ਡੇਰਾ ਸੱਚਾ ਸੌਦਾ ਦੇ ਸਲਾਬਤਪੁਰ ਡੇਰੇ ਵਿਚ 13 ਸਾਲ ਬਾਅਦ ਹੋਇਆ ਇਕੱਠ

ਪੰਜਾਬ ਦੇ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਸਲਾਬਤਪੁਰਾ ਵਿਖੇ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਵਲੋਂ ਅਰਦਾਸ ਕੀਤੀ ਗਈ।

ਇਹ ਉਹ ਹੀ ਡੇਰਾ ਹੈ ਜਿਥੇ ਸਾਲ 2007 ਵਿਚ ਡੇਰਾ ਸੱਚਾ ਸੌਦਾ ਸਿਰਸਾ ਦੇ ਗੱਦੀਨਸ਼ੀਨ ਗੁਰਮੀਤ ਰਾਮ ਰਹੀਮ ਨੇ 'ਜਾਮ-ਏ-ਇੰਸਾ' ਦੀ ਸ਼ੁਰੂਆਤ ਕੀਤੀ ਸੀ, ਜਿਸ ਨਾਲ ਸਿੱਖ ਹਲਕਿਆਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਸੀ।

13 ਸਾਲਾਂ ਬਾਅਦ 27 ਨਵੰਬਰ 2020 ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ ਡੇਰਾ ਪ੍ਰੇਮੀ ਇਸ ਡੇਰੇ ਸੱਚਾ ਸੌਦਾ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ।

ਇਹ ਵੀ ਪੜ੍ਹੋ

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ, ਇਸ ਇਕੱਠ ਦੀ ਤਵੱਕੋ ਨਾ ਤਾਂ ਡੇਰਾ ਪ੍ਰਬੰਧਕਾਂ ਨੂੰ ਸੀ ਤੇ ਨਾ ਹੀ ਵੱਖ-ਵੱਖ ਖੁਫ਼ੀਆ ਏਜੰਸੀਆਂ ਨੂੰ।

ਡੇਰਾ ਪ੍ਰੇਮੀ ਦੇ ਕਤਲ ਦਾ ਮਾਮਲਾ

ਕੁਝ ਦਿਨ ਪਹਿਲਾਂ ਹੋਏ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਤੋਂ ਬਾਅਦ ਡੇਰਾ ਪ੍ਰੇਮੀ ਮੁੱਖ ਹਾਈਵੇ 'ਤੇ ਮ੍ਰਿਤਕ ਦੇਹ ਰੱਖ ਕੇ ਪ੍ਰਦਰਸ਼ਨ ਕਰ ਰਹੇ ਸੀ।

ਪ੍ਰਸ਼ਾਸਨ ਨਾਲ ਹੋਈ ਗੱਲਬਾਤ ਤੋਂ ਬਾਅਦ ਮ੍ਰਿਤਕ ਦਾ ਦਾਹ ਸੰਸਕਾਰ ਕੀਤਾ ਗਿਆ ਜਿਸ ਤੋਂ ਬਾਅਦ ਇਹ ਇਕੱਠ ਕੀਤਾ ਗਿਆ।

ਮੰਚ 'ਤੇ ਬੋਲਦਿਆ ਡੇਰਾ ਸੱਚਾ ਸੌਦਾ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਅਸੀਂ ਮ੍ਰਿਤਕ ਦੇਹ ਦਾ ਸੰਸਕਾਰ ਤਾਂ ਜ਼ਰੂਰ ਕੀਤਾ ਹੈ ਪਰ ਸਾਨੂੰ ਇਨਸਾਫ਼ ਅਜੇ ਵੀ ਨਹੀਂ ਮਿਲਿਆ।

ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰ ਪ੍ਰਬੰਧਕ ਕਮੇਟੀ, ਜਿਸ ਵਿੱਚ ਡੇਰੇ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਵੀ ਸ਼ਾਮਲ ਹੈ, ਦੇ ਮੈਂਬਰ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਬੇਅਦਬੀ ਨੂੰ ਲੈ ਕੇ ਜੋ ਵੀ ਅਫ਼ਵਾਹਾ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

ਅਸਲ ਵਿੱਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਗਤਾ ਭਾਈ ਵਿਖੇ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)