ਕੁਆਰੇਪਣ ਲਈ ਕੁੜੀਆਂ ਓਪਰੇਸ਼ਨ ਕਿਉਂ ਕਰਵਾ ਰਹੀਆਂ ਹਨ

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਨਿਮੀ (ਬਦਲਿਆ ਨਾਂ) ਪਿਛਲੇ 10 ਸਾਲਾਂ ਤੋਂ ਦਿੱਲੀ ਵਿੱਚ ਰਹਿ ਰਹੀ ਹੈ।

ਇੱਥੋਂ ਹੀ ਗਰੈਜੂਏਸ਼ਨ ਕਰਨ ਮਗਰੋਂ, ਹੁਣ ਉਹ ਨੌਕਰੀ ਕਰ ਰਹੀ ਹੈ। ਜਦੋਂ ਉਨ੍ਹਾਂ ਤੋਂ ਬੁਆਏਫ੍ਰੈਂਡ ਦਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਬਹੁਤ ਬਣੇ। ਪਰ ਨਾਲ ਹੀ ਉਨ੍ਹਾਂ ਨੇ ਕਿਹਾ, "ਦੈਟ ਆਈ ਹੈਵ ਸੇਵਡ ਫਾਰ ਦਿ ਪਰਸਨ ਆਈ ਵਿਲ ਮੈਰੀ।"

ਸਾਫ਼ ਹੈ ਕਿ ਨਿਮੀ ਵਿਆਹ ਤੱਕ ਵਰਜਿਨਿਟੀ ਬਰਕਰਾਰ ਰੱਖਣਾ ਚਾਹੁੰਦੀ ਹੈ। ਜਦੋਂ ਮੈਂ ਆਪਣੇ ਦਫ਼ਤਰ ਵਿੱਚ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਉਮਰ, ਮਤਲਬ 22-30 ਸਾਲ ਦੇ ਨੌਜਵਾਨਾਂ ਵਿੱਚ ਕੈਜ਼ੁਅਲ ਸੈਕਸ ਆਮ ਜਿਹੀ ਗੱਲ ਹੈ। ਉਨ੍ਹਾਂ ਲਈ ਵਿਆਹ ਤੋਂ ਪਹਿਲਾਂ ਸੈਕਸ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ।

ਤਾਂ ਫਿਰ ਅਜਿਹੇ ਵਿੱਚ ਉਹ ਕੁੜੀਆਂ ਕਿੱਥੋਂ ਆ ਰਹੀਆਂ ਹਨ ਜੋ ਹਾਇਮਨੋਪਲਾਸਟੀ ਕਰਵਾ ਰਹੀਆਂ ਹਨ।

ਹਾਇਮਨੋਪਲਾਸਿਟੀ ਇੱਕ ਉਹ ਓਪਰੇਸ਼ਨ ਹੈ ਜਿਸ ਰਾਹੀਂ ਸੈਕਸ ਨਾਲ ਹਾਇਮਨ (ਯੌਨੀ ਦੀ ਅੰਦਰੂਨੀ ਝਿੱਲੀ) ਨੂੰ ਪਹੁੰਚਿਆ ਨੁਕਸਾਨ ਠੀਕ ਕਰ ਦਿੱਤਾ ਜਾਂਦਾ ਹੈ।

ਭਾਵ ਇਹ ਪਤਾ ਨਹੀਂ ਲੱਗਦਾ ਕਿ ਕੁੜੀ ਨੇ ਪਹਿਲਾਂ ਸੈਕਸ ਕੀਤਾ ਹੈ।

ਡਾਕਟਰਾਂ ਅਨੁਸਾਰ ਹਾਇਮਨੋਪਲਾਸਟੀ ਪਿਛਲੇ 15 ਸਾਲਾਂ ਵਿੱਚ ਵਧੀ ਹੈ ਤੇ ਇਸ ਲਈ ਜ਼ਿਆਦਾਤਰ ਅਣਵਿਆਹੀਆਂ ਕੁੜੀਆਂ ਪਹੁੰਚ ਰਹੀਆਂ ਹਨ।

ਇਹ ਵੀ ਪੜ੍ਹੋ:

ਡਾਕਟਰਾਂ ਦੇ ਮੁਤਾਬਕ ਕੁੜੀਆਂ ਦੇ ਵਜਾਈਨਾ ਵਿੱਚ ਇੱਕ ਮੈਂਬਰੇਨ (ਝਿੱਲੀ) ਹੁੰਦੀ ਹੈ ਜਿਸ ਨੂੰ ਹਾਇਮਨ ਕਿਹਾ ਜਾਂਦਾ ਹੈ। ਸੈਕਸ ਤੋਂ ਬਾਅਦ ਜਾਂ ਜੋ ਕੁੜੀਆਂ ਖੇਡਾਂ ਵਿੱਚ ਹੁੰਦੀਆਂ ਹਨ, ਉਨ੍ਹਾਂ ਦਾ ਹਾਇਮਨ ਟੁੱਟ ਹੋ ਜਾਂਦਾ ਹੈ। ਡਾਕਟਰ ਓਪਰੇਸ਼ਨ ਵਿੱਚ ਇਸ ਹਾਇਮਨ ਨੂੰ ਮੁੜ ਠੀਕ ਕਰ ਦਿੰਦੇ ਹਨ।

ਡਾਕਟਰਾਂ ਅੁਨਸਾਰ ਇਸ ਓਪਰੇਸ਼ਨ ਲਈ ਜ਼ਿਆਦਾਤਰ 20 ਤੋਂ 30 ਸਾਲ ਦੀਆਂ ਕੁੜੀਆਂ ਆ ਰਹੀਆਂ ਹਨ। ਜ਼ਿਆਦਾਤਰ ਵਿਆਹ ਤੋਂ ਪਹਿਲਾਂ ਸੈਕਸ ਕਰ ਚੁੱਕੀਆਂ ਹੁੰਦੀਆਂ ਹਨ।

ਕੁਆਰੀਆਂ ਕੁੜੀਆਂ

ਮੈਕਸ ਹਸਪਤਾਲ ਵਿੱਚ ਪ੍ਰਿੰਸੀਪਲ ਕੰਸਲਟੈਂਟ ਤੇ ਇਸਤਰੀ ਰੋਗਾਂ ਦੇ ਮਾਹਰ, ਡਾ. ਭਾਵਨਾ ਚੌਧਰੀ ਦਾ ਕਹਿਣਾ ਹੈ ਕਿ ਇਹ ਦੱਸਣਾ ਔਖਾ ਹੈ ਕਿ ਇਹ ਕੁੜੀਆਂ ਕਿਸ ਥਾਂ ਤੋਂ ਆਉਂਦੀਆਂ ਹਨ। ਹਾਂ, ਜ਼ਿਆਦਾਤਰ ਕੁੜੀਆਂ ਨੌਕਰੀ ਪੇਸ਼ਾ ਹੁੰਦੀਆਂ ਹਨ ਤੇ ਮੱਧ ਤੇ ਉੱਚੇ ਆਮਦਨ ਵਰਗ ਵਿੱਚੋਂ ਹੁੰਦੀਆਂ ਹਨ।

ਇਹ ਕੁੜੀਆਂ ਵਿਆਹ ਤੋਂ ਪਹਿਲਾਂ ਆਉਂਦੀਆਂ ਹਨ। ਉਹ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦੇ ਪਤੀ ਨੂੰ ਪਤਾ ਲੱਗੇ ਕਿ ਉਹ ਵਿਆਹ ਤੋਂ ਪਹਿਲਾਂ ਸੈਕਸ ਕਰ ਚੁੱਕੀਆਂ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਓਪਰੇਸ਼ਨ ਲਈ ਆਉਣ ਵਾਲੀਆਂ ਇਹ ਕੁੜੀਆਂ ਕਾਫ਼ੀ ਆਤਮਵਿਸ਼ਵਾਸ ਨਾਲ ਭਰੀਆਂ ਹੁੰਦੀਆਂ ਹਨ। ਇਹ ਆਪਣੀਆਂ ਸਹੇਲੀਆਂ ਜਾਂ ਫਿਰ ਭੈਣਾਂ ਨਾਲ ਆਉਂਦੀਆਂ ਹਨ।

ਹਾਲਾਂਕਿ ਡਾਕਟਰ ਭਾਵਨਾ ਚੌਧਰੀ ਇਹ ਵੀ ਕਹਿੰਦੇ ਹਨ ਕਿ ਕੁੜੀਆਂ ਦਾ ਖੇਡਾਂ ਵਿੱਚ ਹਿੱਸਾ ਲੈਣਾ, ਸਾਈਕਲ ਚਲਾਉਣਾ, ਘੋੜਸਵਾਰੀ ਕਰਨਾ, ਜਾਂ ਮਹਾਵਾਰੀ ਦੌਰਾਨ ਟੈਮਪੌਨਜ਼ ਦੀ ਵਰਤੋਂ ਕਰਨਾ ਵੀ ਹਾਇਮਨ ਦੇ ਟੁੱਟਣ ਦੇ ਕਾਰਨ ਹੋ ਸਕਦੇ ਹਨ।

ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਸਰਜਨ ਡਾਕਟਰ ਲਲਿਤ ਚੌਧਰੀ ਹਾਇਮਨੋਪਲਾਸਟੀ ਲਈ ਆਉਣ ਵਾਲੀਆਂ ਕੁੜੀਆਂ ਨੂੰ ਦੋ ਹਿੱਸਿਆ ਵਿੱਚ ਵੰਡਦੇ ਹਨ।

ਉਹ ਦੱਸਦੇ ਹਨ ਕਿ 80 ਫੀਸਦ ਮੁਟਿਆਰਾਂ ਹੁੰਦੀਆਂ ਹਨ ਤੇ 25 ਸਾਲ ਤੱਕ ਦੀ ਉਮਰ ਦੀਆਂ ਹੁੰਦੀਆਂ ਹਨ। ਦੂਜਾ ਸਮੂਹ ਹੈ ਤਲਾਖ਼ਸ਼ੁਦਾ ਔਰਤਾਂ ਦਾ ਜਿਨਾਂ ਦੀ ਗਿਣਤੀ ਕਾਫ਼ੀ ਘੱਟ ਹੈ।

ਉਹ ਦੱਸਦੇ ਹਨ ਕਿ ਸਾਨੂੰ ਇੱਕ ਹਫ਼ਤੇ ਵਿੱਚ ਪੁੱਛ-ਗਿੱਛ ਲਈ ਲਗਭਗ 10 ਫੋਨ ਆਉਂਦੇ ਹਨ। ਹਾਲਾਂਕਿ ਉਨ੍ਹਾਂ ਵਿੱਚੋਂ ਸਾਡੇ ਕੋਲ ਓਪਰੇਸ਼ਨ ਲਈ ਇੱਕ ਕੁੜੀ ਹੀ ਪਹੁੰਚਦੀ ਹੈ।

ਵੀਡੀਓ: ਮਾਂ ਬਣਨ ਦੀ ਸਹੀ ਉਮਰ ਕੀ ਹੁੰਦੀ ਹੈ, ਕੀ ਹੈ ਡਾਕਟਰਾਂ ਦੀ ਰਾਇ

ਇਸ ਦਾ ਕਾਰਨ ਦੱਸਦੇ ਹੋਏ ਡਾ. ਲਲਿਤ ਕਹਿੰਦੇ ਹਨ, "ਇਹ ਕੁੜੀਆਂ ਪਹਿਲਾਂ ਡਾਕਟਰ ਨਾਲ ਮਿਲ ਕੇ ਓਪਰੇਸ਼ਨ ਬਾਰੇ ਤਸੱਲੀ ਕਰਦੀਆਂ ਹਨ।”

“ਕਿਸੇ ਵੀ ਵੱਡੇ ਹਸਪਤਾਲ ਵਿੱਚ ਇਸ ਓਪਰੇਸ਼ਨ ਦਾ ਖਰਚਾ 50-70 ਹਜ਼ਾਰ ਰੁਪਏ ਆਉਂਦਾ ਹੈ। ਅਜਿਹੇ ਵਿੱਚ ਇਹ ਕੁੜੀਆਂ ਡਾਕਟਰ ਨਾਲ ਗੱਲ ਕਰਨ ਮਗਰੋਂ ਛੋਟੇ ਕਲੀਨਿਕ ਵਿੱਚ ਓਪਰੇਸ਼ਨ ਕਰਵਾਉਂਦੀਆਂ ਹਨ ਕਿਉਂਕਿ ਇਹ ਸਸਤਾ ਪੈਂਦਾ ਹੈ। ਨਾਲ ਹੀ ਉੱਥੇ ਪੇਪਰ ਵਰਕ ਨਹੀਂ ਕਰਨਾ ਪੈਂਦਾ ਤੇ ਨਿੱਜਤਾ ਵੀ ਬਣੀ ਰਹਿੰਦੀ ਹੈ।"

ਡਾਕਟਰਾਂ ਅਨੁਸਾਰ ਇਹ ਓਪਰੇਸ਼ਨ ਅੱਧੇ ਘੰਟੇ ਵਿੱਚ ਹੋ ਜਾਂਦਾ ਹੈ। ਜੇ ਕੋਈ ਕੁੜੀ ਵੱਡੇ ਹਸਪਤਾਲ ਵਿੱਚ ਓਪਰੇਸ਼ਨ ਕਰਵਾ ਰਹੀ ਹੋਵੇ ਤਾਂ ਉਸ ਨੂੰ ਪਹਿਲਾਂ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਬੇਹੋਸ਼ ਕੀਤਾ ਜਾਂਦਾ ਹੈ। ਓਪਰੇਸ਼ਨ ਤੋਂ ਬਾਅਦ ਉਹ ਲਗਭਗ 5-6 ਘੰਟਿਆਂ ਵਿੱਚ ਘਰ ਚਲੀ ਜਾਂਦੀ ਹੈ।

ਇਹ ਵੀ ਪੜ੍ਹੋ:

ਨਿੱਜੀ ਕਲੀਨਿਕ ਵਿੱਚ ਓਪਰੇਸ਼ਨ

ਅਪੋਲੋ ਹਸਪਤਾਲ ਵਿੱਚ ਪਲਾਸਟਿਕ ਸਰਜਨ ਅਨੂਪ ਧੀਰ ਆਪਣੇ ਆਪ ਨੂੰ ਦਿੱਲੀ ਵਿੱਚ ਹਾਇਮਨੋਪਲਾਸਟੀ ਸ਼ੁਰੂ ਕਰਨ ਵਾਲੇ ਪਹਿਲੇ ਸਰਜਨ ਦੱਸਦੇ ਹਨ। ਉਹ ਦਿੱਲੀ ਵਿੱਚ ਇੱਕ ਨਿੱਜੀ ਕਲੀਨਿਕ ਵੀ ਚਲਾਉਂਦੇ ਹਨ।

ਉਹ ਦੱਸਦੇ ਹਨ ਕਿ ਇਸ ਓਪਰੇਸ਼ਨ ਲਈ ਉਨ੍ਹਾਂ ਕੋਲ ਇੱਕ-ਤਿਹਾਈ ਕੁੜੀਆਂ ਹਰਿਆਣਾ ਤੋਂ ਆਉਂਦੀਆਂ ਹਨ। ਇਸ ਤੋਂ ਇਲਾਵਾ ਹੋਰ ਦੇਸਾਂ ਤੋਂ ਵੀ ਕੁੜੀਆਂ ਆਉਂਦੀਆਂ ਹਨ।

ਉਹ ਦੱਸਦੇ ਹਨ ਕਿ ਜ਼ਿਆਦਾਤਰ ਕੁੜੀਆਂ ਆਪਣੀ ਪਹਿਚਾਣ ਜ਼ਾਹਰ ਨਹੀਂ ਕਰਦੀਆਂ।

ਉਨ੍ਹਾਂ ਨੇ ਕਿਹਾ, "ਉਹ ਨਾ ਤਾਂ ਆਪਣਾ ਸਹੀ ਨਾਂ ਦੱਸਦੀਆਂ ਹਨ ਤੇ ਨਾ ਸਹੀ ਫੋਨ ਨੰਬਰ। ਕਦੇ ਤਾਂ ਇਨ੍ਹਾਂ ਕੁੜੀਆਂ ਦੀਆਂ ਸਹੇਲੀਆਂ ਹੀ ਸਾਨੂੰ ਮਿਲਣ ਲਈ ਸੰਪਰਕ ਕਰਦੀਆਂ ਹਨ। ਜੇ ਅਸੀਂ ਓਪਰੇਸ਼ਨ ਮਗਰੋਂ ਕਿਸੇ ਦਿੱਕਤ ਬਾਰੇ ਪੁੱਛਣ ਲਈ ਫੋਨ ਕਰਦੇ ਹਾਂ ਤਾਂ ਇਹ ਹੋ ਨਹੀਂ ਪਾਉਂਦਾ।"

ਉਹ ਕੁੜੀਆਂ ਨੂੰ ਵਿਆਹ ਦੇ 6-8 ਹਫ਼ਤੇ ਪਹੁਲਾਂ ਓਪਰੇਸ਼ਨ ਕਰਵਾਉਣ ਦੀ ਸਲਾਹ ਦਿੰਦੇ ਹਨ। ਇਸ ਨਾਲ ਉਹ ਵਿਆਹ ਵਾਲੀ ਰਾਤ ਜ਼ਿਆਦਾ ਬਲੀਡ ਕਰ ਸਕਦੀਆਂ ਹਨ ਭਾਵ ਜ਼ਿਆਦਾ ਖੂਨ ਨਿਕਲ ਸਕਦਾ ਹੈ। ਉਹ ਦੱਸਦੇ ਹਨ ਕਿ ਇਸ ਓਪਰੇਸ਼ਨ ਮਗਰੋਂ ਕੋਈ ਪਰੇਸ਼ਾਨੀ ਨਹੀਂ ਆਉਂਦੀ।

ਪਰ ਦੋ ਪਹੀਏ ਵਾਲੇ ਵਾਹਨਾਂ 'ਤੇ ਬੈਠਣ, ਸਾਈਕਲ ਚਲਾਉਣ ਤੇ ਤੁਰੰਤ ਸੈਕਸ ਕਰਨ ਲਈ ਮਨਾ ਕੀਤਾ ਜਾਂਦਾ ਹੈ। ਨਾਲ ਹੀ ਸਾਫ਼-ਸਫਾਈ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਵੀਡੀਓ: ਸੈਕਸ ਦੀ ਲਤ ਨੇ ਕਿਵੇਂ ਬਣਾ ਦਿੱਤਾ ਸੀ ਇਸ ਔਰਤ ਦੀ ਜ਼ਿੰਦਗੀ ਨੂੰ ਨਰਕ?

ਡਾ. ਲਲਿਤ ਚੌਧਰੀ ਅਨੁਸਾਰ, ਕੁਝ ਵੱਡੇ ਘਰਾਂ ਦੀਆਂ ਕੁੜੀਆਂ ਆਪਣੀਆਂ ਮਾਵਾਂ ਨਾਲ ਵੀ ਆਉਂਦੀਆਂ ਹਨ।

ਉਹ ਦੱਸਦੇ ਹਨ ਕਿ ਉੱਚੇ ਵਰਗ ਦੀਆਂ ਕੁੜੀਆਂ ਆਪਣੀਆਂ ਮਾਵਾਂ ਨੂੰ ਸੈਕਸ ਬਾਰੇ ਦੱਸ ਰਹੀਆਂ ਹਨ ਤੇ ਉਨ੍ਹਾਂ ਦੀਆਂ ਮਾਵਾਂ ਵਿਆਹ ਤੋਂ ਪਹਿਲਾਂ ਇਹ ਓਪਰੇਸ਼ਨ ਕਰਵਾਉਣ ਦਾ ਸੁਝਾਅ ਦਿੰਦੀਆਂ ਹਨ।

ਇੱਕ ਪਾਸੇ ਜਿੱਥੇ ਕੁੜੀਆਂ ਵਿਆਹ ਤੋਂ ਪਹਿਲਾਂ ਆਪਣੀ ਮਰਜ਼ੀ ਨਾਲ ਸੈਕਸ ਕਰ ਰਹੀਆਂ ਹਨ, ਉੱਥੇ ਇਸ ਸਮਾਜ ਵਿੱਚ ਉਨ੍ਹਾਂ ਨੂੰ ਵਿਆਹ ਮਗਰੋਂ ਆਪਣੇ ਪਤੀ ਨੂੰ ਪਵਿੱਤਰਤਾ ਦਾ ਸਬੂਤ ਵੀ ਦੇਣਾ ਪੈਂਦਾ ਹੈ।

ਔਰਤਾਂ ਵਿੱਚ ਪੱਵਿਤਰਤਾ

ਇਹ ਇੱਕ ਪੁਰਸ਼ਵਾਦੀ ਸੋਚ ਦੀ ਦੇਣ ਹੈ ਕਿ ਇੱਕ ਆਦਮੀ ਉਸ ਕੁੜੀ ਨਾਲ ਵਿਆਹ ਕਰਵਾਉਣ ਦਾ ਸੁਪਨਾ ਦੇਖਦਾ ਹੈ ਜਿਸ ਨੂੰ ਪਹਿਲਾਂ ਕਿਸੇ ਨੇ ਨਾ ਹੱਥ ਲਾਇਆ ਹੋਵੇ।

ਪਰ ਕਈ ਨਿਮੀ ਵਰਗੀਆਂ ਕੁੜੀਆਂ ਵੀ ਹੁੰਦੀਆਂ ਹਨ ਜੋ ਆਪਣੀ ਵਰਜਿਨਿਟੀ ਨੂੰ ਵਿਆਹ ਤੋਂ ਬਾਅਦ ਲਈ ਸਾਂਭ ਕੇ ਰੱਖਦੀਆਂ ਹਨ।

ਭਾਰਤ ਹੀ ਨਹੀਂ ਸਗੋਂ ਹੋਰ ਵੀ ਕਈ ਦੇਸ ਹਨ ਜੋ ਔਰਤ ਦੀ ਪੱਵਿਤਰਤਾ ਨੂੰ ਵਰਜਿਨਿਟੀ ਨਾਲ ਜੋੜਦੇ ਹਨ। ਭਾਰਤੀ ਫ਼ਿਲਮਾਂ ਵਿੱਚ ਵੀ ਬਲਾਤਕਾਰ ਹੋਣ 'ਤੇ, ਇਸ ਦੀ ਇਜ਼ਤ ਲੁੱਟ ਗਈ, ਇਸਦੇ ਪਤੀ ਜਾਂ ਪਿਤਾ ਦੀ ਇਜ਼ਤ ਖ਼ਤਮ ਹੋ ਗਈ ਵਰਗੇ ਸੰਵਾਦ ਵਰਤੇ ਜਾਂਦੇ ਹਨ।

ਵਰਜਿਨਿਟੀ ਕਿਸੇ ਇੱਕ ਵਰਗ ਦੇ ਲਈ ਨਹੀਂ ਸਗੋਂ ਕੋਈ ਵੀ ਹੋਵੇ, ਗਰੀਬ ਜਾਂ ਅਮੀਰ, ਪੇਂਡੂ ਜਾਂ ਸ਼ਹਿਰੀ ਸਾਰਿਆਂ ਲਈ ਜ਼ਰੂਰੀ ਸਮਝੀ ਜਾਂਦੀ ਹੈ।

ਫੇਮਿਨਿਜ਼ਮ ਇਨ ਇੰਡੀਆ ਦੀ ਸੰਸਥਾਪਕ ਜੇਪਲੀਨ ਪਸਰੀਚਾ, ਔਰਤਾਂ ਲਈ ਵਰਤੇ ਜਾਂਦੇ ਸ਼ਬਦ ‘ਡੀਫਲਾਵਰ’ ਦਾ ਉਦਾਹਰਨ ਦਿੰਦੇ ਹਨ। ਉਹ ਕਹਿੰਦੇ ਹਨ ਕਿ ਕੀ ਕੁੜੀਆਂ ਕੋਈ ਫੁੱਲ ਹਨ, ਜਿਨਾਂ ਨੂੰ ਕਿਸੇ ਨੇ ਛੋਹਿਆ ਜਾਂ ਸੈਕਸ ਕੀਤਾ ਤਾਂ ਉਹ ਮੁਰਝਾ ਜਾਣਗੀਆਂ।

ਉਹ ਕਹਿੰਦੇ ਹਨ, "ਭਾਰਤੀ ਸਮਾਜ ਵਿੱਚ ਜਦੋਂ ਕਿਸੇ ਕੁੜੀ ਦਾ ਵਿਆਹ ਹੋ ਰਿਹਾ ਹੁੰਦਾ ਹੈ ਤਾਂ ਉਸ ਦੀ ਵਰਜਿਨਿਟੀ 'ਤੇ ਕਿਉਂ ਜ਼ੋਰ ਦਿੱਤਾ ਜਾਂਦਾ ਹੈ। ਕੀ ਕਦੇ ਮੁੰਡੇ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਵਰਜਿਨ ਹੈ ਜਾਂ ਨਹੀਂ? ਕਈ ਇਲਾਕਿਆਂ ਵਿੱਚ ਵਿਆਹ ਤੋਂ ਬਾਅਦ ਬਾਹਰ ਚਾਦਰ ਵੀ ਦਿਖਾਈ ਜਾਂਦੀ ਹੈ। ਸਮਾਜ ਨੂੰ ਦੱਸਣ ਲਈ ਕਿ ਉਨ੍ਹਾਂ ਦੀ ਨੂੰਹ ਪਵਿੱਤਰ ਹੈ। ਇਹ ਅਫ਼ਰੀਕਾ ਦੇ ਸਮਾਜ ਵਿੱਚ ਵੀ ਹੁੰਦਾ ਹੈ।"

ਇਹ ਵੀ ਪੜ੍ਹੋ:

ਕੁੜੀਆਂ ਦਾ ਵਰਜਿਨਿਟੀ ਟੈਸਟ

ਮਹਾਰਾਸ਼ਟਰ ਦੇ ਕੰਜਰਬਾਟ ਭਾਈਚਾਰੇ ਵਿੱਚ ਕਈ ਸਦੀਆਂ ਤੋਂ ਕੁੜੀਆਂ ਵਰਜਿਨਿਟੀ ਟੈਸਟ ਦਿੰਦੀਆਂ ਆ ਰਹੀਆਂ ਹਨ।

ਉੱਥੇ ਵਿਆਹ ਦੀ ਪਹਿਲੀ ਰਾਤ ਚਿੱਟੇ ਰੰਗ ਦੀ ਚਦਰ ਵਿਛਾਈ ਜਾਂਦੀ ਹੈ ਤੇ ਅਗਲੀ ਸਵੇਰ ਉਸ ਦੀ ਜਾਂਚ ਕੀਤੀ ਜਾਂਦੀ ਹੈ।

ਇਸ ਭਾਈਚਾਰੇ ਦੇ ਲੋਕ ਜ਼ਿਆਦਾਤਰ ਛੋਟੀ ਉਮਰ ਵਿੱਚ ਹੀ ਆਪਣੀਆਂ ਕੁੜੀਆਂ ਦਾ ਵਿਆਹ ਕਰ ਦਿੰਦੇ ਹਨ।

ਬਾਜ਼ਾਰ ਦੀ ਸ਼ੁਰੂਆਤ

ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਤੇ ਮਨੀਪਾਲ ਯੂਨੀਵਰਸਿਟੀ ਦੀ ਪ੍ਰੋਫੈਸਰ ਜਾਗਰੀਤੀ ਗੰਗੋਪਾਧਿਆਏ ਦਾ ਕਹਿਣਾ ਹੈ, "ਪੂਰਾ ਦਬਾਅ ਔਰਤਾਂ ਉੱਤੇ ਹੀ ਹੈ। ਉਹ ਇੱਕ ਆਦਮੀ ਨਾਲ ਰਿਸ਼ਤਾ ਬਣਾਉਂਦੀ ਹੈ ਤੇ ਫਿਰ ਆਈਪਿਲ ਦੀ ਵਰਤੋਂ ਕਰਦੀ ਹੈ।"

"ਫਿਰ ਉਹ ਵਿਆਹ ਵੇਲੇ ਹਾਇਮਨੋਪਲਾਸਟੀ ਕਰਵਾਉਂਦੀਆਂ ਹਨ। ਉਹ ਆਪਣੇ ਪਤੀ ਦੇ ਨਾਲ ਉਸ ਦੇ ਪਰਿਵਾਰ ਦੀ ਵੀ ਜਾਇਦਾਦ ਬਣ ਜਾਂਦੀਆਂ ਹਨ। ਉਹ ਇਹ ਨਹੀਂ ਸਮਝ ਪਾਉਂਦੀਆਂ ਕਿ ਉਨ੍ਹਾਂ ਦੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ।"

ਉਹ ਮੰਨਦੇ ਹਨ ਕਿ ਇਸ ਤਰ੍ਹਾਂ ਦੀ ਸੋਚ ਨੇ ਇੱਕ ਬਾਜ਼ਾਰ ਵੀ ਤਿਆਰ ਕੀਤਾ ਹੈ ਜਿੱਥੇ ਵਜਾਇਨਲ ਬਲਡ ਤੇ ਕੈਪਸੂਲ ਵਿੱਕ ਰਹੇ ਹਨ।

ਹਾਇਮਨੋਪਲਾਸਟੀ ਤੋਂ ਇਲਾਵਾ ਵਜਾਇਨਾ ਨੂੰ ਸਾਫ਼ ਤੇ ਸੋਹਣਾ ਬਣਾਉਣ ਲਈ ਵੀ ਸਮਾਨ ਬਾਜ਼ਾਰਾਂ ਵਿੱਚ ਵਿਕ ਰਿਹਾ ਹੈ। ਇਸ ਲਈ ਕਈ ਤਰ੍ਹਾਂ ਦੇ ਓਪਰੇਸ਼ਨ ਵੀ ਕੀਤੇ ਜਾਂਦੇ ਹਨ। ਜਾਣਕਾਰ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਦੇਣ ਪੋਰਨ ਨੂੰ ਦੱਸਦੇ ਹਨ।

ਅਜਿਹਾ ਕੋਈ ਹੀ ਖੇਤਰ ਹੋਵੇਗਾ ਜਿੱਥੇ ਔਰਤਾਂ ਆਪਣਾ ਨਾਮ ਨਾ ਕਰ ਰਹੀਆਂ ਹੋਣ ਪਰ ਜਦੋਂ ਵਰਜਿਨਿਟੀ ਦੀ ਗੱਲ ਆਉਂਦੀ ਹੈ ਤਾਂ ਸਵਾਲ ਸਿਰਫ਼ ਔਰਤਾਂ ਨੂੰ ਹੀ ਕੀਤੇ ਜਾਂਦੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ:ਪਾਕਿਸਤਾਨ ਦੀ ਇਸ ਅਦਾਕਾਰਾ ਨੇ ਕਿਉਂ ਮੁੰਨਵਾਇਆ ਸਿਰ?

ਵੀਡੀਓ: ਦਿੱਲੀ : ਉਹ ਮੌਕੇ ਜਦੋਂ ਇਨਸਾਨੀਅਤ ਪਈ ਹਿੰਸਾ 'ਤੇ ਭਾਰੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)