You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਲੌਕਡਾਊਨ ਨੇ ਕਰਵਾਈ ਪੰਜਾਬ ਦੇ ਇਨ੍ਹਾਂ ਅਲੋਪ ਹੋ ਰਹੇ ਪੰਛੀਆਂ ਦੀ ਵਾਪਸੀ
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ
ਕੋਰੋਨਾਵਾਇਰਸ ਮਹਾਂਮਾਰੀ ਤੋਂ ਬਚਣ ਲਈ ਦੁਨੀਆਂ ਦੇ ਲਗਭਗ ਹਰ ਦੇਸ਼ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਕਰਫ਼ਿਊ ਜਾਂ ਲੌਕਡਾਊਨ ਨਾਲ ਘਰਾਂ ਵਿੱਚ ਬਿਠਾ ਦਿੱਤਾ ਹੈ।
ਅਜਿਹੇ ਵਿੱਚ ਜੇ ਕੋਈ ਅਸਲੀ ਅਜ਼ਾਦੀ ਅਤੇ ਖੁੱਲ੍ਹ ਮਾਣ ਰਿਹਾ ਹੈ ਤਾਂ ਉਹ ਹਨ ਕੁਦਰਤੀ ਜੀਵਨ ਅਤੇ ਵਣ-ਪ੍ਰਣੀ। ਇਹ ਬਦਲਾਅ ਤੁਸੀਂ ਵੀ ਜ਼ਰੂਰ ਆਪਣੇ ਆਲੇ-ਦੁਆਲੇ ਵਿੱਚ ਮਹਿਸੂਸ ਕੀਤਾ ਹੋਵੇਗਾ।
ਹਾਰਨਾਂ ਅਤੇ ਹੂਟਰਾਂ ਦੇ ਸ਼ੋਰ ਦੀ ਥਾਂ ਹੁਣ ਦਿਨ ਦੀ ਸ਼ੁਰੂਆਤ ਪੰਛੀਆਂ ਦੀ ਚਹਿਚਿਆਹਟ ਅਤੇ ਮੋਰਾਂ ਦੀਆਂ ਕੂਕਾਂ ਨਾਲ ਹੁੰਦੀ ਹੈ ਅਤੇ ਇਸੇ ਤਰ੍ਹਾਂ ਸ਼ਾਮ ਢਲਦੀ ਹੈ।
ਕੁਦਰਤ ਪ੍ਰੇਮੀ ਸੁਸਾਇਟੀ ਬਰਨਾਲਾ ਦੀ ਮੰਨੀਏ ਤਾਂ ਇਹ ਸਮਾਂ ਪੰਛੀਆਂ ਦੀਆਂ ਲੋਪ ਹੋ ਰਹੀਆਂ ਪ੍ਰਜਾਤੀਆਂ ਵਰਦਾਨ ਤੋਂ ਘੱਟ ਨਹੀਂ ਰਿਹਾ।
ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਦਾ ਉਪਰਾਲਾ ਕਰ ਰਹੀ ਹੈ। ਇਸ ਲਈ ਉਨ੍ਹਾਂ ਨੇ ਹਜ਼ਾਰਾਂ ਦਰੱਖਤ ਅਤੇ ਮਸਨੂਈ ਆਲ੍ਹਣੇ ਪੰਛੀਆਂ ਦੀ ਨਸਲ ਅੱਗੇ ਵਧਾਉਣ ਲਈ ਲਗਾਏ ਹਨ।
