ਕੋਰੋਨਾਵਾਇਰਸ: ਚੀਨ ਤੋਂ ਆਏ ਹਰਿਆਣਾ ਦੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ

ਚੀਨ ਤੋਂ ਆਏ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੀ ਕੋਰੋਨਾਵਾਇਰਸ ਲਈ ਸਕਰੀਨਿੰਗ ਕੀਤੀ ਗਈ ਹੈ।

ਪੰਜਾਬ ਦੇ ਫਰੀਦਕੋਟ ਵਿੱਚ ਇੱਕ ਸ਼ਖ਼ਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।

ਉੱਥੇ ਹੀ ਹਰਿਆਣਾ ਵਿੱਚ ਚੀਨ ਤੋਂ ਆਏ 24 ਵਿੱਚੋਂ 22 ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ 14 ਦਿਨਾਂ ਲਈ ਆਪਣੇ ਘਰ ਦੇ ਅੰਦਰ ਰਹਿਣ ਨੂੰ ਕਿਹਾ ਗਿਆ ਹੈ।

ਫਰੀਦਕੋਟ ਦਾ ਮਾਮਲਾ

ਫਰੀਦਕੋਟ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੇ ਦੱਸਿਆ ਕਿ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਇੱਕ ਚਿੱਠੀ ਮੁਤਾਬਕ ਕੈਨੇਡਾ ਤੋਂ ਵਾਇਆ ਚੀਨ ਪਰਤੇ ਇੱਕ ਸ਼ਹਿਰ ਵਾਸੀ ਨੇ ਸਿਵਲ ਸਰਜਨ ਕੋਲ ਸਾਹ ਲੈਣ ਵਿੱਚ ਦਿੱਕਤ ਦੀ ਸ਼ਿਕਾਇਤ ਕੀਤੀ ਸੀ।

ਅਹਿਤਿਆਤ ਵਜੋਂ ਇਸ ਵਿਅਕਤੀ ਨੂੰ ਵੀ ਜਾਂਚ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕਿ ਉਸ ਦੇ ਖੂਨ ਅਤੇ ਹੋਰ ਸੈਂਪਲ ਲਏ ਗਏ ਹਨ ਤੇ ਜਾਂਚ ਜਾਰੀ ਹੈ। ਉਸ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਸੀ।

ਚਿੱਠੀ ਮੁਤਾਬਕ ਮਰੀਜ਼ ਗੁਰਜਿੰਦਰ ਸੰਧੂ (38) ਨੇ ਆਈਸੋਲੇਸ਼ਨ ਵਿੱਚ ਰਹਿਣ ਤੋਂ ਉਜਰ ਕੀਤਾ।

ਵੀਡੀਓ: ਕੋਰੋਨਾਵਾਅਇਰਸ ਦੇ ਲੱਛਣ ਤੇ ਪਛਾਣ

ਪੁਲਿਸ ਨੂੰ ਇਸ ਦਿਸ਼ਾ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ ਅਤੇ ਮਰੀਜ਼ ਵੱਲੋਂ ਕਿਸੇ ਕਿਸਮ ਦਾ ਵਿਰੋਧ ਕੀਤੇ ਜਾਣ 'ਤੇ ਗ੍ਰਿਫ਼ਤਾਰ ਕਰਕੇ ਪੁਲਿਸ ਦੇ ਪਹਿਰੇ ਹੇਠ ਆਈਸੋਲੇਸ਼ਨ ਵਾਰਡ ਵਿੱਚ ਰੱਖਣ ਦੀਆਂ ਹਦਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹੇ ਦਾ ਇੱਕ ਵਸਨੀਕ ਕੈਨੇਡਾ ਤੋਂ ਭਾਰਤ ਆਇਆ ਤੇ 9 ਘੰਟੇ ਸ਼ੰਘਾਈ ਵਿਖੇ ਰੁਕਿਆ ਸੀ। ਉਨ੍ਹਾਂ ਨੇ ਕਿਹਾ ਕਿ ਚੀਨ ਵਿੱਚ ਕਰੋਨਾ ਬਿਮਾਰੀ ਫੈਲੀ ਹੋਈ ਹੈ।

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਇਹ ਵਿਅਕਤੀ ਅੱਜ ਆਪਣੀ ਜਾਂਚ ਲਈ ਇੱਥੇ ਦਾਖਲ ਹੋਇਆ ਹੈ ਤੇ ਉਨ੍ਹਾਂ ਕਿਹਾ ਕਿ ਵਿਅਕਤੀ ਦੀ ਅਹਿਤਿਆਤ ਵਜੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਪ੍ਰਤੀ ਘਬਰਾਉਣ ਦੀ ਜ਼ਰੂਰਤ ਨਹੀਂ।

ਅਜਿਹਾ ਪੰਜਾਬ ਤੇ ਭਾਰਤ ਸਰਕਾਰ ਦੇ ਅਦੇਸ਼ਾਂ 'ਤੇ ਕੀਤਾ ਜਾ ਰਿਹਾ ਹੈ। ਜਾਂਚ ਰਿਪੋਰਟ ਆਉਣ ਉਪਰੰਤ ਹੀ ਮਰੀਜ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ।

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

ਹਰਿਆਣਾ ਵਿੱਚ ਆਈਸੋਲੇਸ਼ਨ ਵਾਰਡ

ਸਿਰਸਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਭੂ ਦਿਆਲ ਨੇ ਦੱਸਿਆ ਕਿ ਸਿਰਸਾ ਦੇ ਚੀਫ ਮੈਡੀਕਲ ਅਫ਼ਸਰ ਡਾ. ਵਿਰੇਸ਼ ਭੂਸ਼ਣ ਨੇ ਕਿਹਾ ਕਿ ਤਿੰਨ ਆਈਸੋਲੇਸ਼ਨ ਵਾਰਡ (ਐਮਨਾਬਾਦ, ਡੱਬਵਾਲੀ ਤੇ ਸਿਰਸਾ) ਬਣਾਏ ਗਏ ਹਨ।

ਆਐੱਮਏ ਨੇ ਵੀ ਨੌਂ ਹਸਪਤਾਲਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿੱਥੇ ਉਹ ਆਪਣੇ ਆਈਸੋਲੇਸ਼ਨ ਵਾਰਡ ਤਿਆਰ ਕਰਨਗੇ।

ਏਅਰਪੋਰਟ ਅਥੌਰਟੀ ਵੱਲੋਂ 26 ਅਜਿਹੇ ਲੋਕਾਂ ਦੀ ਸੂਚੀ ਭੇਜੀ ਗਈ ਸੀ ਜਿਨ੍ਹਾਂ ਨੇ ਸਿਰਸਾ ਦਾ ਪਤਾ ਦਿੱਤਾ ਹੋਇਆ ਸੀ। ਇਨ੍ਹਾਂ ਵਿੱਚੋਂ 24 ਜਣਿਆਂ ਨਾਲ ਸੰਪਰਕ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਿੱਚ ਕਿਸੇ ਵਿਅਕਤੀ ਵਿੱਚ ਕਿਸੇ ਕਿਸਮ ਦੇ ਲੱਛਣ ਨਹੀਂ ਦੇਖੇ ਗਏ ਹਨ। ਅਹਿਤਿਆਤ ਵਜੋਂ ਉਨ੍ਹਾਂ ਨੂੰ 14 ਦਿਨਾਂ ਤੱਕ ਆਪਣੇ ਘਰਾਂ ਵਿੱਚ ਬਾਕੀਆਂ ਤੋਂ ਵੱਖਰੇ ਰਹਿਣ ਤੇ ਕਿਸੇ ਨੂੰ ਨਾ ਮਿਲਣ-ਜੁਲਣ ਨੂੰ ਕਿਹਾ ਗਿਆ ਹੈ। ਤਾਂ ਜੋ ਬਿਮਾਰੀ ਜੇ ਹੋਵੇ ਤਾਂ ਫੈਲਣ ਤੋਂ ਰੋਕੀ ਜਾ ਸਕੇ।

ਉਨ੍ਹਾਂ ਨੇ ਕਿਹਾ, "ਇਹ ਸਾਰੇ ਚੀਨ ਤੋਂ ਹਨ ਜਾਂ ਉਹ ਲੋਕ ਹਨ ਜਿਨ੍ਹਾਂ ਨੇ ਵਾਇਆ ਚੀਨ ਸਫ਼ਰ ਕੀਤਾ ਹੈ। ਇਨ੍ਹਾਂ ਯਾਤਰੀਆਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ। ਸੈਂਪਲ ਸਿਰਫ਼ ਕਿਸੇ ਬਿਮਾਰੀ ਦੇ ਲੱਛਣਾਂ ਵਾਲਿਆਂ ਦੇ ਲਏ ਜਾਣਗੇ ਤਾਂ ਕਿ ਬੇਵਜ੍ਹਾ ਡਰ ਫੈਲਣ ਤੋਂ ਰੋਕਿਆ ਜਾ ਸਕੇ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਕਰੋਨਾਵਾਇਰਸ ਖਿਲਾਫ਼ ਮਾਸਕ ਕਿੰਨੇ ਪ੍ਰਭਾਵੀ ਹਨ?

ਵੀਡੀਓ: ਕਰੋਨਾਵਾਇਰਸ ਦੇ ਟਾਕਰੇ ਲਈ ਚੀਨ ਨੇ ਬਣਾਇਆ 10 ਦਿਨਾਂ ”ਚ ਹਸਪਤਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)