You’re viewing a text-only version of this website that uses less data. View the main version of the website including all images and videos.
Qasem Soleimani: ਕਾਸਿਮ ਸੁਲੇਮਾਨੀ ਦੀ ਮੌਤ ਮਗਰੋਂ ਇਰਾਨ-ਅਮਰੀਕਾ ਦੇ ਤਣਾਅ ਦਾ ਭਾਰਤ-ਪਾਕ 'ਤੇ ਇੰਝ ਪਏਗਾ ਅਸਰ
- ਲੇਖਕ, ਨਰਿੰਦਰ ਤਨੇਜਾ
- ਰੋਲ, ਊਰਜਾ ਮਾਹਰ
ਅਮਰੀਕੀ ਫ਼ੌਜ ਦੀ ਕਾਰਵਾਈ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਤਣਾਅ ਵਧ ਗਿਆ ਹੈ। ਇਸ ਤਣਾਅ ਕਾਰਨ ਤੇਲ ਜਗਤ ਵੀ ਫਿਕਰਮੰਦ ਹਨ।
ਈਰਾਨ ਦੇ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਨੇ ਠੰਢੇ ਪਏ ਈਰਾਨ-ਅਮਰੀਕਾ ਦੇ ਆਪਸੀ ਝਗੜੇ ਨੂੰ ਫਿਰ ਸੁਲਗਾ ਦਿੱਤਾ ਹੈ। ਇਸ ਘਟਨਾ ਦੇ ਨਤੀਜੇ ਕਾਫੀ ਵੱਡੇ ਹੋ ਸਕਦੇ ਹਨ।
ਪੂਰੀ ਦੁਨੀਆਂ ਦਾ 30 ਫ਼ੀਸਦੀ ਤੇਲ ਈਰਾਨ ਤੋਂ ਆਉਂਦਾ ਹੈ। ਜਦਕਿ ਤੇਲ ਬਜ਼ਾਰ ਦੀ ਮੰਗ ਤੇ ਪੂਰਤੀ ਦਾ ਮਾਮਲਾ ਕਾਫ਼ੀ ਮਜ਼ਬੂਤ ਹੈ। ਯਾਨੀ ਦੁਨੀਆਂ ਵਿੱਚ ਤੇਲ ਦੀ ਜਿੰਨੀ ਮੰਗ ਹੈ ਉਸ ਨਾਲੋਂ ਜ਼ਿਆਦਾ ਤੇਲ ਮੌਜੂਦ ਹੈ।
ਗੈਰ ਓਪੇਕ ਮੁਲਕਾਂ ਦੇ ਨਾਲ-ਨਾਲ ਹੋਰ ਦੇਸ਼ਾਂ ਵਿੱਚ ਵੀ ਤੇਲ ਮੌਜੂਦ ਹੈ। ਹੁਣ ਭਾਰਤ ਅਮਰੀਕਾ ਤੋਂ ਵੀ ਤੇਲ ਮੰਗਾਉਂਦਾ ਹੈ।
ਅਮਰੀਕੀ ਕਾਰਵਾਈ ਤੋਂ ਬਾਅਦ ਦੇਸ਼ ਦੀ ਸਥਿਤੀ ਨੂੰ ਦੇਖੀਏ ਤਾਂ ਰਾਸ਼ਟਰਪਤੀ ਡੌਨਲਡ ਟਰੰਪ ਵੀ ਨਹੀਂ ਚਾਹੁਣਗੇ ਕਿ ਸਥਿਤੀ ਜੰਗ ਵਿੱਚ ਬਦਲੇ। ਕਿੁਉਂਕਿ ਅਮਰੀਕਾ ਵਿੱਚ ਚੋਣਾਂ ਦਾ ਸਾਲ ਹੈ ਤੇ ਹਮੇਸ਼ਾ ਹੀ ਦੇਖਿਆ ਗਿਆ ਹੈ ਕਿ ਜਦੋਂ ਵੀ ਚੋਣਾਂ ਦਾ ਸਮਾਂ ਹੁੰਦਾ ਹੈ, ਤੇਲ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਿਆ ਜਾਂਦਾ ਹੈ।
ਜੇ ਅਮਰੀਕਾ ਵਿੱਚ ਤੇਲ ਦੀਆਂ ਕੀਮਤਾਂ ਵਧਣਗੀਆਂ ਤਾਂ ਟਰੰਪ ਚੋਣਾਂ ਹਾਰ ਸਕਦੇ ਹਨ ਤੇ ਟਰੰਪ ਅਜਿਹਾ ਨਹੀਂ ਚਾਹੁਣਗੇ।
ਇਹ ਵੀ ਪੜ੍ਹੋ:
ਈਰਾਨ ਕੀ ਕਰ ਸਕਦਾ ਹੈ?
ਈਰਾਨ ਦੀ ਵੀ ਆਰਥਿਕਤਾ ਅਜਿਹੀ ਸਥਿਤੀ ਵਿੱਚ ਨਹੀਂ ਹੈ ਕਿ ਉਹ ਅਮਰੀਕਾ ਨਾਲ ਲੜਾਈ ਮੁੱਲ ਲੈ ਸਕੇ। ਫਿਰ ਵੀ ਈਰਾਨ ਤੇਲ ਦੇ ਮੋਰਚੇ 'ਤੇ ਤਾਂ ਕੋਈ ਨਾ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਲਾਜ਼ਮੀ ਕਰੇਗਾ।
ਪੱਛਮੀ ਏਸ਼ੀਆ ਦੇ ਤਿੰਨ ਵੱਡੇ ਤੇਲ ਉਤਪਾਦਕ ਦੇਸ਼ਾਂ—ਸਾਊਦੀ ਅਰਬ, ਇਰਾਕ ਤੇ ਕੁਵੈਤ ਦਾ ਤੇਲ ਹਾਰਮੁਜ਼ 'ਚੋਂ ਨਿਕਲਦਾ ਹੈ। ਇਸ ਖੇਤਰ ਵਿੱਚ ਈਰਾਨ ਦਾ ਦਬਦਬਾ ਕਾਫ਼ੀ ਜ਼ਿਆਦਾ ਹੈ।
ਹਾਲਾਂਕਿ ਅਜਿਹਾ ਲਗਦਾ ਨਹੀਂ ਹੈ ਕਿ ਈਰਾਨ ਇਸ ਸਪਲਾਈ ਨੂੰ ਰੋਕੇਗਾ ਜਾਂ ਉੱਥੇ ਬਰੂਦੀ ਸੁਰੰਗ ਵਿਛਾ ਦੇਵੇਗਾ। ਕਾਰਨ, ਈਰਾਨ ਵਿਦੇਸ਼ੀ ਮੁੱਦਰਾ ਲਈ ਚੀਨ 'ਤੇ ਨਿਰਭਰ ਹੈ। ਚੀਨ ਤੋਂ ਉਸ ਨੂੰ ਜੋ ਪੈਸਾ ਮਿਲਦਾ ਹੈ ਉਹ ਤੇਲ ਬਦਲੇ ਮਿਲਦਾ ਹੈ।
ਜੇ ਈਰਾਨ ਨੇ ਇਨ੍ਹਾਂ ਦੀ ਸਪਲਾਈ ਲਾਈਨ ਕੱਟੀ ਤਾਂ ਅਮਰੀਕਾ ਵੀ ਉਸ ਨੂੰ ਚੀਨ ਤੱਕ ਤੇਲ ਨਹੀਂ ਭੇਜਣ ਦੇਵੇਗਾ।
ਇਸ ਲਈ ਈਰਾਨ ਕੋਲ ਕੋਈ ਚਾਰਾ ਨਹੀਂ ਹੈ।
ਵੱਧ ਤੋਂ ਵੱਧ ਇਹੀ ਹੋ ਸਕਦਾ ਹੈ ਕਿ ਈਰਾਨ ਮਿਜ਼ਾਈਲ ਜਾਂ ਡਰੋਨ ਨਾਲ ਹਮਲਾ ਕਰੇ। ਹਾਲਾਂਕਿ ਇਸ ਨਾਲ ਦੁਨੀਆਂ ਵਿੱਚ ਤੇਲ ਦੀ ਕੋਈ ਵੱਡੀ ਤੰਗੀ ਪੈਦਾ ਹੋ ਸਕੇਗੀ ਅਜਿਹਾ ਲਗਦਾ ਨਹੀਂ ਹੈ।
ਈਰਾਨ ਕੁਝ ਕਰੇਗਾ, ਇਸ ਬਾਰੇ ਚਿੰਤਾ ਹੈ। ਲੇਕਿਨ ਉੱਥੇ ਸਥਿਤੀ ਬੇਕਾਬੂ ਹੋ ਜਾਵੇਗੀ ਅਜਿਹਾ ਨਹੀਂ ਲਗਦਾ। ਤੇਲ ਦੀਆਂ ਕੀਮਤਾਂ ਅਸਮਾਨੀਂ ਪਹੁੰਚ ਜਾਣਗੀਆਂ ਅਜਿਹਾ ਨਹੀਂ ਲਗਦਾ।
ਭਾਰਤ ਸਿਰ ਸਭ ਤੋਂ ਵੱਡਾ ਸੰਕਟ
