You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਜਲੰਧਰ 'ਚ 7 ਘੰਟੇ ਭੁੱਖੇ-ਪਿਆਸੇ ਮਜ਼ਦੂਰ ਟਰੇਨ ਦਾ ਇੰਤਜ਼ਾਰ ਕਰਦੇ ਰਹੇ, ਪਰ ਘਰ ਜਾਣ ਦੀ ਖੁਸ਼ੀ ਬਹੁਤ ਸੀ
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਜਲੰਧਰ ਸ਼ਹਿਰ ਦੇ ਰੇਲਵੇ ਸ਼ੇਟਸ਼ਨ ਤੋਂ ਵਿਸ਼ੇਸ਼ ਰੇਲ ਗੱਡੀ "ਸ਼੍ਰਮਿੱਕ ਐਕਸਪ੍ਰੈਸ" ਰਾਹੀਂ ਮੰਗਲਵਾਰ ਨੂੰ 1205 ਦੇ ਕਰੀਬ ਪਰਵਾਸੀ ਮਜ਼ਦੂਰ ਆਪਣੇ ਜੱਦੀ ਸੂਬੇ ਝਾਰਖੰਡ ਲਈ ਰਵਾਨਾ ਹੋਏ।
ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਬਣ ਗਿਆ ਹੈ ਜਿਸ ਨੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਨੂੰ ਭੇਜਣ ਲਈ ਉਨ੍ਹਾ ਕੋਲੋਂ ਕੋਈ ਕਿਰਾਇਆ ਨਹੀਂ ਵਸੂਲਿਆ।
ਰੇਲਵੇ ਸ਼ਟੇਸ਼ਨ 'ਤੇ ਇੰਨ੍ਹਾਂ ਮਜ਼ਦੂਰਾਂ ਨੂੰ ਭੇਜਣ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਆਪ ਮੌਜੂਦ ਰਹੇ।
ਇੰਨ੍ਹਾਂ ਮਜ਼ਦੂਰਾਂ ਦਾ ਪਹਿਲਾਂ ਸਵੇਰੇ 5 ਵਜੇ ਵੱਖ-ਵੱਖ ਥਾਵਾਂ 'ਤੇ ਮੈਡੀਕਲ ਚੈਕਅੱਪ ਕੀਤਾ ਗਿਆ, ਫਿਰ ਉਨ੍ਹਾਂ ਨੂੰ ਕਰੀਬ 20 ਬੱਸਾਂ ਰਾਹੀਂ ਰੇਲਵੇ ਸਟੇਸ਼ਨ ਲਿਆਂਦਾ ਗਿਆ।
ਸੱਤ ਘੰਟੇ ਭੁੱਖੇ ਪਿਆਸੇ ਰਹੇ
ਰੇਲ ਗੱਡੀ ਦੇ ਡੱਬਿਆਂ ਵਿੱਚ ਬੈਠੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਤੜਕੇ ਚਾਰ ਵਜੇ ਦੇ ਮੈਡੀਕਲ ਚੈਕਅੱਪ ਕਰਵਾਉਣ ਲਈ ਆਏ ਹੋਏ ਸਨ ਪਰ ਉਨ੍ਹਾਂ ਦੇ ਖਾਣੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਦਾ ਕੋਈ ਬੰਦੋਬਸਤ ਨਹੀਂ ਸੀ ਕੀਤਾ ਗਿਆ।
