You’re viewing a text-only version of this website that uses less data. View the main version of the website including all images and videos.
ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਨਹੀ ਹੋਣ ਦਿਆਂਗੇ: ਕੈਪਟਨ ਅਮਰਿੰਦਰ ਸਿੰਘ
“ਕਰਤਾਰਪੁਰ ਲਾਂਘਾਂ ਇੱਕ ਇਤਿਹਾਸਕ ਮੀਲ ਪੱਥਰ ਹੈ। ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ 9 ਨਵੰਬਰ, 2019 ਨੂੰ ਲਾਂਘਾ ਖੁੱਲ੍ਹਣਾ, ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਬਹੁਤ ਯਾਦਗਾਰੀ ਪਲ ਹਨ।”
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਪੰਜਾਬੀਆਂ ਦੀ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਦੀ ਚਿਰੋਕਣੀ ਖਾਹਿਸ਼ ਪੂਰੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਸੂਰਤ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਨਹੀਂ ਹੋਣ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਪਹਿਲਾਂ ਵੀ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਆਉਂਦੇ ਸਮੇਂ ਵੀ ਹਰ ਮੌਕੇ ਖੁੱਲ੍ਹਾ ਰਹੇਗਾ।
ਹਾਲ ਹੀ ਵਿੱਚ ਪੰਜਾਬ ਡੀਜੀਪੀ ਦਿਨਕਰ ਗੁਪਤਾ ਨੇ ਲਾਂਘੇ ਤੇ ਸਵਾਲ ਚੁੱਕੇ ਸਨ।
ਦਿ ਇੰਡਿਅਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਮੁਕਤ ਰਾਹ ਅੱਤਵਾਦ ਦੇ ਨਜ਼ਰੀਏ ਤੋਂ ਇੱਕ ਵੱਡੀ ਸੁਰੱਖਿਆ ਚੁਣੌਤੀ ਹੈ।
ਉਨ੍ਹਾਂ ਨੇ ਕਿਹਾ ਸੀ, "ਇਹ ਸੰਭਵ ਹੈ ਕਿ ਤੁਸੀਂ ਸਵੇਰ ਨੂੰ ਇੱਕ ਆਮ ਵਿਅਕਤੀ ਨੂੰ ਕਰਤਾਰਪੁਰ ਭੇਜੋ ਅਤੇ ਸ਼ਾਮ ਤੱਕ ਉਹ ਵਿਅਕਤੀ ਟਰੇਂਡ ਅੱਤਵਾਦੀ ਬਣ ਕੇ ਵਾਪਸ ਆ ਜਾਵੇਗਾ। ਤੁਸੀਂ ਛੇ ਘੰਟੇ ਉੱਥੇ ਹੋ, ਤੁਹਾਨੂੰ ਫਾਇਰਿੰਗ ਰੇਂਜ 'ਤੇ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।"
ਇਸ ਬਿਆਨ ਦੀ ਨਿੰਦਾ ਹੋਣ ਤੋਂ ਬਾਅਦ ਉਨ੍ਹਾਂ ਨੇ ਨੇ ਟਵੀਟ ਕਰਕੇ ਆਪਣੇ ਬਿਆਨ ਉੱਤੇ ਪਛਤਾਵਾ ਜ਼ਾਹਿਰ ਕੀਤਾ।
ਉਨ੍ਹਾਂ ਲਿਖਿਆ, ''ਜੇਕਰ ਮੇਰੇ ਬਿਆਨ ਕਾਰਨ ਮੇਰੇ ਸੂਬੇ ਦੇ ਲੋਕਾਂ ਨੂੰ ਦੁੱਖ ਪਹੁੰਚਿਆਂ ਹੈ ਤਾਂ ਮੈਨੂੰ ਪਛਤਾਵਾ ਹੈ। ਮੈਂ ਜਾਣਬੁੱਝ ਕੇ ਅਜਿਹਾ ਬਿਆਨ ਨਹੀਂ ਦਿੱਤਾ, ਮੈਂ ਸਿਰਫ ਪੰਜਾਬ ਹਰ ਨਾਗਰਿਕ ਲਈ ਸੁਰੱਖਿਅਤ ਅਤੇ ਸ਼ਾਂਤ ਮਾਹੌਲ ਦੀ ਤਾਂਘ ਰੱਖਦਾ ਹਾਂ।''
ਵੀਡੀਓ: ਡੀਜੀਪੀ ਦੇ ਕਰਤਾਰਪੁਰ ਲਾਂਘੇ ਬਾਰੇ ਬਿਆਨ ਤੋਂ ਬਾਅਦ ਕਿਸ ਨੇ ਕੀ ਕਿਹਾ?
ਕਰਤਾਰਪੁਰ ਦਾ ਲਾਂਘਾ ਚਿਰੋਕਣੀ ਮੰਗ
ਕਰਤਾਰਪੁਰ ਸਾਹਿਬ ਦਾ ਸੰਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇਥੇ ਖੇਤੀ ਕਰ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।
ਇਹ ਵੀ ਪੜ੍ਹੋ:
ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ 'ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤ ਸਮਾਏ ਸਨ।
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ-ਚੁੱਕ ਸਮਾਗਮ ਵਿੱਚ ਹਿੱਸਾ ਲੈਣ ਪਾਕਿਸਤਾਨ ਗਏ ਸਨ।
ਸਹੁੰ-ਚੁੱਕ ਸਮਾਗਮ ਵੇਲੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਪਾਉਣ ਵਾਲੀ ਤਸਵੀਰ ਭਾਰਤੀ ਅਤੇ ਪਾਕਿਸਤਾਨੀ ਮੀਡੀਆ 'ਤੇ ਦੇਖੀ ਗਈ।
ਭਾਰਤ ਵਿੱਚ ਨਵਜੋਤ ਸਿੰਘ ਸਿੱਧੂ ਦੀ ਕਾਫ਼ੀ ਆਲੋਚਨਾ ਹੋਈ ਅਤੇ ਕਈ ਲੋਕ ਉਨ੍ਹਾਂ ਦੇ ਹੱਕ ਵਿੱਚ ਨਜ਼ਰ ਆਏ ਸਨ।
ਹਾਲਾਂਕਿ ਇਸ ਦੇ ਜਵਾਬ ਵਜੋਂ ਸਿੱਧੂ ਨੇ 19 ਅਗਸਤ ਨੂੰ ਭਾਰਤ ਆ ਕੇ ਕਿਹਾ ਸੀ, "ਜਦੋਂ ਜਨਰਲ ਬਾਜਵਾ ਨੇ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਤਾਂ ਮੈਂ ਇਸ ਗੱਲ ਉੱਤੇ ਭਾਵੁਕ ਹੋ ਗਏ ਅਤੇ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਜੱਫੀ ਪਾ ਲਈ।"
ਆਖ਼ਰ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ 9 ਨਵੰਬਰ, 2019 ਨੂੰ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹ ਗਿਆ ਸੀ।
ਪਿਛਲੇ ਹਫ਼ਤੇ ਪੰਜਾਬ ਦੇ ਡੀਜੀਪੀ ਨੇ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਕਰਤਾਰਪੁਰ ਲਾਂਘੇ ਬਾਰੇ ਵਿਵਾਦਿਤ ਬਿਆਨ ਦੇ ਦਿੱਤਾ ਸੀ ਜਿਸ ਮਗਰੋਂ ਲਾਂਘਾ ਚਰਚਾ ਵਿੱਚ ਆਇਆ। ਡੀਜੀਪੀ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਅ ਗਈ ਤੇ ਜੱਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਇਸ ਬਾਰੇ ਰੱਖੀ।
ਇਹ ਵੀ ਪੜ੍ਹੋ:
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: 'ਨਹਿਰੂ ਦੀ ਲੀਡਰਸ਼ਿੱਪ 'ਚ ਅਜਿਹਾ ਭਾਰਤ ਕਦੇ ਨਾ ਹੁੰਦਾ ਜੋ ਅੱਜ ਨਜ਼ਰ ਆਉਂਦਾ ਹੈ'
ਵੀਡੀਓ: ‘ਪੰਜਾਬੀ ਦੀ ਬੇਇਜ਼ਤੀ, ਪੰਜਾਬੀ ਆਪ ਈ ਕਰਦੇ ਨੇ‘ ਪਰ ਕਿਵੇਂ