You’re viewing a text-only version of this website that uses less data. View the main version of the website including all images and videos.
ਸਮੁੰਦਰੀ ਬੇੜੇ 'ਚ ਸਵਾਰ 41 ਯਾਤਰੀਆਂ ’ਚ ਨਿਕਲਿਆ ਕੋਰੋਨਾਵਾਇਰਸ
ਸਿਹਤ ਅਧਿਕਾਰੀਆਂ ਮੁਤਾਬ਼ਕ, ਜਪਾਨੀ ਬੰਦਰਗਾਹ ਯੋਕੋਹਾਮਾ ਵਿੱਚ ਖੜ੍ਹੀ ਇੱਕ ਕਰੂਜ਼ਸ਼ਿਪ ਦੀਆਂ ਘੱਟੋ-ਘੱਟ 41 ਸਵਾਰੀਆਂ ਦੇ ਕੋਰੋਨਾਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਡਾਇਮੰਡ ਪ੍ਰਿੰਸਿਜ਼ ਨਾਮਕ ਇਸ ਜਹਾਜ਼ ਦੀਆਂ 3,700 ਸਵਾਰੀਆਂ ਵਿੱਚੋਂ ਸਕਰੀਨਿੰਗ ਕੀਤੀ ਗਈ। ਜਾਂਚ ਪੂਰੀ ਹੋਣ ਤੋਂ ਬਾਅਦ ਗ੍ਰਸਤ ਲੋਕਾਂ ਦੀ ਸੰਖਿਆ ਵੱਧ ਸਕਦੀ ਹੈ।
ਜਹਾਜ਼ ਦੇ ਯਾਤਰੀਆਂ ਦੀ ਜਾਂਚ ਪਿਛਲੇ ਮਹੀਨੇ ਹਾਂਗ-ਕਾਂਗ ਦੇ ਇੱਕ 80 ਸਾਲਾ ਯਾਤਰੀ ਦੇ ਵਾਇਰਸ ਕਾਰਨ ਬਿਮਾਰ ਪੈਣ ਪਿੱਛੋਂ ਸ਼ੁਰੂ ਕੀਤੀ ਗਈ।
ਜਪਾਨ ਦੇ ਸਰਕਾਰੀ ਟੀਵੀ ਚੈਨਲ ਐੱਨਐੱਚਕੇ ਮੁਤਾਬਕ ਇਨ੍ਹਾਂ ਵਿੱਚੋਂ ਲਗਭਗ ਅੱਧੇ ਕੇਸ 50 ਸਾਲ ਤੋਂ ਵਡੇਰੀ ਉਮਰ ਦੇ ਹਨ।
ਜਪਾਨ ਦੇ ਸਿਹਤ ਮੰਤਰੀ ਕਾਟਸੁਨਬੂ ਕਾਟੋ ਨੇ ਦੱਸਿਆ ਕਿ ਪੁਸ਼ਟੀ ਕੀਤੇ ਗਏ ਮਾਮਲੇ, ਉਨ੍ਹਾਂ 31 ਜਣਿਆਂ ਵਿੱਚੋਂ ਹਨ, ਜਿਨ੍ਹਾਂ ਦੇ ਨਤੀਜੇ, ਜਾਂਚੇ ਗਏ 273 ਜਣਿਆਂ ਵਿੱਚੋਂ ਆਏ ਹਨ।
ਬੁੱਧਵਾਰ ਨੂੰ ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ,"ਜਿਨ੍ਹਾਂ ਦੇ ਨਤੀਜੇ ਪੌਜ਼ਟਿਵ ਆਏ ਹਨ, ਉਨ੍ਹਾਂ ਨੂੰ ਅਸੀਂ ਜਹਾਜ਼ ਤੋਂ ਉਤਰਵਾ ਦਿੱਤਾ ਹੈ...ਉਨ੍ਹਾਂ ਨੂੰ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਹੈ।"
ਇਹ ਵੀ ਪੜ੍ਹੋ
ਹਾਂਗ-ਕਾਂਗ ਦੇ ਇੱਕ ਵਿਅਕਤੀ ਨੂੰ ਵਾਇਰਸ ਦਾ ਵਾਹਕ ਮੰਨਿਆ ਜਾ ਰਿਹਾ ਹੈ। ਜੋ 20 ਜਨਵਰੀ ਨੂੰ ਯੋਕਾਹੋਮਾ ਤੋਂ ਹੀ ਜਹਾਜ਼ 'ਤੇ ਸਵਾਰ ਹੋਇਆ ਸੀ। ਉਸ ਨੂੰ 25 ਤਰੀਕ ਨੂੰ ਲਾਹ ਦਿੱਤਾ ਗਿਆ।
ਅਧਿਕਾਰੀਆਂ ਨੇ ਸੋਮਵਾਰ ਰਾਤੀਂ ਯਾਤਰੀਆਂ ਦੀ ਜਾਂਚ ਸ਼ੁਰੂ ਕੀਤੀ ਤੇ ਮੰਗਲਵਾਰ ਨੂੰ ਜਹਾਜ਼ ਵੱਖਰਾ ਕਰ ਦਿੱਤਾ ਗਿਆ।
ਸਵਾਰੀਆਂ ਦਾ ਹੁਣ ਕੀ ਬਣੇਗਾ?
ਸਵਾਰੀਆਂ ਤੇ ਕਰਿਊ ਨੂੰ 14 ਦਿਨਾਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ। ਵਾਇਰਸ ਦੋ ਹਫ਼ਤਿਆਂ ਦੇ ਸਮੇਂ ਵਿੱਚ ਪੂਰੀ ਤਰ੍ਹਾਂ ਸਾਹਮਣੇ ਆਉਂਦਾ ਹੈ।
ਇੱਕ ਬ੍ਰਿਟਿਸ਼ ਨਾਗਰਿਕ ਨੇ ਏਐੱਫ਼ਪੀ ਖ਼ਬਰ ਏਜੰਸੀ ਨੂੰ ਦੱਸਿਆ, "ਸਾਨੂੰ ਅਧਿਕਾਰਤ ਤੌਰ 'ਤੇ ਵੱਖਰੇ ਕਰ ਦਿੱਤਾ ਗਿਆ ਹੈ। ਅਸੀਂ ਜਹਾਜ਼ ਵਿੱਚ ਹੀ ਆਪਣੇ ਕੈਬਨਾਂ ’ਚ ਰਹਾਂਗੇ।"
ਡਾਇਮੰਡ ਪ੍ਰਿੰਸਿਜ਼ ਕਰੂਜ਼ ਜਹਾਜ਼ ਬ੍ਰਿਟਿਸ਼-ਅਮਰੀਕੀ ਜਹਾਜ਼ਰਾਨੀ ਕੰਪਨੀ ਕਾਰਨੀਵਲ ਕੌਰਪੋਰੇਸ਼ਨ ਦੀ ਮਾਲਕੀ ਵਾਲੇ ਫਲੀਟ ਪ੍ਰਿੰਸਿਜ਼ ਕਰੂਜ਼ ਲਾਈਨ ਦਾ ਇੱਕ ਜਹਾਜ਼ ਹੈ।
ਇਸ ਜਹਾਜ਼ ਦੇ ਮਰੀਜ਼ਾਂ ਤੋਂ ਇਲਾਵਾ ਜਪਾਨ ਵਿੱਚ ਵਾਇਰਸ ਦੇ 20 ਹੋਰ ਮਰੀਜ਼ਾਂ ਦੀ ਵੀ ਪੁਸ਼ਟੀ ਹੋਈ ਹੈ।
ਇਸ ਤੋਂ ਇਲਾਵਾ ਬੁੱਧਵਾਰ ਨੂੰ ਹਾਂਗ-ਕਾਂਗ ਦੀ ਬੰਦਰਗਾਹ ਵਿੱਚ ਖੜ੍ਹੇ 1800 ਮੁਸਾਫ਼ਰਾਂ ਵਾਲੇ ਇੱਕ ਜਹਾਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਜਹਾਜ਼ 'ਤੇ ਤਿੰਨ ਚੀਨੀ ਨਾਗਰਿਕਾਂ ਨੇ ਵੀ ਸਮਾਂ ਬਿਤਾਇਆ ਸੀ। ਜਹਾਜ਼ ਤੋਂ ਉਤਰਨ ਤੋਂ ਬਾਅਦ ਉਨ੍ਹਾਂ ਦੀ ਕੋਰੋਨਾਵਾਇਰਸ ਦੀ ਪੁਸ਼ਟੀ ਹੋ ਗਈ।
ਪੀੜਿਤ ਵਿਅਕਤੀ ਜਨਵਰੀ 19 ਤੋਂ 24 ਦੌਰਾਨ ਜਹਾਜ਼ ’ਤੇ ਸਨ। ਹਾਂਗ-ਕਾਂਗ ਦੇ ਸਿਹਤ ਵਿਭਾਗ ਦੇ ਅਫ਼ਸਰਾਂ ਮੁਤਾਬਕ ਜਹਾਜ਼ ਦੀਆਂ ਸਵਾਰੀਆਂ ਵਿੱਚੋਂ ਕੋਈ ਵੀ ਇਨ੍ਹਾਂ ਦੇ ਸੰਪਰਕ ਵਿੱਚ ਨਹੀਂ ਆਇਆ ਸੀ।
ਜਹਾਜ਼ ਦੇ ਅਮਲੇ ਵਿੱਚੋਂ ਲਗਭਗ 30 ਜਣਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਇਰਸ ਦੇ ਲੱਛਣ ਹਨ।
ਪਿਛਲੇ ਹਫ਼ਤੇ ਇਟਲੀ ਦੇ ਬੰਦਰਗਾਹ ’ਤੇ ਇੱਕ 6,000 ਯਾਤਰੀਆਂ ਵਾਲੇ ਸਮੁੰਦਰੀ ਜਹਾਜ਼ ਨੂੰ ਵੱਖਰਿਆਂ ਕਰਕੇ ਦੂਜਿਆਂ ਤੋਂ ਸੰਪਰਕ ਤੋੜ ਦਿੱਤਾ ਗਿਆ ਸੀ।
ਇਸ ਜਹਾਜ਼ ਦੀਆਂ ਸਵਾਰੀਆਂ ਦੇ ਟੈਸਟ ਦੇ ਨਤੀਜੇ ਨੈਗਟਿਵ ਆਏ ਸਨ।