You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਲੌਕਡਾਊਨ ’ਚ ਪਰਵਾਸੀ ਮਜ਼ਦੂਰ ਘਰ ਪਰਤਨ ਦੇ ਰਾਹ ’ਚ ਹਾਦਸਿਆਂ ਦਾ ਸ਼ਿਕਾਰ ਹੋ ਰਹੇ
24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਭਾਰਤ ਵਿੱਚ 21 ਦਿਨਾਂ ਲਈ ਕੋਰੋਨਾਵਾਇਰਸ ਕਰਕੇ ਲੌਕਡਾਊਨ ਦਾ ਐਲਾਨ ਕੀਤਾ ਸੀ।
ਸਭ ਕੁਝ ਬੰਦ ਹੋਣ ਕਰਕੇ, ਇਸ ਲੌਕਡਾਊਨ ਦਾ ਸਭ ਤੋਂ ਵੱਧ ਅਸਰ ਦੇਸ ਭਰ ਵਿੱਚ ਵਸੇ ਉਨ੍ਹਾਂ ਪਰਵਾਸੀ ਕਾਮਿਆਂ 'ਤੇ ਪਿਆ ਜਿਨ੍ਹਾਂ ਲਈ ਦਿਹਾੜੀ ਕਮਾਉਣੀ ਵੀ ਔਖੀ ਹੋ ਗਈ।
ਉਸ ਵੇਲੇ ਤੋਂ ਹੀ ਪੂਰੇ ਦੇਸ ਵਿੱਚੋਂ ਦੁੱਖ ਭਰੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ।
ਪੂਰੇ ਭਾਰਤ ਵਿੱਚ ਬੱਸਾਂ ਤੇ ਰੇਲ ਗੱਡੀਆਂ ਦੀਆਂ ਸੁਵਿਧਾਵਾਂ ਬੰਦ ਹੋਣ ਕਰਕੇ, ਇਹ ਮਜ਼ਦੂਰ ਕਈ ਹਜ਼ਾਰ ਕਿਲੋਮੀਟਰ ਪੈਦਲ ਚਲ ਕੇ ਆਪਣੇ ਪਿੰਡ ਵਿੱਚ ਪਹੁੰਚਣ ਲਈ ਮਜਬੂਰ ਹਨ।
ਲੌਕਡਾਊਨ ਲਾਗੂ ਹੋਣ ਮਗਰੋਂ, ਦੇਸ ਦੀਆਂ ਕਈ ਥਾਵਾਂ ਤੋਂ ਸੜਕ ਹਾਦਸਿਆਂ ਦੇ ਮਾਮਲੇ ਵੀ ਸਾਹਮਣੇ ਆਏ ਜਿਨ੍ਹਾਂ ਵਿੱਚ ਕਈ ਪਰਵਾਸੀ ਕਾਮਿਆਂ ਦੇ ਪੀੜਤ ਹੋਣ ਦੀਆਂ ਖ਼ਬਰਾਂ ਵੀ ਸਨ।
ਭਾਰਤ ਵਿੱਚ ਲੌਕਡਾਊਨ ਲਾਗੂ ਕਰਨ ਮਗਰੋਂ, ਰੋਜ਼ਾਨਾ ਔਸਤਨ ਘੰਟੇ ਵਿੱਚ ਲਗਭਗ 17 ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰਨ ਵਾਲੇ ਪਰਵਾਸੀ ਮਜ਼ਦੂਰ ਹਨ ਕਿਉਂਕਿ ਬਾਕੀ ਆਮ ਜਨਤਾ ਸੜਕਾਂ ਤੇ ਹਾਈਵੇਅ 'ਤੇ ਨਹੀਂ ਜਾ ਰਹੀ।
ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਪੀਐਮ ਮੋਦੀ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਤੇ 'ਸੋਸ਼ਲ ਡਿਸਟੈਂਨਸਿੰਗ' ਕਰਨ ਲਈ ਬੇਨਤੀ ਕੀਤੀ ਸੀ।
ਪਰ ਇਹ ਤਰੀਕਾ ਸਾਰਿਆਂ ਲਈ ਸਹੀ ਨਹੀਂ ਬੈਠਿਆ। ਵੱਡੀ ਗਿਣਤੀ ਵਿੱਚ ਪਰਵਾਸੀ ਕਾਮੇ ਆਪਣੇ ਪਿੰਡਾਂ ਤੱਕ ਪਹੁੰਚਣ ਲਈ ਬੱਸ ਅਡਿਆਂ 'ਤੇ ਇਕੱਠੇ ਹੋਣ ਲੱਗੇ।
29 ਮਾਰਚ 2020 ਤੱਕ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਕੋਰੋਨਾਵਾਇਰਸ ਕਰਕੇ 25 ਲੋਕਾਂ ਦੀ ਮੌਤ ਹੋਈ। ਇਸ ਦੇ ਨਾਲ ਹੀ ਲੌਕਡਾਊਨ ਲੱਗਣ ਮਗਰੋਂ ਸੜਕ ਹਾਦਸਿਆਂ ਤੇ ਮੈਡੀਕਲ ਐਮੇਰਜੇਂਸੀਆਂ ਕਰਕੇ 20 ਲੋਕਾਂ ਨੇ ਆਪਣੀ ਜਾਨ ਗਵਾਈ।
ਬੀਬੀਸੀ ਵੱਲੋਂ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਦਾ ਇੱਕ ਵਿਸ਼ਲੇਸ਼ਣ ਕੀਤਾ ਗਿਆ। ਉਸ ਅਨੁਸਾਰ, ਲੌਕਡਾਊਨ ਦੇ ਐਲਾਨ ਮਗਰੋਂ, ਸੜਕ ਹਾਦਸਿਆਂ ਦੇ 4 ਮਾਮਲੇ, ਜ਼ਿਆਦਾ ਤੁਰਨ ਕਰਕੇ ਮੈਡੀਕਲ ਐਮੇਰਜੇਂਸੀ ਦੇ 2 ਤੇ 1 ਹੋਰ ਹਾਦਸੇ ਦਾ ਮਾਮਲਾ ਸਾਹਮਣੇ ਆਇਆ।
ਸੜਕ ਹਾਦਸੇ
ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ, 27 ਮਾਰਚ ਨੂੰ ਹੈਦਰਾਬਾਦ ਦੇ ਪੇਡਾਂ ਗੋਲਕੋਂਡਾ ਨਾਮ ਦੀ ਥਾਂ ਕੋਲ ਇੱਕ ਸੜਕ ਹਾਦਸੇ ਵਿੱਚ 8 ਲੋਕ ਮਾਰੇ ਗਏ। ਮਰਨ ਵਾਲਿਆਂ ਵਿੱਚ ਤੇਲੰਗਾਨਾ ਦੇ ਪਰਵਾਸੀ ਕਾਮਿਆਂ ਸਮੇਤ 2 ਬੱਚੇ ਵੀ ਮੌਜੂਦ ਸਨ ਜੋ ਇੱਕ ਖੁੱਲ੍ਹੇ ਟਰੱਕ ਵਿੱਚ ਸਫ਼ਰ ਕਰ ਰਹੇ ਸਨ। ਇਹ ਟਰੱਕ ਕਰਨਾਟਕਾ ਜਾ ਰਿਹਾ ਸੀ ਜਦੋਂ ਇਸ ਵਿੱਚ ਇੱਕ ਲਾਰੀ ਆ ਵਜੀ।
ਤੇਲੰਗਾਨਾ ਵਿੱਚ ਵੀ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਲੌਕਡਾਊਨ ਕੀਤਾ ਗਿਆ ਹੈ। ਇਸ ਕਰਕੇ ਉੱਥੇ ਵੀ ਵੱਡੀ ਗਿਣਤੀ ਵਿੱਚ ਪਰਵਾਸੀ ਕਾਮੇ ਫੱਸੇ ਹੋਏ ਹਨ।
ਦੋ ਵੱਖਰੀਆਂ ਘਟਨਾਵਾਂ ਵਿੱਚ, ਗੁਜਰਾਤ ਦੇ 6 ਪਰਵਾਸੀ ਕਾਮਿਆਂ ਦੇ ਮਰਨ ਦੀ ਰਿਪੋਰਟ ਸਾਹਮਣੇ ਆਈ।
28 ਮਾਰਚ, ਸ਼ਨੀਵਾਰ ਨੂੰ, 4 ਮਜ਼ਦੂਰ ਪੈਦਲ ਮਹਾਂਰਾਸ਼ਟਰ ਤੋਂ ਗੁਜਰਾਤ ਆਪਣੇ ਪਿੰਡ ਜਾ ਰਹੇ ਸਨ ਪਰ ਰਸਤੇ ਵਿੱਚ ਹੀ ਮੁੰਬਈ-ਅਹਿਮਦਾਬਾਦ ਹਾਈਵੇ 'ਤੇ ਪੈਂਦੇ ਪੈਰੋਲ ਪਿੰਡ ਦੇ ਨੇੜੇ ਚਾਰਾਂ ਨੂੰ ਇੱਕ ਤੇਜ਼ ਰਫ਼ਤਾਰ ਨਾਲ ਜਾ ਰਹੇ ਟਰੱਕ ਨੇ ਕੁਚਲ ਦਿੱਤਾ।
ਉਸੇ ਦਿਨ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਤੋਂ 2 ਔਰਤਾਂ ਦੇ ਮਰਨ ਦੀ ਖ਼ਬਰ ਆਈ ਜੋ ਮਜ਼ਦੂਰੀ ਦਾ ਕੰਮ ਕਰਦੀਆਂ ਸਨ। ਉਹ ਰੇਲਵੇ ਦਾ ਇੱਕ ਪੁੱਲ ਪਾਰ ਕਰ ਰਹੀਆਂ ਸਨ ਜਦੋਂ ਇੱਕ ਮਾਲ ਗੱਡੀ ਉਨ੍ਹਾਂ ਵਿੱਚ ਆ ਵੱਜੀ।
ਪੁਲਿਸ ਅਨੁਸਾਰ, "ਦੋਵੇਂ ਔਰਤਾਂ ਮਜ਼ਦੂਰੀ ਦਾ ਕੰਮ ਕਰਦੀਆਂ ਸਨ ਤੇ ਲੌਕਡਾਊਨ ਕਰਕੇ ਆਪਣੇ ਪਿੰਡ ਜਾ ਰਹੀਆਂ ਸਨ।”
ਹਾਲ ਹੀ ਵਿੱਚ ਆਈ ANI ਦੀ ਇੱਕ ਰਿਪੋਰਟ ਮੁਤਾਬਕ, 29 ਮਾਰਚ ਦੀ ਸਵੇਰ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇ 'ਤੇ 4 ਲੋਕਾਂ ਦੇ ਮਰਨ ਦੀ ਖ਼ਬਰ ਸਾਹਮਣੇ ਆਈ। ਇਹ ਲੋਕ ਹਾਈਵੇ 'ਤੇ ਤੁਰੇ ਜਾ ਰਹੇ ਸਨ ਜਦੋਂ ਇੱਕ ਵਾਹਨ ਇਨ੍ਹਾਂ ਵਿੱਚ ਆ ਵੱਜਿਆ।
ਮੈਡੀਕਲ ਐਮੇਰਜੇਂਸੀ
26 ਮਾਰਚ ਨੂੰ 39 ਸਾਲਾ ਆਦਮੀ ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵੱਲ ਜਾਂਦਿਆਂ ਹੋਇਆਂ ਰਸਤੇ ਵਿੱਚ ਹੀ ਮਰ ਗਿਆ। ਰਣਵੀਰ ਸਿੰਘ ਦਿੱਲੀ ਵਿੱਚ ਫ਼ੂਡ ਡਿਲਵਰੀ ਦਾ ਕੰਮ ਕਰਦਾ ਸੀ।
ਰਿਪੋਰਟਾਂ ਮੁਤਾਬਕ ਉਹ ਆਪਣੇ ਘਰ ਪੈਦਲ ਜਾ ਰਿਹਾ ਸੀ ਜੋ ਕਿ ਦਿੱਲੀ ਤੋਂ 300 ਕਿਲੋਮੀਟਰ ਦੂਰ ਸਥਿਤ ਹੈ। ਰਸਤੇ ਵਿੱਚ, ਆਗਰਾ ਪਹੁੰਚ ਕੇ, ਇਹ ਆਦਮੀ ਮਰ ਗਿਆ।
27 ਮਾਰਚ ਨੂੰ ਗੰਗਾਰਾਮ ਨਾਮ ਦਾ 62 ਸਾਲਾ ਆਦਮੀ ਗੁਜਰਾਤ ਦੇ ਸੂਰਤ ਵਿੱਚ ਮਰਿਆ। ਇਸ ਆਦਮੀ ਦੀ ਮੌਤ ਜ਼ਿਆਦਾ ਤੁਰਨ ਕਰਕੇ ਹੋਈ।
ਆਵਾਜਾਈ ਦੇ ਸਾਧਨ ਨਾ ਹੋਣ ਕਰਕੇ ਇਸ ਆਦਮੀ ਨੂੰ ਆਪਣੇ ਘਰ ਤੱਕ ਲਗਭਗ ਕਰੀਬ 8 ਕਿਲੋਮੀਟਰ ਤੁਰਨਾ ਪਿਆ।
ਪੰਡੇਸਾਰਾ ਵਿੱਚ ਸਥਿਤ ਆਪਣੇ ਘਰ ਦੇ ਨੇੜੇ ਇਹ ਆਦਮੀ ਬੇਹੋਸ਼ ਹੋ ਗਿਆ। ਹਸਪਤਾਲ ਲੈ ਕੇ ਜਾਣ 'ਤੇ ਪਤਾ ਲੱਗਾ ਕੇ ਉਹ ਮਰ ਚੁੱਕਾ ਹੈ।
(ਹਰ ਘਟਨਾ ਦੀ ਪੁਸ਼ਟੀ ਘੱਟੋ-ਘੱਟ ਦੋ ਮੀਡੀਆ ਰਿਪੋਰਟਾਂ ਤੋਂ ਕੀਤੀ ਗਈ ਹੈ। )