ਪੰਜਾਬ ਨਕਲੀ ਸ਼ਰਾਬ ਤਰਾਸਦੀ : 'ਸਾਡੇ ਪਿੰਡ ਕੋਰੋਨਾ ਦਾ ਨਹੀਂ ਸ਼ਰਾਬ ਨਾਲ ਕਹਿਰ ਮੱਚਿਆ ਹੈ' - ਮੌਤਾਂ ਦੀ ਗਿਣਤੀ 98 ਹੋਈ

ਪੰਜਾਬ ਦੇ ਮਾਝਾ ਇਲਾਕੇ ਵਿੱਚ ਕਥਿਤ ਨਕਲੀ ਸ਼ਰਾਬ ਪੀਣ ਕਾਰਨ ਮੌਤਾਂ ਦਾ ਅੰਕੜਾ 98 ਹੋ ਗਿਆ ਹੈ। ਸਭ ਤੋਂ ਵੱਧ ਮੌਤਾਂ ਤਰਨ ਤਾਰਨ ਫਿਰ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਹੋਈਆਂ ਹਨ।

ਖ਼ਬਰ ਏਜੰਸੀ ਪੀਟੀਆਈ ਨੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿਚ ਨਕਲੀ ਸ਼ਰਾਬ ਪੀਕੇ ਮਰਨ ਵਾਲਿਆਂ ਦੀ ਗਿਣਤੀ 98 ਹੋ ਗਈ ਹੈ।

ਅਕਾਲੀ ਦਲ ਦੇ ਬੁਲਾਰੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾਂ ਨੇ ਵੀ ਮੌਤਾਂ ਦੀ ਗਿਣਤੀ 98 ਹੋਣ ਦਾ ਜਾਣਕਾਰੀ ਸਾਂਝੀ ਕੀਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤ ਆਬਕਾਰੀ ਅਤੇ ਛੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਉਨ੍ਹਾਂ ਦੇ ਖਿਲਾਫ ਜਾਂਚ ਦੇ ਹੁਕਮ ਜਾਰੀ ਕੀਤੇ ਹਨ।

ਇਸ ਤੋਂ ਪਹਿਲਾਂ ਕੈਪਟਨ ਮਾਮਲੇ ਦੀ ਮੈਜਿਸਟਰੇਟ ਵੱਲੋਂ ਜਾਂਚ ਦੇ ਹੁਕਮ ਦੇ ਚੁੱਕੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਕਰ ਅਤੇ ਆਬਕਾਰੀ ਵਿਭਾਗ ਹੈ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ-ਦੋ ਲੱਖ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ ਦਿਆ ਗਿਆ ਹੈ। ਸਿਆਸੀ ਵਿਰੋਧੀ ਵੀ ਸਰਕਾਰ ਨੂੰ ਘੇਰਨ ਵਿੱਚ ਲੱਗੇ ਹੋਏ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਉਨ੍ਹਾਂ ਟਵੀਟ ਕਰਕੇ ਕਿਹਾ, ''ਪੰਜਾਬ ਵਿੱਚ ਹੋਈਆਂ ਮੌਤਾਂ ਕਾਰਨ ਦੁਖੀ ਹਾਂ। ਸੂਬਾ ਸਰਕਾਰ ਨੂੰ ਇਹ ਕੇਸ ਸੀਬੀਆਈ ਦੇ ਹਵਾਲੇ ਕਰਨਾ ਚਾਹੀਦਾ ਹੈ। ਪਹਿਲਾ ਦੇ ਕੇਸ ਪੁਲਿਸ ਨਹੀਂ ਸੁਲਝਾ ਸਕੀ ਹੈ।''

ਹੁਣ ਤੱਕ ਜੋ ਪਤਾ ਹੈ, ਮੁੱਖ ਬਿੰਦੂ

  • ਮਾਝੇ ਦੇ ਤਿੰਨ ਜਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ 'ਜ਼ਹਿਰੀਲੀ ਸ਼ਰਾਬ' ਦਾ ਕਹਿਰ, ਹੁਣ ਤੱਕ ਘੱਟੋ-ਘੱਟ 98 ਮੌਤਾਂ।
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ।
  • ਮਾਝੇ ਦੇ ਲੋਕ ਨਕਲੀ ਸ਼ਰਾਬ ਦੇ ਇਸ ਕਾਰੋਬਾਰ ਨੂੰ ਸਿਆਸੀ ਤੇ ਪੁਲਿਸ ਸਰਪ੍ਰਸਤੀ ਦੇ ਇਲਜ਼ਾਮ ਲਾ ਰਹੇ ਹਨ।
  • ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਲਈ 2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ।
  • ਸਰਕਾਰ ਨੇ ਸੱਤ ਆਬਕਾਰੀ ਅਤੇ ਛੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਬਣਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
  • ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰ ਕੇ ਦੋ ਦਰਜਣ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹਨ।
  • ਪਰਿਵਾਰ ਵਾਲਿਆਂ ਮੁਤਾਬਕ ਜ਼ਿਆਦਾਤਰ ਮ੍ਰਿਤਕਾਂ ਨੇ ਅੱਖਾਂ ਦੀ ਰੌਸ਼ਨੀ ਚਲੇ ਜਾਣ ਦੀ ਸ਼ਿਕਾਇਤ ਕੀਤੀ ਸੀ।
  • ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਘਟਨਾ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਹਾਈ ਕੋਰਟ ਦੇ ਜੱਜ ਤੋਂ ਜ਼ਾਂਚ ਦੀ ਮੰਗ ਕੀਤੀ।
  • ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
  • ਇਲਾਕੇ ਦੇ ਸਿਆਸੀ ਆਗੂਆਂ ਅਤੇ ਪੁਲਿਸ ਦੀ ਮਿਲੀਭੁਗਤ ਦੇ ਇਲਜ਼ਾਮ ਲੱਗ ਰਹੇ ਹਨ।

ਕੀ ਕਹਿੰਦੇ ਨੇ ਲੋਕ

ਮਾਝੇ ਵਿਚ ਲੋਕ ਨਕਲੀ ਸ਼ਰਾਬ ਦੇ ਕਾਰੋਬਾਰ ਪਿੱਛੇ ਸਿਆਸੀ ਤੇ ਪੁਲਿਸ ਦੀ ਮਿਲੀਭੁਗਤ ਦੇ ਇਲਜ਼ਾਮ ਲਾ ਰਹੇ ਹਨ।

ਕੰਗ ਪਿੰਡ ਵਿਚ ਲੋਕਾਂ ਨੇ ਬੀਬੀਸੀ ਨਾਲ ਗੱਲਾਬਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ ਪਰ ਸ਼ਰਾਬ ਨੇ ਕਹਿਰ ਢਾਅ ਦਿੱਤਾ। ਇਕੱਲੇ ਕੰਗ ਪਿੰਡ ਵਿਚ 8 ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ:-

ਕੈਪਟਨ ਅਮਰਿੰਦਰ ਸਿੰਘ ਨੇ ਕੀ ਕਦਮ ਚੁੱਕੇ

ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਛੇ ਪੁਲਿਸ ਅਫ਼ਸਰਾਂ ਨੂੰ ਮੁਅੱਤਲ ਕੀਤਾ ਹੈ ਉਨ੍ਹਾਂ ਵਿੱਚ ਦੋ ਡੀਐੱਸਪੀ ਤੇ ਚਾਰ ਐੱਸਐੱਚਓ ਸ਼ਾਮਲ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਦੋ ਲੱਖ ਰੁਪਏ ਦੇ ਮੁਆਵਜ਼ੇ ਦਾ ਐਨਾਲ ਵੀ ਕੀਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ?

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਨਕਲੀ ਸ਼ਰਾਬ ਬਾਰੇ ਅਗਾਹ ਕੀਤਾ ਸੀ।

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਵੱਲੋਂ ਹੋਣੀ ਚਾਹੀਦੀ ਹੈ।

ਇਸ ਘਟਨਾ ਮਗਰੋਂ ਉੱਠੇ ਕਈ ਸਵਾਲ

ਅੰਮ੍ਰਿਤਸਰ ਦਾ ਮੁੱਛਲ ਪਿੰਡ ਵੀ ਇਸ ਸ਼ਰਾਬ ਕਾਰਨ ਹੋਈਆਂ ਮੌਤਾਂ ਦਾ ਸੰਤਾਪ ਝੱਲ ਰਿਹਾ ਹੈ। ਇਸੇ ਪਿੰਡ ਵਿੱਚ ਸਭ ਤੋਂ ਪਹਿਲਾਂ ਪੰਜ ਲੋਕਾਂ ਦੀ ਮੌਤ ਦਾ ਮਾਮਲਾ ਉੱਠਿਆ ਸੀ।

ਇਸ ਮਗਰੋਂ ਮੌਤਾਂ ਦਾ ਸਿਲਸਿਲਾ ਵੱਖ ਵੱਖ ਥਾਵਾਂ ਉੱਤੇ ਵਧਦਾ ਗਿਆ।

ਪਿੰਡ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਨੇ ਵੀ ਆਪਣੇ ਇੱਕ ਰਿਸ਼ਤੇਦਾਰ ਗੁਆ ਲਿਆ ਹੈ।

ਸੁਖਰਾਜ ਸਿੰਘ ਸਵਾਲ ਚੁੱਕਦੇ ਹਨ:-

  • ਇੰਨੇ ਵੱਡੇ ਪੱਧਰ ’ਤੇ ਨਕਲੀ ਸ਼ਰਾਬ ਬਣ ਰਹੀ ਸੀ, ਕੀ ਪੁਲਿਸ ਨੂੰ ਪਤਾ ਨਹੀਂ ਸੀ, ਕੀ ਕੋਈ ਸਿਆਸੀ ਸ਼ਹਿ ਸੀ?
  • ਇਹ ਧੰਦਾ ਵੱਡੇ ਪੱਧਰ ’ਤੇ ਚੱਲ ਰਿਹਾ ਸੀ ਤਾ ਹੀਂ ਇੰਨੀਆਂ ਮੌਤਾਂ ਹੋਈਆਂ, ਇਸ ਦਾ ਜ਼ਿੰਮੇਵਾਰ ਕੌਣ ਹੈ?
  • ਮੁੱਛਲ ਪਿੰਡ ਵਿੱਚ ਜੋ ਪੰਜ ਮੌਤਾਂ ਹੋਈਆਂ ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣਾ ਪ੍ਰਸ਼ਾਸਨ ਦਾ ਕੰਮ ਸੀ ਪਰ ਜਲਦਬਾਜ਼ੀ ਵਿੱਚ ਸਸਕਾਰ ਕਿਉਂ ਕਰਵਾ ਦਿੱਤਾ ਗਿਆ?

ਇਸ ਤੋਂ ਇਲਾਵਾ ਵੀ ਕੁਝ ਸਵਾਲ ਉੱਠਦੇ ਹਨ

  • ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਇੰਨੀਆਂ ਮੌਤਾਂ ਹੋਈਆਂ। ਕੀ ਨਕਲੀ ਸ਼ਰਾਬ ਕੱਢਣ ਵੇਚਣ ਵਾਲਿਆਂ ਬਾਰੇ ਤਿੰਨ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਅਨਜਾਣ ਸੀ?
  • ਸਰਕਾਰ ਸਰਹੱਦੀ ਜ਼ਿਲ੍ਹੇ ਹੋਣ ਕਾਰਨ ਸੁਰੱਖਿਆ ਮਸਲਿਆਂ ਨੂੰ ਲੈ ਕੇ ਹਮੇਸ਼ਾ ਆਪਣੀ ਮੁਸਤੈਦੀ ਦੇ ਦਾਅਵੇ ਕਰਦੀ ਹੈ। ਕੀ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਨਹੀਂ ਲੱਗੀ?
  • ਜੇਕਰ ਪ੍ਰਸ਼ਾਸਨ ਜਾਣੂ ਸੀ ਤਾਂ ਕੀ ਕੋਈ ਤਾਕਤ ਉਸ ਨੂੰ ਕਾਰਵਾਈ ਤੋਂ ਰੋਕ ਰਹੀ ਸੀ?
  • ਤਿੰਨ ਜ਼ਿਲ੍ਹਿਆਂ ਵਿੱਚ ਇਹ ਸ਼ਰਾਬ ਧੜੱਲੇ ਨਾਲ ਵਿਕ ਰਹੀ ਸੀ, ਜਦੋਂ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਤਾਂ 8 ਲੋਕ ਕਾਬੂ ਕਰ ਲਏ ਗਏ, ਕੀ ਇਨ੍ਹਾਂ ਦੇ ਗਿਰੋਹ ਬਾਰੇ ਪਹਿਲਾਂ ਪੁਲਿਸ ਨਹੀਂ ਜਾਣਦੀ ਸੀ?

ਨਕਲੀ ਸ਼ਰਾਬ ਨੇ ਪਹਿਲਾਂ ਵੀ ਲਈਆਂ ਨੇ ਕਈ ਜ਼ਿੰਦਗੀਆਂ

ਪੰਜਾਬ ਵਿੱਚ ਹੋਈ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਸਗੋਂ ਪਹਿਲਾਂ ਵੀ ਕਈ ਮਾਮਲੇ ਆਏ ਹਨ ਜਿਸ ਵਿੱਚ ਜ਼ਹਿਰੀਲੀ ਸ਼ਰਾਬ ਨੇ ਦਰਜਨਾਂ ਲੋਕਾਂ ਦੀਆਂ ਜਾਨਾਂ ਲਈਆਂ ਹਨ।

ਇਨ੍ਹਾਂ ਵਿੱਚੋਂ ਦਸੂਹਾ ਅਤੇ ਗੁਰਦਾਸਪੁਰ ਦੀਆਂ ਦੋ ਘਟਨਾਵਾਂ' ’ਤੇ ਝਾਤ ਮਾਰ ਸਕਦੇ ਹਾਂ।

ਸਾਲ 2010 ਵਿੱਚ ਦਸੂਹਾ ਵਿੱਚ ਵਾਪਰੀ ਘਟਨਾ ਵਿੱਚ 16 ਲੋਕਾਂ ਦੀ ਮੌਤ ਹੋਈ ਸੀ ਅਤੇ ਦੋ ਦਰਜਨ ਤੋਂ ਵੱਧ ਲੋਕ ਬਿਮਾਰ ਹੋ ਗਏ ਸਨ।

ਉਸ ਵੇਲੇ ਪੰਜਾਬ ਦੇ ਡੀਜੀਪੀ ਪੀਐੱਸ ਗਿੱਲ ਸਨ ਅਤੇ ਹੁਸ਼ਿਆਰਪੁਰ ਦੇ ਐੱਸਐੱਸਪੀ ਰਾਕੇਸ਼ ਅੱਗਰਵਾਲ ਸਨ।

ਜਦੋਂ ਘਟਨਾ ਵਾਪਰੀ ਤਾਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਵੇਲੇ ਡਿਪਟੀ ਸੀਐੱਮ ਰਹੇ ਸੁਖਬੀਰ ਬਾਦਲ ਨੇ ਮਾਮਲੇ ਦੀ ਜਾਂਚ ਮਜਿਸਟਰੇਟ ਤੋਂ ਕਰਵਾਉਣ ਦੇ ਹੁਕਮ ਦਿੱਤੇ ਸਨ।

ਸਾਲ 2012 ਵਿੱਚ ਗੁਰਦਾਸਪੁਰ ਦੇ ਨੰਗਲ ਜੌਹਲ ਅਤੇ ਬੱਲੋਵਾਲ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਮੁੜ ਮੌਤ ਬਣ ਕੇ ਆਈ।

ਇੱਥੇ 18 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)