ਸਵੇਰੇ 4 ਵਜੇ ਤੋਂ ਲੈਕੇ ਗੱਡੀ ਵਿਚ ਬੈਠਣ ਤੱਕ ਸਾਢੇ ਸੱਤ ਘੰਟੇ ਲੱਗ ਗਏ । ਇੰਨ੍ਹੇਂ ਸਮੇਂ ਵਿੱਚ ਨਾਲ ਆਈਆਂ ਔਰਤਾਂ ਤੇ ਬੱਚਿਆਂ ਦਾ ਤਾਂ ਬੁਰਾ ਹਾਲ ਹੋ ਗਿਆ ਸੀ।
ਕਈ ਔਰਤਾਂ ਕੋਲ ਨਵਜਾਤ ਬੱਚੇ ਸਨ ਜਿਹੜੇ ਲੌਕਡਾਊਨ ਦੌਰਾਨ ਹੀ ਜਨਮੇ ਸਨ। ਉਨ੍ਹਾਂ ਨੂੰ ਘਰ ਜਾਣ ਦੀ ਇੰਨੀਂ ਖੁਸ਼ੀ ਸੀ ਕਿ ਉਨ੍ਹਾਂ ਨੇ ਭੁੱਖ ਨੂੰ ਵੀ ਖਿੜੇ ਮੱਥੇ ਸਵੀਕਾਰ ਕਰ ਲਿਆ ਸੀ।
ਹਾਲਾਤ ਸੁਧਰੇ ਤਾਂ ਹੀ ਵਾਪਸ ਆਵਾਂਗੇ
ਗੱਡੀ ਵਿੱਚ ਬੈਠੇ ਮਜ਼ਦੂਰਾਂ ਨੇ ਆਪਣੇ ਮੂੰਹਾਂ ਨੂੰ ਰੁਮਾਲਾਂ ਤੇ ਹੋਰ ਕੱਪੜਿਆ ਨਾਲ ਢੱਕਿਆ ਹੋਇਆ ਸੀ।
ਮਜ਼ਦੂਰਾਂ ਦਾ ਕਹਿਣਾ ਸੀ ਕਿ 22 ਮਾਰਚ ਤੋਂ ਹੀ ਕੰਮ ਬੰਦ ਪਿਆ ਸੀ। ਉਨ੍ਹਾਂ ਨੂੰ ਮਾਲਕਾਂ ਨੇ ਨਾ ਤਨਖ਼ਾਹ ਦਿੱਤੀ ਤੇ ਨਾ ਹੀ ਰਾਸ਼ਨ ਦਿੱਤਾ। ਸਰਕਾਰ ਦਾ ਰਾਸ਼ਨ ਕਦੇ ਵੀ ਲਗਾਤਾਰ ਨਹੀਂ ਮਿਲਿਆ।
ਵਾਪਸ ਆਉਣ ਬਾਰੇ ਪੁੱਛੇ ਜਾਣ `ਤੇ ਮਜ਼ਦੂਰਾਂ ਦਾ ਕਹਿਣਾ ਸੀ ਜੇ ਹਾਲਾਤ ਸੁਧਰੇ ਤਾਂ ਹੀ ਵਾਪਸ ਆਉਣਗੇ ਨਹੀਂ ਤਾਂ ਆਪਣੇ ਘਰਦਿਆਂ ਨਾਲ ਰਹਿ ਕੇ ਹੀ ਗੁਜ਼ਾਰਾ ਕਰਾਂਗੇ।
ਨੌਜਵਾਨ ਮਜ਼ਦੂਰ ਗੋਪਾਲ ਯਾਦਵ ਨੇ ਦੱਸਿਆ, "ਮੈਂ ਪੰਜਾਂ ਸਾਲਾਂ ਤੋਂ ਜਲੰਧਰ ਵਿੱਚ ਇੰਡਸਟਰੀਅਲ ਏਰੀਆ 'ਚ ਇੱਕ ਫੈਕਟਰੀ ਵਿੱਚ ਲੱਗਿਆ ਹੋਇਆ ਸੀ। ਪਤਨੀ ਤੇ ਬੱਚੇ ਵੀ ਇੱਥੇ ਹੀ ਰਹਿੰਦੇ ਸਨ। ਅਸੀਂ ਕਦੇਂ ਨਹੀਂ ਸੀ ਸੋਚਿਆ ਕਿ ਇਹ ਦਿਨ ਵੀ ਦੇਖਣੇ ਪੈਣਗੇ।"
ਕਰਫਿਊ ਦੌਰਾਨ ਜਲੰਧਰ ਵਿੱਚ ਰਹਿ ਰਹੇ ਬਾਹਰਲੇ ਸੂਬਿਆਂ ਦੇ ਮਜਦੂਰਾਂ ਅਤੇ ਵਸਨੀਕਾਂ ਨੂੰ ਉਨ੍ਹਾਂ ਦੇ ਪਿਤਰੀ ਸੂਬਿਆਂ ਵਿੱਚ ਵਾਪਸ ਭੇਜਣ ਲਈ ਵਾਰ -ਵਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਇਸ ਜ਼ਿਲ੍ਹੇ ਵਿੱਚ ਜੰਮੂ ਅਤੇ ਕਸ਼ਮੀਰ ਨਾਲ ਸਬੰਧਿਤ ਮਜਦੂਰਾਂ ਅਤੇ ਵਸਨੀਕਾਂ ਆਦਿ ਸਬੰਧੀ ਪਹਿਲਾਂ ਹੀ ਉਪ ਮੰਡਲ ਮਜਿਸਟਰੈਟ ਜਲੰਧਰ 1 ਨੂੰ ਨੋਡਲ ਅਫ਼ਸਰ ਲਗਾਇਆ ਜਾ ਚੁੱਕਾ ਹੈ।