ਸੰਸਥਾ ਦੇ ਆਗੂ ਸੰਦੀਪ ਧੌਲਾ ਦੱਸਦੇ ਹਨ, "ਅਸੀਂ ਸਾਲ 2008 ਤੋਂ ਪੰਛੀਆਂ ਦੀਆਂ ਸੰਕਟਗ੍ਰਸਤ ਨਸਲਾਂ ਨੂੰ ਬਚਾਉਣ ਲਈ ਯਤਨ ਕਰ ਰਹੇ ਹਾਂ। ਇਸ ਸਮੇਂ ਦੌਰਾਨ ਅਸੀਂ ਪੰਛੀਆਂ ਦੇ ਵਿਹਾਰ ਬਾਰੇ ਬਹੁਤ ਕੁਝ ਸਿੱਖਿਆ ਹੈ। ਕਿਹੜੇ ਪੰਛੀ ਕਿਸ ਤਰਾਂ ਦੇ ਮਾਹੌਲ ਵਿੱਚ ਪ੍ਰਜਨਣ ਕਰਦੇ ਹਨ ਅਤੇ ਕਿਸ ਪੰਛੀ ਦੀਆਂ ਹੋਰ ਕਿਹੜੀਆਂ ਲੋੜਾਂ ਹਨ ਅਤੇ ਕਿਹੜੇ ਪੰਛੀ ਦੀ ਨਸਲ ਖ਼ਤਰੇ ਵਿੱਚ ਹੈ।"
"ਅਸੀਂ ਆਪਣੇ ਤਜਰਬੇ ਵਿੱਚ ਇਹ ਦੇਖਿਆ ਹੈ ਕਿ ਇਸ ਦਾ ਮੁੱਖ ਕਾਰਨ ਕੁਦਰਤ ਵਿੱਚ ਮਨੁੱਖ ਦਾ ਬੇਲੋੜਾ ਅਤੇ ਖ਼ੁਦਗ਼ਰਜ਼ ਦਖ਼ਲ ਹੈ। ਪੰਛੀਆਂ ਦੀਆਂ ਵੱਖ-ਵੱਖ ਨਸਲਾਂ ਲਈ ਘਰਾਂ ਵਿਚਲੀਆਂ ਖੁੱਡਾਂ,ਟਿੱਬੇ ,ਦਰੱਖਤ ਅਤੇ ਸ਼ੁੱਧ ਵਾਤਾਵਰਨ ਅਤੇ ਖ਼ੁਰਾਕ ਬਹੁਤ ਜ਼ਰੂਰੀ ਹਨ।"
"ਪੰਛੀਆਂ ਦੀਆਂ ਸਾਰੀਆਂ ਲੋੜਾਂ ਦਾ ਮਨੁੱਖ ਨੇ ਅੰਨ੍ਹੇਵਾਹ ਘਾਣ ਕੀਤਾ ਹੈ। ਰਵਾਇਤੀ ਦਰੱਖਤ ਬਹੁਤ ਤੇਜ਼ੀ ਨਾਲ ਵੱਢੇ ਹਨ। ਘਰਾਂ ਵਿਚਲੀਆਂ ਖੁੱਡਾਂ ਲਈ ਮਾਡਰਨ ਘਰਾਂ ਵਿੱਚ ਕੋਈ ਥਾਂ ਨਹੀਂ ਹੈ, ਟਿੱਬੇ ਵੀ ਅਸੀਂ ਖ਼ਤਮ ਕਰ ਦਿੱਤੇ। ਵਾਤਾਵਰਨ ਪ੍ਰਦੂਸ਼ਿਤ ਕਰਕੇ ਅਸੀਂ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਹੈ।"
ਲਾਕਡਾਊਨ ਪੰਛੀਆਂ ਲਈ ਵਰਦਾਨ ਕਿਵੇਂ ਸਾਬਤ ਹੋਇਆ?
"ਅਸੀਂ ਪਿਛਲੇ ਸਾਲਾਂ ਵਿੱਚ ਹਜ਼ਾਰਾਂ ਦਰੱਖਤ ਅਤੇ ਮਸਨੂਈ ਆਲ੍ਹਣੇ ਲਗਾਏ ਹਨ ਤਾਂ ਜੋ ਪੰਛੀਆਂ ਨੂੰ ਪ੍ਰਜਨਣ ਲਈ ਯੋਗ ਥਾਂ ਮਿਲ ਸਕੇ ਅਤੇ ਅਲੋਪ ਹੋ ਰਹੀਆਂ ਪ੍ਰਜਾਤੀਆਂ ਬਚ ਸਕਣ। ਇਹ ਆਲ੍ਹਣੇ ਲਗਾਉਣ ਸਮੇਂ ਕਿਸ ਚੀਜ਼ ਦਾ ਆਲ੍ਹਣਾ ਬਣਿਆ ਹੈ, ਕਿਸ ਉਚਾਈ ਉੱਤੇ ਅਤੇ ਕਿਸ ਤਾਪਮਾਨ ਵਿੱਚ ਲਗਾਉਣਾ ਹੈ ਇਸ ਦਾ ਵੀ ਧਿਆਨ ਰੱਖਣਾ ਹੁੰਦਾ ਹੈ।"
"ਅਸੀਂ ਕਈ ਥਾਵਾਂ ਉੱਤੇ ਛੋਟੇ-ਛੋਟੇ ਜੰਗਲ ਲਗਾ ਕੇ ਪੰਛੀਆਂ ਨੂੰ ਕੁਦਰਤੀ ਮਾਹੌਲ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਇਸਦੇ ਸਾਰਥਿਕ ਨਤੀਜੇ ਵੀ ਸਾਨੂੰ ਮਿਲੇ ਹਨ। ਪਰ ਪਿਛਲੇ ਕਰਫ਼ਿਊ ਅਤੇ ਲਾਕਡਾਊਨ ਦੇ ਪਿਛਲੇ ਦੋ ਮਹੀਨਿਆਂ ਵਿੱਚ ਪੰਛੀਆਂ ਦੀ ਪ੍ਰਜਨਣ ਪ੍ਰਕਿਰਿਆ ਵਿੱਚ ਸਿਫਤੀ ਤਬਦੀਲੀ ਦੇਖਣ ਨੂੰ ਮਿਲੀ ਹੈ।"
"ਪਹਿਲਾਂ ਅਸੀਂ ਜਿੰਨੇ ਆਲ੍ਹਣੇ ਲਗਾਉਂਦੇ ਸੀ। ਉਨ੍ਹਾਂ ਵਿੱਚੋਂ ਕਈਆਂ ਨੂੰ ਪੰਛੀ ਨਹੀਂ ਅਪਣਾਉਂਦੇ ਸਨ। ਇਸਨੂੰ ਕੁਦਰਤ ਦਾ ਕ੍ਰਿਸ਼ਮਾ ਵੀ ਕਹਿ ਸਕਦੇ ਹਾਂ ਕਿ ਜਿਸ ਸਮੇਂ ਕਰਫ਼ਿਊ ਲੱਗਿਆ ਇਹ ਸਮਾਂ ਪੰਛੀਆਂ ਦੇ ਪ੍ਰਜਨਣ ਦਾ ਹੁੰਦਾ ਹੈ। ਜਦੋਂ ਮਨੁੱਖ ਘਰਾਂ ਵਿੱਚ ਕੈਦ ਸੀ ਤਾਂ ਪੰਛੀ ਅਜ਼ਾਦ ਸਨ।"
"ਇਸ ਸਮੇਂ ਦੌਰਾਨ ਅਸੀਂ ਜਿੰਨੇ ਵੀ ਆਲ੍ਹਣੇ ਜਿੱਥੇ ਵੀ ਲਗਾਏ ਹਨ ਪੰਛੀਆਂ ਨੇ ਲਗਪਗ ਸਾਰੇ ਆਲ੍ਹਣੇ ਬਹੁਤ ਛੇਤੀ ਅਪਣਾਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਮਨੁੱਖ ਦਾ ਸੀਮਤ ਹੋਇਆ ਦਖ਼ਲ ਅਤੇ ਸ਼ੁੱਧ ਵਾਤਾਵਰਨ ਹੈ।"
"ਪੰਛੀਆਂ ਦੇ ਆਲ੍ਹਣਿਆਂ ਦੀਆਂ ਥਾਵਾਂ 'ਤੇ ਮਨੁੱਖੀ ਆਵਾਜਾਈ ਘਟੀ ਹੈ। ਵਹੀਕਲਾਂ, ਫ਼ੈਕਟਰੀਆਂ ਆਦਿ ਦਾ ਪ੍ਰਦੂਸ਼ਣ ਇਸ ਸਮੇਂ ਦੌਰਾਨ ਘਟਿਆ ਹੈ।"
ਕਿਹੜੀਆਂ ਨਸਲਾਂ ਨੂੰ ਇਸ ਦਾ ਲਾਭ ਵੱਧ ਪਹੁੰਚਿਆ?
ਘਰੇਲੂ ਚਿੜੀ (ਭੂਰੀ ਚਿੜੀ), ਡੱਬੀ ਮੈਨਾ, ਸੁਨਹਿਰੀ ਉੱਲੂ, ਚੱਕੀ ਰਾਹਾ, ਚੁਗ਼ਲ ਆਦਿ ਬਹੁਤ ਸਾਰੇ ਮਿੱਤਰ ਪੰਛੀਆਂ ਦੀਆਂ ਪ੍ਰਜਾਤੀਆਂ ਪੰਜਾਬ ਵਿੱਚੋਂ ਖ਼ਤਮ ਹੋਣ ਦੇ ਕੰਢੇ ਉੱਤੇ ਹਨ।
ਇਨ੍ਹਾਂ ਪ੍ਰਜਾਤੀਆਂ ਦੀਆਂ ਨਸਲਾਂ ਵਿੱਚ ਇਸ ਸਮੇਂ ਦੌਰਾਨ ਸਿਫਤੀ ਵਾਧਾ ਹੋਇਆ ਹੈ, ਖ਼ਾਸ ਤੌਰ ਉੱਤੇ ਘਰੇਲੂ ਚਿੜੀ ਦੀ ਗਿਣਤੀ ਬਹੁਤ ਵਧੀ ਹੈ।
ਇਸ ਦਾ ਅਸਰ ਪੂਰੇ ਪੰਜਾਬ ਵਿੱਚ ਸਾਨੂੰ ਆਉਣ ਵਾਲੇ ਸਮੇਂ ਵਿੱਚ ਦਿਸੇਗਾ। ਇਸ ਅਹਿਸਾਸ ਨੂੰ ਮਾਣਨਾ ਕੁਦਰਤ ਪ੍ਰੇਮੀਆਂ ਲਈ ਤੀਰਥ ਨਹਾਉਣ ਤੋਂ ਘੱਟ ਨਹੀਂ ਹੈ।"
ਸੰਦੀਪ ਅਤੇ ਉਸਦੇ ਸਾਥੀਆਂ ਦਾ ਮੰਨਣਾ ਹੈ ਕਿ ਮਨੁੱਖ ਲਈ ਇਹ ਸਿੱਖਣ ਦਾ ਸਮਾਂ ਹੈ।
ਸੰਦੀਪ ਧੌਲਾ ਕਹਿੰਦੇ ਹਨ, "ਪੰਛੀਆਂ ਨੂੰ ਸਾਡੇ ਵਡੇਰਿਆਂ ਨੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਅੰਗ ਮੰਨਿਆਂ ਸੀ ਪਰ ਪਿਛਲੇ ਕੁਝ ਦਹਾਕਿਆਂ ਤੋਂ ਅਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਅਣਗੌਲਿਆ ਕਰ ਦਿੱਤਾ ਹੈ।"
"ਕੁਦਰਤ ਦੇ ਸਮਤੋਲ ਲਈ ਇਨ੍ਹਾਂ ਪੰਛੀਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਭੋਜਨ ਲੜੀ ਦਾ ਇਹ ਅਹਿਮ ਅੰਗ ਹਨ ਅਤੇ ਭੋਜਨ ਲੜੀ ਦਾ ਸਮਤੋਲ ਬਿਠਾਉਣ ਲਈ ਇਨ੍ਹਾਂ ਦਾ ਕੁਦਰਤੀ ਵਾਧਾ ਬੇਹੱਦ ਲਾਜ਼ਮੀ ਹੈ।"
ਇਹ ਵੀਡੀਓ ਵੀ ਦੇਖੋ