You’re viewing a text-only version of this website that uses less data. View the main version of the website including all images and videos.
ਪੰਜਾਬ 'ਚ 'ਨਕਲੀ ਸ਼ਰਾਬ' ਨਾਲ ਤਾਂ ਦਾ ਮਾਮਲਾ: 'ਸਾਡੇ ਪਿੰਡ 'ਚੋਂ 10 ਲਾਸ਼ਾਂ ਉੱਠੀਆਂ ਹਨ'
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ ਵਿੱਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ 38 ਵਿਅਕਤੀਆਂ ਦੀ ਸ਼ੱਕੀ ਮੌਤਾਂ ਦੀ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਹਨ।
ਜਾਂਚ ਵਿੱਚ ਉਨ੍ਹਾਂ ਤੱਥਾਂ ਅਤੇ ਹਾਲਾਤਾਂ ਨੂੰ ਵੇਖਿਆ ਜਾਵੇਗਾ ਜਿਸ ਨਾਲ ਇਨ੍ਹੀਂ ਵੱਡੀ ਘਟਨਾ ਹੋਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਇਸ ਮਾਮਲੇ ਦੀ ਜਾਂਚ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਸੌਂਪੀ ਗਈ ਹੈ, ਜੋ ਜੁਆਇੰਟ ਐਕਸਾਈਜ਼ ਅਤੇ ਇਨਕਮ ਟੈਕਸ ਕਮਿਸ਼ਨਰ, ਪੰਜਾਬ ਅਤੇ ਸਬੰਧਤ ਜ਼ਿਲ੍ਹਿਆਂ ਦੇ ਐੱਸਪੀ ਨਾਲ ਮਿਲ ਕੇ ਜਾਂਚ ਕਰਨਗੇ।
ਮੁੱਖ ਮੰਤਰੀ ਨੇ ਕਮਿਸ਼ਨਰ, ਜਲੰਧਰ ਡਿਵੀਜ਼ਨ ਨੂੰ ਤਫ਼ਤੀਸ਼ ਲਈ ਕਿਸੇ ਵੀ ਸਿਵਲ/ਪੁਲਿਸ ਅਧਿਕਾਰੀ ਜਾਂ ਕਿਸੇ ਮਾਹਰ ਦਾ ਸਹਿਯੋਗ ਲੈਣ ਦੀ ਪੂਰੀ ਆਜ਼ਾਦੀ ਦਿੱਤੀ ਹੈ।
'ਸਾਡੇ ਪਿੰਡ 'ਚੋਂ 10 ਲਾਸ਼ਾਂ ਉੱਠੀਆਂ ਹਨ'
ਮੁੱਛਲ ਪਿੰਡ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਹਨ।
ਉਨ੍ਹਾਂ ਨੇ ਕਿਹਾ, "ਸਾਡੇ ਪਿੰਡ 'ਚੋਂ 10 ਲਾਸ਼ਾਂ ਉੱਠੀਆਂ ਹਨ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।"
ਮੁੱਛਲ ਪਿੰਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੀ ਵੀ ਮੌਤ ਕਥਿਤ ਤੌਰ ਤੇ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਹੋਈ ਹੈ।
ਉਸ ਦੀ ਪਤਨੀ ਵੀਰਪਾਲ ਕੌਰ ਨੇ ਦੱਸਿਆ, "ਮੇਰੇ ਪਤੀ ਨੇ ਰੂਟੀਨ ਦੀ ਤਰ੍ਹਾਂ ਸ਼ਰਾਬ ਪੀਤੀ, ਕਹਿੰਦੇ ਅੱਖਾਂ ਨੂੰ ਕੁਝ ਹੋ ਰਿਹਾ, ਫਿਰ ਕਹਿੰਦੇ ਦਿਲ ਨੂੰ ਕੁਝ ਹੋ ਰਿਹਾ। ਅਸੀਂ ਪਹਿਲਾਂ ਬਾਬਾ ਬਕਾਲਾ ਲੈ ਕੇ ਗਏ ਤੇ ਫਿਰ ਅੰਮ੍ਰਿਤਸਰ।"
ਵੀਰਪਾਲ ਕੌਰ ਨੇ ਅੱਗੇ ਦੱਸਿਆ ਕਿ ਅਜੇ ਤੱਕ ਨਾ ਕੋਈ ਸਰਕਾਰੀ ਅਫ਼ਸਰ ਉਨ੍ਹਾਂ ਕੋਲ ਆਇਆ ਹੈ ਅਤੇ ਨਾ ਹੀ ਕੋਈ ਪੁਲਿਸ ਵਾਲਾ।
ਉਨ੍ਹਾਂ ਕਿਹਾ, "ਜਿਨ੍ਹੇਂ ਸਾਡਾ ਘਰ ਉਜਾੜਿਆ, ਉਸਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ।"
ਇੱਕ ਹੋਰ ਮ੍ਰਿਤਕ ਮੰਗਲ ਸਿੰਘ ਦੇ ਚਚੇਰੇ ਭਰਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੰਗਲ ਸਿੰਘ ਨੂੰ ਮਿਲਣ ਆਇਆ ਤਾਂ ਉਸ ਦੀ ਹਾਲਤ ਕਾਫ਼ੀ ਖ਼ਰਾਬ ਸੀ।
ਰਸ਼ਪਾਲ ਨੇ ਦੱਸਿਆ, "ਮੰਗਲ ਨੇ ਕਿਹਾ ਕਿ ਉਹ ਅਜੇ ਵੀ ਨਸ਼ੇ 'ਚ ਹੈ। ਨਿਗਾਹ ਘੱਟ ਰਹੀ ਹੈ ਅਤੇ ਕਮਜ਼ੋਰੀ ਮਹਿਸੂਸ ਹੋ ਰਹੀ ਹੈ।"
ਰਸ਼ਪਾਲ ਨੇ ਕਿਹਾ ਕਿ ਮੰਗਲ ਦਾ ਪਰਿਵਾਰ ਕਾਫ਼ੀ ਗਰੀਬ ਹੈ ਅਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ।
8 ਲੋਕਾਂ ਦੀ ਗ੍ਰਿਫ਼ਤਾਰੀ
ਇਸ ਮਾਮਲੇ 'ਚ ਹੁਣ ਪਹਿਲਾਂ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਰ 7 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਥਾਣਾ ਤਰਸਿੱਕਾ ਵਿਖੇ ਪੁਲਿਸ ਨੇ ਬਲਵਿੰਦਰ ਕੌਰ ਨੂੰ ਆਈਪੀਸੀ ਦੀ ਧਾਰਾ 304 ਅਤੇ ਆਬਕਾਰੀ ਐਕਟ ਦੀਆਂ ਧਾਰਾਵਾਂ 61/1/14 ਤਹਿਤ ਗ੍ਰਿਫ਼ਤਾਰ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਸੂਬੇ ਵਿੱਚ ਚੱਲ ਰਹੇ ਸ਼ਰਾਬ ਦੇ ਨਿਰਮਾਣ ਯੂਨਿਟਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਮੌਤਾਂ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਚਾਰ ਮ੍ਰਿਤਕਾਂ- ਜਸਵਿੰਦਰ ਸਿੰਘ, ਕਸ਼ਮੀਰ ਸਿੰਘ, ਕ੍ਰਿਪਾਲ ਸਿੰਘ ਅਤੇ ਜਸਵੰਤ ਸਿੰਘ - ਦਾ ਪੋਸਟ ਮਾਰਟਮ ਕੀਤਾ ਜਾਵੇਗਾ।
ਕਦੋਂ ਸ਼ੁਰੂ ਹੋਇਆ ਮੌਤਾਂ ਦਾ ਸਿਲਸਿਲਾ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਹਿਲੀ ਪੰਜ ਮੌਤਾਂ 29 ਜੁਲਾਈ ਦੀ ਰਾਤ ਨੂੰ ਮੁੱਛਲ ਅਤੇ ਟਾਂਗਰਾ ਪਿੰਡ ਵਿੱਚ ਹੋਈਆਂ ਸਨ।
30 ਜੁਲਾਈ ਦੀ ਸ਼ਾਮ ਨੂੰ ਦੋ ਹੋਰ ਵਿਅਕਤੀਆਂ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਸੀ। ਜਦੋਂ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਉਸ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਬਾਅਦ ਵਿੱਚ, ਪਿੰਡ ਮੁੱਛਲ 'ਚ ਦੋ ਹੋਰ ਮੌਤਾਂ ਹੋਈਆਂ ਅਤੇ ਫਿਰ ਬਟਾਲਾ ਸ਼ਹਿਰ ਵਿੱਚ ਦੋ ਹੋਰ ਵਿਅਕਤੀਆਂ ਦੀ ਵੀ ਮੌਤ ਦੀ ਗੱਲ ਸਾਹਮਣੇ ਆਈ।
ਅੱਜ, ਬਟਾਲਾ ਵਿੱਚ ਪੰਜ ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ, ਬਟਾਲਾ ਰੈਫ਼ਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਚਾਰ ਹੋਰ ਸ਼ੱਕੀ ਮੌਤਾਂ ਵੀ ਤਰਨਤਾਰਨ ਤੋਂ ਸਾਹਮਣੇ ਆਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਮੰਗੀ ਹਾਈ ਕੋਰਟ ਦੇ ਜੱਜ ਦੁਆਰਾ ਜਾਂਚ
ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਵੀਜ਼ਨਲ ਕਮਿਸ਼ਨਰ ਵੱਲੋਂ ਜਾਂਚ ਕੀਤੇ ਜਾਣ ਦੇ ਜਾਰੀ ਕੀਤੇ ਹੁਕਮਾਂ ਨੂੰ ਰੱਦ ਕਰ ਦਿੱਤਾ ਤੇ ਇਸ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।
ਇੱਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਨਕਲੀ ਸ਼ਰਾਬ ਜਿਸ ਕਾਰਨ 21 ਜਾਨਾਂ ਗਈਆਂ ਦੀ ਜਾਂਚ ਦੀ ਜ਼ਿੰਮੇਵਾਰੀ ਸਿਰਫ ਹਾਈ ਕੋਰਟ ਦੇ ਹਵਾਲੇ ਹੀ ਨਹੀਂ ਕਰਨੀ ਚਾਹੀਦੀ, ਬਲਕਿ 5600 ਕਰੋੜ ਰੁਪਏ ਦੇ ਅਬਕਾਰੀ ਮਾਲੀਆ ਘਾਟੇ, ਡਿਸਟੀਲਰੀਆਂ ਤੋਂ ਨਜਾਇਜ਼ ਸ਼ਰਾਬ ਦੀ ਵਿਕਰੀ ਅਤੇ ਗੈਰ ਕਾਨੂੰਨੀ ਡਿਸਟੀਲਰੀਆਂ ਤੋਂ ਨਕਲੀ ਸ਼ਰਾਬ ਦੀ ਕਿਰੀ ਤੇ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹਾਸਲ ਬੋਟਲਿੰਗ ਪਲਾਂਟ ਤੇ ਸ਼ਰਾਬ ਦੀ ਅੰਤਰ ਰਾਜੀ ਸਮਗਲਿੰਗ ਵੀ ਹਾਈ ਕੋਰਟ ਦੀ ਜਾਂਚ ਦੇ ਦਾਇਰੇ ਵਿੱਚ ਲਿਆਉਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਗੈਰ ਕਾਨੂੰਨੀ ਸ਼ਰਾਬ ਉਦਯੋਗ ਨੂੰ ਨਕੇਲ ਪਾਉਣ ਤੇ ਦੋਸ਼ੀਆਂ ਨੂੰ ਘੇਰੇ ਵਿੱਚ ਲੈਣ ਲਈ ਇਹੋ ਇਕੋ ਇੱਕ ਰਾਹ ਹੈ।
ਇਹ ਵੀ ਦੇਖੋ: