ਸੁਰੇਸ਼ ਰੈਨਾ ਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਹਾਰ, 'ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ'

ਕ੍ਰਿਕਟਰ ਸੁਰੇਸ਼ ਰੈਨਾ ਨੇ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਨਾਲ ਪੰਜਾਬ ਵਿੱਚ ਹੋਏ ਹਾਦਸੇ ਵੱਲ ਧਿਆਨ ਦੇਣ।

ਕੁਝ ਦਿਨ ਪਹਿਲਾਂ ਪਠਾਨਕੋਟ ਵਿੱਚ ਰਹਿੰਦੀ ਸੁਰੇਸ਼ ਰੈਨਾ ਦੀ ਭੂਆ ਦੇ ਪਰਿਵਾਰ 'ਤੇ ਹਮਲਾ ਹੋਇਆ ਸੀ ਜਿਸ ਵਿੱਚ ਉਨ੍ਹਾਂ ਦੇ ਫੁੱਫੜ ਦੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਬਾਕੀ ਪਰਿਵਾਰ ਗੰਭੀਰ ਜ਼ਖ਼ਮੀ ਹੋ ਗਿਆ।

ਇਸ ਹਾਦਸੇ ਤੋਂ ਤੁਰੰਤ ਬਾਅਦ ਸੁਰੇਸ਼ ਰੈਨਾ ਦੁਬਈ ਤੋਂ ਭਾਰਤ ਵਾਪਿਸ ਪਰਤ ਆਏ ਸਨ ਜਿੱਥੇ ਉਹ ਆਈਪੀਐੱਲ ਖੇਡਣ ਲਈ ਗਏ ਸਨ।

CM ਦੇ ਹੁਕਮਾਂ 'ਤੇ SIT ਦਾ ਗਠਨ

ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਨਾਲ ਪੰਜਾਬ ਦੇ ਪਠਾਨਕੋਟ ਵਿੱਚ ਹੋਏ ਹਾਦਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਗਠਨ ਕਰਨ ਦਾ ਹੁਕਮ ਦਿੱਤਾ ਹੈ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਸ ਬਾਬਤ SIT ਦੇ ਗਠਨ ਕਰਨ ਤੋਂ ਬਾਅਦ ਆਖਿਆ ਕਿ ਉਹ ਨਿੱਜੀ ਤੌਰ ਉੱਤੇ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ।

ਡੀਜੀਪੀ ਮੁਤਾਬਕ ਹਾਲਾਂਕਿ ਸ਼ੁਰੂਆਤੀ ਜਾਂਚ ਤੋਂ ਲਗਦਾ ਹੈ ਕਿ ਹਮਲੇ ਵਿੱਚ ਡੀ-ਨੋਟੀਫਾਈਡ ਅਪਰਾਧਿਕ ਕਬੀਲੇ ਨਾਲ ਜੁੜੇ ਅਪਰਾਧੀਆਂ ਦਾ ਹੱਥ ਹੈ ਜਿਨ੍ਹਾਂ ਨੂੰ ਅਕਸਰ ਪੰਜਾਬ-ਹਿਮਾਚਲ ਬਾਰਡਰ ਉੱਤੇ ਸਰਗਰਮ ਮੰਨਿਆ ਜਾਂਦਾ ਹੈ। ਡੀਜੀਪੀ ਮੁਤਾਬਕ SIT ਨੂੰ ਸਾਰੇ ਸੰਭਾਵਿਤ ਐਂਗਲ ਤੋਂ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ।

ਆਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੀਆਂ ਵਿਸ਼ੇਸ਼ ਟੀਮਾਂ ਨੂੰ 24 ਘੰਟੇ ਅਤੇ ਸੱਤੇ ਦਿਨ ਕੇਸ ਦੀ ਪੜਤਾਲ ਵਿੱਚ ਲਗਾਇਆ ਗਿਆ ਹੈ।

ਇਸ ਤਰ੍ਹਾਂ ਦੇ ਪਹਿਲਾਂ ਹੋਏ ਹਾਦਸਿਆਂ ਦੇ ਮਾਮਲੇ ਵਿੱਚ ਅੰਤਰ- ਰਾਜ ਛਾਪੇਮਾਰੀ ਜਾਰੀ ਹੈ ਅਤੇ 25 ਤੋਂ ਵੱਧ ਸ਼ੱਕੀ ਵਿਅਕਤੀ ਨਿਗਰਾਨੀ ਹੇਠ ਹਨ।

ਹਿਮਾਚਲ ਅਤੇ ਉੱਤਰ ਪ੍ਰਦੇਸ਼ ਤੋਂ ਕੁਝ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਮੋਬਾਈਲ ਨੰਬਰਾਂ ਅਤੇ ਠਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਗੁਰਦਾਸਪੁਰ, ਤਰਨ ਤਾਰਨ ਅਤੇ ਅੰਮ੍ਰਿਤਸਾਰ ਦੀ ਸਥਾਨਕ ਪੁਲਿਸ ਨਾਲ ਮਿਲਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਿਸ ਘਰ ਵਿੱਚ ਵਾਰਦਾਤ ਹੋਈ ਉੱਥੇ ਕੰਮ ਕਰਨ ਵਾਲੇ ਛੇ ਕਾਮਿਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।

ਡੀਜੀਪੀ ਮੁਤਾਬਕ ਵਾਰਦਾਤ ਵਾਲੀ ਥਾਂ ਤੋਂ ਇਲਾਵਾ ਆਲੇ-ਦੁਆਲੇ ਦੀਆਂ ਥਾਵਾਂ ਤੋਂ ਟਾਪਰ ਡੰਪਸ ਤਕਨੀਕੀ ਵਿਸ਼ਲੇਸ਼ਣ ਲਈ ਲਏ ਗਏ ਹਨ ਤਾਂ ਜੋਂ ਸ਼ੱਕੀ ਗਤੀਵਿਧੀਆਂ ਨੂੰ ਟ੍ਰੈਕ ਕੀਤਾ ਜਾ ਸਕਦੇ।

ਡੀਜੀਪੀ ਮੁਤਾਬਕ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਆਰਮੀ ਅਤੇ BSF ਖ਼ੇਤਰ ਵਿੱਚ ਲੱਗੇ ਸੀਸੀਟੀਵੀ ਨੂੰ ਸ਼ੱਕੀ ਗਤੀਵਿਧੀਆਂ ਲਈ ਚੈੱਕ ਕੀਤਾ ਗਿਆ ਹੈ।

ਹੁਣ ਤੱਕ ਦੀ ਪੜਤਾਲ ਦੱਸਦੀ ਹੈ ਕਿ ਮੁਜਰਮਾਂ ਵੱਲੋਂ ਗੁਆਂਢ ਦੇ ਤਿੰਨ ਹੋਰ ਘਰਾਂ ਵਿੱਚ ਵੀ ਡਕੈਤੀ ਦੀ ਯੋਜਨਾ ਸੀ।

ਡੀਜਪੀ ਦਿਨਕਰ ਗੁਪਤਾ ਮੁਤਾਬਕ ਪੰਜਾਬ ਵਿੱਚ ਇਸ ਤਰ੍ਹਾਂ ਦੀ ਪਹਿਲਾਂ ਹੋਈਆਂ ਘਟਨਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਮਾਮਲਿਆਂ ਦੇ ਸ਼ੱਕੀ ਜੇਲ੍ਹ ਵਿੱਚ ਹਨ ਜਾਂ ਫ਼ਿਰ ਬਾਹਰ।

SIT ਬਾਰੇ ਜਾਣਕਾਰੀ ਦਿੰਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਇਸ ਟੀਮ ਦੀ ਅਗਵਾਈ ਅੰਮ੍ਰਿਤਸਰ IGP ਬਾਰਡਰ ਰੇਂਜ ਐੱਸਪੀਐੱਸ ਪਰਮਾਰ ਕਰ ਰਹੇ ਹਨ।

ਉਨ੍ਹਾਂ ਦੇ ਨਾਲ SSP ਪਠਾਨਕੋਟ ਗੁਲਨੀਤ ਸਿੰਘ ਖ਼ੁਰਾਨਾ, SP ਇਨਵੈਸਟੀਗੇਸ਼ਨ ਪਠਾਨਕੋਟ ਪ੍ਰਭਜੀਤ ਸਿੰਘ ਵਿਰਕ ਅਤੇ DSP ਧਰ ਕਲਾਂ (ਪਠਾਨਕੋਟ) ਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਹੋਵੇਗੀ।

ਇਸ ਤੋਂ ਇਲਾਵਾ ADGP ਲਾਅ ਐਂਡ ਆਰਡਰ ਇਸ਼ਵਰ ਸਿੰਘ ਨੂੰ ਹਰ ਰੋਜ਼ ਤਫ਼ਤੀਸ਼ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਹੈ, ਜਦਕਿ ਐੱਸਪੀਐੱਸ ਪਰਮਾਰ ਨੂੰ ਸੂਬੇ ਵਿੱਚ ਤਾਇਨਾਤ ਕਿਸੇ ਵੀ ਹੋਰ ਪੁਲਿਸ ਅਧਿਕਾਰੀ ਨੂੰ ਇਸ ਕੰਮ ਵਿੱਚ ਤੇਜ਼ੀ ਨਾਲ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ।

ਡੀਜੀਪੀ ਨੇ ਆਖਿਆ ਕਿ IGP ਨੂੰ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਕਿਸੇ ਹੋਰ ਵਿਭਾਗ ਜਾਂ ਯੂਨਿਟ ਦੀ ਸਹਾਇਤਾ ਜਾਂ ਸਾਥ ਲੈਣ ਦੀ ਆਜ਼ਾਦੀ ਹੈ।

ਇਸ ਘਟਨਾ ਸਬੰਧੀ 20 ਅਗਸਰ ਨੂੰ FIR ਦਰਜ ਹੋਈ ਸੀ। ਮਾਮਲਾ 460/459/458 ਧਾਰਾਵਾਂ ਤਹਿਤ ਪਠਾਨਕੋਟ ਦੇ ਸ਼ਾਹਪੁਰ ਕੰਢੀ ਵਿਖੇ ਦਰਜ ਕੀਤਾ ਗਿਆ ਹੈ ਅਤੇ ਘਟਨਾ 19 ਅਗਸਤ ਦੇਰ ਰਾਤ ਪਿੰਡ ਥਰਿਆਲ ਦੀ ਹੈ।

ਇਹ ਵੀ ਪੜ੍ਹੋ-

ਭਾਰਤ ਪਰਤਣ ਦੇ ਕਰੀਬ ਤਿੰਨ ਦਿਨ ਬਾਅਦ ਸੁਰੇਸ਼ ਰੈਨਾ ਨੇ ਦੋ ਟਵੀਟ ਕੀਤੇ ਹਨ।

ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, "ਪੰਜਾਬ ਵਿੱਚ ਮੇਰੇ ਪਰਿਵਾਰ ਨਾਲ ਜੋ ਹੋਇਆ, ਉਹ ਬਹੁਤ ਭਿਆਨਕ ਸੀ, ਮੇਰੇ ਫੁੱਫੜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੇਰੀ ਭੂਆ ਅਤੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਮੇਰਾ ਇੱਕ ਭਰਾ ਜ਼ਿੰਦਗੀ ਦੀ ਜੰਗ ਲੜਦਾ-ਲੜਦਾ ਦਮ ਤੋੜ ਗਿਆ।"

ਉਨ੍ਹਾਂ ਨੇ ਅੱਗੇ ਕਿਹਾ ਹੈ, ''ਹੁਣ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਉਸ ਰਾਤ ਕੀ ਹੋਇਆ ਸੀ ਅਤੇ ਇਹ ਸਭ ਕਿਸ ਨੇ ਕੀਤਾ ਸੀ। ਮੈਂ ਪੰਜਾਬ ਪੁਲਿਸ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਇਸ ਮਾਮਲੇ ਵੱਲ ਧਿਆਨ ਦੇਣ। ਸਾਨੂੰ ਘੱਟੋ-ਘੱਟ ਐਨਾ ਤਾਂ ਹੱਕ ਹੈ ਕਿ ਅਸੀਂ ਜਾਣ ਸਕੀਏ ਕਿ ਇਹ ਸਭ ਕਿਸ ਨੇ ਕੀਤਾ ਹੈ।"

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਗੁਜ਼ਾਰਿਸ਼ ਕੀਤੀ ਕਿ ਅਪਰਾਧੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਤਾਂ ਜੋ ਅਜਿਹਾ ਜੁਰਮ ਫਿਰ ਨਾ ਕਰ ਸਕਣ।

ਰੈਨਾ ਦੇ ਟੀਵਟ 'ਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਪ੍ਰਤੀਕਿਆ ਦਿੱਤੀ ਹੈ। ਉਨ੍ਹਾਂ ਨੇ ਇਸਦੇ ਲਈ ਰੇਤ ਮਾਫ਼ੀਆ ਨੂੰ ਜ਼ਿੰਮੇਵਾਰ ਠਹਿਰਾਇਆ।

ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ ਕਿ ਉਹ ਮੁੱਖ ਮੰਤਰੀ ਨੂੰ ਗੁਜ਼ਾਰਿਸ਼ ਕਰਦੇ ਹਨ ਕਿ ਲੀਡਰਾਂ ਅਤੇ ਪੁਲਿਸ ਦੀ ਮਿਲੀਭੁਗਤ ਨੂੰ ਖ਼ਤਮ ਕਰਨ ਜੋ ਅਜਿਹੇ ਅਨਸਰਾਂ ਨੂੰ ਉਤਸ਼ਾਹਿਤ ਕਰਦੇ ਹਨ।

ਕੀ ਹੈ ਮਾਮਲਾ

ਬੀਬਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ 19 ਅਗਸਤ ਦੀ ਦੇਰ ਰਾਤ ਪਿੰਡ ਥਰਿਆਲ ਦੇ ਇੱਕ ਘਰ ਵਿੱਚ ਕਾਤਲਾਨਾ ਹਮਲਾ ਹੋਇਆ ਜਿਸ ਦੌਰਾਨ ਘਰ ਵਿੱਚ ਮੌਜੂਦ 5 ਲੋਕਾਂ 'ਚੋਂ ਇੱਕ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖ਼ਮੀ ਹੋ ਗਏ। ਮਰਨ ਵਾਲੇ ਸ਼ਖ਼ਸ ਅਸ਼ੋਕ ਕੁਮਾਰ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਹਨ।

ਪਠਾਨਕੋਟ ਪੁਲਿਸ ਵਲੋਂ ਇਸ ਮਾਮਲੇ 'ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

29 ਅਗਸਤ ਨੂੰ ਚੇਨਈ ਸੁਪਰਕਿੰਗਜ਼ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਸੁਰੇਸ਼ ਕਾਰਨਾਂ ਨਿੱਜੀ ਕਾਰਨਾਂ ਕਰਕੇ ਭਾਰਤ ਵਾਪਿਸ ਆ ਰਹੇ ਹਨ ਤੇ ਇਸ ਵਾਰ ਦਾ ਆਈਪੀਐੱਲ ਨਹੀਂ ਖੇਡ ਸਕਣਗੇ।

ਜਿਸ ਤੋਂ ਬਾਅਦ ਅੱਜ ਸੁਰੇਸ਼ ਰੈਨਾ ਨੇ ਇਸ ਮਾਮਲੇ ਤੇ ਚੁੱਪੀ ਤੋੜੀ ਹੈ।

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)