ਸਿਰਸਾ ਦੇ ਹਕੀਮ ਦਾ ਦਾਅਵਾ ਮੁਸਲਮਾਨ ਹੋਣ ਕਾਰਨ ਉਨ੍ਹਾਂ ਦੇ ਘਰ ਨੂੰ ਦੰਗਾਈਆਂ ਨੇ ਬਣਾਇਆ ਨਿਸ਼ਾਨਾ

    • ਲੇਖਕ, ਪ੍ਰਭੂ ਦਿਆਲ
    • ਰੋਲ, ਸਿਰਸਾ ਤੋਂ ਬੀਬੀਸੀ ਪੰਜਾਬੀ ਲਈ

ਐਤਵਾਰ ਨੂੰ ਪੰਜਾਬ ਤੋਂ ਜਾ ਕੇ ਵਸੇ ਸਿਰਸਾ ਦੇ ਹਕੀਮ ਹਲੀਮ ਅਖ਼ਤਰ ਮਲਿਕ ਆਪਣਾ ਘਰੇ ਹੀ ਚਲਦਾ ਕਲੀਨਿਕ ਛੱਡ ਕੇ ਮਸਜਿਦ ਵਿੱਚ ਨਮਾਜ਼ ਪੜ੍ਹਨ ਗਏ ਹੋਏ ਸਨ ਕਿ ਅਚਾਨਕ ਉਨ੍ਹਾਂ ਦੀ ਘਰਵਾਲੀ ਦਾ ਫੋਨ ਆਇਆ।

ਬੇਗ਼ਮ ਨੇ ਘਬਰਾਹਟ ਵਿੱਚ ਹਲੀਮ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਤੇ ਕੁਝ ਲੋਕਾਂ ਨੇ ਗੰਡਾਸਿਆਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਹੈ। ਉਹ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾ ਰਹੇ ਹਨ ਤੇ ਕਹਿ ਰਹੇ ਹਨ ਕਿ 'ਮੁੱਲਾ ਬਾਹਰ ਨਿਕਲ'।

ਸ਼ਰਾਰਤੀ ਅਨਸਰਾਂ ਵੱਲੋਂ ਸਿਰਸਾ ਦੇ ਸੂਰਤਗੜ੍ਹਿਆ ਬਾਜ਼ਾਰ 'ਚ ਸਥਿਤ ਗੁਰਦਵਾਰਾ ਦਸਵੀਂ ਪਾਤਸ਼ਾਹੀ ਦੇ ਨੇੜੇ ਰਹਿੰਦੇ ਇੱਕ ਮੁਸਲਮਾਨ ਪਰਿਵਾਰ ਦੇ ਘਰ ਤੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਹਲੀਮ ਅਖ਼ਤਰ ਮਲਿਕ ਦਾ ਪਰਿਵਾਰ ਪਿਛਲੇ ਤਿੰਨ ਦਹਾਕਿਆਂ ਤੋਂ ਹਕੀਮੀ ਕਰ ਰਿਹਾ ਹੈ।

ਇਹ ਵੀ ਪੜ੍ਹੋ:

ਹਮਾਲਵਰਾਂ ਨੇ ਪਰਿਵਾਰ ਦੇ ਬਾਹਰ ਗਲ਼ੀ ਵਿੱਚ ਖੜ੍ਹੇ ਮੋਟਰਸਾਈਕਲ ਦੀ ਵੀ ਭੰਨਤੋੜ ਕੀਤੀ ।

ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ 'ਤੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤੀ ਹੈ।

ਪੁਲਿਸ ਨੇ ਫੜੇ ਗਏ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਲਾਂਕਿ ਪੀੜਤ ਪਰਿਵਾਰ ਪੁਲਿਸ ਵੱਲੋਂ ਲਾਈਆਂ ਗਈਆਂ ਧਾਰਾਵਾਂ ਤੋਂ ਸੰਤੁਸ਼ਟ ਨਹੀਂ ਹੈ।

ਪਰਿਵਾਰ ਨੇ ਹਮਲਾਵਰਾਂ 'ਤੇ ਫ਼ਿਰਕੂ ਭਾਵਨਾਵਾਂ ਨੂੰ ਭੜਕਾਉਣ ਤੇ ਉਨ੍ਹਾਂ ਖ਼ਿਲਾਫ਼ ਰਾਜਧ੍ਰੋਹ ਦੀਆਂ ਧਾਰਾਵਾਂ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ।

ਹਮਲਾਵਰ ਕਹਿੰਦੇ, ‘ਮੁੱਲਾ ਬਾਹਰ ਨਿਕਲ'

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਹਲੀਮ ਅਖ਼ਤਰ ਮਲਿਕ ਨੇ ਦੱਸਿਆ ਹੈ ਕਿ ਬੀਤੀ 29 ਫਰਵਰੀ ਦੀ ਦੇਰ ਸ਼ਾਮ ਉਹ ਨਮਾਜ਼ ਪੜ੍ਹਨ ਲਈ ਮਸਜਿਦ ਗਏ ਹੋਏ ਸੀ।

ਮਗਰੋਂ ਘਰ ਪਤਨੀ ਨੇ ਫੋਨ ਕਰ ਕੇ ਦੱਸਿਆ ਕਿ ਘਰ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਹੈ। ਜਦੋਂ ਤੱਕ ਹਲੀਮ ਵਾਪਸ ਆਏ ਤਾਂ ਹਮਲਾਵਰ ਘਰ ਦੀ ਭੰਨ ਤੋੜ ਕਰਕੇ ਜਾ ਚੁੱਕੇ ਸਨ।

ਇਸ ਮਗਰੋਂ ਤੁਰੰਤ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

ਹਲੀਮ ਅਖ਼ਤਰ ਮਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਨੇ ਦੱਸਿਆ ਹੈ ਕਿ ਛੇ-ਸੱਤ ਹਮਲਾਵਾਰ, ਜਿਨ੍ਹਾਂ ਨੇ ਹੱਥਾਂ ਵਿੱਚ ਗੰਡਾਸੇ ਤੇ ਇੱਟਾਂ ਰੋੜੇ ਚੁੱਕੇ ਹੋਏ ਸਨ।

"ਉਹ ਜੈ ਸ੍ਰੀ ਰਾਮ ਦੇ ਜਕਾਰੇ ਛੱਡਦੇ ਹੋਏ ਆਏ ਅਤੇ ਆਉਂਦਿਆਂ ਹੀ ਘਰ ਦੇ ਮੁੱਖ ਦਰਵਾਜੇ 'ਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ ਤੇ ਗਾਲ੍ਹਾਂ ਕੱਢਦੇ ਹੋਏ ਕਹਿਣ ਲੱਗੇ ਕਿ ਮੁੱਲ੍ਹਾ ਬਾਹਰ ਨਿਕਲ।"

ਹਲੀਮ ਅਖ਼ਤਰ ਮਲਿਕ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਨੂੰ ਚੁਣ ਕੇ ਹਮਲਾ ਕੀਤਾ ਹੈ। ਹਮਲਾਵਰਾਂ ਨੇ ਹਮਲਾ ਕਰਕੇ ਕਥਿਤ ਤੌਰ 'ਤੇ ਫ਼ਿਰਕੂ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ।

ਹਲੀਮ ਅਖ਼ਤਰ ਮਲਿਕ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਇਥੇ ਹੱਡੀਆਂ ਦੇ ਇਲਾਜ ਕਰ ਰਹੇ ਹਨ। ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ।

ਅਜਿਹੇ ਵਿੱਚ ਸਿਰਫ਼ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਜਾਣਾ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।

ਘਟਨਾ ਗ਼ਲਤ ਫ਼ਹਿਮੀ ਦੇ ਕਾਰਨ ਵਾਪਰੀ

ਡੀਐੱਸਪੀ ਜਗਦੀਸ਼ ਕਾਜਲਾ ਨੇ ਪੁਲਿਸ ਦੀ ਜਾਂਚ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਮੁਤਾਬਕ, "ਕੀਰਤੀ ਨਗਰ ਵਾਸੀ ਲਵਲੀ ਸਿੰਘ ਨੇ ਕੁਝ ਮਹੀਨੇ ਪਹਿਲਾਂ ਰਾਣੀਆਂ ਗੇਟ ਵਾਸੀ ਦੀਪਕ ਸੋਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀਪਕ ਸੋਨੀ ਦੇ ਦੋਸਤ ਹਨ। ਪੁਰਾਣੀ ਰੰਜਿਸ਼ ਦੇ ਚਲਦਿਆਂ ਲਵਲੀ ਸਿੰਘ ਤੋਂ ਬਦਲਾ ਲੈਣਾ ਚਾਹੁੰਦੇ ਸਨ।"

"29 ਫਰਵਰੀ ਦੀ ਸ਼ਾਮ ਨੂੰ ਉਨ੍ਹਾਂ ਨੂੰ ਪਤਾ ਲੱਗਿਆ ਕਿ ਲਵਲੀ ਸਿੰਘ ਸੂਰਤਗੜ੍ਹੀਆ ਚੌਕ 'ਚ ਸਥਿਤ ਆਪਣੇ ਮਾਮੇ ਦੇ ਘਰ ਆਇਆ ਹੋਇਆ ਹੈ। ਬਦਲਾ ਲੈਣ ਦੀ ਨੀਅਤ ਨਾਲ ਇਹ ਨੌਜਵਾਨ ਆਏ ਸਨ।"

"ਲਵਲੀ ਸਿੰਘ ਦੇ ਮਾਮੇ ਦਾ ਘਰ ਹਕੀਮ ਦੇ ਘਰ ਦੇ ਸਾਹਮਣੇ ਹੈ, ਇਸ ਲਈ ਗ਼ਲਤ ਫ਼ਹਿਮੀ ਨਾਲ ਡਾਕਟਰ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਲਵਲੀ ਦਾ ਮੋਟਰਸਾਈਕਲ ਸਮਝ ਕੇ ਉਸ ਦੀ ਭੰਨ ਤੋੜ ਕੀਤੀ ਗਈ।"

ਡੀਐੱਸਪੀ ਨੇ ਦੱਸਿਆ ਹੈ ਕਿ ਇਹ ਘਟਨਾ ਪੁਰਾਣੀ ਰੰਜਿਸ਼ ਤੇ ਗ਼ਲਤ ਫ਼ਹਿਮੀ ਦੇ ਕਾਰਨ ਵਾਪਰੀ ਹੈ। ਇਸ ਵਿੱਚ ਕੋਈ ਵੀ ਫ਼ਿਰਕੂ ਜਾਂ ਜਾਤੀ ਦੰਗੇ ਦੀ ਗੱਲ ਸਾਹਮਣੇ ਨਹੀਂ ਆਈ ਹੈ।

ਹਾਲਾਂਕਿ ਪੁਲਿਸ ਨੇ ਪ੍ਰਦੀਪ, ਸ਼ਿਵਮ, ਅੰਸ਼ਪ੍ਰੀਤ, ਹਰੀਸ਼, ਹਰਬੰਸ ਨਿਵਾਸੀ ਰਾਣੀਆਂ ਗੇਟ ਅਤੇ ਅਭਿਮਨਿਊ ਵਾਸੀ ਪਿੰਡ ਕੁੱਕੜਾਂਵਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਿਰਸਾ ਦੇ ਡਿਪਟੀ ਕਮਿਸ਼ਰ ਰਾਮੇਸ਼ ਚੰਦਰ ਜਾਂ ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ ਨਾਲ ਰਾਬਤਾ ਕਰਨ ਦਾ ਯਤਨ ਕੀਤਾ ਗਿਆ ਪਰ ਗੱਲ ਨਹੀਂ ਹੋ ਸਕੀ।

ਇਲਾਕੇ ਦੇ ਮੁਸਲਮਾਨ ਕੀ ਕਹਿੰਦੇ ਹਨ

ਸਿਰਸਾ ਦੀ ਜਾਮਾ ਮਸਜਿਦ ਦੇ ਨੇੜੇ ਲਲਾਰੀ ਵਜੋਂ ਕੰਮ ਕਰਦੇ ਅਲੀ ਹੁਸੇਨ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਵੱਡਕੇ ਕਈ ਦਹਾਕੇ ਪਹਿਲਾਂ ਰਾਜਸਥਾਨ ਦੇ ਫਤਿਹਪੁਰ ਸ਼ੇਖਾਵਟੀ ਤੋਂ ਇੱਥੇ ਆ ਕੇ ਵਸੇ ਸਨ। ਇਥੇ ਉਹ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਨ।

ਉਨ੍ਹਾਂ ਦੇ ਵੱਡਕੇ ਰਾਜਸਥਾਨ ਵਿੱਚ ਰੰਗ ਰੇਜ ਦਾ ਕੰਮ ਕਰਦੇ ਸਨ। ਇੱਥੇ ਆ ਕੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਇਹੀ ਕੰਮ ਕਰ ਰਹੀਆਂ ਹਨ।

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿਰਸਾ ਵਿੱਚ ਬਿਨ੍ਹਾਂ ਡਰ ਦੇ ਕੰਮ ਕਰ ਰਹੇ ਹਨ। ਦਿੱਲੀ ਦੇ ਦੰਗਿਆਂ ਤੋਂ ਬਾਅਦ ਵੀ ਉਹ ਜ਼ਿਆਦਾ ਨਹੀਂ ਡਰੇ ਸਨ ਪਰ ਇਹ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਸ਼ਰਾਰਤ ਮੰਦਭਾਗੀ ਹੈ ਤੇ ਡਰ ਪੈਦਾ ਕਰਨ ਵਾਲੀ ਹੈ।

ਮਸਜਿਦ ਦੇ ਨੇੜੇ ਹੀ ਹਕੀਮ ਮੁਹੰਮਦ ਹਨੀਫ਼ ਨੇ ਦੱਸਿਆ ਕਿ ਉਨ੍ਹਾਂ ਦੇ ਵਡੇਰੇ ਤਾਂ ਲਲਾਰੀ ਦਾ ਕੰਮ ਕਰਦੇ ਸਨ ਪਰ ਉਹ ਹਕੀਮੀ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ।

ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਸਭ ਲੋਕਾਂ ਵਿੱਚ ਭਾਈਚਾਰਕ ਸਾਂਝ ਹੈ ਅਤੇ ਇਹ ਸਾਂਝ ਬਣੀ ਰਹਿਣੀ ਚਾਹੀਦੀ ਹੈ।

ਮੁਹੰਮਦ ਰਫ਼ੀਕ ਦਾ ਕਹਿਣਾ ਸੀ ਕਿ ਸਾਨੂੰ ਇਥੇ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿਉਂਕਿ ਇੱਥੇ ਹਿੰਦੂ, ਮੁਸਲਮਾਨ ਤੇ ਸਿੱਖ ਸਾਰੇ ਰਲ ਕੇ ਰਹਿੰਦੇ ਹਨ। ਇੱਥੇ ਲੋਕਾਂ ਵਿੱਚ ਆਪਸੀ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਨਹੀਂ ਹੈ। ਸਾਰੇ ਆਪੋ-ਆਪਣੀ ਕਮਾਈ ਕਰਦੇ ਹਨ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: 1984 ਕਤਲੇਆਮ ਬਾਰੇ ਮਨਮੋਹਨ ਸਿੰਘ ਨੇ ਕਿਹਾ: 'ਇਹ ਰੁਕ ਜਾਂਦਾ ਜੇਕਰ ਗੁਜਰਾਲ ਦੀ ਮੰਨ ਲੈਂਦੇ’

ਵੀਡੀਓ: ਸੱਜਣ ਕੁਮਾਰ ਨੂੰ ਸਜ਼ਾ ਦੇਣ ਵਾਲਾ ਜੱਜ ਦਿੱਲੀ ਹਿੰਸਾ ਬਾਰੇ ਵੀ ਰਿਹਾ ਸਖ਼ਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)