You’re viewing a text-only version of this website that uses less data. View the main version of the website including all images and videos.
ਆਈਪੀਐਲ ਛੱਡ ਕੇ ਸੁਰੇਸ਼ ਰੈਨਾ ਦੇ ਭਾਰਤ ਪੁੱਜਣ ਦੀ ਕੀ ਹੈ ਵਜ੍ਹਾ
ਚੇਨੱਈ ਸੁਪਰਕਿੰਗਜ਼ ਦੇ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਦੱਸਿਆ ਗਿਆ ਹੈ ਕਿ ਕ੍ਰਿਕਟਰ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਵਾਪਸ ਭਾਰਤ ਪਰਤ ਆਏ ਹਨ ਅਤੇ ਆਈਪੀਐਲ ਦੇ ਇਸ ਸੀਜ਼ਨ ਵਿੱਚ ਨਹੀਂ ਖੇਡ ਸਕਣਗੇ।
ਟਵੀਟ ਵਿੱਚ, ਟੀਮ ਦੇ ਸੀਈਓ ਕੇਸੀ ਵਿਸ਼ਵਨਾਥਨ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਚੇਨੱਈ ਸੁਪਰਕਿੰਗਜ਼ ਅਜਿਹੀ ਸਥਿਤੀ ਵਿੱਚ ਰੈਨਾ ਦੇ ਪਰਿਵਾਰ ਨੂੰ ਪੂਰਾ ਸਹਿਯੋਗ ਦੇਵੇਗੀ।"
ਨੇੜਲੇ ਰਿਸ਼ਤੇਦਾਰਾਂ ਨਾਲ ਵਾਪਰਿਆ ਹਾਦਸਾ
ਹਾਲਾਂਕਿ, ਕਿਹੜੇ ਕਾਰਨਾਂ ਕਰਕੇ ਰੈਨਾ ਨੂੰ ਭਾਰਤ ਪਰਤਣਾ ਪਿਆ, ਇਸ ਬਾਰੇ ਵਿਸਥਾਰ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਪਰ ਇਹ ਕਿਹਾ ਜਾ ਰਿਹਾ ਹੈ ਕਿ ਸੁਰੇਸ਼ ਰੈਨਾ ਆਪਣੇ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਨਾਲ ਹੋਏ ਹਾਦਸੇ ਕਾਰਨ ਵਾਪਸ ਪਰਤੇ ਹਨ।
ਬੀਬਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ 19 ਅਗਸਤ ਦੀ ਦੇਰ ਰਾਤ ਪਿੰਡ ਥਰਿਆਲ ਦੇ ਇੱਕ ਘਰ ਵਿੱਚ ਕਾਤਲਾਨਾ ਹਮਲਾ ਹੋਇਆ ਜਿਸ ਦੌਰਾਨ ਘਰ ਵਿੱਚ ਮੌਜੂਦ 5 ਲੋਕਾਂ 'ਚੋਂ ਇੱਕ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਸ਼ਖ਼ਸ ਅਸ਼ੋਕ ਕੁਮਾਰ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਹਨ।
ਜਾਣਕਾਰੀ ਮੁਤਾਬਕ, ਰੈਨਾ ਦੀ ਭੂਆ ਅਤੇ ਉਨ੍ਹਾਂ ਦਾ ਇੱਕ ਬੇਟਾ ਅਜੇ ਵੀ ਹਸਪਤਾਲ 'ਚ ਜੇਰ-ਏ-ਇਲਾਜ ਹਨ। ਉਨ੍ਹਾਂ ਦੇ ਇੱਕ ਬੇਟੇ ਅਤੇ ਸੱਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।
ਜਾਣਕਾਰੀ ਮੁਤਾਬਕ ਰੈਨਾ ਦੀ ਭੁਆ ਦਾ ਇਲਾਜ ਚੱਲ ਰਿਹਾ ਹੈ, ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਬਾਰੇ ਗੱਲ ਕਰਦੇ ਹੋਏ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸੁਰੇਸ਼ ਰੈਨਾ ਪਠਾਨਕੋਟ ਆ ਸਕਦੇ ਹਨ।
ਪੁਲਿਸ ਨੇ ਕੀਤੀ ਜਾਂਚ ਸ਼ੁਰੂ
ਪਠਾਨਕੋਟ ਪੁਲਿਸ ਵਲੋਂ ਇਸ ਮਾਮਲੇ 'ਚ ਕੇਸ ਦਰਜ਼ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਠਾਨਕੋਟ ਦੇ ਐਸ. ਪੀ. ਪ੍ਰਭਜੋਤ ਸਿੰਘ ਵਿਰਕ ਨੇ ਇਸ ਬਾਰੇ ਦੱਸਿਆ ਕਿ 19 -20 ਅਗਸਤ ਦੇ ਦੇਰ ਰਾਤ ਇੱਕ ਘਰ 'ਚ ਲੁੱਟ ਦੀ ਨੀਯਤ ਨਾਲ ਪਰਿਵਾਰ 'ਤੇ ਹਮਲੇ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਇਸ ਬਾਬਤ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਪਰਿਵਾਰ ਸੁਰੇਸ਼ ਰੈਨਾ ਦਾ ਰਿਸ਼ਤੇਦਾਰ ਹੈ।
ਹਾਲਾਂਕਿ ਕੀ ਸੁਰੇਸ਼ ਰੈਨਾ ਦਾ ਵਾਪਸੀ ਦਾ ਕਾਰਨ ਇਹ ਹੈ ਜਾਂ ਨਹੀਂ, ਇਸ ਬਾਰੇ ਕੁਝ ਸਪਸ਼ਟ ਨਹੀਂ ਹੈ।