲੈ ਕੇ ਦਿੱਲੀ-ਹਰਿਆਣਾ ਬਾਰਡਰ 'ਤੇ ਜੋ ਕਿਸਾਨ ਭਰਾ ਅੰਦਲੋਨ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਤਿੰਨ ਦਸੰਬਰ ਨੂੰ ਕੇਂਦਰੀ ਖੇਤੀ ਮੰਤਰੀ ਨੇ ਗੱਲਬਾਤ ਲਈ ਸੱਦਾ ਦਿੱਤਾ ਹੈ ਤੇ ਭਾਰਤ ਸਰਕਾਰ ਤੁਹਾਡੀ ਹਰ ਮੰਗ ਤੇ ਵਿਚਾਰ ਕਰਨ ਲਈ ਤਿਆਰ ਹੈ।"

"ਵੱਖ-ਵੱਖ ਥਾਵਾਂ 'ਤੇ ਕਿਸਾਨ ਭਰਾ ਟਰੈਕਟਰ-ਟਰਾਲੀ ਨਾਲ ਠੰਢ ਵਿੱਚ ਬੈਠੇ ਹਨ। ਮੈਂ ਅਪੀਲ ਕਰਦਾ ਹਾਂ ਉਨ੍ਹਾਂ ਨੂੰ ਦਿੱਲੀ ਪੁਲਿਸ ਇੱਕ ਵੱਡੇ ਮੈਦਾਨ ਵਿੱਚ ਸ਼ਿਫ਼ਟ ਕਰਨ ਲਈ ਤਿਆਰ ਹੈ। ਕਿਰਪਾ ਉੱਥੇ ਜਾਓ। ਉੱਥੇ ਤੁਹਾਨੂੰ ਪ੍ਰੋਗਰਾਮ ਕਰਨ ਦੀ ਪੁਲਿਸ ਇਜਾਜ਼ਤ ਵੀ ਦਿੱਤੀ ਜਾਵੇਗੀ। ਤੁਸੀਂ ਉੱਥੇ ਮੰਚ ਵੀ ਲਗਾ ਸਕਦੇ ਹੋ, ਸ਼ੌਚ ਦੀ ਸਹੂਲਤ ਵੀ ਬਣਾ ਦਿੱਤੀ ਹੈ। ਐਂਬੁਲੈਂਸ, ਪਾਣੀ ਦੀ ਸਹੂਲਤ ਵੀ ਲਗਾਤਾਰ ਰਹੇਗੀ। ਸੁਰੱਖਿਆ ਵੀ ਰਹੇਗੀ। ਤੁਸੀਂ ਜੇ ਸੜਕ ਦੀ ਥਾਂ, ਤੈਅ ਥਾਂ 'ਤੇ ਸ਼ਾਂਤੀ ਨਾਲ ਧਰਨਾ-ਪ੍ਰਦਰਸ਼ਨ ਕਰਦੇ ਹੋ ਤਾਂ ਇਸ ਨਾਲ ਕਿਸਾਨਾਂ ਦੀ ਪਰੇਸ਼ਾਨੀ ਵੀ ਘਟੇਗੀ ਤੇ ਆਵਾਜਾਈ ਕਰ ਰਹੀ ਆਮ ਜਨਤਾ ਦੀ ਵੀ।"

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, "ਜੇ ਕਿਸਾਨ ਯੂਨੀਅਨ ਚਾਹੁੰਦੀਆਂ ਹਨ ਕਿ ਭਾਰਤ ਸਰਕਾਰ ਤਿੰਨ ਦਸੰਬਰ ਤੋਂ ਪਹਿਲਾਂ ਉਨ੍ਹਾਂ ਨਾਲ ਗੱਲ ਕਰੇ ਤਾਂ ਮੈਂ ਭਰੋਸਾ ਦਿੰਦਾ ਹਾਂ ਜਿਵੇਂ ਹੀ ਤੁਸੀਂ ਉਸ ਥਾਂ 'ਤੇ ਸ਼ਿਫ਼ਟ ਹੋ ਜਾਂਦੇ ਹੋ, ਚੰਗੀ ਤਰ੍ਹਾਂ ਸੈੱਟ ਹੋ ਜਾਂਦੇ ਹੋ, ਦੂਜੇ ਹੀ ਦਿਨ ਭਾਰਤ ਸਰਕਾਰ ਤੁਹਾਡੀਆਂ ਮੰਗਾਂ ਬਾਰੇ ਗੱਲਬਾਤ ਕਰਨ ਲਈ ਤਿਆਰ ਹੈ।"

"ਮੈਂ ਕਿਸਾਨ ਯੂਨੀਅਨ ਦੇ ਸਾਰੇ ਆਗੂਆਂ ਨੂੰ ਕਹਿੰਦਾ ਹਾਂ ਕਿ ਜੋ ਥਾਂ ਦਿੱਲੀ ਪੁਲਿਸ ਨੇ ਤੈਅ ਕੀਤਾ ਹੈ, ਆਪਣੇ ਸਾਥੀਆਂ ਨਾਲ ਆ ਜਾਓ। ਲੋਕ ਤੰਤਰੀ ਤਰੀਕੇ ਨਾਲ ਅੰਦੋਲਨ ਜਾਰੀ ਰੱਖੋ, ਭਾਰਤ ਸਰਾਰ ਜਲਦੀ ਗੱਲਬਾਤ ਲਈ ਤਿਆਰ ਹੈ।"

ਹੁਣ ਤੱਕ ਜੋ ਜੋ ਹੋਇਆ

  • ਕਿਸਾਨਾਂ ਨੇ ਬੁਰਾੜੀ ਮੈਦਾਨ ਵਿਚ ਜਾਣ ਦੀ ਬਜਾਇ ਦਿੱਲੀ ਬਾਰਡਰ ਉੱਤੇ ਹੀ ਬੈਠਣ ਦਾ ਫ਼ੈਸਲਾ ਕੀਤਾ ਹੈ।
  • 30 ਕਿਸਾਨ ਜਥੇਬੰਦੀਆਂ ਨੇ ਸਿੰਘੂ ਅਤੇ ਟਿਕਰੀ ਬਾਰਡਰ ਸੀਲ ਕਰ ਦਿੱਤੇ ਹਨ
  • ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ।
  • ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਗੱਲਬਾਤ ਨਾ ਕਰਨ ਦਾ ਇਲਜ਼ਾਮ ਲਾਇਆ
  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਸਾਨਾਂ ਉੱਤੇ ਤਸ਼ੱਦਦ ਲਈ ਖੱਟਰ ਨੂੰ ਮਾਫ਼ੀ ਮੰਗਣ ਲਈ ਕਿਹਾ ਹੈ।
  • ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਵੱਡੀ ਗਿਣਤੀ ਕਿਸਾਨ ਦਿੱਲੀ ਪਹੁੰਚੇ ਹਨ
  • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਈ ਆਗੂ ਸਿੰਘੂ ਬਾਰਡਰ ਪਹੁੰਚੇ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ
  • ਕਿਸਾਨ 25 ਨਵੰਬਰ ਤੋਂ ਦਿੱਲੀ ਕੂਚ ਪ੍ਰੋਗਰਾਮ ਤਹਿਤ ਕੌਮ ਰਾਜਧਾਨੀ ਤਹਿਤ ਦਿੱਲੀ ਆ ਰਹੇ ਸਨ।
  • ਹਰਿਆਣਾ ਸਰਕਾਰ ਨੇ ਥਾਂ-ਥਾਂ ਪੁਲਿਸ ਰੋਕਾਂ ਨਾਲ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਦਿੱਲੀ ਤੱਕ ਪਹੁੰਚ ਗਏ
  • ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਪਰ ਉਹ ਲਗਾਤਾਰ ਅੱਗੇ ਵਧਦੇ ਰਹੇ
  • ਪੰਜਾਬ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਉੱਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
  • ਹਰਿਆਣਾ ਵਿਚ ਜਦੋਂ ਪੰਜਾਬ ਦੇ ਕਿਸਾਨ ਲੰਘੇ ਤਾਂ ਆਮ ਲੋਕਾਂ ਨੇ ਲੰਗਰ ਅਤੇ ਮੈਡੀਕਲ ਕੈਂਪ ਲਾਕੇ ਸਵਾਗਤ ਕੀਤਾ
  • ਕਿਸਾਨ ਮੋਦੀ ਸਰਕਾਰ ਵਲੋਂ ਰੱਦ ਕੀਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਕਿਸਾਨਾਂ ਦਾ ਬਾਰਡਰ 'ਤੇ ਜਾਣਾ ਜਾਰੀ

ਇਸ ਪਹਿਲਾਂ ਰਿਪੋਰਟਾਂ ਮੁਤਾਬਕ ਦਿੱਲੀ ਦੇ ਬੁਰਾੜੀ ਇਲਾਕੇ 'ਚ ਨਿਰੰਕਾਰੀ ਸਮਾਗਮ ਗਰਾਊਂਡ 'ਚ ਧਰਨੇ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਕਿਸਾਨ ਵੱਡੀ ਗਿਣਤੀ 'ਚ ਟਿਕਰੀ ਬਾਰਡਰ ਦਾ ਰੁਖ਼ ਕਰ ਰਹੇ ਸਨ

ਇਸ ਬਾਬਤ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

ਉੱਧਰ ਕੇਂਦਰੀ ਖ਼ੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਨਵਾਂ ਕਾਨੂੰਨ ਬਣਾਉਣਾ ਸਮੇਂ ਦੀ ਮੰਗ ਸੀ। ਆਉਣ ਵਾਲੇ ਵਕਤ 'ਚ ਇਹ ਨਵੇਂ ਖੇਤੀ ਕਾਨੂੰਨ ਸਾਡੀ ਜ਼ਿੰਦਗੀ 'ਚ ਕ੍ਰਾਂਤੀਕਾਰੀ ਬਦਲਾਅ ਲਿਆਉਣਗੇ।

ਉਨ੍ਹਾਂ ਕਿਹਾ, "ਨਵੇਂ ਖੇਤੀ ਕਾਨੂੰਨਾਂ ਪ੍ਰਤੀ ਅਫ਼ਵਾਹਾਂ ਨੂੰ ਦੂਰ ਕਰਨ ਲਈ ਮੈਂ ਸਾਰੇ ਭੈਣ-ਭਰਾਵਾਂ ਨੂੰ ਚਰਚਾ ਲਈ ਸੱਦਾ ਭੇਜਦਾ ਹਾਂ।

ਗੱਲਬਾਤ ਬਾਰੇ ਕੇਂਦਰੀ ਖੇਤੀ ਮੰਤਰੀ ਨੇ ਕੀ ਕਿਹਾ

ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਲਈ, ਕਿਸਾਨ ਯੂਨੀਅਨਾਂ ਨਾਲ ਗੱਲਬਾਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਕਿਹਾ, "ਅਸੀਂ ਤਿੰਨ ਦਸੰਬਰ ਦਾ ਸੱਦਾ ਕਿਸਾਨਾਂ ਨੂੰ ਭੇਜਿਆ ਹੈ। ਮੈਨੂੰ ਉਮੀਦ ਹੈ ਕਿ ਕਿਸਾਨ ਹਾਲਾਤ ਨੂੰ ਸਮਝਣਗੇ ਤੇ ਚਰਚਾ ਦਾ ਰਾਹ ਅਪਣਾਉਣਗੇ। ਭਾਰਤ ਸਰਕਾਰ ਹਰ ਉਹ ਕੰਮ ਕਰਨ ਲਈ ਤਿਆਰ ਹੈ ਜੋ ਕਿਸਾਨ ਦੀ ਭਲਾਈ ਲਈ ਜ਼ਰੂਰੀ ਹੈ।"

"ਅਸੀਂ ਲਗਾਤਾਰ ਐੱਮਐੱਸਪੀ ਵਧਾਈ, ਇੱਕ ਲੱਖ ਕਰੋੜ ਰੁਪਏ ਦਾ ਇੰਫਰਾਸਟਰਕਚਰ ਫੰਡ ਐਲਾਨਿਆ। ਇਸ ਸਭ ਦਾ ਲਾਭ ਕਿਸਾਨਾਂ ਨੂੰ ਮਿਲੇ ਇਸ ਲਈ ਕਾਨੂੰਨੀ ਬੰਦਿਸ਼ਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਭ ਕਿਸਾਨਾਂ ਦੇ ਹਿੱਤ ਵਿੱਚ ਹੈ। ਮੈਂ ਸਿਆਸੀ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਨਾਮ 'ਤੇ ਸਿਆਸਤ ਕਰੋ, ਕਿਸਾਨਾਂ ਦੇ ਨਾਮ 'ਤੇ ਨਹੀਂ।"

ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤਿੰਨ ਤਰੀਕ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਦੀ ਸੰਭਾਵਨਾ ਹੈ ਤਾਂ ਨਰਿੰਦਰ ਤੋਮਰ ਨੇ ਕਿਹਾ, "ਇੱਕ ਵਾਰ ਕਿਸਾਨਾਂ ਦਾ ਪ੍ਰਸਤਾਵ ਆ ਜਾਵੇ।"

ਅੰਦੋਲਨ ਸਿਰਫ਼ ਪੰਜਾਬ ਦੇ ਕਿਸਾਨਾਂ ਵਲੋਂ- ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, "ਇਹ ਅੰਦੋਲਨ ਪੰਜਾਬ ਦੇ ਕਿਸਾਨਾਂ ਵਲੋਂ ਖੜ੍ਹਾ ਕੀਤਾ ਗਿਆ ਹੈ। ਉਹ ਵੀ ਕਿਸਾਨਾਂ ਦੀ ਥਾਂ ਕੁਝ ਸਿਆਸੀ ਪਾਰਟੀਆਂ ਤੇ ਸੰਸਥਾਵਾਂ ਵਲੋਂ ਸਪੋਂਸਰਡ ਹੈ। ਇਸ ਵਿੱਚ ਹਰਿਆਣਾ ਦੇ ਕਿਸਾਨ ਸ਼ਾਮਿਲ ਨਹੀਂ ਹੋਏ। ਇਸ ਲਈ ਮੈਂ ਹਰਿਆਣਾ ਦੇ ਕਿਸਨਾਂ ਦਾ ਧੰਨਵਾਦ ਕਰਦਾ ਹਾਂ। ਹਰਿਆਣਾ ਦੀ ਪੁਲਿਸ ਦੀ ਵੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਦੋ-ਤਿੰਨ ਦਿਨ ਸੰਜਮ ਦੀ ਵਰਤੋਂ ਕੀਤੀ, ਕੋਈ ਬਲ ਦੀ ਵਰਤੋਂ ਨਹੀਂ ਕੀਤੀ, ਸਿਰਫ਼ ਰੋਕਣ ਲਈ ਹੀ ਕੋਸ਼ਿਸ਼ ਕੀਤੀ ਕਿਉਂਕਿ ਇੰਨੀ ਵੱਡੀ ਗਿਣਤੀ ਵਿੱਚ ਦਿੱਲੀ ਆਉਣ ਦਾ ਕੋਈ ਮਤਲਬ ਨਹੀਂ।"

"ਅਸੀਂ ਪੰਜਾਬ ਦੇ ਕਿਸਾਨਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਕੁਝ ਨੁਮਾਇੰਦੇ ਆ ਕੇ ਸਰਕਾਰ ਨਾਲ ਗੱਲ ਕਰਨ। ਗੱਲਬਾਤ ਲਈ ਹਜ਼ਾਰਾਂ ਕਿਸਾਨਾਂ ਦੀ ਲੋੜ ਨਹੀਂ ਹੁੰਦੀ। ਰਾਹ ਵੀ ਇਹੀ ਹੈ। ਸਾਡੇ ਖੇਤੀ ਮੰਤਰੀ ਤੇ ਗ੍ਰਹਿ ਮੰਤਰੀ ਨੇ ਪੁੱਛਿਆ ਹੈ ਕਿੰਨੇ ਲੋਕ ਆਉਣਗੇ, ਅਸੀਂ ਤਿੰਨ ਤਰੀਕ ਨੂੰ ਗੱਲਬਾਤ ਕਰਾਂਗੇ। ਤਰੀਕ ਅੱਗੇ ਪਿੱਛੇ ਕਰਨੀ ਹੋਵੇਗੀ ਤਾਂ ਕਰਨਗੇ ਪਰ ਗੱਲਬਾਤ ਹੀ ਰਾਹ ਹੈ।"

'ਕੈਪਟਨ ਅਮਰਿੰਦਰ ਨਾਲ 6-7 ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ'

ਇੱਕ ਵਾਰ ਫਿਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੁਹਰਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਭਵ ਨਾ ਹੋ ਸਕਿਆ।

ਉਨ੍ਹਾਂ ਕਿਹਾ, "ਅਸੀਂ ਲਗਾਤਾਰ 6-7 ਵਾਰ ਕੈਪਟਨ ਨੂੰ ਫੋਨ ਕੀਤਾ ਪਰ ਉਨ੍ਹਾਂ ਦੇ ਸਟਾਫ਼ ਦੇ ਲੋਕ ਕਹਿੰਦੇ ਰਹੇ ਕਿ ਉਹ ਰੁਝੇ ਹੋਏ ਹਨ, ਮੀਟਿੰਗ ਵਿੱਚ ਹਨ। ਬੜੀ ਹੀ ਅਜੀਬ ਗੱਲ ਹੈ ਕਿ ਇੱਕ ਮੁੱਖ ਮੰਤਰੀ ਦੂਜੇ ਮੁੱਖ ਮੰਤਰੀ ਨਾਲ ਗੱਲ ਨਹੀਂ ਕਰ ਰਿਹਾ। ਮੇਰੇ ਛੇ ਸਾਲ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ। ਕੋਈ ਮਸ਼ਰੂਫ਼ ਹੁੰਦਾ ਹੈ ਤਾਂ ਘੰਟਾ-ਅੱਧਾ ਹੁੰਦਾ ਹੈ ਪਰ ਲਗਾਤਾਰ ਤਿੰਨ ਦਿਨ ਕੌਣ ਹੁੰਦਾ ਹੈ।"

ਕਿਸਾਨਾਂ ਦਾ ਦਿੱਲੀ ਕੂਚ

ਵੱਡੀ ਗਿਣਤੀ 'ਚ ਪੰਜਾਬ ਤੋਂ ਹੋਰ ਕਿਸਾਨ ਦਿੱਲੀ ਪੁੱਜ ਰਹੇ ਹਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਫਤਿਹਗੜ੍ਹ ਸਾਹਿਬ ਤੋਂ ਹੋਰ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ।

ਜਿਹੜੇ ਕਿਸਾਨ ਦਿੱਲੀ ਪਹੁੰਚ ਚੁੱਕੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ ਜਦੋਂ ਤੱਕ ਸਰਕਾਰ ਨਵੇਂ ਖ਼ੇਤੀ ਕਾਨੂੰਨ ਵਾਪਸ ਨਹੀਂ ਲਵੇਗੀ।

ਕਿਸਾਨਾਂ ਦੇ ਸੰਘਰਸ਼ ਕਰਕੇ ਕਈ ਰੇਲਾਂ ਰੋਕੀਆਂ

ਕਿਸਾਨਾਂ ਦੇ ਸੰਘਰਸ਼ ਕਰਕੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਰੇਲ ਮੰਤਰਾਲੇ ਵਲੋਂ ਕਈ ਟਰੇਨਾਂ ਨੂੰ ਰੋਕਿਆ ਗਿਆ ਹੈ।

ਨਿਰੰਕਾਰੀ ਸਮਾਗਮ ਗਰਾਊਂਡ ’ਚ ਵੀ ਵੱਡੀ ਗਿਣਤੀ ’ਚ ਕਿਸਾਨ ਪੁੱਜੇ ਹੋਏ ਹਨ। ਗਰਾਊਂਡ ’ਚ ਮਿਊਨੀਸਪਲ ਕਾਰਪੋਰਸ਼ਨ ਵਲੋਂ ਟਰੈਕਟਰਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

ਯੂਪੀ ਦੇ ਕਿਸਾਨ ਵੀ ਪੰਜਾਬ ਦੇ ਕਿਸਾਨਾਂ ਨਾਲ ਆਏ ਅੱਗੇ

ਉੱਤਰ ਪ੍ਰਦੇਸ਼ ਦੀ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕਆਟ ਵੀ ਹੁਣ ਕਿਸਾਨਾਂ ਨੂੰ ਲੈ ਕੇ ਦਿੱਲੀ ਦਾ ਰੁਖ਼ ਕਰ ਰਹੇ ਹਨ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਦਿੱਲੀ ਆਉਣ ਦਾ ਸੱਦਾ ਦੇ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)