‘ਕੋਵਿਡ-19 ਕੰਟਰੋਲ ਰੂਮ’ ਲਈ ਬਣੀ ਕਮੇਟੀ
ਦੂਜਿਆਂ ਸੂਬਿਆਂ ਦੇ ਮਜ਼ਦੂਰਾਂ ਅਤੇ ਵਸਨੀਕਾਂ ਆਦਿ ਨੂੰ ਆਪਣੇ ਸੂਬਿਆਂ ਵਿੱਚ ਵਾਪਸ ਭੇਜਣ ਲਈ 'ਸਟੇਟ ਕੋਵਿਡ-19 ਕੰਟਰੋਲ ਰੂਮ' ਲਈ ਜ਼ਿਲ੍ਹਾ ਜਲੰਧਰ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਮੈਡੀਕਲ ਚੈਕਅੱਪ ਲਈ ਬਣਾਈਆਂ 6 ਟੀਮਾਂ
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਰਵਾਸੀ ਮਜਦੂਰਾਂ ਨੂੰ ਆਪਣੇ ਰਾਜਾਂ ਵਿੱਚ ਪਹੁੰਚਾਉਣ ਲਈ ਪਰਵਾਸੀ ਮਜ਼ਦੂਰਾਂ ਦਾ ਮੈਡੀਕਲ ਕਰਨ ਲਈ ਛੇ ਟੀਮਾਂ ਦਾ ਗਠਨ ਕੀਤਾ ਗਿਆ ਹੈ ।
ਇਹਨਾਂ ਮੈਡੀਕਲ ਟੀਮਾਂ ਵਿੱਚ ਦੋ ਗੁਲਾਬ ਦੇਵੀ ਹਸਪਤਾਲ ਜਲੰਧਰ, ਦੋ ਮੈਡੀਕਲ ਟੀਮਾਂ ਸੇਕਰਡ ਹਸਪਤਾਲ ਜਲੰਧਰ ਅਤੇ ਦੋ ਮੈਡੀਕਲ ਟੀਮਾਂ ਪਿੰਪਸ ਜਲੰਧਰ ਤੋਂ ਬਣਾਈਆਂ ਗਈਆ ਹਨ।
ਮੈਡੀਕਲ ਚੈਕਅੱਪ ਲਈ ਵੱਖ-ਵੱਖ ਥਾਂਵਾਂ `ਤੇ ਇੱਕਠੇ ਕੀਤੇ ਮਜ਼ਦੂਰ
ਸਵੇਰੇ ਪੰਜ ਵਜੇ ਦੇ ਕਰੀਬ ਮੈਡੀਕਲ ਟੀਮਾਂ ਨੇ ਮਜ਼ਦੂਰਾਂ ਦਾ ਚੈਕਅੱਪ ਕਰਨਾ ਸ਼ੁਰੂ ਕਰ ਦਿੱਤਾ ਸੀ। ਮਜ਼ਦੂਰ ਤਾਂ ਤੜਕੇ ਚਾਰ ਵਜੇ ਹੀ ਆ ਕੇ ਬੈਠ ਗਏ ਸਨ ਤਾਂ ਜੋ ਉਹ ਵੇਲੇ ਸਿਰ ਮੈਡੀਕਲ ਚੈਕਅੱਪ ਕਰਵਾ ਕੇ ਵਿਹਲੇ ਹੋ ਸਕਣ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਵਿੱਚ 237 ਪਰਵਾਸੀ ਮਜ਼ਦੂਰ, ਬੱਲੇ ਬੱਲੇ ਫਾਰਮ (ਪਠਾਨਕੋਟ ਚੌਂਕ) ਵਿੱਚ 602 ਪਰਵਾਸੀ ਮਜ਼ਦੂਰ ਅਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਰੋਡ ਵਿੱਚ 366 ਪਰਵਾਸੀ ਮਜ਼ਦੂਰਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ।