You’re viewing a text-only version of this website that uses less data. View the main version of the website including all images and videos.
ਪੰਜਾਬ 'ਨਕਲੀ ਸ਼ਰਾਬ' ਤਰਾਸਦੀ : ਗ੍ਰਿਫਤਾਰ ਔਰਤ ਮੁਲਜ਼ਮ ਅਤੇ ਨੈੱਟਵਰਕ ਪਿੱਛੇ ਕੌਣ
ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਪਿੰਡ ਮੁੱਛਲ ਵਿੱਚ ਇੱਕ ਘਰ ਨੂੰ ਤਾਲਾ ਲੱਗਾ ਸੀ। ਇਹ ਉਹੀ ਘਰ ਸੀ ਜਿੱਥੇ ਕਥਿਤ ਨਕਲੀ ਸ਼ਰਾਬ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਘਰ ਵਿੱਚ ਰਹਿਣ ਵਾਲੀ ਬਲਵਿੰਦਰ ਕੌਰ ਨੂੰ ਪੁਲਿਸ ਹਿਰਾਸਤ ਵਿੱਚ ਲੈ ਚੁੱਕੀ ਹੈ। ਉਸ ਦੇ ਪਤੀ ਜਸਵੰਤ ਸਿੰਘ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹੀ ਕਥਿਤ ਸ਼ਰਾਬ ਪੀਣ ਕਾਰਨ ਉਸ ਦੀ ਮੌਤ ਹੋਈ ਹੈ।
ਦਰਅਸਲ ਨਕਲੀ ਸ਼ਰਾਬ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦੋ ਦਰਜਨ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹਨ।
ਗੁਆਂਢ ਵਿੱਚ ਰਹਿੰਦੇ ਬਲਵਿੰਦਰ ਸਿੰਘ ਦੀ ਵੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ। ਬਲਵਿੰਦਰ ਸਿੰਘ ਦੇ ਪੁੱਤਰ ਹਰਜੀਤ ਸਿੰਘ ਨੇ ਕਿਹਾ, "ਇੰਨ੍ਹਾਂ ਨੂੰ 20-25 ਸਾਲ ਹੋ ਗਏ ਹਨ, ਸ਼ਰਾਬ ਵੇਚਦੇ ਹੋਏ। ਇੰਨ੍ਹਾਂ ਦਾ ਕੰਮ ਹੀ ਇਹੀ ਹੈ। ਇਹ ਕੰਮ ਬੰਦ ਹੋਣਾ ਚਾਹੀਦਾ ਹੈ।"
ਸਥਾਨਕ ਲੋਕ ਸ਼ਰ੍ਹੇਆਮ ਕਈ ਸੱਤਾਧਾਰੀ ਸਿਆਸਤਦਾਨਾਂ ਦੇ ਨਾਂ ਲੈ ਰਹੇ ਹਨ, ਵਿਰੋਧੀ ਧਿਰ ਵੀ ਦੋ ਵਿਧਾਇਕਾਂ ਤੇ ਉਨ੍ਹਾਂ ਨਾਲ ਸਬੰਧਤ ਕੁਝ ਬੰਦਿਆਂ ਅਤੇ ਪੁਲਿਸ ਅਫ਼ਸਰਾਂ ਦੇ ਨਾ ਲੈ ਰਹੇ ਹਨ। ਪਰ ਸਰਕਾਰ ਜਾਂ ਸੱਤਾਧਾਰੀ ਧਿਰ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਸਥਾਨਕ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਇਸ ਦੀ ਜਾਂਚ ਦੀ ਹੀ ਗੱਲ ਕਹਿ ਰਹੇ ਹਨ। ਉਹ ਕਹਿੰਦੇ ਹਨ ਕਿ ਕਿਸੇ ਨੂੰ ਬਖ਼ਸਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ:-
- 'ਨਕਲੀ ਸ਼ਰਾਬ' ਕਾਰਨ ਹੋਈਆਂ ਮੌਤਾਂ, ਪੁਲਿਸ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਮੁਅੱਤਲ
- ਪੰਜਾਬ ਵਿੱਚ 'ਨਕਲੀ ਸ਼ਰਾਬ' ਨਾਲ ਹੋਈਆਂ ਮੌਤਾਂ ਬਾਰੇ ਆਬਕਾਰੀ ਵਿਭਾਗ ਦੇ ਸਭ ਤੋਂ ਵੱਡੇ ਅਫ਼ਸਰ ਨੇ ਕੀ ਸਫਾਈ ਦਿੱਤੀ
- ਪੰਜਾਬ 'ਚ 'ਨਕਲੀ ਸ਼ਰਾਬ' ਨਾਲ ਮੌਤਾਂ ਦਾ ਮਾਮਲਾ: 'ਸਾਡੇ ਪਿੰਡ 'ਚੋਂ 10 ਲਾਸ਼ਾਂ ਉੱਠੀਆਂ ਹਨ'
- 'ਨਕਲੀ ਸ਼ਰਾਬ' ਨਾਲ ਹੋਈਆਂ ਮੌਤਾਂ ਮਗਰੋਂ ਕੈਪਟਨ ਸਰਕਾਰ 'ਤੇ ਉੱਠਦੇ 7 ਸਵਾਲ
ਹੁਣ ਤੱਕ ਜੋ ਪਤਾ ਹੈ, ਮੁੱਖ ਬਿੰਦੂ
- ਮਾਝੇ ਦੇ ਤਿੰਨ ਜਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ 'ਜ਼ਹਿਰੀਲੀ ਸ਼ਰਾਬ' ਦਾ ਕਹਿਰ, ਹੁਣ ਤੱਕ ਘੱਟੋ-ਘੱਟ 104 ਮੌਤਾਂ।
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ।
- ਮਾਝੇ ਦੇ ਲੋਕ ਨਕਲੀ ਸ਼ਰਾਬ ਦੇ ਇਸ ਕਾਰੋਬਾਰ ਨੂੰ ਸਿਆਸੀ ਤੇ ਪੁਲਿਸ ਸਰਪ੍ਰਸਤੀ ਦੇ ਇਲਜ਼ਾਮ ਲਾ ਰਹੇ ਹਨ।
- ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਲਈ 2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ।
- ਸਰਕਾਰ ਨੇ ਸੱਤ ਆਬਕਾਰੀ ਅਤੇ ਛੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਬਣਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
- ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰ ਕੇ ਦੋ ਦਰਜਣ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹਨ।
- ਪਰਿਵਾਰ ਵਾਲਿਆਂ ਮੁਤਾਬਕ ਜ਼ਿਆਦਾਤਰ ਮ੍ਰਿਤਕਾਂ ਨੇ ਅੱਖਾਂ ਦੀ ਰੌਸ਼ਨੀ ਚਲੇ ਜਾਣ ਦੀ ਸ਼ਿਕਾਇਤ ਕੀਤੀ ਸੀ।
- ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਘਟਨਾ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਹਾਈ ਕੋਰਟ ਦੇ ਜੱਜ ਤੋਂ ਜ਼ਾਂਚ ਦੀ ਮੰਗ ਕੀਤੀ।
- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
- ਇਲਾਕੇ ਦੇ ਸਿਆਸੀ ਆਗੂਆਂ ਅਤੇ ਪੁਲਿਸ ਦੀ ਮਿਲੀਭੁਗਤ ਦੇ ਇਲਜ਼ਾਮ ਲੱਗ ਰਹੇ ਹਨ।
ਮੁੱਛਲ ਪਿੰਡ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਨੇ ਵੀ ਪੁਲਿਸ ਤੇ ਸਿਆਸਤਦਾਨਾਂ ਦੀ ਮਿਲੀਭੁਗਤ ਹੋਣ ਦਾ ਇਲਜ਼ਾਮ ਲਾਇਆ।
ਉਨ੍ਹਾਂ ਕਿਹਾ, "ਇਹ ਬੜਾ ਵੱਡਾ ਨੈਕਸਸ ਹੈ, ਵੱਡੇ ਬੰਦਿਆਂ ਦਾ ਨੈਕਸਸ ਹੈ, ਉਨ੍ਹਾਂ ਬੰਦਿਆਂ ਤੱਕ ਪਹੁੰਚਿਆ ਨਹੀਂ ਜਾ ਸਕਦਾ। ਪੁਲਿਸ ਨੂੰ 100 ਫੀਸਦ ਸਭ ਪਤਾ ਹੈ। ਉਨ੍ਹਾਂ ਨੂੰ ਹਰੇਕ ਵਿਅਕਤੀ ਬਾਰੇ ਪਤਾ ਹੈ ਉਹ ਕੀ ਕਰਦਾ ਹੈ। ਪੁਲਿਸ ਦੀ ਮਿਲੀ ਭੁਗਤ ਹੈ। ਉਹ ਵੱਡੇ ਲੋਕਾਂ ਨਾਲ ਰਲੀ ਹੋਈ ਹੈ ਜੋ ਪੈਸੇ ਦਿੰਦੇ ਹਨ।"
ਉਨ੍ਹਾਂ ਅੱਗੇ ਕਿਹਾ, "ਇਹ ਸਿਆਸੀ ਨੈਕਸਸ ਹੈ। ਉਹ ਕਰੋੜਾਂ ਰੁਪਏ ਲੈ ਕੇ ਕਾਰੋਬਾਰ ਕਰ ਰਹੇ। ਇਸ ਲਈ ਪੁਲਿਸ ਕਾਰਵਾਈ ਨਹੀਂ ਕਰਦੀ। ਪੁਲਿਸ ਚਾਹੇ ਤਾਂ ਹਿਰਾਸਤ ਵਿੱਚ ਲਈ ਬੀਬੀ ਤੋਂ ਇੱਕ ਘੰਟੇ ਵਿੱਚ ਪੁੱਛਗਿੱਛ ਕਰਕੇ ਪਤਾ ਲਾ ਸਕਦੀ ਹੈ। ਪਰ ਉਸ ਖਿਲਾਫ਼ ਪਰਚਾ ਦਰਜ ਕਰ ਦਿੱਤਾ ਹੈ ਅਤੇ ਲੋਕ ਸ਼ਾਂਤ ਹੋ ਗਏ। ਉਹ ਜੇਲ੍ਹ ਚਲੀ ਗਈ, ਅਸਲ ਮੁਲਜ਼ਮ ਦਾ ਪਤਾ ਹੀ ਨਹੀਂ ਹੈ।"
ਜੰਡਿਆਲਾ ਗੁਰੂ ਦੇ ਡੀਐੱਸਪੀ ਮਨਜੀਤ ਸਿੰਘ ਦਾ ਕਹਿਣਾ ਹੈ, "ਇਨ੍ਹਾਂ ਖਿਲਾਫ਼ ਪਹਿਲਾਂ ਵੀ ਮੁਕਦਮੇ ਦਰਜ ਹਨ। ਦੋਹਾਂ ਪਤੀ-ਪਤਨੀ ਖਿਲਾਫ਼ ਪਹਿਲਾਂ ਵੀ ਮੁਕਦਮੇ ਦਰਜ ਹਨ। ਹੁਣ 304 ਦੇ ਤਹਿਤ ਪਰਚਾ ਦਰਜ ਕੀਤਾ ਹੈ, ਗ੍ਰਿਫ਼ਤਾਰੀ ਕੀਤੀ ਹੈ।"
ਬਿਕਰਮ ਮਜੀਠੀਆ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਕਲੀ ਸ਼ਰਾਬ ਦੇ ਮਾਮਲੇ ਸਬੰਧੀ ਵਰਚੁਅਲ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਇਸ ਮਾਮਲੇ ਵਿੱਚ ਪ੍ਰਸ਼ਾਸਨ ਅਸਲ ਅੰਕੜੇ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
"ਇਸ ਲਈ ਕੋਈ ਜ਼ਿੰਮਵਾਰ ਹੈ ਤਾਂ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਹੈ। ਅਫ਼ਸਰ ਸਸਪੈਂਡ ਕਰਨ ਦਾ ਡਰਾਮਾ ਕੀਤਾ ਗਿਆ ਹੈ। ਅਫ਼ਸਰਾਂ ਦੀ ਨਿਯੁਕਤੀ ਕੌਣ ਕਰ ਰਿਹਾ ਸੀ।"
"ਇਹ ਹਾਦਸਾ ਰੁਕ ਸਕਦਾ ਸੀ, ਇਹ ਕੁਦਰਤੀ ਨਹੀਂ ਹੈ। ਮੌਤਾਂ ਨੂੰ ਲੁਕਾਇਆ ਜਾ ਰਿਹਾ ਹੈ। ਅਸੀਂ ਮੈਜਿਸਟਰੇਟ ਜਾਂਚ ਨੂੰ ਰੱਦ ਕਰਦੇ ਹਾਂ। ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਤੋਂ ਕਰਵਾਈ ਜਾਵੇ। ਮੈਜਿਸਟਰੇਟੀ ਜਾਂਚ ਤਾਂ ਦਸ਼ਹਿਰੇ ਵਾਲੇ ਹਾਦਸੇ ਦੀ ਵੀ ਹੋਈ ਸੀ, ਉਸ ਵਿੱਚ ਕੀ ਹੋਇਆ ਅੱਜ ਤੱਕ।"
ਕਾਂਗਰਸ ਦੇ ਐੱਮਪੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੇ ਕਿਹਾ, " ਇਸ ਮਾਮਲੇ ਦੀ ਸਿਟ ਜਾਂਚ ਕਰ ਰਹੀ ਹੈ। ਕੋਈ ਵੀ ਬਖਸ਼ਿਆ ਨਹੀਂ ਜਾਏਗਾ। ਕੋਈ ਵੀ ਵਿਅਕਤੀ ਜਿੰਨਾ ਵੀ ਤਾਕਤਵਰ ਹੋਵੇ ਬਖਸ਼ਿਆ ਨਹੀਂ ਜਾਵੇਗਾ। ਮੈਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ। ਇਹ ਮਸਲਾ ਸੰਸਦ ਵਿੱਚ ਚੁੱਕਾਂਗਾ। ਜੇ ਉਨ੍ਹਾਂ ਨੇ ਬਿਲ ਨਾ ਲਿਆਂਦਾ ਤਾਂ ਪ੍ਰਾਈਵੇਟ ਮੈਂਬਰ ਬਿੱਲ ਲਿਆਵਾਂਗਾ। ਕੈਮੀਕਲ ਸ਼ਰਾਬ ਹੈ ਇਸ ਨੂੰ ਐੱਨਡੀਪੀਐੱਸ ਐਕਟ ਅਧੀਨ ਲਿਆਂਦਾ ਜਾਵੇ। ਇਸ ਲਈ ਪ੍ਰਾਈਵੇਟ ਮੈਂਬਰ ਬਿੱਲ ਲਿਆਵਾਂਗੇ।"
ਆਮ ਆਦਮੀ ਪਾਰਟੀ ਦਾ ਪ੍ਰਤੀਕਰਮ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ, "ਜਦੋਂ ਮਾਲੀ ਹੀ ਬਾਗ ਦਾ ਬੇਈਮਾਨ ਹੋ ਜਾਵੇ ਤਾਂ ਬਹਾਰ ਦੀ ਉਮੀਦ ਨਹੀਂ ਕਰ ਸਕਦੇ। ਪੰਜਾਬ ਵਿੱਚ ਇਹੀ ਹੋ ਰਿਹਾ ਹੈ। ਆਗੂਆਂ ਦਾ ਨਾਮ ਇਸ ਨੈਕਸਸ ਵਿੱਚ ਆ ਰਿਹਾ ਹੈ। ਸੁਪਰੀਮ ਕੋਰਟ, ਹਾਈ ਕੋਰਟ ਦਾ ਮੌਜੂਦਾ ਜੱਜ ਜਾਂ ਸੀਬੀਆਈ ਨੂੰ ਜਾਂਚ ਸੌਂਪੇ।"
"ਦੋ-ਦੋ ਲੱਖ ਰੁਪਏ ਦਾ ਸਿਰਫ਼ ਲੌਲੀਪੌਪ ਦਿੱਤਾ ਜਾ ਰਿਹਾ ਹੈ ਤਾਂਕਿ ਅੰਕੜੇ ਲੁਕ ਜਾਣ, ਜਲਦੀ ਤੋਂ ਜਲਦੀ ਲੋਕ ਭੁੱਲ ਜਾਣ। ਇਹ ਸਿਰਫ਼ ਐਲਾਨ ਹਨ।"
ਇਹ ਵੀ ਦੇਖੋ: