You’re viewing a text-only version of this website that uses less data. View the main version of the website including all images and videos.
ਪੁਲਵਾਮਾ ਹਮਲੇ 'ਚ ਮਾਰੇ ਗਏ ਜਵਾਨ ਸੁਖਜਿੰਦਰ ਸਿੰਘ ਦੀ ਪਤਨੀ : 'ਮੈਨੂੰ ਚਪੜਾਸੀ ਦੀ ਨੌਕਰੀ ਦੀ ਪੇਸ਼ਕਸ਼ ਕੀਤੀ'
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
"ਦੇਸ ਲਈ ਮੇਰਾ ਭਰਾ ਸ਼ਾਹੀਦ ਹੈ ਪਰ ਸਾਡੇ ਲਈ ਉਹ ਮਰ ਚੁੱਕਿਆ ਹੈ, ਹਮੇਸ਼ਾ ਲਈ ਜਾ ਚੁੱਕਿਆ ਹੈ। ਮੈਂ ਸਾਫ਼ ਸ਼ਬਦਾਂ ਵਿੱਚ ਕਹਿੰਦਾ ਹਾਂ ਕਿ ਸਰਕਾਰ ਸਾਡੇ ਜਵਾਨਾਂ ਨੂੰ ਮਰਵਾ ਰਹੀ ਹੈ।"
ਇਹ ਸ਼ਬਦ ਸੁਖਜਿੰਦਰ ਸਿੰਘ ਦੇ ਵੱਡੇ ਭਰਾ ਗੁਰਜੰਟ ਸਿੰਘ ਦੇ ਹਨ। ਸੁਖਜਿੰਦਰ ਸਿੰਘ ਉਨ੍ਹਾਂ 40 ਸੀਆਰਪੀਐਫ਼ ਜਵਾਨਾਂ ਵਿੱਚੋਂ ਇੱਕ ਸੀ ਜੋ ਪਿਛਲੇ ਸਾਲ 14 ਫਰਵਰੀ ਨੂੰ ਪੁਲਵਾਮਾ ਵਿੱਚ ਹੋਏ ਹਮਲੇ ਦੌਰਾਨ ਮਾਰੇ ਗਏ ਸਨ।
ਅੱਜ ਸੁਖਜਿੰਦਰ ਦੀ ਮੌਤ ਤੋਂ ਇੱਕ ਸਾਲ ਬਾਅਦ ਵੀ ਉਨ੍ਹਾਂ ਦਾ ਪਰਿਵਾਰ ਉਸ ਮੁਆਵਜ਼ੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ, ਜਿਸ ਦਾ ਐਲਾਨ ਪੁਲਾਵਾਮਾ ਹਮਲੇ ਤੋਂ ਬਾਅਦ ਹੋਇਆ ਸੀ।
ਸੁਖਜਿੰਦਰ ਦੇ ਭਰਾ ਗੁਰਜੰਟ ਸਿੰਘ ਨੇ ਸਰਕਾਰ 'ਤੇ ਕਈ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਨੇ ਪੁੱਛਿਆ ਕਿ ਪੁਲਵਾਮਾ ਹਮਲੇ ਦੇ ਪਿੱਛੇ ਕੌਣ ਸੀ। ਉਨ੍ਹਾਂ ਨੇ ਪੁੱਛਿਆ ਕਿ ਹਮਲਾ ਕਿਸਨੇ ਕਰਵਾਇਆ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਭਰਾ ਨੂੰ ਗਵਾ ਦਿੱਤਾ।
ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਸੰਘਰਸ਼ ਉਸੇ ਦਿਨ ਸ਼ੁਰੂ ਹੋ ਗਿਆ ਸੀ ਜਦੋਂ ਉਨ੍ਹਾਂ ਨੂੰ ਧਮਾਕੇ ਵਿੱਚ ਸੁਖਜਿੰਦਰ ਦੀ ਮੌਤ ਦੀ ਖ਼ਬਰ ਮਿਲੀ ਸੀ।
ਇਹ ਵੀ ਪੜ੍ਹੋ:
ਪਰਿਵਾਰ ਦੀ ਮਾਲੀ ਹਾਲਤ
ਸੁਖਜਿੰਦਰ ਸਿੰਘ ਦਾ ਪਰਿਵਾਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਧਤਾਲ ਵਿੱਚ ਰਹਿੰਦਾ ਹੈ। ਪਰਿਵਾਰ ਕੋਲ ਤਕਰੀਬਨ ਤਿੰਨ ਏਕੜ ਜ਼ਮੀਨ ਹੈ।
ਪਰਿਵਾਰ ਦਾ ਦਾਅਵਾ ਹੈ ਕਿ ਸੂਬਾ ਸਰਕਾਰ ਨੇ ਉਨ੍ਹਾਂ ਨੂੰ 12 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਸਿਰਫ਼ ਪੰਜ ਲੱਖ ਰੁਪਏ ਮਿਲੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਉਹ ਪੁਲਵਾਮਾ ਹਮਲੇ ਵਿੱਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਨੂੰ 12 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਗੇ।
ਸੁਖਜਿੰਦਰ ਦੀ ਪਤਨੀ ਸਰਬਜੀਤ ਕੌਰ ਆਪਣੇ ਪੇਕੇ ਘਰ ਵਿੱਚ ਜ਼ਿਆਦਾ ਸਮਾਂ ਰਹਿੰਦੀ ਹੈ ਪਰ ਉਹ ਹਫ਼ਤੇ ਦੇ ਅਖੀਰ ਵਿੱਚ ਸਹੁਰੇ ਘਰ ਜ਼ਰੂਰ ਆਉਂਦੀ ਹੈ।
ਵਾਅਦਾ ਖਿਲਾਫ਼ੀ ਦਾ ਇਲਜ਼ਾਮ
ਸਰਬਜੀਤ ਕੌਰ ਦਾ ਕਹਿਣਾ ਹੈ, "ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਵਿੱਤੀ ਮਦਦ ਤੋਂ ਇਲਾਵਾ ਮੈਨੂੰ ਨੌਕਰੀ ਦੇਣਗੇ। ਇਸ ਸਮੇਂ ਮੇਰਾ ਪੁੱਤਰ ਸਿਰਫ਼ ਡੇਢ ਸਾਲ ਦਾ ਹੈ ਅਤੇ ਉਨ੍ਹਾਂ ਨੇ ਮੈਨੂੰ ਚਪੜਾਸੀ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ ਜਦਕਿ ਮੈਂ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਲਈ ਬੇਨਤੀ ਕੀਤੀ ਸੀ।"
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਰਬਜੀਤ ਕੌਰ ਮੁਤਾਬਕ ਉਨ੍ਹਾਂ ਨੇ ਪੜ੍ਹਾਈ 12ਵੀਂ ਤੱਕ ਹੀ ਕੀਤੀ ਹੈ। ਇਸ ਬਾਰੇ ਅਧਿਕਾਰੀ ਕਹਿੰਦੇ ਹਨ ਕਿ "ਬਿਹਤਰ ਨੌਕਰੀ" ਦੀ ਮੰਗ ਦਾ ਮਾਮਲਾ "ਪਾਈਪਲਾਈਨ" ਵਿੱਚ ਹੈ।
ਸਰਬਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਜਵਾਨਾਂ ਦੀ ਮੌਤ ਦੀ ਖ਼ਬਰ ਸੁਣਨ ਨੂੰ ਮਿਲਦੀ ਹੈ।
ਸੁਖਜਿੰਦਰ ਦਾ ਭਰਾ ਗੁਰਜੰਟ ਸਿੰਘ ਪੁੱਛਦੇ ਹਨ, "ਇਹ ਕਦੋਂ ਤੱਕ ਚੱਲੇਗਾ?"
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸੁਖਜਿੰਦਰ ਦੀ ਮਾਂ ਰੋਜ਼ਾਨਾ ਵਿਹੜੇ ਵਿੱਚ ਆਪਣੇ ਪੁੱਤਰ ਦੀ ਤਸਵੀਰ ਲੈ ਕੇ ਬੈਠਦੀ ਹੈ। ਸੁਖਜਿੰਦਰ ਦੇ ਪਿਤਾ ਗੁਰਮੇਜ ਸਿੰਘ ਪਿੰਡ ਵਿੱਚ ਖੇਤੀਬਾੜੀ ਤੋਂ ਇਲਾਵਾ ਦੁੱਧ ਵੇਚਣ ਦਾ ਕੰਮ ਕਰਦੇ ਹਨ।
ਉਹ ਕਹਿੰਦੇ ਹਨ, "ਸਾਡੇ ਕੋਲ ਬਹੁਤ ਘੱਟ ਜ਼ਮੀਨ ਹੈ, ਜਿਸ ਨਾਲ ਸਾਡਾ ਥੋੜ੍ਹਾ-ਬਹੁਤ ਗੁਜ਼ਾਰਾ ਹੋ ਜਾਂਦਾ ਹੈ ਪਰ ਸੁਖਜਿੰਦਰ ਪੂਰੇ ਘਰ ਦੇ ਖਰਚਿਆਂ ਨੂੰ ਚਲਾਉਣ ਵਿੱਚ ਸਾਡੀ ਬਹੁਤ ਮਦਦ ਕਰਦਾ ਸੀ।"
ਇਹ ਵੀ ਪੜ੍ਹੋ:
ਗੁਰਮੇਜ ਸਿੰਘ ਦੁਖੀ ਹੋ ਕੇ ਕਹਿੰਦੇ ਹਨ, "ਮੇਰੇ ਉੱਤੇ ਅਜੇ ਵੀ ਢਾਈ ਲੱਖ ਰੁਪਏ ਦਾ ਬੈਂਕ ਕਰਜ਼ਾ ਹੈ ਅਤੇ ਕੁਝ ਸ਼ਾਹੂਕਾਰਾਂ ਤੋਂ ਵੀ ਪੈਸੇ ਉਧਾਰ ਲਏ ਸਨ। ਮੈਂ ਉਨ੍ਹਾਂ ਤੋਂ ਖੇਤੀ ਲਈ ਕੁਝ ਕਰਜ਼ਾ ਲਿਆ ਸੀ। ਮੈਨੂੰ ਉਮੀਦ ਸੀ ਕਿ ਸਰਕਾਰ ਮੇਰਾ ਬੈਂਕ ਕਰਜ਼ਾ ਮਾਫ਼ ਕਰ ਦੇਵੇਗੀ ਪਰ ਅਜਿਹਾ ਨਹੀਂ ਹੋਇਆ।"
ਸੁਖਜਿੰਦਰ ਦੇ ਪਰਿਵਾਰ ਦੇ ਇਲਜ਼ਾਮਾਂ ਬਾਰੇ ਪੁੱਛੇ ਜਾਣ 'ਤੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਕਿਹਾ, "ਉਨ੍ਹਾਂ ਨੂੰ ਪਹਿਲਾਂ ਹੀ ਪੰਜ ਲੱਖ ਰੁਪਏ ਦਿੱਤੇ ਜਾ ਚੁੱਕੇ ਹਨ। ਬਾਕੀ ਸੱਤ ਲੱਖ ਰੁਪਏ ਵੀ ਜਲਦੀ ਦਿੱਤੇ ਜਾਣਗੇ ਅਤੇ ਇਸ ਲਈ ਸਬੰਧਤ ਵਿਭਾਗ ਨੂੰ ਪਹਿਲਾਂ ਹੀ ਸਿਫਾਰਸ਼ ਕੀਤੀ ਜਾ ਚੁੱਕੀ ਹੈ।"
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡਿਓ: ਐੱਨਆਰਆਈ ਨਾਲ ਵਿਆਹ ਤੇ ਫਿਰ ਤੋੜ-ਵਿਛੋੜਾ
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