ਜਦੋਂ ਅਮਿਤ ਸ਼ਾਹ ਨੇ ਚੋਣਾਂ 'ਚ ਆਪਣੇ ਵਿਰੋਧੀ ਦੇ ਹੱਕ 'ਚ ਪੋਸਟਰ ਲਗਵਾਏ

ਤਸਵੀਰ ਸਰੋਤ, AFP
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਇੱਕ ਵਾਰ 2019 ਦੀਆਂ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਤੋਂ ਪੁੱਛਿਆ ਗਿਆ, ਕੀ ਭਾਜਪਾ ਲੋਕ ਸਭਾ ਚੋਣਾਂ ਲਈ ਤਿਆਰ ਹੈ? ਕੀ ਉਸਨੂੰ ਵੋਟਰਾਂ ਦਾ ਸਾਹਮਣਾ ਕਰਨ ਵਿੱਚ ਡਰ ਲੱਗ ਰਿਹਾ ਹੈ?
ਅਮਿਤ ਸ਼ਾਹ ਨੇ ਤੁਰੰਤ ਜਵਾਬ ਦਿੱਤਾ ਸੀ, ''ਅਸੀਂ 27 ਮਈ, 2014 ਤੋਂ ਹੀ 2019 ਦੀ ਚੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।''
ਸ਼ਤਰੰਜ ਦੇ ਸ਼ੌਕੀਨ ਅਮਿਤ ਸ਼ਾਹ ਨੂੰ ਹਮੇਸ਼ਾ ਤੋਂ ਹੀ ਰਣਨੀਤੀ ਬਣਾ ਕੇ ਆਪਣੇ ਵਿਰੋਧੀਆਂ ਨੂੰ ਮਾਤ ਦੇਣ ਵਿੱਚ ਮਜ਼ਾ ਆਉਂਦਾ ਰਿਹਾ ਹੈ। ਅਮਿਤ ਸ਼ਾਹ ਦੇ ਕੰਮ ਕਰਨ ਦਾ ਤਰੀਕਾ ਉਨ੍ਹਾਂ ਨੂੰ 'ਟਿਪੀਕਲ' ਨੇਤਾਵਾਂ ਤੋਂ ਅਲੱਗ ਕਰਦਾ ਹੈ।


ਅਨੀਬਾਰਨ ਗਾਂਗੁਲੀ ਅਤੇ ਸ਼ਿਵਾਨੰਦ ਦ੍ਰਿਵੇਦੀ ਅਮਿਤ ਸ਼ਾਹ ਦੀ ਜੀਵਨੀ 'ਅਮਿਤ ਸ਼ਾਹ ਐਂਡ ਦਿ ਮਾਰਚ ਆਫ਼ ਬੀਜੇਪੀ' ਵਿੱਚ ਲਿਖਦੇ ਹਨ, ''ਇੱਕ ਵਾਰ ਅਮੇਠੀ ਵਿੱਚ ਜਗਦੀਸ਼ਪੁਰ ਦੇ ਦੌਰੇ ਵਿੱਚ ਅਮਿਤ ਸ਼ਾਹ ਨੇ ਆਖਰੀ ਮਿੰਟ 'ਤੇ ਬੀਜੇਪੀ ਵਰਕਰਾਂ ਦੀ ਬੈਠਕ ਸੱਦ ਲਈ।
ਇਹ ਮੀਟਿੰਗ ਵਨਸਪਤੀ ਘਿਓ ਬਣਾਉਣ ਵਾਲੀ ਇੱਕ ਕੰਪਨੀ ਦੇ ਗੋਦਾਮ ਵਿੱਚ ਸੱਦੀ ਗਈ ਸੀ ਕਿਉਂਕਿ ਉਸ ਸਮੇਂ ਉੱਥੇ ਕੋਈ ਦੂਜੀ ਜਗ੍ਹਾ ਉਪਲੱਬਧ ਨਹੀਂ ਸੀ। ਬੈਠਕ ਸਵੇਰੇ 2 ਵਜੇ ਤੱਕ ਚੱਲਦੀ ਰਹੀ।
ਭਾਜਪਾ ਦੇ ਸਥਾਨਕ ਨੇਤਾਵਾਂ ਨੇ ਅਮਿਤ ਸ਼ਾਹ ਦੇ ਠਹਿਰਨ ਦਾ ਕੋਈ ਬੰਦੋਬਸਤ ਨਹੀਂ ਕੀਤੀ ਸੀ ਕਿਉਂਕਿ ਉਹ ਮੰਨ ਕੇ ਚੱਲ ਰਹੇ ਸਨ ਕਿ ਸ਼ਾਹ ਮੀਟਿੰਗ ਖਤਮ ਹੁੰਦੇ ਹੀ ਲਖਨਊ ਪਰਤ ਜਾਣਗੇ, ਪਰ ਸ਼ਾਹ ਨੇ ਉਸ ਰਾਤ ਉਸੇ ਗੋਦਾਮ ਵਿੱਚ ਰੁਕਣ ਦਾ ਫ਼ੈਸਲਾ ਕੀਤਾ।
ਉਹ ਪੌੜ੍ਹੀਆਂ 'ਤੇ ਚੜ੍ਹੇ, ਆਪਣੇ ਲਈ ਇੱਕ ਜਗ੍ਹਾ ਲੱਭੀ ਅਤੇ ਕੁਝ ਘੰਟਿਆਂ ਲਈ ਲੇਟ ਗਏ। ਉਨ੍ਹਾਂ ਦੀ ਦੇਖਾ-ਦੇਖੀ ਭਾਜਪਾ ਦੇ ਦੂਜੇ ਨੇਤਾ ਵੀ ਜਿੱਥੇ ਜਗ੍ਹਾ ਮਿਲੀ ਫੈਲ ਗਏ।
ਭਾਜਪਾ ਦੇ ਸਥਾਨਕ ਵਰਕਰਾਂ ਨੂੰ ਇਹ ਵਿਸ਼ਵਾਸ ਹੀ ਨਹੀਂ ਹੋਇਆ ਕਿ ਉਨ੍ਹਾਂ ਦੀ ਪਾਰਟੀ ਦਾ ਕੌਮੀ ਪ੍ਰਧਾਨ ਇੱਕ ਗੋਦਾਮ ਦੀ ਟੀਨ ਦੀ ਛੱਤ ਦੇ ਹੇਠਾਂ ਬਿਨਾਂ ਕਿਸੇ ਪਰੇਸ਼ਾਨੀ ਦੇ ਰਾਤ ਕੱਟ ਸਕਦਾ ਹੈ।''

ਤਸਵੀਰ ਸਰੋਤ, Getty Images
ਮੋਦੀ ਦੇ ਜਨਰਲ ਅਮਿਤ ਸ਼ਾਹ
2019 ਦੀ ਚੋਣ ਜਿੱਤਦੇ ਹੀ ਜਿਸ ਅੰਦਾਜ਼ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਅਮਿਤ ਸ਼ਾਹ ਨੇ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਸੀ, ਉਸ ਤੋਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਹੁਣ ਉਹ ਮੋਦੀ ਦੇ ਸ਼ਾਗਿਰਦ ਦੇ ਦਰਜੇ ਤੋਂ ਉੱਪਰ ਉੱਠ ਕੇ ਉਨ੍ਹਾਂ ਦੇ ਜਰਨੈਲ ਦੀ ਸ਼੍ਰੇਣੀ ਵਿੱਚ ਆ ਚੁੱਕੇ ਹਨ।
ਸ਼ਾਹ ਨੂੰ ਰਾਜਨਾਥ ਸਿੰਘ ਦੀ ਜਗ੍ਹਾ ਗ੍ਰਹਿ ਮੰਤਰੀ ਬਣਾਇਆ ਗਿਆ ਸੀ। ਰਾਜਨਾਥ ਸਿੰਘ ਨੇ ਇਸ ਫੇਰ-ਬਦਲ ਨੂੰ ਪਸੰਦ ਨਹੀਂ ਕੀਤਾ ਸੀ, ਖ਼ਾਸ ਤੌਰ ਕਰਕੇ ਜਦੋਂ ਉਨ੍ਹਾਂ ਨੇ ਆਪਣੇ ਮੰਤਰਾਲੇ ਨੂੰ ਕਾਰਗਰ ਤਰੀਕੇ ਨਾਲ ਚਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ।


ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਦੇਣ ਨਾਲ ਹੀ ਇਹ ਸੰਕੇਤ ਮਿਲ ਗਿਆ ਸੀ ਕਿ ਭਾਜਪਾ ਦੇ ਚੋਣ ਮੈਨੀਫੈਸਟੋ ਵਿੱਚ ਆਰਐੱਸਐੱਸ ਦੇ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ।
ਇਸ ਏਜੰਡੇ ਵਿੱਚ ਸ਼ਾਮਲ ਸੀ। ਕਸ਼ਮੀਰ ਨੂੰ ਖ਼ਾਸ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਾਉਣਾ, ਰਾਮ ਮੰਦਰ ਮੁੱਦੇ ਦਾ ਹੱਲ ਕਢਵਾਉਣਾ, ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖ਼ਲ ਹੋਣ ਵਾਲੇ ਬੰਗਲਾਦੇਸ਼ੀਆਂ ਨੂੰ ਰੋਕਣ ਲਈ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਬਣਾਉਣਾ ਅਤੇ ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰਕੇ ਗੁਆਂਢੀ ਦੇਸ਼ਾਂ ਦੇ ਹਿੰਦੂ ਸ਼ਰਣਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦਵਾਉਣਾ।

ਧਾਰਾ 370 ਖ਼ਤਮ ਕਰਨ ਦਾ ਵਿਚਾਰ ਨਰੇਂਦਰ ਮੋਦੀ ਦੇ ਮਨ ਵਿੱਚ ਪੁਲਵਾਮਾ ਹਮਲੇ ਤੋਂ ਤੁਰੰਤ ਬਾਅਦ ਆਇਆ ਸੀ, ਪਰ ਉਨ੍ਹਾਂ ਨੇ ਅਜਿਹਾ ਇਸ ਲਈ ਨਹੀਂ ਕੀਤਾ ਕਿਉਂਕਿ ਉਨ੍ਹਾਂ ਦੇ ਵਿਰੋਧੀ ਉਨ੍ਹਾਂ 'ਤੇ ਦੋਸ਼ ਲਗਾ ਸਕਦੇ ਸਨ ਕਿ ਉਹ ਅਜਿਹਾ ਚੋਣਾਂ ਜਿੱਤਣ ਲਈ ਕਰ ਰਹੇ ਹਨ।
ਸ਼ਾਹ ਨੇ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਕਸ਼ਮੀਰ 'ਤੇ ਮੌਜੂਦ ਹਰ ਫਾਈਲ ਪੜ੍ਹੀ ਅਤੇ ਫਿਰ ਮੋਦੀ ਨੂੰ ਇਸ ਬਾਰੇ ਅਗਲਾ ਕਦਮ ਚੁੱਕਣ ਦੀ ਸਲਾਹ ਦਿੱਤੀ।
ਦੋਵਾਂ ਨੇ ਇਸ 'ਤੇ ਆਪਣੇ ਨਜ਼ਦੀਕੀ ਸਲਾਹਕਾਰਾਂ ਨਾਲ ਵਿਚਾਰ ਕੀਤੀ ਅਤੇ ਇਹ ਫ਼ੈਸਲਾ ਕੀਤਾ ਗਿਆ ਕਿ ਨਾ ਸਿਰਫ਼ ਕਸ਼ਮੀਰ ਨੂੰ ਖ਼ਾਸ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕੀਤਾ ਜਾਵੇਗਾ ਸਗੋਂ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਜਾਵੇਗਾ।
ਅਮਿਤ ਸ਼ਾਹ ਨੇ ਇਸ ਲਈ ਬਾਕਾਇਦਾ ਹੋਮਵਰਕ ਕੀਤਾ। ਅਮਰਨਾਥ ਯਾਤਰਾ ਨੂੰ ਅੱਧ-ਵਿਚਕਾਰ ਹੀ ਰੋਕਿਆ ਗਿਆ ਅਤੇ ਘਾਟੀ ਦੇ ਚੋਟੀ ਦੇ ਨੇਤਾਵਾਂ ਅਤੇ ਤਿੰਨ ਸਾਬਕਾ ਮੁੱਖ ਮੰਤਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਉੱਘੇ ਰਾਜਨੀਤਕ ਵਿਸ਼ਲੇਸ਼ਕਾਂ ਅਤੇ ਭਾਜਪਾ ਲੀਡਰਸ਼ਿਪ ਨੂੰ ਨਜ਼ਦੀਕ ਤੋਂ ਜਾਣਨ ਵਾਲੇ ਰਾਮ ਬਹਾਦੁਰ ਰਾਏ ਕਹਿੰਦੇ ਹਨ, ''ਅਮਿਤ ਸ਼ਾਹ ਦੀ ਕਾਰਜਸ਼ੈਲੀ ਹੈ ਕਿ ਉਹ ਇੱਕ ਟੀਚਾ ਮਿੱਥਦੇ ਹਨ ਅਤੇ ਯੋਜਨਾ ਬਣਾ ਕੇ ਉਸਨੂੰ ਪੂਰਾ ਕਰਨ ਵਿੱਚ ਲੱਗ ਜਾਂਦੇ ਹਨ।
ਉਨ੍ਹਾਂ ਦੇ ਇਸ ਕਦਮ ਦਾ ਘਾਟੀ ਵਿੱਚ ਬੇਸ਼ੱਕ ਵਿਰੋਧ ਹੋਇਆ, ਪਰ ਬਾਕੀ ਭਾਰਤ ਵਿੱਚ ਉਹ ਇਹ ਸੰਦੇਸ਼ ਦੇਣ ਵਿੱਚ ਸਫਲ ਹੋ ਗਏ ਕਿ ਇਹ ਸਮੱਸਿਆ ਪਹਿਲਾਂ ਦੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਚੱਲ ਰਹੀ ਸੀ ਅਤੇ ਉਸਨੂੰ ਉਨ੍ਹਾਂ ਨੇ ਪਟਰੀ 'ਤੇ ਲਿਆ ਦਿੱਤਾ ਹੈ।''
ਕਸ਼ਮੀਰ ਵਿੱਚ ਹੀ ਅਮਿਤ ਸ਼ਾਹ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ ਜਿਸ ਵੱਲ ਲੋਕਾਂ ਦਾ ਧਿਆਨ ਅਜੇ ਨਹੀਂ ਗਿਆ ਹੈ, ਉਹ ਹੈ ਕਸ਼ਮੀਰ ਦੀਆਂ ਪੰਚਾਇਤਾਂ ਦਾ ਸਸ਼ਕਤੀਕਰਨ ਕਰਨਾ।

ਤਸਵੀਰ ਸਰੋਤ, AFP
ਅਮਿਤ ਸ਼ਾਹ ਨੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਜੰਮੂ-ਕਸ਼ਮੀਰ ਦੇ ਪੰਚਾਇਤ ਕਾਨੂੰਨਾਂ ਨੂੰ ਬਦਲਿਆ ਅਤੇ ਹੁਣ ਜੰਮੂ-ਕਸ਼ਮੀਰ ਸੰਭਾਵਿਤ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ ਜਿਸ ਕੋਲ 29 ਤੋ 23 ਵਿਸ਼ਿਆਂ 'ਤੇ ਕੰਮ ਕਰਨ ਲਈ ਫੰਡ ਅਤੇ ਕਰਮਚਾਰੀ ਹਨ।
ਪੰਚਾਇਤ ਨੂੰ ਆਪਣੇ ਫ਼ੈਸਲੇ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਇਸ ਲਈ ਉਸਨੂੰ ਕਿਸੇ ਕਲੈਕਟਰ ਜਾਂ ਕਮਿਸ਼ਨਰ ਦੀ ਮਨਜ਼ੂਰੀ ਨਹੀਂ ਲੈਣੀ ਪੈਂਦੀ। ਨਤੀਜਾ ਇਹ ਹੋਇਆ ਕਿ ਉੱਥੇ ਪੰਚਾਇਤਾਂ ਆਪਣੇ ਫ਼ੈਸਲੇ ਲਾਗੂ ਕਰ ਰਹੀਆਂ ਹਨ ਅਤੇ ਸਿਆਸੀ ਆਗੂਆਂ ਦੀ ਭੂਮਿਕਾ ਸੀਮਤ ਹੋ ਗਈ ਹੈ, ਪਰ ਅਮਿਤ ਸ਼ਾਹ ਦੀ ਅਸਲੀ ਵਰਤੋਂ ਉਦੋਂ ਹੋਵੇਗੀ ਜਦੋਂ ਉਹ ਜੰਮੂ-ਕਸ਼ਮੀਰ ਦੇ ਪੁਨਰ-ਗਠਨ ਦੀ ਪ੍ਰਕਿਰਿਆ ਨੂੰ ਜੋ ਕਿ ਅਜੇ ਜਾਰੀ ਹੈ, ਮੁਕੰਮਲ ਕਰਨ ਵਿੱਚ ਸਫਲ ਹੁੰਦੇ ਹਨ।
ਨਾਗਰਿਕਤਾ ਸੋਧ ਬਿਲ ਵਿਵਾਦਾਂ ਵਿੱਚ
ਸ਼ਾਹ ਦਾ ਦੂਜਾ ਵੱਡਾ ਕਦਮ ਸੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨਾ-ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇਸਦਾ ਇਸ ਆਧਾਰ 'ਤੇ ਵਿਰੋਧ ਹੋਇਆ ਕਿ ਇਸ ਵਿੱਚ ਸਿਰਫ਼ ਗੁਆਂਢੀ ਦੇਸ਼ਾਂ ਦੇ ਹਿੰਦੂਆਂ ਨੂੰ ਨਾਗਰਿਕਤਾ ਦੇਣ ਦੀ ਗੱਲ ਗਈ ਗਈ।
ਪੂਰੇ ਦੇਸ਼ ਵਿੱਚ ਮਚੇ ਕੋਹਰਾਮ ਤੋਂ ਬਾਅਦ ਸ਼ਾਹ ਦਾ ਜਵਾਬ ਸੀ ਕਿ 'ਇਸ ਨਾਲ ਮੁਸਲਮਾਨਾਂ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਬਿਲ ਦਾ ਉਦੇਸ਼ ਨਾਗਰਿਕਤਾ ਲੈਣਾ ਨਹੀਂ ਸਗੋਂ ਨਾਗਰਿਕਤਾ ਦੇਣਾ ਹੈ।''


ਮੈਗਜ਼ੀਨ 'ਇੰਡੀਆ ਟੂਡੇ' ਦੇ ਸੰਪਾਦਕ ਰਾਜ ਚੇਂਗੱਪਾ ਲਿਖਦੇ ਹਨ, ''ਇਸ ਬਿਲ ਨੂੰ ਪਾਸ ਕਰਾਉਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾ ਤਾਂ ਲੋਕਾਂ ਖ਼ਾਸ ਕਰਕੇ ਘੱਟ ਗਿਣਤੀਆਂ ਨੂੰ ਵਿਸ਼ਵਾਸ ਵਿੱਚ ਲਿਆ ਅਤੇ ਨਾ ਹੀ ਇਸ ਲਈ ਉਨ੍ਹਾਂ ਨੂੰ ਤਿਆਰ ਕੀਤਾ ਜਿਵੇਂ ਕਿ ਜਿਵੇਂ ਕਿ ਅਯੁੱਧਿਆ ਮਾਮਲੇ ਵਿੱਚ ਉਨ੍ਹਾਂ ਨੇ ਕੀਤਾ।”
ਰਾਮ ਬਹਾਦੁਰ ਰਾਏ ਕਹਿੰਦੇ ਹਨ, "ਅੱਵਲ ਤਾਂ ਇਸ ਬਿਲ ਬਾਰੇ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਗਿਆ ਅਤੇ ਦੂਜੇ ਬਿਨਾਂ ਕਿਸੇ ਧਰਮ ਦਾ ਜ਼ਿਕਰ ਕਰਦੇ ਹੋਏ ਵੀ ਇਹ ਬਿਲ ਲਿਆਂਦਾ ਜਾ ਸਕਦਾ ਸੀ। ਇਹ ਉਸੇ ਤਰ੍ਹਾਂ ਨਾਲ ਕੰਮ ਕਰਦਾ ਜਿਸ ਤਰ੍ਹਾਂ ਨਾਲ ਤੁਸੀਂ ਚਾਹੁੰਦੇ ਸੀ।"
"ਇਸ ਨਾਲ ਬਿਨਾਂ ਵਜ੍ਹਾ ਲੋਕਾਂ ਨੂੰ ਨਰਿੰਦਰ ਮੋਦੀ ਸਰਕਾਰ ਖਿਲਾਫ਼ ਇੱਕ ਮੁੱਦਾ ਮਿਲ ਗਿਆ। ਅਮਿਤ ਸ਼ਾਹ ਤੋਂ ਇੱਕ ਥਾਂ ਗਲਤੀ ਉਸ ਸਮੇਂ ਵੀ ਹੋਈ ਜਦੋਂ ਉਨ੍ਹਾਂ ਨੇ ਆਪਣੇ ਇੱਕ ਭਾਸ਼ਣ ਵਿੱਚ ਸੀਏਏ ਨੂੰ ਐੱਨਆਰਸੀ ਨਾਲ ਜੋੜ ਦਿੱਤਾ ਅਤੇ ਪ੍ਰਧਾਨ ਮੰਤਰੀ ਨੂੰ ਰਾਮਲੀਲਾ ਮੈਦਾਨ ਵਿੱਚ ਸਭਾ ਕਰਕੇ ਇਹ ਸਫ਼ਾਈ ਦੇਣੀ ਪਈ ਕਿ ਐਨਆਰਸੀ 'ਤੇ ਤਾਂ ਕੈਬਨਿਟ ਵਿੱਚ ਵਿਚਾਰ ਹੀ ਨਹੀਂ ਹੋਈ। ਕਾਇਦੇ ਨਾਲ ਦੇਖਿਆ ਜਾਵੇ ਤਾਂ ਨਹਿਰੂ ਅਤੇ ਪਟੇਲ ਵੀ ਸੀਏਏ ਦੀ ਮੂਲ ਭਾਵਨਾ ਦੇ ਖਿਲਾਫ਼ ਨਹੀਂ ਸਨ, ਪਰ ਇਹ ਗੱਲ ਲੋਕਾਂ ਨੂੰ ਦੱਸੀ ਜਾਣੀ ਚਾਹੀਦੀ ਸੀ।''
ਪਰਵਾਸੀ ਮਜ਼ਦੂਰਾਂ ਦੇ ਸੜਕ 'ਤੇ ਆਉਣ 'ਤੇ ਸ਼ਾਹ ਦੀ ਕਿਰਕਿਰੀ
ਅਮਿਤ ਸ਼ਾਹ ਦੇ ਗ੍ਰਹਿ ਮੰਤਰਾਲੇ ਨੂੰ ਕੋਵਿਡ-19 ਨਾਲ ਜੂਝਣ ਲਈ ਮੁੱਖ ਏਜੰਸੀ ਬਣਾਇਆ ਗਿਆ ਸੀ। ਸੂਤਰ ਦੱਸਦੇ ਹਨ ਕਿ ਇਸ ਪੂਰੇ ਸੰਕਟ ਦੌਰਾਨ ਉਹ ਰੋਜ਼ਾਨਾ ਸਵੇਰੇ ਸਾਢੇ ਅੱਠ ਵਜੇ ਨਾਰਥ ਬਲਾਕ ਦੇ ਆਪਣੇ ਦਫ਼ਤਰ ਪਹੁੰਚ ਜਾਂਦੇ ਹਨ ਅਤੇ ਅੱਧੀ ਰਾਤ ਤੋਂ ਬਾਅਦ ਤੱਕ ਉੱਥੇ ਰਹਿ ਕੇ ਆਪਣੇ ਮੰਤਰਾਲੇ ਵੱਲੋਂ ਜਾਰੀ ਕੀਤੇ ਜਾ ਰਹੇ ਨਿਰਦੇਸ਼ਾਂ ਅਤੇ ਕੰਮ 'ਤੇ ਪੂਰੀ ਨਜ਼ਰ ਰੱਖਦੇ ਹਨ।
ਕੇਂਦਰ ਅਤੇ ਰਾਜਾਂ ਵਿਚਕਾਰ ਸੁਚੱਜਾ ਤਾਲਮੇਲ ਨੂੰ ਵੀ ਯਕੀਨੀ ਬਣਾਉਂਦੇ ਹਨ। ਜਦੋਂ ਤੱਕ ਉਹ ਸਾਰੀਆਂ ਫਾਈਲਾਂ ਦਾ ਨਿਬੇੜਾ ਨਹੀਂ ਕਰ ਦਿੰਦੇ ਘਰ ਨਹੀਂ ਜਾਂਦੇ।
ਪਰ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਜਿਸ ਯੋਜਨਾਬੱਧ ਕਾਰਜ ਕੁ਼ਸ਼ਲਤਾ ਦੀ ਜ਼ਰੂਰਤ ਸੀ, ਉਸ ਵਿੱਚ ਅਮਿਤ ਸ਼ਾਹ ਖਰੇ ਨਹੀਂ ਉਤਰੇ ਹਨ।

ਤਸਵੀਰ ਸਰੋਤ, ARUN SANKAR / AFP
ਭਾਰਤ ਦੀ ਵੰਡ ਦੇ ਸਮੇਂ ਇਸ ਤਰ੍ਹਾਂ ਦਾ ਦ੍ਰਿਸ਼ ਦੇਖਣ ਨੂੰ ਮਿਲਿਆ ਸੀ ਜਦੋਂ ਇੱਕ ਤੋਂ ਡੇਢ ਕਰੋੜ ਲੋਕ ਇੱਕ ਦੇਸ਼ ਤੋਂ ਦੂਜੇ ਵੱਲ ਪੈਦਲ ਗਏ ਸਨ। ਉੱਘੇ ਇਤਿਹਾਸਕਾਰ ਰਾਮਚੰਦਰ ਗੁਹਾ ਇਸ ਪੂਰੀ ਉਘੜਧੁੰਮੀ ਅਤੇ ਹਫ਼ੜਾ-ਦਫ਼ੜੀ ਲਈ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਗੁਹਾ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ 'ਜੇਕਰ ਇਸ ਸਮੱਸਿਆ ਨੂੰ ਹੱਲ ਕਰਨਾ ਹੈ ਤਾਂ ਇਸ ਪੂਰੇ ਕੰਮ ਨੂੰ ਗ੍ਰਹਿ ਮੰਤਰਾਲੇ ਤੋਂ ਲੈ ਲੈਣਾ ਚਾਹੀਦਾ ਹੈ।'' ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਕਈ ਹਲਕਿਆਂ ਵਿੱਚ ਆਲੋਚਨਾ ਹੋਈ ਹੈ ਕਿ ਚਾਰ ਘੰਟੇ ਦੇ ਨੋਟਿਸ 'ਤੇ ਪੂਰੇ ਭਾਰਤ ਵਿੱਚ ਲੌਕਡਾਊਨ ਲਾਗੂ ਕਰਨ ਤੋਂ ਪਹਿਲਾਂ ਥੋੜ੍ਹੀ ਤਿਆਰੀ ਜ਼ਰੂਰ ਕੀਤੀ ਜਾਣੀ ਚਾਹੀਦੀ ਸੀ। ਇਸ ਦੇ ਜਵਾਬ ਵਿੱਚ ਅਮਿਤ ਸ਼ਾਹ ਕੈਂਪ ਦਾ ਕਹਿਣਾ ਹੈ ਕਿ ਜੇਕਰ ਤਿਆਰੀ ਕਰਨ ਦਾ ਸਮਾਂ ਦਿੱਤਾ ਜਾਂਦਾ ਤਾਂ ਇਸ ਦੌਰਾਨ ਹੀ ਲੱਖਾਂ ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗ ਜਾਂਦੀ।
ਭਾਰਤ ਦੇ ਲੋਕ ਇਸਦੀ ਗੰਭੀਰਤਾ ਉਦੋਂ ਹੀ ਸਮਝਦੇ ਹਨ ਜਦੋਂ ਉਨ੍ਹਾਂ ਨੂੰ ਇੱਕ 'ਸ਼ਾਕ ਟਰੀਟਮੈਂਟ' ਤਹਿਤ ਸਮਝਾਇਆ ਜਾਂਦਾ ਹੈ ਕਿ ਮਾਮਲਾ ਕਿੰਨਾ ਗੰਭੀਰ ਹੈ। ਰਾਮ ਬਹਾਦੁਰ ਰਾਏ ਕਹਿੰਦੇ ਹਨ, ''ਇਹ ਜੋ ਅਚਾਨਕ ਫ਼ੈਸਲਾ ਹੋਇਆ ਇਹ ਬਿਲਕੁਲ ਠੀਕ ਸੀ ਕਿਉਂਕਿ ਤੁਸੀਂ ਲੋਕਾਂ ਨੂੰ ਸਦਮਾ ਦੇ ਕੇ ਹੀ ਮਨੋਵਿਗਿਆਨਕ ਰੂਪ ਨਾਲ ਤਿਆਰ ਕਰ ਸਕਦੇ ਹੋ, ਪਰ ਇਸਦੇ ਬਾਅਦ ਰਾਜਾਂ ਨਾਲ ਤਾਲਮੇਲ ਸਥਾਪਿਤ ਕਰਨ ਅਤੇ ਇਸ ਲਈ ਉਨ੍ਹਾਂ ਨੂੰ ਤਿਆਰ ਕਰਨ ਵਿੱਚ ਜ਼ਰੂਰ ਗਲਤੀ ਹੋਈ ਹੈ।"
"ਮਜ਼ਦੂਰਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਗਿਆ ਅਤੇ ਕਈ ਰਾਜ ਸਰਕਾਰਾਂ ਦੀ ਤਾਂ ਕੋਸ਼ਿਸ਼ ਰਹੀ ਹੈ ਕਿ ਇਹ ਮਜ਼ਦੂਰ ਉਨ੍ਹਾਂ ਦੇ ਰਾਜ ਤੋਂ ਬਾਹਰ ਚਲੇ ਜਾਣ। 1991 ਤੋਂ ਬਾਅਦ ਤੋਂ ਜੋ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ 20 ਤੋਂ 25 ਕਰੋੜ ਲੋਕ ਪਿੰਡਾਂ ਤੋਂ ਸ਼ਹਿਰ ਵੱਲ ਆ ਜਾਣਗੇ, ਉਹ ਸਾਰਾ ਸੁਪਨਾ ਤਹਿਸ ਨਹਿਸ ਹੋ ਗਿਆ ਹੈ।''

ਤਸਵੀਰ ਸਰੋਤ, Getty Images
