ਕੋਰੋਨਾਵਾਇਰਸ ਲੌਕਡਾਊਨ: ਪੀਐੱਮ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ

ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਦਾ ਪੂਰਾ ਬਿਓਰਾ ਵਿੱਤ ਮੰਤਰੀ ਬੁੱਧਵਾਰ ਨੂੰ ਵਿਸਥਾਰ ਨਾਲ ਦੇਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਹੈ ਕਿ 18 ਮਈ ਤੋਂ ਲਾਗੂ ਹੋਣ ਵਾਲਾ ਲੌਕਡਾਊਨ -4 ਇਕ ਨਵੇਂ ਰੰਗ ਰੂਪ ਵਿਚ ਹੋਵੇਗਾ, ਜਿਸ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ -4 ਬਾਰੇ ਕੁਝ ਸੰਕੇਤ ਦਿੱਤੇ ਸਨ।

ਪੀਐੱਮ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ

  • 21ਵੀਂ ਸਦੀ ਭਾਰਤ ਦੀ ਹੋਵੇ, ਇਹ ਸਾਡਾ ਸੁਪਨਾ ਹੀ ਨਹੀਂ, ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ
  • ਵਿਸ਼ਵ ਦੀ ਅੱਜ ਦੀ ਸਥਿੱਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਭਾਰਤ ਨੂੰ ਆਤਮ ਨਿਰਭਰ ਬਣਨਾ ਪਵੇਗਾ।
  • ਇਹ ਆਪਦਾ ਭਾਰਤ ਲਈ ਸੰਕੇਤ, ਸੰਦੇਸ਼ ਅਤੇ ਅਵਸਰ ਲੈ ਕੇ ਆਈ ਹੈ। ਪਹਿਲਾਂ ਭਾਰਤ 'ਚ ਇੱਕ ਵੀ ਪੀਪੀਈ ਕਿੱਟ ਨਹੀਂ ਬਣਦੀ ਸੀ, ਹੁਣ ਹਰ ਰੋਜ਼ 2 ਲੱਖ ਪੀਪੀਈ ਅਤੇ ਐੱਨ-95 ਮਾਸਕ ਬਣਾਏ ਜਾ ਰਹੇ ਹਨ।
  • ਅਸੀਂ ਆਪਦਾ ਨੂੰ ਅਵਸਰ 'ਚ ਬਦਲ ਦਿੱਤਾ।
  • ਭਾਰਤ ਦੇ ਵਿਕਾਸ 'ਚ ਵਿਸ਼ਵ ਦਾ ਵਿਕਾਸ ਸ਼ਾਮਲ ਹੈ। ਭਾਰਤ ਦਾ ਪ੍ਰਭਾਵ ਵਿਸ਼ਵ 'ਤੇ ਪੈਂਦਾ ਹੈ।
  • ਟੀਬੀ ਹੋਵੋ, ਪੋਲਿਓ ਹੋਵੇ...ਭਾਰਤ ਦੇ ਅਭਿਆਨ ਦਾ ਫ਼ਰਕ ਦੁਨੀਆਂ 'ਤੇ ਪੈਂਦਾ ਹੈ।
  • ਇੰਟਰਨੇਸ਼ਨਲ ਯੋਗਾ ਡੇਅ ਦੀ ਸ਼ੁਰੂਆਤ, ਭਾਰਤ ਦਾ ਵਿਸ਼ਵ ਨੂੰ ਤੌਹਫ਼ਾ ਹੈ।
  • ਭਾਰਤ ਦੀਆਂ ਦਵਾਈਆਂ ਦੁਨੀਆ ਭਰ 'ਚ ਜਾਂਦੀਆਂ ਹਨ।
  • ਦੁਨੀਆਂ ਨੂੰ ਵਿਸ਼ਵਾਸ ਹੋਣ ਲੱਗਿਆ ਹੈ ਕਿ ਭਾਰਤ ਬਹੁਤ ਕੁਝ ਚੰਗਾ ਕਰ ਸਕਦਾ ਹੈ।
  • ਦੇਸ਼ ਗੁਲਾਮੀ ਦੀਆਂ ਜੰਜੀਰਾਂ ਚ ਫੰਸ ਗਿਆ, ਅਸੀਂ ਵਿਕਾਸ ਲਈ ਤਰਸਦੇ ਰਹੇ
  • ਅੱਜ ਅਸੀਂ ਵਿਕਾਸ ਦੇ ਰਸਤੇ 'ਤੇ ਚਲ ਰਹੇ ਹਾਂ। ਅੱਜ ਸਾਡੇ ਕੋਲ ਸਾਧਨ ਹੈ, ਸਮਰਥ ਹੈ, ਟੈਲੇਂਟ ਹੈ
  • ਅਸੀਂ ਬਿਹਤਰ ਪ੍ਰੋਡਕਟ ਬਣਾਵਾਂਗੇ ਅਤੇ ਸਪਲਾਈ ਚੇਨ ਨੂੰ ਆਧੁਨਿਕ ਕਰਾਂਗੇ
  • ਮੈਂ ਕੱਛ ਦੇ ਭੂਚਾਲ ਦੀਆਂ ਤਸਵੀਰਾਂ ਆਪਣੀਆਂ ਅੱਖਾਂ ਨਾਲ ਵੇਖੀਆਂ ਪਰ ਵੇਖਦੇ ਹੀ ਵੇਖਦੇ ਕੱਛ 'ਚ ਸਭ ਠੀਕ ਹੋ ਗਿਆ।

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਉਨ੍ਹਾਂ ਨੇ ਇਸ ਬੈਠਕ ਵਿੱਚ ਕਿਹਾ, "ਲੌਕਡਾਉਨ -2 ਵਿੱਚ ਲੌਕਡਾਊਨ -1 ਵਿੱਚ ਲਏ ਗਏ ਫੈਸਲਿਆਂ ਦੀ ਲੋੜ ਨਹੀਂ ਸੀ, ਲੌਕਡਾਊਨ -2 ਵਿੱਚ ਚੁੱਕੇ ਗਏ ਕਦਮਾਂ ਦੀ ਜ਼ਰੂਰਤ ਲੌਕਡਾਊਨ -3 ਵਿੱਚ ਨਹੀਂ ਸੀ। ਉਸੇ ਤਰ੍ਹਾਂ ਲੌਕਡਾਊਨ -4 ਵਿਚ ਲੌਕਡਾਊਨ -3 ਵਰਗੇ ਫੈਸਲਿਆਂ ਦੀ ਲੋੜ ਨਹੀਂ ਹੋਵੇਗੀ।"

ਮੋਦੀ ਸਰਕਾਰ ਨੇ ਕੋਰੋਨਾਵਾਇਰਸ ਦੇ ਚਲਦਿਆਂ ਲਈ ਕਦੋਂ ਤੇ ਕਿਹੜੇ ਫੈਸਲੇ?

  • ਸਭ ਤੋਂ ਪਹਿਲਾਂ 22 ਮਾਰਚ ਨੂੰ ਪੀਐੱਮ ਮੋਦੀ ਨੇ ਇੱਕ ਦਿਨ ਦਾ ਜਨਤਾ ਕਰਫ਼ਿਊ ਲਗਾਇਆ।
  • ਫਿਰ ਪੀਐੱਮ ਵਲੋਂ 25 ਮਾਰਚ ਤੋਂ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਜੋ 14 ਅਪ੍ਰੈਲ ਤੱਕ ਰਿਹਾ।
  • ਲੌਕਡਾਊਨ ਦੂਸਰੀ ਵਾਰ 15 ਅਪ੍ਰੈਲ ਤੋਂ ਵੱਧ ਕੇ 3 ਮਈ ਤੱਕ ਕਰ ਦਿੱਤਾ ਗਿਆ।
  • ਫਿਰ 4 ਮਈ ਤੋਂ 17 ਮਈ ਤੱਕ ਤੀਸਰੀ ਵਾਰ ਲੌਕਡਾਊਨ 'ਚ ਵਾਧਾ ਕਰ ਦਿੱਤਾ ਗਿਆ।

ਪੀਐੱਮ ਮੋਦੀ ਆਪਣੇ ਪਿਛਲੇ ਭਾਸ਼ਣਾਂ ਵਿਚ ਜਨਤਾ ਨੂੰ ਸਿਹਤ ਕਰਮਚਾਰੀਆਂ ਦੇ ਸਨਮਾਨ 'ਚ ਭਾਂਡੇ ਖੜਕਾਉਣ ਅਤੇ ਮੋਮਬਤੀਆਂ ਜਗਾਉਣ ਲਈ ਕਹਿ ਚੁੱਕੇ ਹਨ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)