ਭਾਰਤ ਅਮਰੀਕਾ ਤੇ ਰੂਸ ਤੋਂ ਵੀ ਤੇਲ ਮੰਗਾਉਂਦਾ ਹੈ। ਲੇਕਿਨ ਭਾਰਤ ਸਭ ਤੋਂ ਵਧੇਰੇ ਤੇਲ ਪੱਛਮੀਂ ਏਸ਼ੀਆ ਦੇ ਦੇਸ਼ਾਂ ਤੋਂ ਮੰਗਾਉਂਦਾ ਹੈ ਤੇ ਇਨ੍ਹਾਂ ਵਿੱਚ ਇਰਾਕ ਦਾ ਨੰਬਰ ਸਭ ਤੋਂ ਪਹਿਲਾ ਹੈ। ਇਸ ਤੋਂ ਇਲਾਵਾ ਸਾਊਦੀ ਅਰਬ, ਓਮਾਨ ਤੇ ਕੁਵੈਤ ਵੀ ਹਨ।
ਭਾਰਤ ਦੀ ਚਿੰਤਾ ਇਹ ਨਹੀਂ ਹੈ ਕਿ ਤੇਲ ਦੀ ਸਪਲਾਈ ਵਿੱਚ ਰੁਕਾਵਟ ਆਵੇਗੀ। ਭਾਰਤ ਦਾ ਫਿਕਰ ਤੇਲ ਦੀਆਂ ਕੀਮਤਾਂ ਬਾਰੇ ਹੈ। ਫਿਲਹਾਲ ਤੇਲ ਦੀ ਕੀਮਤ ਪ੍ਰਤੀ ਬੈਰਲ ਤਿੰਨ ਡਾਲਰ ਵਧ ਗਈ ਹੈ।
ਭਾਰਤੀ ਅਰਥਚਾਰੇ ਲਈ ਤਿੰਨ ਡਾਲਰ ਪ੍ਰਤੀ ਬੈਰਲ ਦੀ ਕੀਮਤ ਵਧ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਭਾਰਤ ਵਿੱਚ ਜੋ ਆਮ ਗਾਹਕ ਹੈ, ਜੋ ਪੈਟਰੋਲ-ਡੀਜ਼ਲ ਖ਼ਰੀਦਦਾ ਹੈ ਜਾਂ ਐੱਲਪੀਜੀ ਜਾਂ ਇਨ੍ਹਾਂ ਕੰਪਨੀਆਂ 'ਤੇ ਨਿਰਭਰ ਹੈ, ਉਸ ਲਈ ਇਹ ਚੰਗੀ ਖ਼ਬਰ ਨਹੀਂ ਹੈ।
ਅਮਰੀਕਾ ਦੀ ਇਸ ਕਾਰਵਾਈ ਦਾ ਭਾਰਤ ਦੇ ਲੋਕਾਂ ਦੀ ਜੇਬ੍ਹ ਤੇ ਅਸਰ ਪੈਣ ਵਾਲਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ-ਡੀਜ਼ਲ ਅਤੇ ਐੱਲਪੀਜੀ ਦੀਆਂ ਕੀਮਤਾਂ ਵਧਣਾ ਤੈਅ ਹੈ। ਭਾਰਤ ਨੂੰ ਤੇਲ ਤਾਂ ਮਿਲੇਗਾ ਪਰ ਕੀਮਤਾਂ ਵਧਣਗੀਆਂ।
ਸਰਕਾਰ ਲਈ ਵੀ ਇਹ ਚਿੰਤਾ ਦੀ ਗੱਲ ਹੈ ਕਿਉਂਕਿ ਤੇਲ ਦੀਆਂ ਕੀਮਤਾਂ ਅਜਿਹੇ ਸਮੇਂ ਵਧ ਰਹੀਆਂ ਹਨ। ਜਦੋਂ ਸਰਕਾਰ ਦੇ ਸਾਹਮਣੇ ਵਿੱਤੀ ਸੰਕਟ ਦੀ ਵੱਡੀ ਚੁਣੌਤੀ ਪਹਿਲਾਂ ਹੀ ਖੜ੍ਹੀ ਹੈ। ਭਾਰਤੀ ਰੁਪਏ ਤੇ ਵੀ ਦਬਾਅ ਪਵੇਗਾ ਜੋ ਕਿ ਉਸ ਲਈ ਚੰਗੀ ਖ਼ਬਰ ਨਹੀਂ ਹੈ।
ਆਉਣ ਵਾਲੇ ਹਫ਼ਤੇ ਵਿੱਚ ਭਾਰਤੀ ਗਾਹਕਾਂ ਲਈ ਇਹ ਚਿੰਤਾ ਦੀ ਗੱਲ ਹੈ। ਇਹ ਭਾਰਤੀ ਅਰਥਚਾਰੇ ਲਈ ਵੀ ਚਿੰਤਾ ਦੀ ਗੱਲ ਹੈ।
ਅਮਰੀਕਾ ਨੇ ਇਹ ਕਾਰਵਾਈ ਭਾਵੇਂ ਈਰਾਨ ਦੇ ਖ਼ਿਲਾਫ਼ ਇਰਾਕ ਵਿੱਚ ਕੀਤੀ ਹੈ ਪਰ ਇਸ ਦਾ ਸਭ ਤੋਂ ਮਾੜਾ ਅਸਰ ਭਾਰਤ 'ਤੇ ਪੈਣ ਵਾਲਾ ਹੈ।
ਭਾਰਤ ਇਸ ਚੁਣੌਤੀ ਲਈ ਕਿੰਨਾ ਤਿਆਰ
ਭਾਰਤ ਕੋਲ ਇਸ ਸੰਕਟ ਨਾਲ ਨਜਿੱਠਣ ਲਈ ਅਮਰੀਕਾ ਵਰਗਾ ਵਿਕਲਪ ਨਹੀਂ ਹੈ। ਅਮਰੀਕਾ ਅੱਜ ਦੀ ਤਰੀਕ ਵਿਚ ਆਪਣੇ ਇੱਥੇ 12 ਮਿਲੀਅਨ ਬੈਰਲ ਤੇਲ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਦੁਨੀਆਂ ਦੀ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਅਮਰੀਕਾ ਦੀਆਂ ਹਨ, ਜੋ ਦੁਨੀਆਂ ਭਰ ਵਿੱਚ ਜਾ ਕੇ ਤੇਲ ਕੱਢਦੀਆਂ ਹਨ, ਤੇਲ ਦੀ ਆਮਦ-ਦਰਾਮਦ ਕਰਦੀਆਂ ਹਨ, ਤੇਲ ਦਾ ਉਤਪਾਦਨ ਕਰਦੀਆਂ ਹਨ।
ਪੂਰੀ ਦੁਨੀਆਂ ਵਿੱਚ ਤੇਲ ਦਾ ਕਾਰੋਬਾਰ ਅਮਰੀਕੀ ਡਾਲਰ ਵਿੱਚ ਹੁੰਦਾ ਹੈ ਤੇ ਅਮਰੀਕਾ ਇਸ ਤੋਂ ਕਾਫ਼ੀ ਕਮਾਈ ਕਰਦਾ ਹੈ।
ਦੂਜੇ ਪਾਸੇ ਭਾਰਤ 85 ਫ਼ੀਸਦੀ ਤੇਲ ਬਾਹਰੋਂ ਮੰਗਾਉਂਦਾ ਹੈ। ਭਾਰਤ ਵਿੱਚ ਤੇਲ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ। ਤੇਲ ਦੀ ਮੰਗ ਹਰ ਸਾਲ 4 ਤੋਂ 5 ਫ਼ੀਸਦੀ ਵਧ ਰਹੀ ਹੈ। ਗੱਡੀਆਂ ਦੀ ਸੰਖਿਆ ਵਧ ਰਹੀ ਹੈ।
85 ਫ਼ੀਸਦੀ ਤੇਲ ਤੋਂ ਇਲਾਵਾ ਭਾਰਤ 50 ਫ਼ੀਸਦੀ ਗੈਸ ਵੀ ਬਾਹਰੋਂ ਮੰਗਾਉਂਦਾ ਹੈ। ਪਿੰਡ -ਪਿੰਡ ਜਿਹੜੀ ਗੈਸ ਉਜਵਲਾ ਸਕੀਮ ਦੇ ਕਾਰਨ ਐੱਲਪੀਜੀ ਵੰਡੀ ਜਾ ਰਹੀ ਹੈ ਉਹ ਸਾਰੀ ਬਾਹਰੋਂ ਹੀ ਆਉਂਦੀ ਹੈ।
ਇਸ ਲਈ ਪੱਛਮੀ ਏਸ਼ੀਆ ਵਿੱਚ ਜਦੋਂ ਵੀ ਅਜਿਹੀ ਗੱਲ ਹੁੰਦੀ ਹੈ, ਭਾਰਤ ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲਗਦੇ ਹਨ। ਭਾਰਤ ਦਾ ਅਰਥਚਾਰਾ ਕੁੱਲ ਮਿੁਲਾ ਕੇ ਤੇਲ ਅਰਥਚਾਰਾ ਹੈ।
ਭਾਰਤ ਨੇ ਬਦਲਵੇਂ ਊਰਜਾ ਸਰੋਤਾਂ ਦੀ ਜਿੰਨੀ ਵਰਤੋਂ ਕਰਨੀ ਚਾਹੀਦੀ ਸੀ ਉਂਨੀ ਨਹੀਂ ਕੀਤੀ ਹੈ। ਭਾਰਤ ਹਾਲੇ ਕੋਲਾ ਮੰਗਾ ਰਿਹਾ ਹੈ, ਯੂਰੇਨੀਅਮ ਮੰਗਾ ਰਿਹਾ ਹੈ, ਸੌਰ ਊਰਜਾ ਲਈ ਜੋ ਉਪਕਰਣ ਹਨ, ਉਹ ਵੀ ਮੰਗਾਏ ਜਾ ਰਹੇ ਹਨ।
ਪਾਕਿਸਤਾਨ 'ਤੇ ਅਸਰ
ਪਾਕਿਸਤਾਨ ਦੇ ਅਰਥਚਾਰਾ ਅੰਦਰੋਂ ਬਿਲਕੁਲ ਟੁੱਟ ਚੁੱਕੀ ਹੈ। ਉਸ ਦਾ ਆਰਥਚਾਰਾ ਬਹੁਤ ਛੋਟਾ ਹੈ। ਪਾਕਿਸਤਾਨ ਦੀ ਆਰਥਿਕਤਾ ਸਿਰਫ਼ 280 ਬਿਲੀਅਨ ਡਾਲਰ ਦੀ ਹੈ। ਜੇ ਤੁਸੀਂ ਰਿਲਾਇੰਸ ਤੇ ਟਾਟਾ ਗਰੁੱਪ ਦੇ ਟਰਨਓਵਰ ਨੂੰ ਮਿਲਾ ਦੇਈਏ ਤਾਂ ਲਗਭਗ ਪਾਕਿਸਤਾਨ ਦੇ ਬਰਾਬਰ ਹੋਵੇਗਾ।
ਉਹ ਵੀ ਭਾਰਤ ਵਾਂਗ ਤੇਲ ਬਾਹਰੋਂ ਮੰਗਾਉਣ ਤੇ ਨਿਰਭਰ ਕਰਦਾ ਹੈ। ਲੇਕਿਨ ਕਿਉਂਕਿ ਪਾਕਿਸਤਾਨ ਇੱਕ ਇਸਲਾਮਿਕ ਦੇਸ਼ ਹੈ, ਇਸ ਲਈ ਜਿਨ੍ਹਾਂ ਮੁਸਲਿਮ ਦੇਸ਼ਾਂ ਵਿੱਚ ਤੇਲ ਦਾ ਉਤਪਾਦਨ ਹੁੰਦਾ ਹੈ, ਖ਼ਾਸ ਕਰਕੇ ਸਾਊਦੀ ਅਰਬ, ਇਹ ਸਾਰੇ ਪਾਕਿਸਤਾਨ ਨੂੰ ਵਧੀਆ ਸ਼ਰਤਾਂ 'ਤੇ ਤੇਲ ਦਿੰਦੇ ਹਨ।
ਇਹ ਦੇਸ਼ ਪਾਕਿਸਤਾਨ ਦੀਆਂ ਤੇਲ ਦੀਆਂ ਲੋੜਾਂ ਦਾ ਖ਼ਿਆਲ ਰੱਖਦੇ ਹਨ। ਇਸ ਲਈ ਪਾਕਿਸਤਾਨ ਦੀ ਸਥਿਤੀ ਕੁਝ ਬਿਹਤਰ ਹੈ। ਇਹ ਜ਼ਰੂਰ ਹੈ ਕਿ ਪਾਕਿਸਤਾਨ ਨੂੰ ਪੈਸੇ ਚੁਕਾਉਣ ਵਿੱਚ ਦਿੱਕਤ ਹੁੰਦੀ ਹੈ। ਲੇਕਿਨ ਇੱਥੇ ਵੀ ਉਸ ਨੂੰ ਰਿਆਇਤ ਮਿਲ ਜਾਂਦੀ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