ਫਤਿਹਗੜ੍ਹ ਸਾਹਿਬ ਦੇ ਦੋ ਗੁਰਦੁਆਰਿਆਂ ਵਿੱਚ ਹੋਈ ਬੇਅਦਬੀ, ਇੱਕ ਮੁਲਜ਼ਮ ਕਾਬੂ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ, ਬੀਬੀਸੀ ਪੱਤਰਕਾਰ
    • ਰੋਲ, ਆਰਜੇ ਸਿੰਘ, ਫਤਿਹਗੜ੍ਹ ਸਾਹਿਬ ਤੋਂ ਬੀਬੀਸੀ ਪੰਜਾਬੀ ਲਈ

ਫ਼ਤਿਹਗੜ੍ਹ ਸਾਹਿਬ ਦੇ ਦੋ ਪਿੰਡਾਂ 'ਚ 12 ਅਕਤੂਬਰ ਨੂੰ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਾਮਲੇ ਵਿੱਚ ਇੱਕ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਸ ਨੌਜਵਾਨ ’ਤੇ ਦੋ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਦਾ ਇਲਜ਼ਾਮ ਹੈ।

ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਕਿਹਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਯੋਗ ਧਾਰਾਵਾਂ ਮੁਲਜ਼ਮ ’ਤੇ ਲਗਾਈਆਂ ਗਈਆਂ ਹਨ।

ਐੱਸਪੀ ਜਾਂਚ ਜਗਜੀਤ ਸਿੰਘ ਜੱਲ੍ਹਾ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਬੇਅਦਬੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਰਹਿੰਦ ਪੁਲਿਸ ਦੇ ਹਵਾਲ ਕਰ ਦਿੱਤਾ ਹੈ।

ਪੰਜਾਬ ਸਰਕਾਰ ਨੇ ਵੀ ਟਵੀਟ ਕਰਕੇ ਭਰੋਸਾ ਦਿਵਾਇਆ ਹੈ ਕਿ ਪੁਲਿਸ ਬੇਅਦਬੀ ਦੇ ਦੋਵਾਂ ਮਾਮਲਿਆਂ ਦੀ ਨਿਰਪੱਖ ਜਾਂਚ ਕਰਨਗੇ।

ਇਹ ਵੀ ਪੜ੍ਹੋ-

ਨੌਜਵਾਨ ’ਤੇ ਕੀ ਇਲਜ਼ਾਮ ਹਨ?

ਨੌਜਵਾਨ ’ਤੇ ਇਲਜ਼ਾਮ ਹੈ ਕਿ ਉਸ ਨੇ ਪਹਿਲਾਂ ਪਿੰਡ ਜੱਲ੍ਹਾ ਦੇ ਗੁਰਦੁਆਰਾ ਸ਼ਾਹਿਬ 'ਚ ਦਾਖਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 9 ਅੰਗਾਂ ਦੀ ਬੇਅਦਬੀ ਕੀਤੀ। ਇਸ ਤੋਂ ਬਾਅਦ ਕਰੀਬ 5 ਕਿਲੋਮੀਟਰ ਅੱਗੇ ਆ ਕੇ 9:30 ਵਜੇ ਤਰਖਾਣ ਮਾਜਰਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮਲਕੀਤ ਸਿੰਘ ਤੋਂ ਮੱਥਾ ਟੇਕਣ ਦਾ ਬਹਾਨਾ ਲਗਾ ਕੇ ਦਰਬਾਰ ਸਾਹਿਬ ਦਾ ਤਾਲਾ ਖੁੱਲ੍ਹਵਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 11 ਅੰਗਾਂ ਦੀ ਬੇਅਦਬੀ ਕੀਤੀ।

ਜਦੋਂ ਇਹ ਸਾਰਾ ਕੁਝ ਗ੍ਰੰਥੀ ਮਲਕੀਤ ਸਿੰਘ ਦੇ ਲੜਕੇ ਨੇ ਦੇਖਿਆ ਤਾਂ ਉਸ ਨੇ ਨੌਜਵਾਨ ਨੂੰ ਦਬੋਚ ਲਿਆ। ਇਕੱਤਰ ਹੋਏ ਪਿੰਡ ਵਾਸੀਆਂ ਨੇ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਦੀ ਗੱਡੀ ਭੰਨ ਦਿੱਤੀ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਜੀਟੀ ਰੋਡ ਜਾਮ ਕੀਤਾ ਗਿਆ

ਪਿੰਡਵਾਸੀਆਂ ਨੇ ਮੁਲਜ਼ਮ ਨੂੰ ਸਰਹਿੰਦ ਪੁਲਿਸ ਹਵਾਲੇ ਕਰ ਦਿੱਤਾ ਸੀ। ਭੜਕੇ ਪਿੰਡ ਵਾਸੀ ਵੀ ਥਾਣਾ ਸਰਹਿੰਦ ਪਹੁੰਚ ਗਏ ਜੋ ਪੁਲਿਸ ਨੂੰ ਬੇਅਦਬੀ ਕਰਨ ਵਾਲੇ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਆਖ ਰਹੇ ਸਨ।

ਪੁਲਿਸ ਵਲੋਂ ਅਜਿਹਾ ਨਾ ਕਰਨ 'ਤੇ ਇਕੱਤਰ ਹੋਈਆਂ ਔਰਤਾਂ ਅਤੇ ਪੁਰਸ਼ਾਂ ਨੇ ਸਿੱਖ ਜਥੇਬਦੀਆਂ ਦੇ ਸਹਿਯੋਗ ਨਾਲ ਦੁਪਿਹਰ ਸਮੇਂ ਜੀਟੀ ਰੋਡ ਜਾਮ ਕਰਕੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ।

ਇਸ ਕਰਕੇ ਜੀਟੀ ਰੋਡ ਦੇ ਦੋਵੇ ਪਾਸੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲਗ ਗਈਆਂ। ਰੋਸ ਧਰਨਾ ਦੇਰ ਸ਼ਾਮ ਤੱਕ ਜਾਰੀ ਰਿਹਾ ਕਿਉਂਕਿ ਮੁਜ਼ਾਹਰਾਕਾਰੀ ਬੇਅਦਬੀ ਕਰਨ ਵਾਲੇ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਜਿੱਦ 'ਤੇ ਅੜੇ ਹੋਏ ਸਨ। ਪੁਲਿਸ ਨੇ ਫਿਰ ਗੱਲਬਾਤ ਕਰਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸਮਝਾ ਕੇ ਰਾਹ ਨੂੰ ਖੁੱਲ੍ਹਵਾ ਲਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)