You’re viewing a text-only version of this website that uses less data. View the main version of the website including all images and videos.
JNU ਹਿੰਸਾ: ਉਹ 7 ਸਵਾਲ ਜਿਨ੍ਹਾਂ ਦੇ ਜਵਾਬ ਪੁਲਿਸ ਨੇ ਨਹੀਂ ਦਿੱਤੇ
ਦਿੱਲੀ ਪੁਲਿਸ ਦੀ ਖ਼ਾਸ ਜਾਂਚ ਟੀਮ ਨੇ ਜੈਐੱਨਯੂ ਹਿੰਸਾ ਮਾਮਲੇ ਵਿੱਚ ਮੁਢਲੀ ਜਾਂਚ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਉਸ ਨੇ ਵਾਇਰਲ ਵੀਡੀਓ ਤੇ ਫੋਟੋਆਂ ਦੀ ਮਦਦ ਨਾਲ ਉਸ ਦਿਨ ਹਿੰਸਾ ਵਿੱਚ ਸ਼ਾਮਲ ਨੌਂ ਵਿਦਿਆਰਥੀਆਂ ਦੀ ਪਛਾਣ ਕਰ ਲਈ ਹੈ।
ਇਨ੍ਹਾਂ ਵਿਦਿਆਰਥੀਆਂ ਵਿੱਚ ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਮੁਖੀ ਆਇਸ਼ੀ ਘੋਸ਼ ਵੀ ਸ਼ਾਮਲ ਹਨ।
ਇਹ ਜਾਣਕਾਰੀ ਸਮੁੱਚੀ ਜਾਂਚ ਦੀ ਅਗਵਾਈ ਕਰ ਰਹੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਜੌਏ ਤਿਰਕੀ ਨੇ ਸ਼ੁੱਕਰਵਾਰ ਸ਼ਾਮੀਂ ਦਿੱਤੀ।
ਹਾਲਾਂਕਿ ਡੀਸੀਪੀ ਨੇ ਆਪਣੀ ਗੱਲ ਖ਼ਤਮ ਕਰਨ ਤੋਂ ਬਾਅਦ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਇਹੀ ਕਿਹਾ ਕਿ ਇਹ ਇਸ ਮਾਮਲੇ ਵਿੱਚ ਪਹਿਲੀ ਕਾਨਫ਼ਰੰਸ ਹੈ ਤੇ ਅਜਿਹੀ ਜਾਣਕਾਰੀ ਅੱਗੇ ਵੀ ਦਿੱਤੀ ਜਾਂਦੀ ਰਹੇਗੀ।
ਉਨ੍ਹਾਂ ਮੁਤਾਬਕ ਪੁਲਿਸ ਨੇ ਹਾਲੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਪਰ ਪਛਾਣੇ ਗਏ ਵਿਦਿਆਰਥੀਆਂ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਭੇਜੇ ਜਾਣਗੇ।
ਇਹ ਵੀ ਪੜ੍ਹੋ:
ਪੁਲਿਸ ਨੇ ਜਿਨ੍ਹਾਂ ਸੱਤ ਜਣਿਆਂ ਦੀ ਪਛਾਣ ਕੀਤੀ ਹੈ, ਉਹ ਹਨ ਚੁੰਨ ਚੁੰਨ ਕੁਮਾਰ, ਸਾਬਕਾ ਵਿਦਿਆਰਥੀ ਪਰ ਕੈਂਪਸ ਵਾਸੀ; ਪੰਕਜ ਮਿਸ਼ਰਾ, ਮਾਹੀ ਮਾਂਡਵੀ ਹੋਸਟਲ ਵਾਸੀ;ਆਇਸ਼ੀ ਘੋਸ਼, ਮੁਖੀ- ਜੇਐੱਨਯੂ ਵਿਦਿਆਰਥੀ ਯੂਨੀਅਨ;ਵਾਸਕਰ ਵਿਜੇ, ਵਿਦਿਆਰਥੀ, ਪ੍ਰਿਆ ਰੰਜਨ, ਵਿਦਿਆਰਥੀ- ਬੀਏ ਤੀਜਾ ਸਾਲ, ਸੁਚੇਤਾ ਤਾਲੁਕਾਰ, ਵਿਦਿਆਰਥੀ ਕਾਊਂਸਲਰ, ਡੋਲਨ ਸਾਮੰਤਾ, ਵਿਦਿਆਰਥੀ ਕਾਊਂਸਲਰ।
ਪੁਲਿਸ ਨੇ ਦੋ ਹੋਰ ਵਿਦਿਆਰਥੀਆਂ ਦੇ ਨਾਮ ਲਏ - ਯੋਗਿੰਦਰ ਭਰਦਵਾਜ (ਐਡਮਿਨ, ਯੂਨਿਟੀ ਅਗੈਂਸਟ ਲੈਫ਼ਟ) ਅਤੇਵਿਕਾਸ ਪਟੇਲ, ਵਿਦਿਆਰਥੀ-ਐੱਮਏ ਕੋਰੀਅਨ ਭਾਸ਼ਾ।
ਇਹ ਦੋਵੇਂ ਵਿਦਿਆਰਥੀ ਏਬੀਵੀਪੀ ਨਾਲ ਸੰਬੰਧਿਤ ਹਨ, ਪਰ ਪੁਲਿਸ ਨੇ ਪਾਰਟੀ ਦਾ ਨਾਂ ਨਹੀਂ ਲਿੱਤਾ।
ਡੀਸੀਪੀ ਨੇ ਵਟਸਐੱਪ ਗਰੁੱਪ ਬਾਰੇ ਕੀ ਦੱਸਿਆ?
ਪੁਲਿਸ ਮੁਤਾਬਕ 'ਯੂਨਿਟੀ ਅਗੈਂਸਟ ਲੈਫ਼ਟ ਨਾਮ ਦਾ ਵਟਸਐੱਪ ਗਰੁੱਪ ਵੀ ਹਮਲੇ ਵਾਲੇ ਦਿਨ ਹੀ ਸ਼ਾਮੀ ਪੰਜ ਵਜੇ ਦੇ ਆਸਪਾਸ ਬਣਾਇਆ ਗਿਆ।
ਇਸ ਗਰੁੱਪ ਵਿੱਚ 60 ਜਣੇ ਸਨ ਤੇ ਇਸ ਗਰੁੱਪ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਯੋਗਿੰਦਰ ਭਰਦਵਾਜ ਇਸੇ ਗਰੁੱਪ ਦੇ ਐਡਮਿਨ ਸਨ।
ਸਬੂਤਾਂ ਦਾ ਅਧਾਰ ਕੀ ਹੈ?
ਉਨ੍ਹਾਂ ਦੱਸਿਆ, "ਅਸੀਂ ਵਿਦਿਆਰਥੀਆਂ, ਅਧਿਆਪਕਾਂ, ਸੁਰੱਖਿਆ ਕਰਮਚਾਰੀਆਂ ਦੇ ਕਈ ਵਰਗਾਂ ਨਾਲ ਗੱਲਬਾਤ ਕੀਤੀ ਹੈ।"
ਇਸ ਤੋਂ ਇਲਾਵਾ ਜੇਐੱਨਯੂ ਐਡਮਨਿਸਟਰੇਸ਼ਨ, ਹੋਸਟਲ ਵਾਰਡਨ, ਯੂਨੀਵਰਸਿਟੀ ਦੇ ਅੰਦਰ ਰਹਿ ਰਹੇ ਪਰਿਵਾਰਾਂ ਨਾਲ ਵੀ ਪੁਲਿਸ ਨੇ ਗੱਲਾਬਾਤ ਕੀਤੀ ਹੈ। ਪੁਲਿਸ ਵਿਜ਼ਟਰਜ਼ ਰਜਿਸਟਰ ਦੀ ਵੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਤਕ ਬਾਹਰੀ ਲੋਕਾਂ ਲਈ ਅੰਦਰ ਜਾਣਾ ਸੌਖਾ ਨਹੀਂ ਹੈ ਕਿਉਂਕਿ ਗੇਟਾਂ 'ਤੇ ਪੁੱਛਗਿੱਛ ਹੁੰਦੀ ਹੈ।
ਇਸ ਤੋਂ ਇਲਾਵਾ ਡੀਸੀਪੀ ਨੇ ਦੱਸਿਆ ਕਿ ਦਿੱਲੀ ਪੁਲਿਸ ਨੂੰ ਜੇਐੱਨਯੂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨਹੀਂ ਮਿਲੀ ਕਿਉਂਕਿ ਕੈਮਰੇ ਕੰਮ ਨਹੀਂ ਕਰ ਰਹੇ ਸਨ।
ਪੁਲਿਸ ਮੁਤਾਬਕ ਇਸ ਦਾ ਕਾਰਨ ਸਰਵਰ ਰੂਮ ਵਿੱਚ ਕੀਤੀ ਗਈ ਭੰਨ-ਤੋੜ ਹੈ। ਇਸ ਕਾਰਨ ਪੁਲਿਸ ਜਿਨ੍ਹਾਂ ਵੀ ਲੋਕਾਂ ਨੂੰ ਪਛਾਣ ਸਕੀ ਹੈ ਉਹ ਵਾਇਰਲ ਵੀਡੀਓ ਤੇ ਤਸਵੀਰਾਂ ਰਾਹੀਂ ਹੀ ਸੰਭਵ ਹੋਇਆ ਹੈ।
ਇਸ ਵਿੱਚ ਵੀ ਪੁਲਿਸ ਨੂੰ ਕੋਈ ਵੀ ਅਜਿਹਾ ਗਵਾਹ ਨਹੀਂ ਮਿਲਿਆ ਜੋ ਇਹ ਕਹੇ ਕਿ ਇਹ ਮੇਰਾ ਮੋਬਾਈਲ ਹੈ ਤੇ ਇਹ ਮੇਰੀ ਬਣਾਈ ਵੀਡੀਓ। ਹਾਲਾਂਕਿ ਡੀਸੀਪੀ ਨੇ 32-35 ਗਵਾਹਾਂ ਦੇ ਆਪਣੇ ਨਾਲ ਹੋਣ ਦਾ ਦਾਅਵਾ ਵੀ ਕੀਤਾ।
ਪੁਲਿਸ ਨੇ ਇਹ ਵੀ ਕਿਹਾ ਕਿ ਹਮਲਾ ਕਰਨ ਵਾਲਿਆਂ ਨੇ ਹਾਸਟਲਾਂ ਦੇ ਕੁਝ ਹੀ ਕਮਰਿਆਂ ਨੂੰ ਨੁਕਸਾਨ ਪਹੁੰਚਾਇਆ, ਪਰ ਇਹ ਸਾਫ ਨਹੀਂ ਕੀਤਾ ਕਿ ਇਹ ਕਮਰੇ ਕਿਨ੍ਹਾਂ ਦੇ ਸਨ।
ਕਿੰਨੇ ਮੁੱਕਦਮੇ ਦਰਜ ਕੀਤੇ ਹਨ?
ਡੀਸੀਪੀ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਤਿੰਨ ਮੁਕੱਦਮੇ ਦਰਜ ਕੀਤੇ ਹਨ।
ਡੀਸੀਪੀ ਨੇ ਕਿਹੜੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ?
- ਕੀ ਘਟਨਾ ਵਾਲੀ ਥਾਂ ਤੇ ਮੌਜੂਦ ਹੋਣ ਨੂੰ ਹੀ ਆਇਸ਼ੀ ਦੇ ਹਿੰਸਾ ਵਿੱਚ ਸ਼ਾਮਲ ਹੋਣ ਦਾ ਸਬੂਤ ਮੰਨ ਲਿਆ ਗਿਆ?
- ਉਸ ਮੌਕੇ ਕੈਂਪਸ ਵਿੱਚ ਕਿੰਨੀ ਪੁਲਿਸ ਸੀ ਤੇ ਉਹ ਕੀ ਕਰ ਰਹੀ ਸੀ?
- ਜਿਨ੍ਹਾਂ ਲੋਕਾਂ ਤੇ ਹਮਲਾ ਹੋਇਆ ਸੀ, ਕੀ ਪੁਲਿਸ ਨੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ?
- ਐੱਫਆਈਆਰ ਵਿੱਚ ਏਬੀਵੀਪੀ ਦਾ ਨਾਂ ਕਿਉਂ ਨਹੀਂ ਹੈ?
- ਆਇਸ਼ੀ ਘੋਸ਼ ਦੇ ਸੱਟਾਂ ਕਿਸ ਨੇ ਮਾਰੀਆਂ?
- ਕੀ ਜਿਨ੍ਹਾਂ ਵਿਦਿਆਰਥੀਆਂ ਨੂੰ ਸੱਟਾਂ ਵਜੀਆਂ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ?
- ਉਸ ਦਿਨ ਯੂਨੀਵਰਸਿਟੀ ਪਹੁੰਚੇ ਯੋਗਿੰਦਰ ਯਾਦਵ ਦੀ ਖਿੱਚਧੂਹ ਕਰਨ ਵਾਲੇ ਕੌਣ ਸਨ?
ਆਇਸ਼ੀ ਘੋਸ਼ ਨੇ ਕੀ ਕਿਹਾ?
ਜੇਐੱਨਯੂ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ, "ਮੈਂ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਕੀਤਾ ਹੈ, ਨਾ ਮੇਰੇ ਹੱਥ ਵਿੱਚ ਕੋਈ ਰਾਡ ਸੀ। ਮੈਂ ਨਹੀਂ ਜਾਣਦੀ ਕਿ ਦਿੱਲੀ ਪੁਲਿਸ ਨੂੰ ਅਜਿਹੀ ਜਾਣਕਾਰੀ ਕਿੱਥੋਂ ਮਿਲ ਰਹੀ ਹੈ। ਮੈਨੂੰ ਭਾਰਤ ਦੇ ਕਾਨੂੰਨ 'ਚ ਪੂਰਾ ਵਿਸ਼ਵਾਸ਼ ਹੈ ਅਤੇ ਮੈਂ ਜਾਣਦੀ ਹਾਂ ਕਿ ਮੈਂ ਗ਼ਲਤ ਨਹੀਂ ਹਾਂ। ਅਜੇ ਤੱਕ ਮੇਰੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ। ਕੀ ਮੇਰੇ 'ਤੇ ਜੋ ਹਮਲਾ ਹੋਇਆ ਹੈ ਉਹ ਜਾਨਲੇਵਾ ਨਹੀਂ ਹੈ?"
ਦਿੱਲੀ ਪੁਲਿਸ ਦੀ ਜਾਂਚ 'ਤੇ ਸਵਾਲ ਚੁੱਕਦਿਆਂ ਘੋਸ਼ ਨੇ ਅੱਗੇ ਕਿਹਾ, "ਦਿੱਲੀ ਪੁਲਿਸ ਕਿਉਂ ਪੱਖਪਾਤੀ ਢੰਗ ਨਾਲ ਕੰਮ ਕਰ ਰਹੀ ਹੈ। ਸੁਰੱਖਿਆ ਕਾਰਨਾਂ ਕਰਕੇ ਜੇਕਰ ਮੈਂ ਵਿਦਿਆਰਥੀਆਂ ਕੋਲ ਪਹੁੰਚਦੀ ਹਾਂ ਤਾਂ ਕੀ ਮੈਂ ਗ਼ਲਤ ਹਾਂ? ਪੁਲਿਸ ਕੋਲ ਕੋਈ ਸਬੂਤ ਨਹੀਂ ਹੈ। ਜੋ ਵੀਡੀਓ ਮੀਡੀਆ ਵਿੱਚ ਦਿਖਾਇਆ ਜਾ ਰਿਹਾ ਹੈ ਮੈਂ ਉਸ 'ਤੇ ਪਹਿਲਾਂ ਹੀ ਸਪੱਸ਼ਟੀਕਰਨ ਦੇ ਦਿੱਤਾ ਹੈ।"
"ਮੈਂ ਵਿਦਿਆਰਥੀ ਸੰਘ ਦੇ ਮੁਖੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਸੀ। ਮੈਂ ਵਿਦਿਆਰਥੀਆਂ ਨਾਲ ਮਿਲਣ ਪਹੁੰਚੀ ਸੀ। ਜੇਕਰ ਸੁਰੱਖਿਆ ਕਰਮੀ ਕੰਮ ਕਰਦੇ ਤਾਂ ਸਾਨੂੰ ਜਾਣ ਦੀ ਲੋੜ ਨਾ ਪੈਂਦੀ। ਕਿਉਂ ਪੁਲਿਸ ਦੀ ਥਾਂ ਵਿਦਿਆਰਥੀਆਂ ਨੇ ਸਾਨੂੰ ਬੁਲਾਇਆ?"
ਘੋਸ਼ ਸਵਾਲ ਕਰਦੀ ਹੈ, "ਨਕਾਬ ਪਹਿਨ ਕੇ ਲੋਕ ਯੂਨੀਵਰਸਿਟੀ ਵਿੱਚ ਵੜ ਕਿਵੇਂ ਗਏ, ਕੁੜੀਆਂ ਦੇ ਹੋਸਟਲ ਵਿੱਚ ਹਮਲਾਵਰ ਕਿਵੇਂ ਆ ਗਏ, ਜੇਕਰ ਸੁਰੱਖਿਆ ਇੰਨੀ ਮਜ਼ਬੂਤ ਸੀ।"