You’re viewing a text-only version of this website that uses less data. View the main version of the website including all images and videos.
ਪੰਜਾਬ ਵਿੱਚ 'ਨਕਲੀ ਸ਼ਰਾਬ' ਨਾਲ ਹੋਈਆਂ ਮੌਤਾਂ ਬਾਰੇ ਆਬਕਾਰੀ ਵਿਭਾਗ ਦੇ ਸਭ ਤੋਂ ਵੱਡੇ ਅਫ਼ਸਰ ਨੇ ਕੀ ਸਫਾਈ ਦਿੱਤੀ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿੱਚ ਕਥਿਤ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਤਿੰਨ ਦਰਜਨ ਤੋਂ ਵੱਧ ਮੌਤਾਂ ਕਾਰਨ ਤਰਥੱਲੀ ਮੱਚ ਗਈ ਹੈ।
ਬੀਬੀਸੀ ਪੰਜਾਬੀ ਨੇ ਇਸ ਬਾਰੇ ਕਰ ਅਤੇ ਆਬਕਾਰੀ ਵਿਭਾਗ ਦੇ ਸਭ ਤੋਂ ਵੱਡੇ ਅਫ਼ਸਰ ਵੇਨੂੰ ਪਰਸਾਦ ਨਾਲ ਗੱਲਬਾਤ ਕੀਤੀ।
ਇਹ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ ਅਤੇ ਉਨ੍ਹਾਂ ਤੋਂ ਬਾਅਦ ਵਧੀਕ ਮੁੱਖ ਸਕੱਤਰ ਵੇਨੂੰ ਪ੍ਰਸਾਦ ਇਸ ਦੇ ਸਭ ਤੋਂ ਸੀਨੀਅਰ ਅਧਿਕਾਰੀ ਆਉਂਦੇ ਹਨ।
ਸਵਾਲ-ਕੀ ਤੁਸੀਂ ਦਸ ਸਕਦੇ ਹੋ ਕਿ ਇੰਨੀਆਂ ਮੌਤਾਂ ਕਿਵੇਂ ਹੋਈਆਂ?
ਜਵਾਬ—ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ।
ਪ੍ਰਸ਼ਨ-- ਤੁਸੀਂ ਆਬਕਾਰੀ ਵਿਭਾਗ ਦੇ ਮੁਖੀ ਹੋ, ਤੁਹਾਡੇ ਕੋਲ ਕੀ ਜਾਣਕਾਰੀ ਹੈ?
ਜਵਾਬ - ਇਹੀ ਕਿ ਇਹ ਸ਼ਰਾਬ ਸਰਕਾਰੀ ਨਹੀਂ ਹੈ ਜਿਸ 'ਤੇ ਡਿਊਟੀ ਦਿੱਤੀ ਗਈ ਹੋਵੇ।
ਪ੍ਰਸ਼ਨ--ਬਿਲਕੁਲ ਇਹ ਤਾਂ ਸਪਸ਼ਟ ਹੈ, ਇਸ ਘਟਨਾ ਬਾਰੇ ਅੱਪਡੇਟ ਕੀ ਹੈ?
ਜਵਾਬ—ਪੁਲਿਸ ਨੇ ਪੋਸਟ ਮਾਰਟਮ ਕਰਵਾ ਲਿਆ ਹੈ। ਰਿਪੋਰਟ ਇੱਕ ਜਾਂ ਦੋ ਦਿਨਾਂ ਵਿੱਚ ਆਵੇਗੀ। ਉਨ੍ਹਾਂ ਨੇ ਸ਼ਰਾਬ ਦੇ ਨਮੂਨੇ ਵੀ ਇਕੱਠੇ ਕੀਤੇ ਹਨ।
ਆਮ ਤੌਰ 'ਤੇ ਜਾਅਲੀ ਸ਼ਰਾਬ ਇੰਨੀਆਂ ਮੌਤਾਂ ਦਾ ਕਾਰਨ ਨਹੀਂ ਬਣਦੀ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿ ਕੀ ਗ਼ਲਤ ਹੋਇਆ।
ਇਹ ਵੀ ਪੜ੍ਹੋ
ਪ੍ਰਸ਼ਨ--ਪਿਛਲੇ ਦਿਨੀਂ ਖੰਨਾ ਅਤੇ ਰਾਜਪੁਰਾ ਵਿੱਚ ਨਜਾਇਜ਼ ਸ਼ਰਾਬ ਦੀਆਂ ਇਕਾਈਆਂ ਦੇ ਮਾਮਲੇ ਸਾਹਮਣੇ ਆਏ ਸਨ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰਾਂ ਦੀ ਘਟਨਾ ਕਿਸੇ ਵੀ ਵਕਤ ਹੋ ਸਕਦੀ ਸੀ?
ਜਵਾਬ—ਨਹੀਂ, ਉਹ ਵੱਖਰੇ ਸਨ ਅਤੇ ਇਹ ਵੱਖਰਾ ਮਾਮਲਾ ਹੈ। ਰਾਜਪੁਰਾ ਅਤੇ ਖੰਨਾ ਵਿੱਚ ਉਹ ਬਿਨਾਂ ਲਾਇਸੈਂਸ ਤੋਂ ਸ਼ਰਾਬ ਤਿਆਰ ਕਰ ਰਹੇ ਸਨ। ਉਹ ਵੱਡੇ ਪੈਮਾਨੇ 'ਤੇ ਗੈਰ ਕਾਨੂੰਨੀ ਗਤੀਵਿਧੀਆਂ ਕਰ ਰਹੇ ਸਨ। ਇਹ ਇੰਨੀ ਵੱਡੀ ਨਹੀਂ ਹੈ।
ਇੱਥੇ - ਉੱਥੇ ਉਹ ਸ਼ਾਇਦ ਕੁੱਝ ਬੋਤਲਾਂ ਵੇਚ ਸਕਦੇ ਹਨ। ਉਹ ਰੋਜ਼ਾਨਾ 100-200 ਬੋਤਲਾਂ ਤਿਆਰ ਕਰਦੇ ਸੀ। ਇਹ ਦੋਹਾਂ ਵਿੱਚ ਫ਼ਰਕ ਹੈ। ਇਹ ਬੂਟਲੈਗਰ ਹਨ। ਜਿੱਥੋਂ ਤੱਕ ਸਾਡੇ ਵਿਭਾਗ ਦਾ ਸਬੰਧ ਹੈ ਅਸੀਂ ਤਸਦੀਕ ਕਰ ਚੁੱਕੇ ਹਾਂ ਇਹ ਕਾਨੂੰਨੀ ਸ਼ਰਾਬ ਨਹੀਂ ਹੈ।
ਪ੍ਰਸ਼ਨ-- ਪਰ ਇਹ ਹੈ ਕੀ?
ਜਵਾਬ—ਪੁਲਿਸ ਨੇ ਨਮੂਨੇ ਇਕੱਠੇ ਕੀਤੇ ਹਨ। ਜਾਂਚ ਤੋਂ ਬਾਅਦ ਸਾਹਮਣੇ ਆਏਗਾ। ਉਂਝ ਅਸੀਂ ਸਤਲੁਜ - ਬਿਆਸ ਵਾਲੇ ਖੇਤਰ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਲੱਖਾਂ ਲੀਟਰ ਜਾਅਲੀ ਸ਼ਰਾਬ ਜ਼ਬਤ ਕੀਤੀ ਹੈ।
ਪ੍ਰਸ਼ਨ--ਉਹ ਕਿਹੋ ਜਿਹੀ ਸ਼ਰਾਬ ਹੈ ਜਿਹੜੀ ਤੁਸੀਂ ਫੜੀ ਹੈ?
ਜਵਾਬ—ਇਹ ਸਥਾਨਕ ਸ਼ਰਾਬ ਲੋਕਲ ਹੀ ਕੱਢੀ ਜਾਂਦੀ ਹੈ ਜੋ ਗੁੜ ਤੋ ਬਣਾਈ ਜਾਂਦੀ ਹੈ। ਪਰ ਇਹ ਗੁੜ ਦੀ ਸ਼ਰਾਬ ਨਹੀਂ ਹੈ। ਮੈਂ ਇਸ ਨੂੰ ਵੇਖਿਆ ਹੈ। ਇਹ ਚਿੱਟੇ ਰੰਗ ਦੀ ਹੈ।
ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਦੇ ਨਸ਼ੇ ਨੂੰ ਵਧਾਉਣ ਲਈ ਕਿਸੇ ਰਸਾਇਣ ਨੂੰ ਸ਼ਾਮਲ ਤਾਂ ਨਹੀਂ ਕੀਤਾ ਗਿਆ ਸੀ। ਜੇ ਅਜਿਹਾ ਹੈ ਤਾਂ ਕਿਹੜਾ ਰਸਾਇਣ। ਮੈਨੂੰ ਦੱਸਿਆ ਗਿਆ ਹੈ ਕਿ ਇਹ ਬਹੁਤ ਸਸਤੀ ਸ਼ਰਾਬ ਹੈ ਜੋ 50 ਰੁਪਏ ਪ੍ਰਤੀ ਬੋਤਲ 'ਤੇ ਵੇਚੀ ਜਾ ਰਹੀ ਸੀ।
ਭਾਜਪਾ ਦਾ ਪ੍ਰਤੀਕਰਮ
ਭਾਜਪਾ ਆਗੂ ਤਰੁਨ ਚੁੱਘ ਨੇ ਕਿਹਾ, "ਮੁੱਖ ਮੰਤਰੀ ਤੇ ਪ੍ਰਸ਼ਾਸਨ ਕਿੱਥੇ ਸਨ। ਸਿਰਫ਼ ਇੱਕ ਐੱਸਐੱਚਓ ਨੂੰ ਹੀ ਸਸਪੈਂਡ ਕੀਤਾ ਜਾ ਰਿਹਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਬੇਲਗਾਮ ਹੈ। ਨਜਾਇਜ਼ ਸ਼ਰਾਬ ਵਿੱਕ ਰਹੀ ਹੈ,ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਸ ਨੂੰ ਰੋਕਣ ਵਿੱਚ ਅਸਫ਼ਲ ਹੈ।"
ਉਨ੍ਹਾਂ ਇਲਜ਼ਾਮ ਲਾਇਆ, "42 ਮਹੀਨੇ ਬੀਤ ਗਏ ਹਨ ਪਰ ਨਸ਼ਾ ਨਹੀਂ ਖ਼ਤਮ ਹੋਇਆ ਸਗੋਂ ਵੱਧ ਗਿਆ ਹੈ। ਮੇਰੀ ਬੇਨਤੀ ਰਾਜਪਾਲ ਨੂੰ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ ਤੇ ਮੁਲਜ਼ਮ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।"
ਇਹ ਵੀ ਦੇਖੋ: