You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਚੀਨ 'ਚ MBBS ਕਰਨ ਕਿਉਂ ਜਾਂਦੇ ਨੇ ਹਰਿਆਣੇ ਦੇ ਮੁੰਡੇ-ਕੁੜੀਆਂ
- ਲੇਖਕ, ਪ੍ਰਭੂ ਦਿਆਲ
- ਰੋਲ, ਸਿਰਸਾ ਤੋਂ ਬੀਬੀਸੀ ਪੰਜਾਬੀ ਲਈ
ਚੀਨ 'ਚ ਕੋਰੋਨਾਵਾਇਰਸ ਫੈਲਣ ਮਗਰੋਂ ਚੀਨ ਗਏ ਜਾਂ ਚੀਨ ਦੇ ਰਾਹ ਤੋਂ ਹਰਿਆਣਾ ਦੇ 608 ਵਿਅਕਤੀ ਵਾਪਸ ਆਪਣੇ ਘਰਾਂ ਨੂੰ ਪਰਤ ਆਏ ਹਨ।
ਚੀਨ ਤੋਂ ਆਏ 18 ਜਣਿਆਂ ਨੂੰ ਜੁਕਾਮ ਬੁਖ਼ਾਰ ਹੋਣ ਕਾਰਨ ਉਨ੍ਹਾਂ ਦੇ ਖ਼ੂਨ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 17 ਵਿਅਕਤੀਆਂ ਦੀ ਖ਼ੂਨ ਦੀ ਰਿਪੋਰਟ ਆ ਗਈ ਹੈ। ਇਨ੍ਹਾਂ ਦੇ ਖ਼ੂਨ 'ਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਹਨ।
ਚੀਨ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਵਾਲੀ ਮੋਨਿਕਾ ਦੇ ਪਰਿਵਾਰ ਨੇ ਦੱਸਿਆ, 'ਮੇਰੀ ਭਤੀਜੀ ਮੋਨਿਕਾ ਚੀਨ ਦੇ ਵੁਹਾਨ ਸ਼ਹਿਰ ਵਿੱਚ ਪੜ੍ਹ ਰਹੀ ਹੈ। ਜਨਵਰੀ ਵਿੱਚ ਇੱਕ ਮਹੀਨੇ ਦੀ ਛੁੱਟੀ 'ਤੇ ਆਈ ਸੀ। 13 ਫਰਵਰੀ ਨੂੰ ਉਸ ਨੇ ਦੁਬਾਰਾ ਵਾਪਸ ਜਾਣਾ ਸੀ।''
''ਅਸੀਂ ਟਿਕਟ ਵੀ ਬੁੱਕ ਕਰਵਾ ਲਈ ਸੀ ਪਰ ਜਦੋਂ ਪਤਾ ਲੱਗਿਆ ਕਿ ਉੱਥੇ ਕੋਰੋਨਾਵਾਇਰਸ ਫੈਲਿਆ ਹੋਇਆ ਹੈ ਤਾਂ ਅਸੀਂ ਆਪਣੀ ਕੁੜੀ ਨੂੰ ਭੇਜਣ ਦੇ ਪ੍ਰੋਗਰਾਮ ਨੂੰ ਕੈਂਸਲ ਕਰ ਦਿੱਤਾ ਹੈ।''
''ਭਾਰਤ ਨਾਲੋਂ ਚੀਨ 'ਚ ਡਾਕਟਰੀ ਦੀ ਪੜ੍ਹਾਈ ਕਈ ਗੁਣਾ ਸਸਤੀ''
ਰਮੇਸ਼ ਕੁਮਾਰ ਬਾਂਗੜਵਾ ਪਿੰਡ ਫਤਿਹਪੁਰੀਆ ਨਿਆਮਤ ਖਾਂ ਦੇ ਸਰਪੰਚ ਹਨ ਤੇ ਖੇਤੀਬਾੜੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਫੋਨ ਰਾਹੀਂ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਤੋਂ ਕੋਰੋਨਾਵਾਇਰਸ ਦਾ ਪਤਾ ਲੱਗਿਆ ਹੈ।
ਰਮੇਸ਼ ਮੁਤਾਬਕ, ''ਇੰਡੀਆ ਵਿੱਚ ਕਈ ਮੈਡੀਕਲ ਕਾਲਜਾਂ ਵਿੱਚ ਐਡਮਿਸ਼ਨ ਦੇ ਲਈ ਚੱਕਰ ਵੀ ਕੱਟੇ ਪਰ ਕਿਤੇ ਦਾਖ਼ਲਾ ਨਹੀਂ ਹੋਇਆ। ਇੱਥੇ ਦਾਖ਼ਲਾ ਲੈਣਾ ਆਮ ਪਰਿਵਾਰ ਦੇ ਵੱਸ ਦੀ ਗੱਲ ਨਹੀਂ ਹੈ। ਇੰਡੀਆ ਨਾਲੋਂ ਚੀਨ ਵਿੱਚ ਡਾਕਟਰੀ ਦੀ ਪੜ੍ਹਾਈ ਸਸਤੀ ਹੈ।''
ਇਹ ਵੀ ਪੜ੍ਹੋ:
ਸਿਰਸਾ ਦੇ ਇੱਕ ਡਾਕਟਰ ਨੇ ਨਾਮ ਨਾ ਛਪਣ ਦੀ ਸ਼ਰਤ 'ਤੇ ਦੱਸਿਆ ਕਿ ਬਹੁਤ ਸਾਰੇ ਲੋਕ ਵਿਦੇਸ਼ 'ਚੋਂ ਐੱਮਬੀਬੀਐੱਸ ਕਰ ਕੇ ਆਉਂਦੇ ਹਨ। ਜਿਹੜੇ ਐੱਮਬੀਬੀਐੱਸ ਕਰਨ ਵਾਲੇ ਲੋਕਾਂ ਦਾ ਇੱਥੇ ਦਾਖ਼ਲਾ ਨਹੀਂ ਹੁੰਦਾ, ਉਹ ਚੀਨ ਤੇ ਹੋਰ ਕਈ ਦੇਸ਼ਾਂ ਤੋਂ ਪੜ੍ਹਾਈ ਕਰਕੇ ਆਏ ਹਨ ਤੇ ਕਈ ਅਜੇ ਵੀ ਕਰ ਰਹੇ ਹਨ।
ਉਨ੍ਹਾਂ ਮੁਤਾਬਕ ਜਿਹੜੇ ਇੱਥੇ ਪਹਿਲਾਂ ਡਾਕਟਰੀ ਦਾ ਕੰਮ ਚਲਾ ਰਹੇ ਹਨ, ਉਨ੍ਹਾਂ 'ਚੋਂ ਕਈ ਡਾਕਟਰਾਂ ਦੇ ਧੀ-ਪੁੱਤਰ ਵਿਦੇਸ਼ ਤੋਂ ਪੜ੍ਹ ਕੇ ਆਉਂਦੇ ਹਨ ਅਤੇ ਭਾਰਤ ਆ ਕੇ ਉਨ੍ਹਾਂ ਨੂੰ ਬਣਿਆ ਬਣਾਇਆ ਹਸਪਤਾਲ ਮਿਲ ਜਾਂਦਾ ਹੈ ਤੇ ਉਨ੍ਹਾਂ ਦਾ ਚੰਗਾ ਕੰਮ ਚਲ ਜਾਂਦਾ ਹੈ।
ਡਿਪਟੀ CMO ਕੀ ਕਹਿੰਦੇ?
ਸਿਰਸਾ ਡਿਪਟੀ ਸੀਐਮਓ ਡਾ.ਵੀਰੇਸ਼ ਭੂਸ਼ਨ ਨੇ ਦੱਸਿਆ ਹੈ ਕਿ ਚੀਨ ਵਿੱਚ ਕੋਰੋਨਾਵਾਇਰਸ ਫੈਲਣ ਮਗਰੋਂ ਸਿਰਸਾ ਵਿੱਚ ਚੀਨ ਜਾਂ ਵਾਇਆ ਚੀਨ ਤੋਂ 32 ਲੋਕ ਆਏ ਹਨ। ਸਾਰਿਆਂ ਦੀ ਪਛਾਣ ਕਰ ਲਈ ਗਈ ਹੈ। ਕਿਸੇ 'ਚ ਵੀ ਕੋਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਹਨ।
ਉਨ੍ਹਾਂ ਦੱਸਿਆ ਕਿ ਜਿਹੜੇ ਚੀਨ ਜਾਂ ਵਾਇਆ ਚੀਨ ਤੋਂ ਸਿਰਸਾ 32 ਜਣੇ ਆਏ ਹਨ ਉਨ੍ਹਾਂ 'ਚੋਂ 10 ਜਣੇ ਉੱਥੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ। ਦੂਜੇ ਲੋਕ ਜਾਂ ਤਾਂ ਵਾਇਆ ਚੀਨ ਹੋ ਕੇ ਆਏ ਹਨ ਜਾਂ ਉੱਥੇ ਹੋਰ ਕਾਰੋਬਾਰ ਕਰਨ ਦੇ ਸਿਲਸਿਲੇ ਵਿੱਚ ਗਏ ਹੋਏ ਸਨ।
ਸਿਹਤ ਵਿਭਾਗ ਕਹਿੰਦਾ ਹੈ...
ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੂਰਜਭਾਨ ਕੰਬੋਜ ਨੇ ਦੱਸਿਆ ਹੈ ਕਿ ਚੀਨ ਜਾਂ ਵਾਇਆ ਚੀਨ ਤੋਂ ਹਰਿਆਣਾ ਵਿੱਚ ਹੁਣ ਤੱਕ 608 ਵਿਅਕਤੀ ਆਏ ਹਨ। ਇਨ੍ਹਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੈ।
ਡਾ. ਕੰਬੋਜ ਮੁਤਾਬਕ ਚੀਨ ਜਾਂ ਵਾਇਆ ਚੀਨ ਤੋਂ ਆਏ ਲੋਕਾਂ ਚੋਂ 18 ਜਣੇ ਕੋਰੋਨਾਵਾਇਰਸ ਸ਼ੱਕੀ ਮਿਲੇ ਸਨ। ਇਨ੍ਹਾਂ ਸਾਰਿਆਂ ਦੇ ਖ਼ੂਨ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ।
17 ਵਿਅਕਤੀਆਂ ਦੀ ਖ਼ੂਨ ਦੀ ਜਾਂਚ ਆ ਗਈ ਹੈ। ਸਾਰਿਆਂ ਦੀ ਖ਼ੂਨ ਦੀ ਜਾਂਚ ਨੇਗੇਟਿਵ ਆਈ ਹੈ। ਕਿਸੇ ਵਿੱਚ ਵੀ ਕੋਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਹਨ। ਇਕ ਵਿਅਕਤੀ ਦੀ ਰਿਪੋਰਟ ਆਉਣੀ ਬਾਕੀ ਹੈ।
ਇਹ ਵੀਡੀਓਜ਼ ਵੀ ਦੇਖੋ: