You’re viewing a text-only version of this website that uses less data. View the main version of the website including all images and videos.
ਨਰਿੰਦਰ ਮੋਦੀ ਦਾ 70ਵਾਂ ਜਨਮ ਦਿਨ: ਨਰਿੰਦਰ ਮੋਦੀ ਦੇ ‘ਅੱਛੇ ਦਿਨ’ ਹੁਣ ਵੀ ਪਹੁੰਚ ਤੋਂ ਕਿੰਨੀ ਦੂਰ ਹਨ
- ਲੇਖਕ, ਅੰਕੁਰ ਜੈਨ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਸਿਆਸਤ 'ਚ ਸਿਆਸਤਦਾਨਾਂ ਦੀ ਸੇਵਾਮੁਕਤੀ ਦੀ ਕੋਈ ਉਮਰ ਹੱਦ ਤੈਅ ਨਹੀਂ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀ ਜੋ ਕਿ ਹੁਣ 70 ਸਾਲਾਂ ਦੇ ਹੋ ਗਏ ਹਨ ਸਭ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੀ ਟਿਕੀਆਂ ਹੋਈਆਂ ਹਨ ਕਿ ਅੱਗੇ ਚੁਣੌਤੀਆਂ ਦਾ ਸਾਹਮਣਾ ਉਹ ਕਿਵੇਂ ਕਰਨਗੇ।
ਪਿਛਲੇ 6 ਸਾਲਾਂ 'ਚ ਨਰਿੰਦਰ ਮੋਦੀ ਦੇ ਵਿਰੋਧੀਆਂ ਨੇ ਇਹੀ ਕਿਹਾ ਹੈ ਕਿ ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਆਪਸੀ ਮਤਭੇਦਾਂ 'ਚ ਵਿਸਥਾਰ, ਭਾਰਤੀ ਆਰਥਿਕਤਾ 'ਚ ਗਿਰਾਵਟ, ਸ਼ਕਤੀ ਦਾ ਕੇਂਦਰੀਕਰਨ ਅਤੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਮਤਭੇਦਾਂ 'ਚ ਵਾਧਾ ਹੀ ਹੋਇਆ ਹੈ।
ਪਰ ਦੂਜੇ ਪਾਸੇ ਕਈ ਅਜਿਹੇ ਲੋਕ ਵੀ ਹਨ ਜਿੰਨ੍ਹਾਂ ਨੇ ਉਨ੍ਹਾਂ ਦੇ ਸ਼ਾਸਨ ਕਰਨ ਦੀ ਕਲਾ ਦੀ ਹਿਮਾਇਤ ਕੀਤੀ ਹੈ।
ਇਹ ਵੀ ਪੜ੍ਹੋ:
ਮੋਦੀ ਦੇ ਹਿਮਾਇਤੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਅਹਿਮ ਕਦਮ ਚੁੱਕੇ ਹਨ ਅਤੇ ਵੱਖ-ਵੱਖ ਯੋਜਨਾਵਾਂ ਦਾ ਲਾਭ ਸਿੱਧੇ ਤੌਰ 'ਤੇ ਗਰੀਬ ਅਤੇ ਲੋੜਵੰਦ ਤਬਕੇ ਤੱਕ ਪਹੁੰਚਾਇਆ ਹੈ।
ਗੁਆਂਢੀ ਦੇਸਾਂ ਬਾਰੇ ਮੋਦੀ ਨੂੰ ਨਵੇਂ ਸਿਰੇ ਤੋਂ ਸੋਚਣ ਦੀ ਲੋੜ
ਭਾਰਤੀ ਕੰਟਰੋਲ ਰੇਖਾ 'ਤੇ ਚੀਨੀ ਫ਼ੌਜ ਨਾਲ ਮੋਦੀ ਦਾ ਅਸਲ ਇਮਤਿਹਾਨ ਉਨ੍ਹਾਂ ਦੀ ਵਿਦੇਸ਼ ਨੀਤੀ ਹੋਵੇਗੀ।
ਸਾਲ 2014 'ਚ ਪੀਐੱਮ ਮੋਦੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ 18 ਬੈਠਕਾਂ ਹੋਈਆਂ ਹਨ।
ਪਰ ਹੁਣ ਮੌਜੂਦਾ ਸਥਿਤੀ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਸਿਰਫ਼ ਹੱਥ ਮਿਲਾਉਣ ਤੋਂ ਅਗਾਂਹ ਨਹੀਂ ਪਹੁੰਚੇ ਹਨ।
ਭਾਜਪਾ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੇ ਮੈਂਬਰ ਸੇਸ਼ਾਦਰੀ ਚੜੀ ਨੇ ਕਿਹਾ, "ਪ੍ਰਧਾਨ ਮੰਤਰੀ ਨੂੰ ਲੀਹ ਤੋਂ ਹੱਟ ਕੇ ਸੋਚਣ ਦੀ ਜ਼ਰੂਰਤ ਹੈ।"
"ਵਪਾਰਕ ਪ੍ਰਬੰਧਾਂ ਨੂੰ ਮੁੜ ਵਿਚਾਰਨ ਦੀ ਲੋੜ ਹੈ ਅਤੇ ਨਾਲ ਹੀ ਭਾਰਤ ਦੀ ਰਣਨੀਤਕ ਖੁਦਮੁਖਤਿਆਰੀ ਨੂੰ ਪ੍ਰਭਾਵਿਤ ਕੀਤੇ ਬਿਨਾ ਉਭਰ ਰਹੇ ਆਲਮੀ ਸ਼ਕਤੀ ਢਾਂਚੇ ਨਾਲ ਸੰਤੁਲਨ ਕਾਇਮ ਕਰਨ ਲਈ ਨਵੀਆਂ ਰਣਨੀਤੀਆਂ ਬਣਾਉਣੀਆਂ ਪੈਣਗੀਆਂ।"
ਵਿਦੇਸ਼ ਨੀਤੀ ਦੇ ਮਾਹਰ ਅਤੇ ਆਰਐੱਸਐੱਸ ਦੇ ਪ੍ਰਚਾਰਕ ਸੇਸ਼ਾਦਰੀ ਮੁਤਾਬਕ ਕੋਰੋਨਾਵਾਇਰਸ ਮਹਾਂਮਾਰੀ ਤੋਂ ਬਾਅਦ ਨਵੇਂ ਉਭਰ ਰਹੇ ਵਿਸ਼ਵ ਵਿੱਚ ਪ੍ਰਧਾਨ ਮੰਤਰੀ ਸਾਹਮਣੇ ਬਹੁਤ ਸਾਰੀਆਂ ਵਿਦੇਸ਼ ਨੀਤੀ ਚੁਣੌਤੀਆਂ ਹਨ।
"2014 ਤੋਂ ਹੀ 'ਗੁਆਂਢ ਪਹਿਲ ਨੀਤੀ' ਮੋਦੀ ਦੀ ਵਿਦੇਸ਼ ਨੀਤੀ ਦਾ ਪ੍ਰਮੁੱਖ ਥੰਮ੍ਹ ਰਹੀ ਹੈ। ਪਰ 6 ਸਾਲਾਂ 'ਚ ਭੂ-ਸਿਆਸਤ 'ਚ ਆਈ ਤਬਦੀਲੀ ਕਾਰਨ ਹੋਰ ਕਈ ਨਵੀਆਂ ਚੁਣੌਤੀਆਂ ਆ ਗਈਆਂ ਹਨ।"
"ਅਮਰੀਕੀ ਚੋਣਾਂ ਅਮਰੀਕਾ-ਚੀਨ ਵਪਾਰਕ ਜੰਗ, ਭਾਰਤ ਦੇ ਇਰਾਨ ਨਾਲ ਸਬੰਧ, ਰੂਸ ਤੋਂ ਰੱਖਿਆ ਉਪਕਰਣਾਂ ਦੀ ਦਰਾਮਦ ਅਤੇ ਚੀਨ ਦਾ ਮੁਕਾਬਲਾ ਕਰਨ ਲਈ ਖੇਤਰ ਵਿੱਚ ਦੂਜੇ ਦੇਸਾਂ ਨਾਲ ਵਪਾਰਕ ਸਮਝੌਤੇ, ਆਦਿ ਤੈਅ ਕਰਣਗੀਆਂ।"
ਦਿ ਹਿੰਦੂ 'ਚ ਕੌਮੀ ਅਤੇ ਕੂਟਨੀਤਕ ਮਾਮਲਿਆਂ ਦੀ ਸੰਪਾਦਕ ਸੁਹਾਸਿਨੀ ਹੈਦਰ ਦਾ ਕਹਿਣਾ ਹੈ ਕਿ ਭਾਵੇਂ ਕਿ ਐੱਲਏਸੀ 'ਤੇ ਚੀਨੀ ਜਵਾਨਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਇੱਕ ਗੰਭੀਰ ਚੁਣੌਤੀ ਹੈ ਪਰ ਹੋਰ ਵੀ ਕਈ ਚੁਣੌਤੀਆਂ ਮੌਜੂਦ ਹਨ, ਜਿੰਨ੍ਹਾਂ 'ਚ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਵੀ ਹਨ।
"ਕੋਵਿਡ ਤੋਂ ਬਾਅਦ ਵਿਸ਼ਵੀਕਰਨ ਦਾ ਵਿਰੋਧ ਅਤੇ ਸੁਰੱਖਿਆਵਾਦ ਦੀ ਭਾਵਨਾ 'ਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਪ੍ਰਵਾਸੀਆਂ ਦੀਆਂ ਨੌਕਰੀਆਂ ਵਿੱਚ ਕਮੀ ਆਈ ਹੈ।"
"ਭਾਰਤ ਨੂੰ ਜੰਗ ਪ੍ਰਭਾਵਿਤ ਦੇਸ ਅਫ਼ਗਾਨਿਸਤਾਨ 'ਚ ਅਮਰੀਕੀ ਫੌਜ ਦਾ ਸਮਰਥਣ ਵਾਪਸ ਲੈਣ ਅਤੇ ਤਾਲਿਬਾਨ ਦੀ ਸੰਭਾਵੀ ਮੁੱਖਧਾਰਾ ਵਿੱਚ ਵਾਪਸੀ ਦੇ ਲਈ ਵੀ ਤਿਆਰ ਰਹਿਣ ਦੀ ਜ਼ਰੂਰਤ ਹੈ।"
ਇਹ ਵੀ ਪੜ੍ਹੋ:
ਨਰਿੰਦਰ ਮੋਦੀ ਦੀ ਟੀਮ ਨੇ ਆਪਣੀ ਆਲਮੀ ਤਸਵੀਰ ਸਕਾਰਾਤਮਕ ਬਣਾਉਣ ਲਈ ਕਈ ਸਾਲਾਂ ਦੀ ਮਿਹਨਤ ਲਗਾਈ ਹੈ।
2002 'ਚ ਗੁਜਰਾਤ ਦੰਗਿਆਂ ਤੋਂ ਬਾਅਦ ਨਾਗਰਿਕਤਾ (ਸੋਧ) ਐਕਟ (ਸੀਏਏ), ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐੱਨਆਰਸੀ) ਅਤੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਧਾਰਾ 370 ਨੂੰ ਮਨਸੂਖ ਕੀਤੇ ਜਾਣ ਤੋਂ ਬਾਅਦ ਦੁਨੀਆਂ ਭਰ 'ਚ ਮੋਦੀ ਦੀ ਤਸਵੀਰ ਕੁੱਝ ਧੁੰਦਲੀ ਹੋਈ ਹੈ।
ਚੰਗੇ ਦਿਨ ਅਜੇ ਬਹੁਤ ਦੂਰ ਹਨ
ਨਰਿੰਦਰ ਮੋਦੀ ਤਤਕਾਲੀ ਯੂਪੀਏ ਸਰਕਾਰ ਨੂੰ ਆਰਥਿਕ ਮੋਰਚੇ 'ਤੇ ਅਸਫ਼ਲ ਦੱਸਦਿਆਂ ਸੱਤਾ 'ਚ ਆਏ ਸਨ।
ਪਰ ਮੋਦੀ ਵੱਲੋਂ 'ਚੰਗੇ ਦਿਨਾਂ' ਦਾ ਭਰੋਸਾ ਅਜੇ ਦੂਰ ਜਾਪਦਾ ਹੈ।
ਵਿਰੋਧੀ ਪਾਰਟੀਆਂ ਨੇ ਮੋਦੀ ਅਤੇ ਉਨ੍ਹਾਂ ਦੀਆਂ ਆਰਥਿਕ ਨੀਤੀਆਂ ਨੂੰ ਨੌਕਰੀਆਂ ਵਿਰੋਧੀ ਕਰਾਰ ਦਿੱਤਾ ਹੈ।
ਡਗਮਗਾ ਰਹੀ ਅਰਥਵਿਵਸਥਾ ਅਤੇ ਵੱਧ ਰਹੀ ਬੇਰੁਜ਼ਗਾਰੀ ਦਾ ਹੱਲ ਜਲਦ ਤੋਂ ਜਲਦ ਲੱਭਣਾ ਮੋਦੀ ਲਈ ਸਭ ਤੋਂ ਵੱਡੀ ਚੁਣੌਤੀ ਹੈ।
ਹਾਲਾਂਕਿ ਰਾਜ ਸਭਾ ਦੇ ਸੰਸਦ ਮੈਂਬਰ, ਲੇਖਕ ਅਤੇ ਅਰਥ ਸ਼ਾਸਤਰੀ ਸਵਪਨ ਦਾਸਗੁਪਤਾ ਦਾ ਮੰਨਣਾ ਹੈ ਕਿ ਮੋਦੀ ਲੋਕਾਂ 'ਚ ਵਿਸ਼ਵਾਸ ਪੈਦਾ ਕਰਨ 'ਚ ਕਾਮਯਾਬ ਰਹੇ ਹਨ ਅਤੇ ਉਹ ਸਹੀ ਦਿਸ਼ਾ 'ਚ ਅੱਗੇ ਵੱਧ ਰਹੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
ਦਾਸਗੁਪਤਾ ਦਾ ਕਹਿਣਾ ਹੈ , "ਇਹ ਅਸਾਧਾਰਣ ਸਥਿਤੀਆਂ ਹਨ ਅਤੇ ਅਰਥਚਾਰੇ ਦਾ ਵੱਡਾ ਹਿੱਸਾ ਆਮ ਵਾਂਗ ਨਹੀਂ ਹੈ। ਨਰਿੰਦਰ ਮੋਦੀ ਦੀ ਸਰਕਾਰ ਬਾਜ਼ਾਰ ਵਿੱਚ ਲਿਕੁਇਡਿਟੀ ਵਧਾਉਣ 'ਚ ਸਫਲ ਰਹੀ ਹੈ।"
"ਮੰਨਿਆ ਜਾ ਰਿਹਾ ਹੈ ਕਿ ਮੋਦੀ ਨੇ ਵਧੀਆ ਕੰਮ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਕੋਵਿਡ ਤੋਂ ਬਾਅਦ ਨਵੇਂ ਮੌਕੇ ਮਿਲਣਗੇ।"
ਪੱਤਰਕਾਰ ਅਤੇ ਲੇਖਕ ਪੂਜਾ ਮਹਿਰਾ ਨੇ ਦਲੀਲ ਦਿੱਤੀ ਹੈ ਕਿ ਪੀਐੱਮ ਮੋਦੀ ਵੱਧ ਰਹੀ ਆਰਥਿਕ ਤੰਗੀ ਲਈ ਜਵਾਬਦੇਹੀ ਤੋਂ ਬਚ ਗਏ ਹਨ।
"ਮੋਦੀ ਲਈ ਪ੍ਰਮੁੱਖ ਚੁਣੌਤੀ ਸਰਕਾਰੀ ਮਾਲੀਆ 'ਚ ਗਿਰਾਵਟ ਆਉਣਾ, ਬਦਲ ਵਿੱਚ ਕਮੀ ਅਤੇ ਲੋਕ ਖ਼ਰਚਿਆਂ ਦੀ ਗੁੰਜਾਇਸ਼ ਨੂੰ ਸੀਮਤ ਕਰਨਾ ਆਦਿ ਹੈ।"
"ਹੁਕਮਰਾਨ ਭੁਗਤਾਨ ਅਤੇ ਬਕਾਇਆ ਰਾਸ਼ੀ ਨੂੰ ਜਲਦੀ ਜਾਰੀ ਕਰਨ 'ਚ ਅਸਫਲ ਹੋ ਰਿਹਾ ਹੈ, ਜੋ ਕਿ ਅਰਥਵਿਵਸਥਾ 'ਚ ਸੰਕਟ ਨੂੰ ਘੱਟ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ।"
"ਪਹਿਲਾਂ ਹੀ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਲੰਬਿਤ ਪਏ ਹਨ। ਕੀ ਉਹ ਸਮਾਂ ਆਏਗਾ ਜਦੋਂ ਸਰਕਾਰੀ ਤਨਖਾਹਾਂ ਅਤੇ ਪੈਨਸ਼ਨਾਂ ਦਾ ਭੁਗਤਾਨ ਕਰਨਾ ਵੀ ਮੁਸ਼ਕਲ ਹੋ ਜਾਵੇਗਾ।"
ਪੂਜਾ ਮਹਿਰਾ ਦਾ ਕਹਿਣਾ ਹੈ, "ਨੌਕਰੀਆਂ ਦੇਣ ਅਤੇ ਲਾਹੇਵੰਦ ਖੇਤੀ ਆਮਦਨ ਦੇ ਟੀਚੇ 'ਚ ਅਸਫਲ ਰਹਿਣ ਦੇ ਬਾਵਜੂਦ ਵੋਟਰਾਂ ਦਾ ਮੋਦੀ 'ਚ ਵਿਸ਼ਵਾਸ ਕਾਇਮ ਹੈ। ਇੱਥੇ ਇਹ ਸਵਾਲ ਉੱਠਦਾ ਹੈ ਕਿ ਮੋਦੀ ਕਦੋਂ ਤੱਕ ਆਪਣੀ ਇਸ ਪ੍ਰਸਿੱਧੀ ਦਾ ਲਾਹਾ ਲੈਂਦੇ ਰਹਿਣਗੇ।"
ਮੋਦੀ ਦੀ ਸਿਆਸਤ ਲਈ ਚੁਣੌਤੀਆਂ
ਦਿ ਇੰਡੀਅਨ ਐਕਸਪ੍ਰੈਸ ਦੀ ਸਾਬਕਾ ਉਪ ਸੰਪਾਦਕ ਸੀਮਾ ਚਿਸ਼ਤੀ ਦਾ ਕਹਿਣਾ ਹੈ, "ਲੋਕਤੰਤਰ 'ਚ ਪ੍ਰਸਿੱਧ ਆਗੂਆਂ ਲਈ ਸਭ ਤੋਂ ਵੱਡੀ ਚੁਣੌਤੀ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਉਹ ਸਿਸਟਮ 'ਚ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਚੁਣੌਤੀ ਨਹੀਂ ਮੰਨਦੇ।"
"ਮਜ਼ਬੂਤ ਵਿਰੋਧੀ ਧਿਰ ਨਾ ਸਿਰਫ਼ ਲੋਕਤੰਤਰ ਲਈ ਜ਼ਰੂਰੀ ਹੈ ਬਲਕਿ ਸੱਤਾ 'ਤੇ ਕਾਬਜ਼ ਲੋਕਾਂ ਲਈ ਵੀ ਇਸ ਦੀ ਅਹਿਮ ਭੂਮਿਕਾ ਹੈ।"
ਪਰ ਮੋਦੀ ਕੀ ਚਾਹੁੰਦੇ ਹਨ ਕਿ ਸੰਨਿਆਸ ਲੈਣ ਤੋਂ ਬਾਅਦ ਪੂਰੀ ਦੁਨੀਆਂ ਅਤੇ ਭਾਰਤ ਉਨ੍ਹਾਂ ਨੂੰ ਕਿਸ ਪੱਖ ਤੋਂ ਯਾਦ ਰੱਖੇ ਅਤੇ ਉਨ੍ਹਾਂ ਅੱਗੇ ਕਿਹੜੀਆਂ ਸਿਆਸੀ ਚੁਣੌਤੀਆਂ ਹਨ।
ਸੀਮਾ ਚਿਸ਼ਤੀ ਦਾ ਕਹਿਣਾ ਹੈ, "ਮੋਦੀ ਹਿੰਦੂਤਵ ਵਿਚਾਰਧਾਰਾ ਦੇ ਪੱਕੇ ਸਮਰਥਕ ਹਨ ਪਰ ਵਿਸ਼ਵ ਆਗੂ ਬਣਨ ਲਈ ਉਨ੍ਹਾਂ ਨੂੰ ਜਿਸ ਪਛਾਣ ਦੀ ਲੋੜ ਹੈ, ਉਹ ਗਾਂਧੀ ਅਤੇ ਵਿਦੇਸ਼ਾਂ 'ਚ ਸੰਮਲਿਤ ਭਾਰਤ ਕਾਇਮ ਕਰਨ ਲਈ ਪ੍ਰੇਰਿਤ ਕਰਦੀ ਹੈ।"
ਇੰਡੀਆ ਟੂਡੇ ਦੇ ਉਪ ਸੰਪਾਦਕ ਉਦੈ ਮਾਹੂਰਕਰ ਦਾ ਕਹਿਣਾ ਹੈ ਕਿ ਮੋਦੀ ਨੂੰ ਉਦੋਂ ਤੱਕ ਕੋਈ ਸਿਆਸੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਦੋਂ ਤੱਕ ਕਾਂਗਰਸ ਦੇ ਅਕਸ 'ਚ ਬਦਲਾਅ ਨਹੀਂ ਆਉਂਦਾ ਹੈ।
ਇਹ ਵੀ ਪੜ੍ਹੋ:-
"ਜਦੋਂ ਤੱਕ ਕਾਂਗਰਸ ਘੱਟ ਗਿਣਤੀਆਂ ਨੂੰ ਸੰਤੁਸ਼ਟ ਕਰਨਾ ਨਹੀਂ ਛੱਡਦੀ ਉਦੋਂ ਤੱਕ ਉਨ੍ਹਾਂ ਨੂੰ ਕੋਈ ਚੁਣੌਤੀ ਨਹੀਂ ਮਿਲੇਗੀ। ਇੱਕ ਆਮ ਆਦਮੀ ਦਾ ਮੋਦੀ 'ਚ ਵਿਸ਼ਵਾਸ ਉਨ੍ਹਾਂ ਹੀ ਪੱਕਾ ਹੈ ਜਿੰਨਾਂ ਕਿ ਉਨ੍ਹਾਂ ਦਾ ਇੱਕ ਇਮਾਨਦਾਰ ਆਗੂ ਵਜੋਂ ਅਕਸ ਕਾਇਮ ਹੈ।"
"ਮੋਦੀ ਸਰਕਾਰ ਵੱਲੋਂ ਕੀਤੇ ਕਾਰਜਾਂ ਦਾ ਨਤੀਜਾ ਪ੍ਰਭਾਵਸ਼ਾਲੀ ਰਿਹਾ ਹੈ ਅਤੇ ਬਹੁਗਿਣਤੀ ਵਿਸ਼ੇਸ਼ ਕਰਕੇ ਦਿਹਾਤੀ ਭਾਰਤ ਨੇ ਇਸ ਤੋਂ ਖਾਸਾ ਲਾਭ ਹਾਸਲ ਕੀਤਾ ਹੈ।"
"ਮੋਦੀ ਦੇ ਆਲੋਚਕਾਂ ਦਾ ਮੰਨਣਾ ਹੈ ਕਿ ਹੁਣ ਅਗਾਂਹ ਦਾ ਰਸਤਾ ਉਨ੍ਹਾਂ ਲਈ ਕਈ ਚੁਣੌਤੀਆਂ ਲੈ ਕੇ ਆਵੇਗਾ ਪਰ ਕੋਵਿਡ ਤੋਂ ਬਾਅਦ ਦਾ ਭਾਰਤ ਪਹਿਲਾਂ ਨਾਲੋਂ ਵੀ ਮਜ਼ਬੂਤ ਮੋਦੀ ਨੂੰ ਦੇਖੇਗਾ।"
ਹੁਣ ਪ੍ਰਧਾਨ ਮੰਤਰੀ ਮੋਦੀ ਆਪਣੇ 70ਵੇਂ ਜਨਮ ਦਿਵਸ 'ਤੇ ਆਪਣੇ ਲਈ ਕੀ ਮੰਗਣਗੇ? ਇੱਕ ਮਜ਼ਬੂਤ ਮੋਦੀ, ਇੱਕ ਵਿਸ਼ਵ ਆਗੂ ਮੋਦੀ, ਵਧੇਰੇ ਹਿੰਦੂਤਵ ਪ੍ਰਭਾਵਿਤ ਮੋਦੀ, ਵਧੇਰੇ ਪ੍ਰਵਾਨ ਕੀਤਾ ਜਾਣ ਵਾਲਾ ਮੋਦੀ ਜਾਂ ਫਿਰ ਇਹ ਸਭ ਕੁੱਝ ਹੀ?
ਇਹ ਵੀ ਦੇਖੋ: