ਪੰਜਾਬ ਦਾ ਦੁਸਹਿਰਾ : ਰਾਵਣ ਦੇ ਬਰਾਬਰ ਫੂਕੇ ਗਏ ਮੋਦੀ ਦੇ ਪੁਤਲੇ, ਬਟਾਲਾ ਵੱਡਾ ਹਾਦਸਾ ਟਲਿਆ
ਪੰਜਾਬ ਵਿਚ ਦੁਸਹਿਰਾ ਮੌਕੇ ਦੋ ਤਰ੍ਹਾਂ ਦੇ ਰੂਪ ਦੇਖੇ ਗਏ, ਜਿੱਥੇ ਇੱਕ ਪਾਸੇ ਰਵਾਇਤੀ ਤਰੀਕੇ ਨਾਲ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ ਉੱਥੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਖਿਲਾਫ਼ ਸੰਘਰਸ਼ ਕਰ ਨੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ।
ਬੀਬੀਸੀ ਦੇ ਪੰਜਾਬ ਅਤੇ ਹਰਿਆਣਾ ਵਿਚਲੇ ਸਹਿਯੋਗੀਆਂ ਵਲੋਂ ਭੇਜੀਆਂ ਗਈਆਂ ਰਿਪੋਰਟਾਂ ਮੁਤਾਬਕ ਦਰਜਨਾਂ ਥਾਵਾਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਦੇ ਪੁਤਲਿਆਂ ਨੂੰ ਬਾਅਦ ਦੁਪਹਿਰ ਫੂਕਿਆ ਗਿਆ।
ਪੰਜਾਬ ਵਿਚ ਅੰਮ੍ਰਿਤਸਰ, ਬਟਾਲਾ, ਜਲੰਧਰ, ਬਰਨਾਲਾ, ਸੰਗਰੂਰ, ਬਠਿੰਡਾ ਅਤੇ ਸਿਰਸਾ ਸਣੇ ਹੋਰ ਕਈ ਥਾਵਾਂ ਉੱਤੇ ਰਾਵਣ ਤੋਂ ਪਹਿਲਾਂ ਮੋਦੀ ਤੇ ਕਾਰੋਬਾਰੀਆਂ ਦੇ ਪੁਤਲੇ ਫੂਕੇ ਗਏ।
ਬਟਾਲਾ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਮੁਤਾਬਕ ਬਟਾਲਾ ਦੇ ਡੀ ਏ ਵੀ ਸਕੂਲ ਨੇੜੇ ਗ੍ਰਰਾਊਂਡ ਵਿਚ ਰਾਵਣ ਦਹਿਣ ਦਾ ਸਮਾਗਮ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਰੱਖਿਆ ਗਿਆ। ਇਸ ਮੌਕੇ ਉੱਥੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਵਲੋਂ ਰਾਵਣ ਦਹਿਣ ਦੀ ਰਸਮ ਅਦਾ ਕਰਨ ਪਹੁੰਚੇ ਸਨ।
ਸਮਾਗਮ ਦੀ ਵੀਡੀਓ ਵਿਚ ਦਿਖ ਰਿਹਾ ਹੈ ਕਿ ਜਿਵੇਂ ਹੀ ਅਸ਼ਵਨੀ ਸੇਖੜੀ ਅੱਗ ਲਾਉਣ ਲਈ ਦੁਸਹਿਰਾ ਕਮੇਟੀ ਤੇ ਸਥਾਨਕ ਆਗੂਆਂ ਨਾਲ ਅੱਗੇ ਹੋਏ ਤਾਂ ਅਚਾਨਕ ਅੱਗ ਦੀਆ ਲਪਟਾਂ ਪਹਿਲਾ ਹੀ ਪੁਤਲੇ ਨੂੰ ਪੈ ਗਈਆਂ।
ਜਿਸ ਕਾਰਨ ਰਾਵਣ ਦੇ ਪੁਤਲਾ ਵਿਚ ਧਮਾਕਾ ਹੋ ਗਿਆ। ਸਾਬਕਾ ਵਿਧਾਇਕ ਸੇਖੜੀ ਅਤੇ ਕਾਂਗਰਸੀ ਆਗੂਆਂ ਨੇ ਭੱਜ ਕੇ ਜਾਨ ਬਚਾਈ ਜਦਕਿ ਅਸ਼ਵਨੀ ਸੇਖੜੀ ਜ਼ਮੀਨ ਤੇ ਡਿੱਗ ਪਾਏ ਅਤੇ ਸਥਾਨਕ ਲੋਕਾਂ ਨੇ ਉਹਨਾਂ ਨੂੰ ਬਚਾਇਆ|ਇਸ ਮੌਕੇ ਇਹ ਵੱਡਾ ਹਾਦਸਾ ਹੋਣੋ ਟਲ ਗਿਆ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਵੀ ਪੜ੍ਹੋ:
ਹਿੰਦੂਤਵ ਕਿਸੇ ਦੀ ਜਗੀਰ ਨਹੀਂ - ਮੋਹਨ ਭਾਗਵਤ
ਸਵੈਮ ਸੇਵਕ ਸੰਘ ਦੇ ਸਥਾਪਨਾ ਦਿਵਸ ਅਤੇ ਦੁਸਹਿਰਹੇ ਦੇ ਮੌਕੇ ਉੱਪਰ ਐਤਵਾਰ ਨੂੰ ਸੰਘ ਮੁਖੀ ਮੋਹਨ ਭਾਗਵਤ ਨੇ ਕਾਰਸੇਵਕਾਂ ਨੂੰ ਸੰਬੋਧਨ ਕੀਤਾ।
ਉਨਾਂ ਨੇ ਆਪਣੇ ਭਾਸ਼ਣ ਵਿੱਚ ਹਿੰਦੁਤਵ ਸ਼ਬਦ ਉੱਪਰ ਕਾਫ਼ੀ ਲੰਬੀ ਚਰਚਾ ਕੀਤੀ ਅਤੇ ਵਿਰੋਧੀਆਂ ਉੱਪਰ ਇਸ ਬਾਰੇ ਭਰਮ ਫੈਲਾਉਣ ਦਾ ਇਲਜ਼ਾਮ ਲਾਇਆ।
ਉਨ੍ਹਾਂ ਨੇ ਕਿਹਾ,"ਹਿੰਦੁਤਵ ਅਜਿਹਾ ਸ਼ਬਦ ਹੈ, ਜਿਸ ਦਜੇ ਅਰਥ ਨੂੰ ਪੂਜਾ ਨਾਲ ਜੋੜ ਕੇ ਸੌੜਾ ਕੀਤਾ ਗਿਆ ਹੈ। ਇਹ ਸ਼ਬਦ ਆਪਣੇ ਦੇਸ਼ ਦੀ ਪਛਾਣ ਨੂੰ, ਅਧਿਆਤਮ ਅਧਾਰਿਤ ਉਸ ਦੀ ਪਰੰਪਰਾ ਨੂੰ ਸਨਾਤਨ ਸੱਚ ਨੂੰ ਕਦਰਾਂ-ਕੀਮਤਾਂ ਦੀ ਸਮੁੱਚੀ ਵਿਰਾਸਤ ਦੇ ਨਾਲ ਪੇਸ਼ ਕਰਨ ਵਾਲ਼ਾ ਸ਼ਬਦ ਹੈ।"

ਤਸਵੀਰ ਸਰੋਤ, Pal Singh Nauli
ਹਿੰਦੂ ਕਿਸੇ ਪੰਥ ਜਾਂ ਸੰਪ੍ਰਦਾਇ ਦਾ ਨਾਂਅ ਨਹੀਂ ਹੈ। ਕਿਸੇ ਇੱਕ ਸੂਬੇ ਦਾ ਆਪਣਾ ਪੈਦਾ ਕੀਤਾ ਹੋਇਆ ਸ਼ਬਦ ਨਹੀਂ ਹੈ, ਕਿਸੇ ਇੱਕ ਜਾਤੀ ਦੇ ਪਿਓ ਦਾ ਨਹੀਂ ਹੈ, ਕਿਸੇ ਇੱਕ ਭਾਸ਼ਾ ਦਾ ਪੁਰਸਕਾਰ ਕਰਨ ਵਾਲਾ ਸ਼ਬਦ ਨਹੀਂ ਹੈ।"
ਮੋਹਨ ਭਾਗਵਤ ਨੇ ਕਿਹਾ,"ਜਦੋਂ ਅਸੀਂ ਕਹਿੰਦੇ ਹਾਂ ਕਿ ਹਿੰਦੁਸਤਾਨ ਇੱਕ ਹਿੰਦੂ ਰਾਸ਼ਟਰ ਹੈ ਤਾਂ ਇਸ ਦੇ ਪਿੱਛੇ ਸਿਆਸੀ ਸੰਕਲਪ ਨਹੀਂ ਹੈ। ਅਜਿਹਾ ਨਹੀਂ ਹੈ ਕਿ ਹਿੰਦੂਆਂ ਤੋਂ ਇਲਾਵਾ ਇੱਥੇ ਕੋਈ ਨਹੀਂ ਰਹੇਗਾ ਸਗੋਂ ਇਸ ਸ਼ਬਦ ਵਿੱਚ ਸਾਰੇ ਹੀ ਸ਼ਾਮਲ ਹਨ।"
"ਹਿੰਦੂ ਸ਼ਬਦ ਦੀ ਭਾਵਨਾ ਦੇ ਘੇਰੇ ਵਿੱਟ ਆਉਣ ਅਤੇ ਰਹਿਣ ਲਈ ਕਿਸੇ ਨੂੰ ਆਪਣੀ ਪੂਜਾ, ਸੂਬਾ,ਭਾਸ਼ਾ ਆਦਿ ਦੀ ਖ਼ਾਸੀਅਤ ਨਹੀਂ ਛੱਡਣੀ ਪੈਂਦੀ। ਸਿਰਫ਼ ਆਪਣੀ ਹੀ ਸਿਰਮੌਰਤਾ ਕਾਇਮ ਕਰਨ ਦੀ ਇੱਛਾ ਛੱਡਣੀ ਪੈਂਦੀ ਹੈ। ਆਪਣੇ ਮਨ ਵਿੱਚੋਂ ਵੱਖਵਾਦੀ ਭਾਵਨਾ ਨੂੰ ਖ਼ਤਮ ਕਰਨਾ ਪੈਂਦਾ ਹੈ।"
ਸੰਘ ਮੁਖੀ ਨੇ ਕਿਹਾ,"ਸਾਡੀ ਛੋਟੀ-ਛੋਟੀ ਪਛਾਣ ਵੀ ਹੈ, ਸਾਡੀ ਅਨੇਕਤਾ ਹੈ, ਕੁਝ ਪਹਿਲਾਂ ਤੋਂ ਸੀ ਅਤੇ ਕੁਝ ਬਾਹਰ ਤੋਂ ਆਏ ਜੋ ਇੱਥੇ ਹੀ ਸ਼ਾਮਲ ਹੋ ਗਏ। ਹਿੰਦੂ ਵਿਚਾਰ ਵਿੱਚ ਅਜਿਹੀਆਂ ਏਕਤਾਵਾਂ ਸਵੀਕਾਰ ਹਨ ਅਤੇ ਉਨ੍ਹਾਂ ਦਾ ਸਤਿਕਾਰ ਹੈ। ਲੇਕਿਨ ਇਸ ਅਨੇਕਤਾ ਵਿੱਚ ਕਈ ਲੋਕ ਵਖਰੇਵਾਂ ਚਾਹੁੰਦੇ ਹਨ।"

ਤਸਵੀਰ ਸਰੋਤ, Rss/facebook
ਸੰਬੋਧਨ ਦੀਆਂ ਹੋਰ ਅਹਿਮ ਗੱਲਾਂ
- ਮੋਹਨ ਭਾਗਵਤ ਨੇ ਇਸ ਸੰਬੋਧਨ ਵਿੱਚ ਧਾਰਾ-370, ਰਾਮ ਮੰਦਿਰ, ਨਾਗਰਿਕਤਾ ਕਾਨੂੰਨ ਅਤੇ ਚੀਨ ਨਾਲ ਤਣਾਅ ਵਰਗੇ ਕਈ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ।
- ਉਨ੍ਹਾਂ ਨੇ ਵਿਰੋਧੀ ਧਿਰ ਉੱਪਰ ਸਿਆਸੀ ਮੁਫ਼ਾਦ ਲਈ ਦੇਸ਼ ਵਿਰੋਧੀ ਵਿਹਾਰ ਕਰਨ ਦਾ ਇਲਜ਼ਾਮ ਲਾਇਆ।
- ਸੰਘ ਵੱਲੋਂ ਇਸ ਸਾਲ ਦੁਸਹਿਰੇ ਅਤੇ ਹਥਿਆਰ ਪੂਜਾ ਦਾ ਪ੍ਰੋਗਰਾਮ ਰਵਾਇਤ ਨਾਲੋਂ ਹਟ ਕੇ ਨਾਗਪੁਰ ਵਿੱਚ ਡਾ਼ ਹੇਡਗੇਵਾਰ ਯਾਦਗਾਰੀ ਮੰਦਰ ਵਿੱਚ ਰੱਖਿਆ ਗਿਆ।
- ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦੀ ਦੋਸਤੀ ਨੂੰ ਚੀਨ ਸਾਡੀ ਕਮਜ਼ੋਰੀ ਨਾ ਸਮਝੇ। ਉਨ੍ਹਾਂ ਨੇ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਵਿ੍ੱਚ ਭਾਰਤ ਸਰਕਾਰ ਦੇ ਸਟੈਂਡ ਦੀ ਤਾਰੀਫ਼ ਵੀ ਕੀਤੀ।
- ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਮਹਾਮਾਰੀ ਨਾਲ ਲੜਾਈ ਵਿੱਚ ਹੋਰ ਦੇਸ਼ਾਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਭਾਰਤ ਸਰਕਾਰ ਦੀ ਤਾਰੀਫ਼ ਵੀ ਕੀਤੀ।
- ਮੋਹਨ ਭਾਗਵਤ ਨੇ ਕਿਹਾ ਕਿ 9 ਨਵੰਬਰ ਨੂੰ ਰਾਮ ਜਨਮ ਭੂਮੀ ਮਾਮਲੇ ਉੱਤੇ ਆਪਣਾ ਫ਼ੈਸਲਾ ਦੇ ਕੇ ਸਰਬਉੱਚ ਅਦਾਲਤ ਨੇ ਇਤਿਹਾਸ ਬਣਾਇਆ ਅਤੇ ਭਾਰਤ ਦੀ ਜਨਤਾ ਨੇ ਇਸ ਫ਼ੈਸਲੇ ਨੂੰ ਧੀਰਜ ਤੇ ਸਮਝਦਾਰੀ ਨਾਲ ਸਵੀਕਾਰ ਕੀਤਾ।
- ਭਾਗਵਤ ਨੇ ਕਿਹਾ ਕਿ ਅੱਗੇ ਵਧਣ ਲਈ ਸਵਦੇਸ਼ ਦੀ ਨੀਤੀ ਜ਼ਰੂਰੀ ਹੈ ਅਤੇ 'ਵੋਕਲ ਫ਼ਾਰ ਲੋਕਲ' ਸਵਦੇਸ਼ੀ ਨੀਤੀ ਨਾਲ ਭਰਿਆ ਹੋਇਆ ਹੈ। ਇਸ ਰਾਹੀਂ ਅਸੀਂ ਆਪਣੀ ਸਵਦੇਸ਼ੀ ਦੀ ਭਾਵਨਾ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਅਤੇ ਇਸ ਨੂੰ ਪੂਰਾ ਕਰ ਸਕਦੇ ਹਾਂ।
- ਭਾਗਵਤ ਨੇ ਕਿਹਾ ਕਿ ਖੇਤੀਬਾੜੀ ਵਿੱਚ ਅੱਗੇ ਵਧਣ ਲਈ ਸਾਨੂੰ ਸਵਦੇਸ਼ੀ ਖੇਤੀ ਅਪਨਾਉਣੀ ਹੋਵੇਗੀ। ਖ਼ੇਤੀ ਲਈ ਸਾਡੇ ਕਿਸਾਨ ਨੂੰ ਆਪਣੇ ਬੀਜ ਖ਼ੁਦ ਬਨਾਉਣ ਲਈ ਆਜ਼ਾਦੀ ਹੋਣੀ ਚਾਹੀਦੀ ਹੈ।
- ਭਾਗਵਤ ਮੁਤਾਬਕ 'ਭਾਰਤ ਤੇਰੇ ਟੁਕੜੇ ਹੋਂਗੇ' ਵਰਗੇ ਐਲਾਨ ਦੇਣ ਵਾਲੇ ਲੋਕ ਇਸ ਸਾਜ਼ਿਸ਼ ਭਰੀ ਮੰਡਲੀ ਵਿੱਚ ਸ਼ਾਮਲ ਹਨ।
- ਚੀਨ ਉੱਤੇ ਸ਼ਬਦੀ ਨਿਸ਼ਾਨਾ ਸਾਧਦਿਆਂ ਭਾਗਵਤ ਨੇ ਕਿਹਾ ਕਿ ਅਸੀਂ ਚੁੱਪ ਰਹਿੰਦੇ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਮਜ਼ੋਰ ਹਾਂ। ਅਸੀਂ ਸਾਰਿਆਂ ਨਾਲ ਦੋਸਤੀ ਚਾਹੁੰਦੇ ਹਾਂ, ਇਹ ਸਾਡਾ ਸੁਭਾਅ ਹੈ ਪਰ ਸਾਡੀ ਸਦਭਾਵਨਾ ਨੂੰ ਕਮਜ਼ੋਰੀ ਸਮਝ ਕੇ ਆਪਣੀ ਸ਼ਕਤੀ ਦੇ ਪ੍ਰਦਰਸ਼ਨ ਨਾਲ ਕੋਈ ਭਾਰਤ ਨੂੰ ਜਿਵੇਂ ਮਰਜ਼ੀ ਨਚਾ ਲਵੇ, ਝੁਕਾ ਲਵੇ, ਇਹ ਹੋ ਨਹੀਂ ਸਕਦਾ ਅਤੇ ਇਹ ਹੁਣ ਤੱਕ ਅਜਿਹੀ ਮਾੜੀ ਹਰਕਤ ਕਰਨ ਵਾਲਿਆਂ ਨੂੰ ਸਮਝ ਆ ਜਾਣਾ ਚਾਹੀਦਾ ਹੈ।
- ਉਨ੍ਹਾਂ ਮੁਤਾਬਕ ਕੁਝ ਗੁਆਂਢੀ ਮੁਲਕਾਂ ਤੋਂ ਫ਼ਿਰਕੂ ਕਾਰਨਾਂ ਕਰਕੇ ਪੀੜਤ ਹੋ ਕੇ ਵਿਸਥਾਪਿਤ ਕੀਤੇ ਜਾਣ ਵਾਲੇ ਲੋਕ ਜੋ ਭਾਰਤ ਆਉਣਗੇ। ਉਨ੍ਹਾਂ ਨੂੰ ਮਨੁੱਖਤਾ ਦੇ ਹਿੱਤ ਵਿੱਚ ਤੁਰੰਤ ਨਾਗਰਿਕਤਾ ਦੇਣ ਦੀ ਤਜਵੀਜ਼ ਸੀ। ਉਨ੍ਹਾਂ ਦੇਸ਼ਾਂ ਵਿੱਚ ਫ਼ਿਰਕੂ ਤਸ਼ਦੱਦ ਦਾ ਇਤਿਹਾਸ ਹੈ। ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਵਿੱਚ ਕਿਸੇ ਭਾਈਚਾਰੇ ਵਿਸ਼ੇਸ਼ ਦਾ ਵਿਰੋਧ ਨਹੀਂ ਹੈ।
- ਸਾਡਾ ਖੇਤੀ ਦਾ ਤਜਰਬਾ ਵਿਸ਼ਾਲ ਅਤੇ ਸਭ ਤੋਂ ਲੰਬਾ ਹੈ। ਖੇਤੀ ਨਾਲ ਜੁੜੀ ਨੀਤੀ ਨਾਲ ਸਾਡਾ ਕਿਸਾਨ ਆਪਣੇ ਬੀਜ, ਕੀਟਨਾਸ਼ਟ ਖੁਦ ਬਣਾ ਸਕੇ ਜਾਂ ਪਿੰਡ ਦੇ ਆਲੇ-ਦੁਆਲੇ ਹਾਸਲ ਕਰ ਸਕੇ ਇਹ ਹੋਣਾ ਚਾਹੀਦਾ ਹੈ।
- ਮੋਹਨ ਭਾਗਵਤ ਨੇ ਅਸਿੱਧੇ ਤੌਰ ਤੇ ਖੇਤੀ ਕਾਨੂੰਨ ਦੀ ਹਮਾਇਤ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀ ਨੀਤੀ ਚਾਹੀਦੀ ਹੈ ਕਿ ਕਿਸਾਨ ਆਪਣੀ ਉਪਜ ਦਾ ਭੰਡਾਰਣ, ਪ੍ਰੋਸੈਸਿੰਗ ਖ਼ੁਦ ਕਰ ਸਕੇ, ਸਾਰੇ ਵਿਚੋਲਿਆਂ ਅਤੇ ਦਲਾਲਾਂ ਦੇ ਚੁੰਗਲ ਚੋਂ ਬਚ ਕੇ ਆਪਣੀ ਮਰਜ਼ੀ ਨਾਲ ਆਪਣਾ ਉਤਪਾਦਨ ਵੇਚ ਸਕੇ, ਇਹ ਸੁਦੇਸ਼ੀ ਖੇਤੀ ਨੀਤੀ ਕਹਾਉਂਦੀ ਹੈ।
ਨੌਵੇਂ ਗੁਰੂ ਦੇ 400ਵੇਂ ਪ੍ਰਕਾਸ਼ ਪੂਰਬ ਦੇ ਸਮਾਗਮਾਂ ਲਈ ਕਮੇਟੀ ਦੀ ਅਗਵਾਈ ਮੋਦੀ ਕਰਨਗੇ

ਤਸਵੀਰ ਸਰੋਤ, Getty Images
ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੂਰਬ ਦੇ ਸਮਾਗਮਾਂ ਲਈ ਕਮੇਟੀ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਕੇਂਦਰ ਵੱਲੋਂ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੂਰਬ ਸਮਾਗਮਾਂ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
70 ਮੈਂਬਰੀ ਇਸ ਕਮੇਟੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਦੇਸ਼ ਦੇ ਕਈ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਿਲ ਹੋਣਗੇ।
ਕੇਂਦਰ ਵੱਲੋਂ ਬਣਾਈ ਗਈ ਕਮੇਟੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਣ, ਹਰਦੀਪ ਸਿੰਘ ਪੁਰੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਨਜਿੰਦਰ ਸਿੰਘ ਸਿਰਸਾ, ਗੁਲਾਮ ਨਬੀ ਆਜ਼ਾਦ, ਗੋਬਿੰਦ ਸਿੰਘ ਲੌਂਗੋਵਾਲ, ਮਿਲਖਾ ਸਿੰਘ ਅਤੇ ਹਰਭਜਨ ਸਿੰਘ ਸਣੇ ਕਈ ਸਿਆਸੀ ਹਸਤੀਆਂ ਸ਼ਾਮਲ ਹਨ।
ਪੂਰੇ ਦੇਸ਼ ਵਿੱਚ ਥਾਂ-ਥਾਂ ਉੱਤੇ 400ਵੇਂ ਪ੍ਰਕਾਸ਼ ਪੂਰਬ ਦੇ ਸਮਾਗਮ ਕਰਵਾਏ ਜਾਣਗੇ।
ਦੁਸ਼ਹਿਰੇ ਮੌਕੇ ਪੰਜਾਬ-ਹਰਿਆਣਾ 'ਚ ਥਾਂ-ਥਾਂ ਕਿਸਾਨਾਂ ਨੇ PM ਮੋਦੀ ਦੇ ਪੁਤਲੇ ਫੂਕੇ
ਪੰਜਾਬ ਅਤੇ ਹਰਿਆਣਾ ਵਿੱਚ ਕੇਂਦਰ ਦੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ।

ਤਸਵੀਰ ਸਰੋਤ, Ravinder Singh Robin/BBC
ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਦੁਸ਼ਹਿਰੇ ਮੌਕੇ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਮੁਜ਼ਾਹਰਾ ਸੰਕੇਤਕ ਤੌਰ ਉੱਤੇ ਪੀਐੱਮ ਮੋਦੀ ਦੇ ਪੁਤਲੇ ਫੂਕ ਕੇ ਕੀਤਾ ਗਿਆ।
ਪੰਜਾਬ ਦੇ ਅੰਮ੍ਰਿਤਸਰ ਅਤੇ ਹਰਿਆਣਾ ਦੇ ਸਿਰਸਾ ਵਿੱਚ ਕਿਸਾਨਾਂ ਵੱਲੋਂ ਪੁਤਲੇ ਫੂਕੇ ਗਏ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













