You’re viewing a text-only version of this website that uses less data. View the main version of the website including all images and videos.
ਵਿਨੀ ਮਹਾਜਨ: ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਬਾਰੇ ਖ਼ਾਸ ਗੱਲਾਂ
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਪੱਤਰਕਾਰ
ਵਿਨੀ ਮਹਾਜਨ ਨੂੰ ਪੰਜਾਬ ਦੀ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਿਨੀ ਮਹਾਜਨ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਪਹਿਲਾ ਮਹਿਲਾ ਹਨ।
1995 ਵਿੱਚ ਜਦੋਂ ਉਹ ਰੋਪੜ ਦੇ ਡੀਸੀ ਬਣੇ ਸਨ ਤਾਂ ਵੀ ਉਹ ਪੰਜਾਬ ਦੀ ਪਹਿਲੀ ਮਹਿਲਾ ਡੀਸੀ ਵਜੋਂ ਤਾਇਨਾਤ ਹੋਏ ਸਨ।
ਵਿਨੀ ਮਹਾਜਨ ਨੂੰ ਕਰਨ ਅਵਤਾਰ ਸਿੰਘ ਦੀ ਥਾਂ ਨਿਯੁਕਤ ਕੀਤਾ ਗਿਆ ਹੈ। ਵਿਨੀ ਮਹਾਜਨ ਨੂੰ ਪਰਸੋਨਲ ਅਤੇ ਵਿਜੀਲੈਂਸ ਵਿਭਾਗ ਦੀ ਅਡੀਸ਼ਨਲ ਪ੍ਰਿੰਸੀਪਲ ਸਕੱਤਰ ਵੀ ਨਿਯੁਕਤ ਕੀਤਾ ਗਿਆ ਹੈ।
ਇਸ ਅਹੁਦੇ 'ਤੇ ਵੀ ਪਹਿਲਾਂ ਕਰਨ ਅਵਤਾਰ ਸਿੰਘ ਸਨ।
ਇਹ ਵੀ ਪੜ੍ਹੋ-
ਵਿਨੀ ਮਹਾਜਨ ਇਸ ਤੋਂ ਪਹਿਲਾਂ ਗਵਰਨੈਂਸ ਰਿਫਾਰਮਜ਼ ਅਤੇ ਪਬਲਿਕ ਗਰੀਵੀਐਂਸ ਦੇ ਐਡੀਸ਼ਨਲ ਮੁੱਖ ਸਕੱਤਰ ਸਨ।
ਇਸ ਦੇ ਨਾਲ ਹੀ ਉਹ ਇਨਵੈਸਟਮੈਂਟ ਪ੍ਰਮੋਸ਼ਨ ਦੇ ਅਡੀਸ਼ਨਲ ਮੁੱਖ ਸਕੱਤਰ, ਇੰਡਸਟਰੀ ਅਤੇ ਕਮਰਸ ਦੇ ਅਡੀਸ਼ਨਲ ਮੁੱਖ ਸਕੱਤਰ, ਇਨਫਰਮੇਸ਼ਨ ਐਂਡ ਟੈਕਨਾਲਜੀ ਦੇ ਐਡੀਸ਼ਨਲ ਮੁੱਖ ਸਕੱਤਰ ਵਜੋਂ ਨਿਯੁਕਤ ਸਨ।
ਹਾਲ ਹੀ ਵਿੱਚ ਹੈਲਥ ਸੈਕਟਰ ਰਿਸਪੌਂਸ ਕਮੇਟੀ ਦੇ ਚੇਅਰਮੈਨ ਵਜੋਂ ਸੂਬੇ ਦੀ ਕੋਰੋਨਾਵਾਇਰਸ ਖਿ਼ਲਾਫ਼ ਜੰਗ ਵਿੱਚ ਐਕਟਿਵ ਭੂਮਿਕਾ ਨਿਭਾਈ ਹੈ।
ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੇ ਆਯੋਜਨ ਲਈ ਬਣਾਈ ਗਈ ਕਮੇਟੀ ਦੇ ਵੀ ਉਹ ਚੇਅਰਪਰਸਨ ਵਜੋਂ ਕੰਮ ਕਰ ਚੁੱਕੇ ਹਨ।
ਸਾਬਕਾ ਪੀਐੱਮ ਮਨਮੋਹਨ ਸਿੰਘ ਨਾਲ ਵੀ ਕੰਮ ਕੀਤਾ
ਵਿਨੀ ਮਹਾਜਨ 1987 ਬੈਚ ਤੋਂ ਪੰਜਾਬ ਕਾਡਰ ਦੀ ਆਈ.ਏ.ਐਸ ਅਫਸਰ ਹਨ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ, ਵਿਨੀ ਮਹਾਜਨ ਦੇ ਪਤੀ ਹਨ। ਉਹਨਾਂ ਨੇ ਤਿੰਨ ਦਹਾਕਿਆਂ ਤੋਂ ਪੰਜਾਬ ਅਤੇ ਕੇਂਦਰ ਵਿੱਚ ਕਈ ਵਿਭਾਗਾਂ ਵਿੱਚ ਸੇਵਾਵਾਂ ਦਿੱਤੀਆਂ ਹਨ।
ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਫ਼ਤਰ ਵਿੱਚ ਸਾਲ 2005-2012 ਵਿਚਾਲੇ ਕੰਮ ਕੀਤਾ ਹੈ।
ਸਰਕਾਰ ਦੇ ਮੌਜੂਦਾ ਕਾਰਜਾਲ ਤੋਂ ਪਹਿਲਾਂ ਵੀ ਉਹਨਾਂ ਨੇ ਪੰਜਾਬ ਦੇ ਸਿਹਤ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ, ਮੈਡੀਕਲ ਐਜੁਕੇਸ਼ਨ ਐਂਡ ਰਿਸਰਚ ਵਿੱਚ ਪ੍ਰਿੰਸੀਪਲ ਸਕੱਤਰ ਵੀ ਰਹੇ।
ਪੰਜਾਬ ਵਿੱਚ ਵਿਨੀ ਮਹਾਜਨ ਨੇ ਵੱਖ-ਵੱਖ ਸਮਿਆਂ 'ਤੇ ਹੋਰ ਵੀ ਕਈ ਅਹੁਦੇ ਸੰਭਾਲੇ, ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਵਜੋਂ ਉਹਨਾਂ ਦੀ ਤਾਇਨਾਤੀ ਵੀ ਸ਼ਾਮਿਲ ਹੈ।
ਵਿਨੀ ਮਹਾਜਨ, ਕੇਂਦਰ ਵਿੱਚ ਵੀ ਪ੍ਰਧਾਨ ਮੰਤਰੀ ਦਫਤਰ ਅਤੇ ਵਿੱਤ ਵਿਭਾਗ ਵਿੱਚ ਅਹਿਮ ਰੋਲ ਨਿਭਾ ਚੁੱਕੇ ਹਨ।
ਵਿਨੀ ਮਹਾਜਨ ਨੇ ਦਿੱਲੀ ਦੇ ਲੇਡੀ ਸ੍ਰੀ ਰਾਮ ਕਾਲਜ ਅਰਥ-ਸ਼ਾਸਤਰ ਵਿੱਚ ਗ੍ਰੈਜੁਏਸ਼ਨ ਕੀਤੀ ਸੀ ਅਤੇ ਕੋਲਕਾਤਾ ਦੇ ਇੰਡੀਅਨ ਇੰਸਟੀਚਿਊਟ ਐਫ ਮੈਨੇਜਮੈਂਟ ਤੋਂ ਪੋਸਟ ਗ੍ਰੈਜੁਏਸ਼ਨ ਕੀਤੀ ਸੀ।
ਦਿੱਲੀ ਦੇ ਮਾਰਡਨ ਸਕੂਲ ਤੋਂ ਪੜ੍ਹਾਈ ਕਰਕੇ 1982 ਵਿੱਚ ਵਿੰਨੀ ਮਹਾਜਨ ਨੇ ਆਈਆਈਟੀ ਤੇ ਏਮਜ਼ ਦੋਵਾਂ ਦੇ ਟੈਸਟ ਪਾਸ ਕਰ ਲਏ ਸਨ।
ਵਿੰਨੀ ਮਹਾਜਨ ਦੇ ਪਿਤਾ ਬੀਬੀ ਮਹਾਜਨ ਵੀ ਪੰਜਾਬ ਕੈਡਰ ਦੇ ਆਈਏਐੱਸ ਅਫ਼ਸਰ ਰਹੇ ਸਨ।
ਕਰਨ ਅਵਤਾਰ ਸਿੰਘ ਦਾ ਤਬਾਦਲਾ ਕਿੱਥੇ ਹੋਇਆ ?
ਕਰਨ ਅਵਤਾਰ ਸਿੰਘ ਨੂੰ ਹੁਣ ਗਵਰਨੈਂਸ ਰਿਫਾਰਮਜ਼ ਅਤੇ ਪਬਲਿਕ ਗਰੀਵੀਐਂਸ ਦੇ ਸਪੈਸ਼ਲ ਮੁੱਖ ਸਕੱਤਰ ਲਗਾਇਆ ਹੈ।
ਕਰਨ ਅਵਤਾਰ ਸਿੰਘ 1984 ਬੈਚ ਦੇ ਆਈ.ਏ.ਐਸ ਅਫਸਰ ਹਨ। ਹਾਲ ਹੀ ਵਿੱਚ ਕਰਨ ਅਵਤਾਰ ਸਿੰਘ ਦੀ ਕੈਬਨਿਟ ਮੰਤਰੀਆਂ ਨਾਲ ਖਿੱਚੋਤਾਣ ਵੀ ਹੋਈ ਸੀ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਹਨਾਂ ਦਾ ਮੁੱਖ ਸਕੱਤਰ ਵਜੋਂ ਕਾਰਜਕਾਲ 31 ਅਗਸਤ ਨੂੰ ਖ਼ਤਮ ਹੋਣਾ ਸੀ, ਅਤੇ ਅੰਦਾਜਾ ਲਾਇਆ ਜਾ ਰਿਹਾ ਸੀ ਕਿ ਉਹਨਾਂ ਨੂੰ ਇਹ ਕਾਰਜਕਾਲ ਪੂਰਾ ਕਰਨ ਦਿੱਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਬਦਲ ਕੇ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਗਿਆ ਹੈ।
ਇਹ ਵੀ ਦੇਖੋ