ਸ਼ਾਹ ਅਤੇ ਮੋਦੀ ਦੋ ਜਿਸਮ ਇੱਕ ਜਾਨ
ਨਾਗਰਿਕਤਾ ਬਿਲ ਦੇ ਪਾਸ ਹੋਣ ਦੇ ਬਾਅਦ ਦਿੱਲੀ ਵਿੱਚ ਭੜਕੇ ਦੰਗਿਆਂ ਤੋਂ ਬਾਅਦ ਕਈ ਹਲਕਿਆਂ ਵਿੱਚ ਮੋਦੀ ਅਤੇ ਸ਼ਾਹ ਵਿਚਕਾਰ ਕਥਿਤ ਮਤਭੇਦਾਂ ਦੇ ਕਿਆਸ ਲਗਾਏ ਗਏ। ਅਮਿਤ ਸ਼ਾਹ ਦੇ ਕੁਝ ਵੱਡੇ ਫ਼ੈਸਲਿਆਂ ਤੋਂ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਦਿੱਲੀ ਦਾ ਸਾਰਾ ਸ਼ੋਅ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਚਲਾ ਰਹੇ ਹਨ।
ਬਘੇਲ ਨੇ ਕਿਹਾ ਕਿ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਵਿਚਕਾਰ ਕਈ ਮੁੱਦਿਆਂ 'ਤੇ ਮਤਭੇਦ ਦਿਖਾਈ ਦਿੰਦੇ ਹਨ, ਪਰ ਬਘੇਲ ਨੇ ਇਸ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ।
ਇਨ੍ਹਾਂ ਕਿਆਸਾਂ ਦੇ ਪਿੱਛੇ ਮੋਦੀ ਵਿਰੋਧੀਆਂ ਦੀ ਇਹ ਖ਼ੁਸ਼ਫਹਿਮੀ ਸੀ ਕਿ ਜੇਕਰ ਸ਼ਾਹ ਮੋਦੀ ਤੋਂ ਦੂਰ ਚਲੇ ਜਾਂਦੇ ਹਨ ਤਾਂ ਮੋਦੀ ਦੀ ਤਾਕਤ ਪਹਿਲਾਂ ਤੋਂ ਬਹੁਤ ਘੱਟ ਜਾਵੇਗੀ। ਅਸਲੀਅਤ ਇਹ ਹੈ ਕਿ ਇਹ ਦੋਵੇਂ ਇੱਕ ਦੂਜੇ ਦੇ ਪੂਰਕ ਹਨ।
ਉਹ ਲੋਕਾਂ ਦੇ ਸਾਹਮਣੇ ਦੋ ਅਲੱਗ-ਅਲੱਗ ਤਰ੍ਹਾਂ ਦਾ ਅਕਸ ਪੇਸ਼ ਕਰਦੇ ਹਨ।
ਮੋਦੀ ਆਪਣੇ ਆਪ ਨੂੰ ਵਿਜ਼ਨਰੀ ਨੇਤਾ ਦੇ ਤੌਰ 'ਤੇ ਪੇਸ਼ ਕਰਦੇ ਹਨ ਤਾਂ ਅਮਿਤ ਸ਼ਾਹ ਕੱਟੜ ਹਿੰਦੂਤਵ ਦਾ ਬਿਗਲ ਵਜਾਉਣ ਵਾਲੇ ਦੇ ਤੌਰ 'ਤੇ ਆਪਣਾ ਅਕਸ ਸਾਹਮਣੇ ਰੱਖਦੇ ਹਨ। ਇਸ ਤਰ੍ਹਾਂ ਵਿਕਾਸ ਅਤੇ ਹਿੰਦੂਤਵ, ਇਨ੍ਹਾਂ ਦੋਵਾਂ ਦਾ ਟੀਚਾ ਬਣਦਾ ਹੈ। ਇਹ ਅਟਲ ਬਿਹਾਰੀ ਵਾਜਪਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਜੋੜੀ ਦੀ ਹੀ ਤਰ੍ਹਾਂ ਹੈ ਜਿਨ੍ਹਾਂ ਵਿਚਕਾਰ ਵੀ ਮਤਭੇਦ ਦੀਆਂ ਗੱਲਾਂ ਹੁੰਦੀਆਂ ਸਨ, ਪਰ ਦੋਵੇਂ ਇੱਕ-ਦੂਜੇ ਦੇ ਪੂਰਕ ਸਨ ਅਤੇ ਜਾਣ-ਬੁੱਝ ਕੇ ਦੋ ਤਰ੍ਹਾਂ ਦਾ ਅਕਸ ਪੇਸ਼ ਕਰਦੇ ਸਨ।
'ਦਿ ਪ੍ਰਿੰਟ' ਵੈੱਬਸਾਈਟ ਦੀ ਸੀਨੀਅਰ ਪੱਤਰਕਾਰ ਰਮਾ ਲਕਸ਼ਮੀ ਦਾ ਮੰਨਣਾ ਹੈ, ''ਮੋਦੀ ਵਿਰੋਧੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਮੋਦੀ ਨੂੰ ਉਨ੍ਹਾਂ ਦੇ ਏਜੰਡੇ ਨਾਲ ਲੜਾ ਕੇ ਹਰਾ ਨਹੀਂ ਸਕਦੇ। ਉਨ੍ਹਾਂ ਲਈ ਮੌਕਾ ਬਣਦਾ ਹੈ ਜਦੋਂ ਮੋਦੀ ਦੇ ਅਕਸ ਨੂੰ ਨੁਕਸਾਨ ਪਹੁੰਚੇ ਜਾਂ ਫਿਰ ਉਨ੍ਹਾਂ ਦੀ ਉਨ੍ਹਾਂ ਦੇ 'ਸ਼ੋਅ ਰਨਰ' ਅਮਿਤ ਸ਼ਾਹ ਨਾਲ ਬਣਨੀ ਬੰਦ ਜਾਵੇ, ਪਰ ਇਹ ਸਭ ਖਿਆਲੀ ਸੁਪਨੇ ਹੀ ਸਨ।ਅਸਲੀਅਤ ਇਹ ਹੈ ਕਿ ਮੋਦੀ ਅਤੇ ਸ਼ਾਹ ਦੋ ਜਿਸਮ ਅਤੇ ਇੱਕ ਜਾਨ ਹਨ।''
ਮੋਦੀ ਅਤੇ ਅਮਿਤ ਸ਼ਾਹ ਲੰਬੇ ਸਮੇਂ ਤੋਂ ਇਕੱਠੇ ਕੰਮ ਕਰ ਚੁੱਕੇ ਹਨ, ਉਹ ਨੰਬਰ-ਵਨ ਅਤੇ ਨੰਬਰ-ਟੂ ਦੀ ਭੂਮਿਕਾ ਵਿੱਚ ਗੁਜਰਾਤ ਵਿੱਚ ਵੀ ਰਹੇ ਹਨ। ਗੁਜਰਾਤ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਦੋਵਾਂ ਨੇ ਇੱਕ-ਦੂਜੇ ਨਾਲ ਇੰਨੇ ਸਮੇਂ ਤੱਕ ਕੰਮ ਕੀਤਾ ਹੈ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੂੰ ਤਾਲ-ਮੇਲ ਬਿਠਾਉਣ ਲਈ ਕੋਈ ਵਾਧੂ ਕੋਸ਼ਿਸ਼ ਨਹੀਂ ਕਰਨੀ ਪਈ।
ਗੁਜਰਾਤ ਦੇ ਗ੍ਰਹਿ ਮੰਤਰੀ ਵਜੋਂ ਅਮਿਤ ਸ਼ਾਹ ਦੇ ਰਾਜਨੀਤਕ ਜੀਵਨ ਵਿੱਚ ਕਈ ਉਤਰਾਅ- ਚੜ੍ਹਾਅ ਆਏ, ਉਨ੍ਹਾਂ ਉੱਪਰ ਗੰਭੀਰ ਦੋਸ਼ ਲੱਗੇ, ਉਨ੍ਹਾਂ ਨੂੰ ਫਰਜ਼ੀ ਮੁਕਾਬਲੇ ਦੇ ਕੇਸ ਵਿੱਚ ਜੇਲ੍ਹ ਜਾਣਾ ਪਿਆ ਅਤੇ ਗੁਜਰਾਤ ਦੇ ਬਾਹਰ ਵੀ ਸਮਾਂ ਬਿਤਾਉਣਾ ਪਿਆ, ਪਰ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਉਨ੍ਹਾਂ ਪ੍ਰਤੀ ਨਰਿੰਦਰ ਮੋਦੀ ਦਾ ਵਿਸ਼ਵਾਸ ਅਤੇ ਹਮਾਇਤ ਬਣੀ ਰਹੀ ਹੈ।
ਅਮਿਤ ਸ਼ਾਹ ਦਾ ਮਨੁੱਖੀ ਪੱਖ
ਬ੍ਰਿਟਿ਼ਸ਼ ਇਤਿਹਾਸਕਾਰ ਅਤੇ ਲੇਖਕ ਪੈਟਰਿਕ ਫਰੈਂਚ ਨੂੰ ਦਿੱਤੇ ਗਏ ਇੱਕ ਲੰਬੇ ਇੰਟਰਵਿਊ ਵਿੱਚ ਅਮਿਤ ਸ਼ਾਹ ਨੇ ਦੱਸਿਆ ਸੀ ਕਿ ਉਹ ਡਾਇਰੀ ਲਿਖਦੇ ਹਨ, ਪ੍ਰਕਾਸ਼ਨ ਲਈ ਨਹੀਂ ਬਲਕਿ ਆਤਮ-ਮੁਲਾਂਕਣ ਅਤੇ ਆਪਣੇ ਤਜਰਬਿਆਂ ਦਾ ਰਿਕਾਰਡ ਰੱਖਣ ਲਈ।
ਇਸ ਇੰਟਰਵਿਊ ਦੌਰਾਨ ਲਈਆਂ ਗਈਆਂ ਫੋਟੋਆਂ ਵਿੱਚ ਅਤੇ ਹੋਰ ਕਈ ਦੂਜੇ ਮੌਕਿਆਂ 'ਤੇ ਇਹ ਦਿਖਾਈ ਦਿੰਦਾ ਹੈ।
ਅਮਿਤ ਸ਼ਾਹ ਦੇ ਕਮਰੇ ਵਿੱਚ ਦੋ ਤਸਵੀਰਾਂ ਦੀਵਾਰ 'ਤੇ ਟੰਗੀਆਂ ਹੋਈਆਂ ਹਨ ਜਿਨ੍ਹਾਂ ਦੇ ਪਿਛੋਕੜ ਵਿੱਚ ਉਹ ਤਸਵੀਰਾਂ ਖਿਚਵਾਉਣਾ ਪਸੰਦ ਕਰਦੇ ਹਨ। ਜ਼ਾਹਿਰ ਹੈ ਇਨ੍ਹਾਂ ਦੋਵੇਂ ਲੋਕਾਂ ਤੋਂ ਅਮਿਤ ਸ਼ਾਹ ਕਾਫ਼ੀ ਪ੍ਰੇਰਣਾ ਹਾਸਲ ਕਰਦੇ ਰਹੇ ਹਨ। ਗੌਰ ਕਰਨ ਦੀ ਗੱਲ ਇਹ ਹੈ ਕਿ ਇਨ੍ਹਾਂ ਦੋਵੇਂ ਪ੍ਰੇਰਕ ਪੁਰਸ਼ਾਂ ਵਿੱਚੋ ਕਿਸੇ ਦਾ ਸਬੰਧ ਆਰਐੱਸਐੱਸ ਨਾਲ ਨਹੀਂ ਹੈ, ਇੱਕ ਤਸਵੀਰ ਹੈ ਚਾਣਕਿਆ ਦੀ ਅਤੇ ਦੂਜੀ ਵਿਨਾਇਕ ਦਾਮੋਦਰ ਸਾਵਰਕਰ ਦੀ।
ਚਾਣਕਿਆ ਦੇ 'ਸਾਮ ਦਾਮ ਦੰਡ ਭੇਦ' ਦੀ ਨੀਤੀ ਦੀ ਭਰਪੂਰ ਵਰਤੋਂ ਅਮਿਤ ਸ਼ਾਹ ਦੀ ਰਾਜਨੀਤਕ ਕਾਰਜਸ਼ੈਲੀ ਵਿੱਚੋਂ ਝਲਕਦੀ ਹੈ। ਜਿਸ ਵਿੱਚ ਉਹ ਕੋਈ ਵੀ ਦਾਅ ਅਜ਼ਮਾਉਣ ਵਿੱਚ ਝਿਜਕਦੇ ਨਹੀਂ ਹਨ ਅਤੇ ਸਾਵਰਕਰ ਤਾਂ ਹਿੰਦੂਤਵ ਸ਼ਬਦ ਦੇ ਪਿਤਾਮਾ ਰਹੇ ਹਨ, ਜਿਨ੍ਹਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਭਾਰਤ ਮੁਸਲਮਾਨਾਂ ਦੀ ਪਵਿੱਤਰ ਭੂਮੀ ਨਹੀਂ ਹੈ।
ਅਮਿਤ ਸ਼ਾਹ ਦੀ ਸ਼ਖ਼ਸੀਅਤ ਦੀ ਇੱਕ ਹੋਰ ਦਿਲਚਸਪ ਗੱਲ ਹੈ ਕਿ ਉਹ ਆਪਣੇ ਹੱਥ ਵਿੱਚ ਘੜੀ ਨਹੀਂ ਬੰਨ੍ਹਦੇ, ਖਾਣ ਦੇ ਸ਼ੌਕੀਨ ਸ਼ਾਹ ਨੂੰ ਪਕੌੜੇ ਅਤੇ ਫਰਸਾਨ ਖਾਣਾ ਬਹੁਤ ਪਸੰਦ ਹੈ।
ਪਾਰਟੀ ਪ੍ਰਧਾਨ ਬਣਨ ਤੋਂ ਪਹਿਲਾਂ ਆਪਣੇ ਦਿੱਲੀ ਪਰਵਾਸ ਦੌਰਾਨ ਅਮਿਤ ਸ਼ਾਹ ਅਕਸਰ ਸੋਨੀਪਤ ਰੋਡ ਨਾਲ ਲੱਗਦੇ ਹੋਏ ਢਾਬਿਆਂ ਵਿੱਚ ਖਾਣਾ ਖਾਣ ਜਾਂਦੇ ਸਨ। ਸ਼ਾਹ ਨੂੰ ਗੁਰੂਦੱਤ ਦੀਆਂ ਫ਼ਿਲਮਾਂ ਪਸੰਦ ਹਨ ਅਤੇ ਸਾਹਿਰ ਲੁਧਿਆਣਵੀ ਅਤੇ ਕੈਫ਼ੀ ਆਜ਼ਮੀ ਦੀਆਂ ਲਿਖੀਆਂ ਨਜ਼ਮਾਂ ਅਤੇ ਗ਼ਜ਼ਲਾਂ ਵੀ ਉਨ੍ਹਾਂ ਨੂੰ ਚੰਗੀਆਂ ਲੱਗਦੀਆਂ ਹਨ।
'ਪਿਆਸਾ' ਫ਼ਿਲਮ ਵਿੱਚ ਉਹ ਸਾਹਿਰ ਦੇ ਗੀਤ 'ਯੇ ਦੁਨੀਆ ਅਗਰ ਮਿਲ ਵੀ ਜਾਏ' ਤੋਂ ਇੰਨਾ ਪ੍ਰਭਾਵਿਤ ਹੋਏ ਸਨ ਕਿ ਆਪਣੀ ਕਿਸ਼ੋਰ ਅਵਸਥਾ ਵਿੱਚ ਉਨ੍ਹਾਂ ਨੇ ਮੁੰਬਈ ਜਾ ਕੇ ਸਾਹਿਰ ਲੁਧਿਆਣਵੀ ਨਾਲ ਮਿਲਣ ਦੀ ਕੋਸ਼ਿਸ਼ ਵੀ ਕੀਤੀ ਸੀ।
ਅੱਜਕੱਲ੍ਹ ਉਹ ਕ੍ਰਿਸ਼ਨਾ ਮੈਨਨ ਮਾਰਗ ਦੇ ਉਸੇ ਘਰ ਵਿੱਚ ਰਹਿੰਦੇ ਹਨ ਜਿਸ ਵਿੱਚ ਕੁਝ ਸਮਾਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਰਿਹਾ ਕਰਦੇ ਸਨ। ਅਮਿਤ ਸ਼ਾਹ ਆਪਣੇ ਨੇਤਾ ਦੀ ਤਰ੍ਹਾਂ ਹਫ਼ਤੇ ਦੇ ਸੱਤੋ ਦਿਨ ਪੂਰਾ ਸਮਾਂ ਸਿਰਫ਼ ਰਾਜਨੀਤੀ ਨੂੰ ਜਿਉਂਦੇ ਹਨ। ਰਾਜਨੀਤੀ ਉਨ੍ਹਾਂ ਲਈ ਕਰੀਅਰ ਨਹੀਂ ਬਲਕਿ ਜੀਵਨ ਹੈ।

ਤਸਵੀਰ ਸਰੋਤ, Getty Images
ਮਿਹਨਤੀ ਸਿਅਸਤਦਾਨ
ਭਾਰਤੀ ਰਾਜਨੀਤੀ ਵਿੱਚ ਅਮਿਤ ਸ਼ਾਹ ਤੋਂ ਮਿਹਨਤੀ ਰਾਜਨੇਤਾ ਘੱਟ ਹਨ।
ਮਸ਼ਹੂਰ ਪੱਤਰਕਾਰ ਰਾਜਦੀਪ ਸਰਦੇਸਾਈ ਆਪਣੀ ਕਿਤਾਬ '2019-ਹਾਉ ਮੋਦੀ ਵੌਨ ਇੰਡੀਆ' ਵਿੱਚ ਇੱਕ ਕਿੱਸਾ ਦੱਸਦੇ ਹਨ,''ਇੱਕ ਵਾਰ ਮੈਂ ਸਵੇਰੇ 6 ਵੱਜ ਕੇ 40 ਮਿੰਟ ਦੀ ਫਲਾਈਟ ’ਤੇ ਲਖਨਊ ਜਾ ਰਿਹਾ ਸੀ। ਸਵੇਰੇ ਜਲਦੀ ਉਠ ਜਾਣ ਕਾਰਨ ਮੇਰੀਆਂ ਅੱਖਾਂ ਲਾਲ ਸਨ ਅਤੇ ਮੇਰੇ ਵਾਲ ਖਿੰਡੇ ਹੋਏ ਸਨ।"
"ਉਦੋਂ ਹੀ ਜਹਾਜ਼ ਵਿੱਚ ਕੜਕ ਸਫ਼ੈਦ ਕੁੜਤਾ ਪਜਾਮਾ ਪਾਈ ਅਮਿਤ ਸ਼ਾਹ ਨੇ ਪ੍ਰਵੇਸ਼ ਕੀਤਾ। ਉਹ ਦੇਰ ਰਾਤ ਕੋਲਕਾਤਾ ਤੋਂ ਪਰਤੇ ਸਨ ਅਤੇ ਛੇ ਘੰਟੇ ਬਾਅਦ ਦੁਬਾਰਾ ਫਲਾਈਟ ਵਿੱਚ ਸਨ। ਜਿਵੇਂ ਹੀ ਨਾਸ਼ਤਾ ਆਇਆ ਮੈਂ ਤਾਂ ਇਡਲੀ ਸਾਂਭਰ 'ਤੇ ਟੁੱਟ ਪਿਆ, ਪਰ ਅਮਿਤ ਸ਼ਾਹ ਨੇ ਕੁਝ ਵੀ ਖਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਏਅਰਹੋਸਟੈੱਸ ਨੂੰ ਸਿਰਫ਼ ਪਾਣੀ ਦੇਣ ਲਈ ਕਿਹਾ ਕਿਉਂਕਿ ਉਸ ਦਿਨ ਉਨ੍ਹਾਂ ਦਾ ਵਰਤ ਸੀ। ਸੰਜੋਗ ਨਾਲ ਅਸੀਂ ਦੋਵੇਂ ਇੱਕ ਹੀ ਹੋਟਲ ਵਿੱਚ ਰੁਕੇ ਹੋਏ ਸੀ।''
ਰਾਜਦੀਪ ਯਾਦ ਕਰਦੇ ਹਨ, ''ਲਗਭਗ 11 ਵਜੇ ਮੈਨੂੰ ਹੋਟਲ ਦੇ ਕੌਰੀਡੋਰ ਵਿੱਚੋਂ ਕੁਝ ਹਲਚਲ ਸੁਣਾਈ ਦਿੱਤੀ। ਸ਼ਾਹ ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਆਪਣੇ ਕਮਰੇ ਵਿੱਚ ਪਹੁੰਚ ਚੁੱਕੇ ਸਨ। ਉਨ੍ਹਾਂ ਦੇ ਪਾਰਟੀ ਨੇਤਾਵਾਂ ਨੇ ਉਨ੍ਹਾਂ ਨਾਲ ਮਿਲਣ ਲਈ ਲਾਈਨ ਲਗਾਈ ਹੋਈ ਸੀ।"
"ਇਹ ਮੀਟਿੰਗਾਂ ਅੱਧੀ ਰਾਤ ਤੋਂ ਕਾਫ਼ੀ ਦੇਰ ਬਾਅਦ ਤੱਕ ਚੱਲੀਆਂ। ਅਗਲੀ ਸਵੇਰ ਮੈਂ ਸੱਤ ਵਜੇ ਸੌਂ ਕੇ ਉੱਠਿਆ। ਮੈਂ ਸੋਚਿਆ ਕਿਉਂ ਨਾ ਅਮਿਤ ਸ਼ਾਹ ਦੇ ਕਮਰੇ ਵਿੱਚ ਜਾ ਕੇ ਉਨ੍ਹਾਂ ਨਾਲ ਗੱਲ ਕੀਤੀ ਜਾਵੇ। ਜਦੋਂ ਮੈਂ ਉਨ੍ਹਾਂ ਦੇ ਕਮਰੇ ਵਿੱਚ ਪਹੁੰਚਿਆ ਤਾਂ ਪਤਾ ਲੱਗਿਆ ਕਿ ਅਮਿਤ ਸ਼ਾਹ ਸਵੇਰੇ ਬਹੁਤ ਤੜਕੇ ਹੀ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਉਦੋਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਦੇਸ਼ ਦੇ ਦੂਜੇ ਸਭ ਤੋਂ ਤਾਕਤਵਰ ਸ਼ਖ਼ਸ ਲਈ ਇਸ ਤਰ੍ਹਾਂ ਦਾ ਜੀਵਨ ਜਿਉਣਾ ਰੋਜ਼ ਦੀ ਗੱਲ ਹੈ।


ਹੋਮਵਰਕ ਕਰਨ ਵਾਲੇ ਸੰਸਦ ਮੈਂਬਰ
ਪਾਰਟੀ ਪ੍ਰਧਾਨ ਦੇ ਤੌਰ 'ਤੇ ਬਹੁਤ ਪਹਿਲਾਂ ਤੋਂ ਹੀ ਅਮਿਤ ਸ਼ਾਹ ਨੂੰ ਮੋਦੀ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਨੇਤਾ ਵਜੋਂ ਦੇਖਿਆ ਜਾਂਦਾ ਰਿਹਾ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਸਿਰਫ਼ ਇੱਕ ਸਾਲ ਦੇ ਅੰਦਰ ਅਮਿਤ ਸ਼ਾਹ ਨੇ ਸਰਕਾਰ 'ਤੇ ਵੀ ਆਪਣੀ ਪਕੜ ਬਣਾ ਲਈ ਹੈ। ਇੱਕ ਜ਼ਮਾਨੇ ਵਿੱਚ ਜਿਸ ਸਰਕਾਰ ਨੂੰ 'ਮੋਦੀ ਸਰਕਾਰ' ਕਿਹਾ ਜਾਂਦਾ ਸੀ, ਹੁਣ ਉਸਨੂੰ 'ਮੋਦੀ-ਸ਼ਾਹ' ਸਰਕਾਰ ਵਜੋਂ ਦੇਖਿਆ ਜਾਂਦਾ ਹੈ।
'ਸੰਡੇ ਗਾਰਡੀਅਨ' ਦੇ ਸੰਪਾਦਕ ਪੰਕਜ ਵੋਹਰਾ ਲਿਖਦੇ ਹਨ, ''ਅਮਿਤ ਸ਼ਾਹ ਨੇ ਸਾਫ਼ ਦਿਖਾਇਆ ਹੈ ਕਿ ਉਹ ਇੱਕ ਸਾਧਾਰਨ ਰਾਜਨੇਤਾ ਨਹੀਂ ਹਨ, ਉਹ ਕਿਸੇ ਵੀ ਵਿਸ਼ੇ 'ਤੇ ਬਹਿਸ ਕਰਨ ਤੋਂ ਪਹਿਲਾਂ ਆਪਣਾ ਹੋਮਵਰਕ ਕਰਦੇ ਹਨ ਅਤੇ ਆਪਣੀ ਪਾਰਟੀ ਦਾ ਏਜੰਡਾ ਵਧਾਉਣ ਵਿੱਚ ਸ਼ਬਦਾਂ ਦੀ ਕੋਤਾਹੀ ਨਹੀਂ ਕਰਦੇ।"
"ਨਾਗਰਿਕਤਾ ਬਿਲ 'ਤੇ ਹੋਈ ਬਹਿਸ ਵਿੱਚ ਉਹ ਸਾਰੇ ਸੰਸਦ ਮੈਂਬਰਾਂ 'ਤੇ ਭਾਰੀ ਪਏ। ਦਰਅਸਲ, ਬਹੁਤ ਲੰਬੇ ਅਰਸੇ ਤੋਂ ਭਾਰਤੀ ਸੰਸਦ ਨੇ ਸਰਕਾਰ ਦੀਆ ਨੀਤੀਆਂ ਦਾ ਇੰਨਾ ਬਿਹਤਰੀਨ ਬਚਾਅ ਕਰਦੇ ਕਿਸੇ ਵੀ ਕੈਬਨਿਟ ਮੰਤਰੀ ਨੂੰ ਨਹੀਂ ਦੇਖਿਆ ਹੈ। ਪਿਛਲੇ ਤਿੰਨ ਦਹਾਕਿਆਂ ਵਿੱਚ ਸਿਰਫ਼ ਦੋ ਹੀ ਨੇਤਾ ਅਜਿਹੇ ਹੋਏ ਹਨ ਜੋ ਬਿਨਾਂ ਨੋਟ ਦੇਖੇ ਅਤੇ ਬਿਨਾਂ ਕਿਸੇ ਦੀ ਮਦਦ ਨਾਲ ਕਿਸੇ ਵੀ ਵਿਸ਼ੇ 'ਤੇ ਸੰਸਦ ਵਿੱਚ ਬੋਲ ਸਕਦੇ ਹੋਣ-ਇੱਕ ਚੰਦਰਸ਼ੇਖਰ ਅਤੇ ਦੂਜੇ ਲਾਲ ਕ੍ਰਿਸ਼ਨ ਅਡਵਾਨੀ। ਅਮਿਤ ਸ਼ਾਹ ਉਸੇ ਸ਼੍ਰੇਣੀ ਵਿੱਚ ਆਉਂਦੇ ਹਨ।"
ਭਾਜਪਾ ਵਿੱਚ ਉਨ੍ਹਾਂ ਦੇ ਪ੍ਰਸੰਸਕ ਕਹਿੰਦੇ ਹਨ ਕਿ ਸ਼ਾਹ 'ਰੀਅਲ ਪੌਲੀਟਿਕਸ' ਵਿੱਚ ਯਕੀਨ ਕਰਨ ਵਾਲੇ ਰਾਜਨੇਤਾ ਹਨ।
ਉਨ੍ਹਾਂ ਦੇ ਜੀਵਨੀਕਾਰ ਅਨੀਬਾਰਨ ਗਾਂਗੁਲੀ ਅਤੇ ਸ਼ਿਵਾਨੰਦ ਦ੍ਰਿਵੇਦੀ ਇੱਕ ਕਿੱਸਾ ਸੁਣਾਉਂਦੇ ਹਨ, ''ਇੱਕ ਵਾਰ ਉਹ ਆਪਣੇ ਗੜ੍ਹ ਨਾਰਨਪੁਰਾ ਤੋਂ ਵਿਧਾਨ ਸਭਾ ਦੀ ਚੋਣ ਲੜ ਰਹੇ ਸਨ। ਉਨ੍ਹਾਂ ਦੀ ਜਿੱਤ ਲਗਭਗ ਪੱਕੀ ਮੰਨੀ ਜਾ ਰਹੀ ਸੀ, ਪਰ ਉਦੋਂ ਵੀ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਆਪਣੇ ਸਮੱਰਥਕਾਂ ਨੂੰ ਆਪਣੇ ਕਾਂਗਰਸ ਦੇ ਵਿਰੋਧੀ ਜੀਤੂਭਾਈ ਪਟੇਲ ਦੇ 500 ਪੋਸਟਰ ਲਗਾਉਣ ਲਈ ਕਿਹਾ।"
"ਜਦੋਂ ਉਨ੍ਹਾਂ ਦੇ ਸਮਰਥਕਾਂ ਨੇ ਇਸਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਸਾਡੇ ਵਿਰੋਧੀ ਨੇ ਹਾਰ ਮੰਨ ਲਈ ਹੈ। ਅਸੀਂ ਇਹ ਪੋਸਟਰ ਇਸ ਲਈ ਲਗਾ ਰਹੇ ਹਾਂ ਕਿ ਸਾਡੇ ਵੋਟਰਾਂ ਨੂੰ ਲੱਗੇ ਕਿ ਮੁਕਾਬਲਾ ਸਖ਼ਤ ਹੈ ਅਤੇ ਉਹ ਮਤਦਾਨ ਦੇ ਦਿਨ ਭਾਰੀ ਸੰਖਿਆ ਵਿੱਚ ਮਤਦਾਨ ਕਰਨ ਪਹੁੰਚਣ। ਜੇਕਰ ਉਨ੍ਹਾਂ ਨੂੰ ਲੱਗਣ ਲੱਗਿਆ ਕਿ ਮੇਰੀ ਜਿੱਤ ਪੱਕੀ ਹੈ ਤਾਂ ਉਹ ਘਰ ਵਿੱਚ ਹੀ ਬੈਠੇ ਰਹਿਣਗੇ। ਇਸ ਚੋਣ ਵਿੱਚ ਅਮਿਤ ਸ਼ਾਹ ਦੀ 63 ਹਜ਼ਾਰ ਵੋਟਾਂ ਨਾਲ ਜਿੱਤ ਹੋਈ।''
ਮੋਦੀ ਦੇ ਉਤਰਾਧਿਕਾਰੀ
ਕੁਝ ਹਲਕਿਆਂ ਵਿੱਚ ਉਨ੍ਹਾਂ ਨੂੰ ਮੋਦੀ ਦੇ ਉਤਰਾਧਿਕਾਰੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਖ਼ੁਦ ਮੋਦੀ ਵੀ ਇਸ ਧਾਰਨਾ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਜਿਸ ਦਿਨ ਲੋਕ ਸਭਾ ਵਿੱਚ ਨਾਗਰਿਕਤਾ ਸੋਧ ਬਿਲ ਪਾਸ ਹੋਇਆ, ਉਸ ਦਿਨ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਖਾਲੀ ਸੀ।
ਅਮਿਤ ਸ਼ਾਹ ਨੇ ਇਸ ਤਰ੍ਹਾਂ ਦਾ ਅਹਿਸਾਸ ਕਰਾਇਆ ਜਿਵੇਂ ਉਹ ਹੀ ਸਦਨ ਦੇ ਨੇਤਾ ਹੋਣ। ਭਾਜਪਾ ਸੰਸਦ ਮੈਂਬਰਾਂ ਨੇ ਵੀ ਬਿਲ ਦੇ ਪਾਸ ਹੋਣ 'ਤੇ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਉਸ ਦਿਨ ਪ੍ਰਧਾਨ ਮੰਤਰੀ ਦੇ ਸਦਨ ਵਿੱਚ ਨਾ ਜਾਣ ਦਾ ਕਾਰਨ ਝਾਰਖੰਡ ਦੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਣਾ ਦੱਸਿਆ ਗਿਆ, ਪਰ ਕੁਝ ਭਾਜਪਾ ਨੇਤਾਵਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਅਜਿਹਾ ਜਾਣਬੁੱਝ ਕੇ ਕੀਤਾ ਤਾਂ ਕਿ ਅਮਿਤ ਸ਼ਾਹ ਨੂੰ ਬਿਲ ਪੇਸ਼ ਕਰਨ ਅਤੇ ਉਸਨੂੰ ਪਾਸ ਕਰਾਉਣ ਦਾ ਪੂਰਾ ਸਿਹਰਾ ਮਿਲੇ ਅਤੇ ਉਨ੍ਹਾਂ ਨੂੰ ਮੋਦੀ ਦੇ ਉਤਰਾਧਿਕਾਰੀ ਦੇ ਤੌਰ 'ਤੇ ਦੇਖਿਆ ਜਾ ਸਕੇ।



ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












