Air Quality: ਸੁਪਰੀਮ ਨੇ ਮੋਦੀ ਸਰਕਾਰ ਨੂੰ ਪੁੱਛਿਆ, 'ਕੀ ਲੋਕ ਇਵੇਂ ਹੀ ਮਰਦੇ ਰਹਿਣਗੇ'?

ਤਸਵੀਰ ਸਰੋਤ, AFP
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਮੋਗ ਕਾਰਨ ਬੁਰਾ ਹਾਲ ਹੈ। ਇਸ ਦੇ ਮੱਦੇਨਜ਼ਰ ਦਿੱਲੀ ਵਿੱਚ ਔਡ-ਈਵਨ ਲਾਗੂ ਹੋ ਰਿਹਾ ਹੈ।
ਐਤਵਾਰ ਨੂੰ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਤਾ ਦਾ ਇੰਡੈਕਸ 1000 ਤੋਂ ਪਾਰ ਹੋ ਗਿਆ ਸੀ ਜੋ ਬੇਹੱਦ ਖ਼ਤਰਨਾਕ ਹਾਲਾਤ ਵੱਲ ਇਸ਼ਾਰਾ ਕਰਦਾ ਹੈ।
ਰਾਜਧਾਨੀ ਦਿੱਲੀ ਵਿੱਚ 4 ਤੋਂ 15 ਨਵੰਬਰ ਤੱਕ ਔਡ-ਈਵਨ ਨਿਯਮ ਚੱਲੇਗਾ। ਕਹਿਣ ਤੋਂ ਭਾਵ ਔਡ ਤਰੀਕ ਵਾਲੇ ਦਿਨ ਸਿਰਫ਼ ਔਡ ਨੰਬਰ ਵਾਲੀਆਂ ਗੱਡੀਆਂ ਤੇ ਈਵਨ ਤਰੀਕ ਨੂੰ ਈਵਨ ਨੰਬਰ ਵਾਲੀਆਂ ਗੱਡੀਆਂ ਚੱਲਣਗੀਆਂ।
ਜੇ ਤੁਹਾਡੀ ਗੱਡੀ ਦੀ ਨੰਬਰ ਪਲੇਟ ਦਾ ਅਖੀਰਲਾ ਨੰਬਰ ਔਡ (1,3,5,7,9) ਹੈ ਤਾਂ ਤੁਸੀਂ 1, 3, 5, 7, 9, 11, 13 ਅਤੇ 15 ਨਵੰਬਰ ਨੂੰ ਹੀ ਗੱਡੀ ਚਲਾ ਸਕਦੇ ਹੋ। ਇਸ ਤਰ੍ਹਾਂ ਜੇ ਗੱਡੀ ਦਾ ਅਖੀਰਲਾ ਨੰਬਰ ਈਵਨ (2,4,6,8,0) ਹੈ ਤਾਂ ਤੁਸੀਂ 2, 4, 6, 8, 10, 12 ਅਤੇ 14 ਨਵੰਬਰ ਨੂੰ ਹੀ ਗੱਡੀ ਚਲਾ ਸਕਦੇ ਹੋ।
ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਇਹ ਨਿਯਮ ਲਾਗੂ ਹੋਵੇਗਾ। ਨਿਯਮ ਤੋੜਨ ਉੱਤੇ 4,000 ਰੁਪਏ ਦਾ ਜੁਰਮਾਨਾ ਹੈ।

'ਲੋਕ ਇਵੇਂ ਹੀ ਮਰਨਗੇ'
"ਹਰ ਸਾਲ ਦਿੱਲੀ ਦਾ ਸਾਹ ਘੁਟਦਾ ਹੈ ਤੇ ਅਸੀਂ ਕੁਝ ਵੀ ਕਰਨ 'ਚ ਸਫ਼ਲ ਨਹੀਂ ਹੋ ਰਹੇ। ਹਰ ਸਾਲ ਅਜਿਹਾ ਹੀ ਹੋ ਰਿਹਾ ਹੈ, ਜੋ 10-15 ਦਿਨ ਲਗਾਤਾਰ ਚਲਦਾ ਹੈ। ਅਜਿਹਾ ਇੱਕ ਸੱਭਿਅਕ ਸਮਾਜ 'ਚ ਤਾਂ ਨਹੀਂ ਹੁੰਦਾ।"
ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਮੌਜੂਦਾ ਹਾਲਾਤ 'ਤੇ ਚਿੰਤਾ ਜ਼ਾਹਿਰ ਕਰਦਿਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।

ਤਸਵੀਰ ਸਰੋਤ, Getty Images
ਸੁਪਰੀਮ ਕੋਰਟ ਨੇ ਇਸ ਦੇ ਨਾਲ ਹੀ ਕਿਹਾ ਹੈ ਕਿ ਜ਼ਿੰਦਗੀ ਦਾ ਹੱਕ ਬੇਹੱਦ ਮਹੱਤਵਪੂਰਨ ਹੈ ਤੇ ਜ਼ਿੰਦਗੀ ਜੀਉਣ ਦਾ ਇਹ ਸਹੀ ਤਰੀਕਾ ਨਹੀਂ ਹੈ। ਕੇਂਦਰ ਅਤੇ ਸੂਬੇ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ। ਅਜਿਹਾ ਨਹੀਂ ਚੱਲ ਸਕਦਾ, ਇਹ ਬਹੁਤ ਜ਼ਿਆਦਾ ਹੋ ਗਿਆ ਹੈ।
ਅਦਾਲਤ ਨੇ ਕਿਹਾ ਹੈ, "ਇਸ ਸ਼ਹਿਰ 'ਚ ਜੀਉਣ ਲਈ ਕੋਈ ਕੋਨਾ ਸੁਰੱਖਿਅਤ ਨਹੀਂ ਬਚਿਆ, ਇਥੋਂ ਤੱਕ ਕਿ ਘਰ 'ਚ ਵੀ ਨਹੀਂ। ਅਸੀਂ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਗੁਆ ਕਰ ਰਹੇ ਹਾਂ।"
ਸੁਪਰੀਮ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਉਹ ਪ੍ਰਦੂਸ਼ਣ ਨੂੰ ਘਟਾਉਣ ਲਈ ਕੀ ਰਹੇ ਹਨ, ਇਸ ਦੀ ਜਾਣਕਾਰੀ ਉਹ ਦੇਣ।
ਅਦਾਲਤ ਨੇ ਕਿਹਾ, "ਹਾਲਾਤ ਗੰਭੀਰ ਹਨ। ਕੇਂਦਰ ਅਤੇ ਦਿੱਲੀ ਸਰਕਾਰ ਵਜੋਂ ਤੁਸੀਂ ਕੀ ਕਰਨਾ ਚਾਹੁੰਦੇ ਹੋ, ਪ੍ਰਦੂਸ਼ਣ ਘਟਾਉਣ ਲਈ ਕਿਹੜੇ ਕਦਮ ਚੁੱਕੋਗੇ। ਲੋਕ ਮਰ ਰਹੇ ਹਨ ਅਤੇ ਕੀ ਉਹ ਇੱਦਾਂ ਹੀ ਮਰਦੇ ਰਹਿਣਗੇ।"
ਸੁਪਰੀਮ ਕੋਰਟ ਨੇ ਅੱਗੇ ਕਿਹਾ, "ਸਾਡੇ ਨੱਕ ਹੇਠਾਂ ਹਰ ਸਾਲ ਅਜਿਹੀਆਂ ਚੀਜ਼ਾਂ ਹੋ ਰਹੀਆਂ ਹਨ। ਲੋਕਾਂ ਨੂੰ ਦਿੱਲੀ ਨਾ ਆਉਣ ਜਾਂ ਦਿੱਲੀ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਲੋਕ ਉਨ੍ਹਾਂ ਦੇ ਸੂਬੇ ਜਾਂ ਗੁਆਂਢੀ ਸੂਬੇ 'ਚ ਜਾਨਾਂ ਗੁਆ ਰਹੇ ਹਨ। ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ। ਅਸੀ ਹਰੇਕ ਚੀਜ਼ ਦਾ ਮਜ਼ਾਕ ਬਣਾ ਰਹੇ ਹਾਂ।"

ਤਸਵੀਰ ਸਰੋਤ, Reuters
ਇਸ ਦੌਰਾਨ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਦੇ ਜੁਆਇੰਟ ਸਕੱਤਰ ਵੀ ਉੱਥੇ ਮੌਜੂਦ ਸਨ। ਅਦਾਲਤ ਨੇ ਉਨ੍ਹਾਂ ਨਾਲ ਕੁਝ ਇਸ ਤਰ੍ਹਾਂ ਸਵਾਲ-ਜਵਾਬ ਕੀਤੇ-
ਅਦਾਲਤ- ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਘੱਟ ਸਮੇਂ 'ਚ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ? ਤੁਰੰਤ ਕੀ ਕੀਤਾ ਜਾ ਸਕਦਾ ਹੈ?
ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਦੇ ਜੁਆਇੰਟ ਸਕੱਤਰ- ਇਸ ਵਿੱਚ ਪਰਾਲੀ ਨੂੰ ਸਾੜੇ ਜਾਣਾ ਸਭ ਤੋਂ ਵੱਧ ਭੂਮਿਕਾ ਨਿਭਾ ਰਿਹਾ ਹੈ, ਉਸ ਨੂੰ ਰੋਕਣਾ ਚਾਹੀਦਾ ਹੈ।
ਜੱਜ- ਕਲਾਊਡ ਸੀਡਿੰਗ ਕੀ ਹੈ?
ਜੁਆਇੰਟ ਸਕੱਤਰ- ਕਲਾਊਡ ਸੀਡਿੰਗ ਪਿਛਲੀ ਵਾਰ ਕੀਤਾ ਸੀ। ਤਤਕਾਲ ਉਪਾਅ ਤਹਿਤ ਦਿੱਲੀ ਵਿੱਚ ਨਿਰਮਾਣ ਕਾਰਜਾਂ ਨੂੰ ਰੋਕਣਾ ਹੈ ਅਤੇ ਪੰਜਾਬ-ਹਰਿਆਣਾ ਵਿੱਚ ਪਰਾਲੀ ਸਾੜਨ 'ਤੇ ਰੋਕ ਲਗਾਉਣੀ ਹੈ।
ਜਸਟਿਸ ਅਰੁਣ ਮਿਸ਼ਰਾ- ਅਸੀਂ ਸਾਰੇ ਆਪਣੇ ਜ਼ਿੰਦਗੀ ਦਾ ਹਿੱਸਾ ਗੁਆ ਰਹੇ ਹਾਂ, ਜੋ ਵਿਗਿਆਨਕ ਤੌਰ 'ਤੇ ਸਿੱਧ ਹੈ। ਇਸ ਦਾ ਹੱਲ ਕੀ ਹੈ।
ਜੁਆਇੰਟ ਸਕੱਤਰ- ਪਰਾਲੀ ਸਾੜਨ ਦੀ ਨਿਗਰਾਨੀ ਰੱਖਣਾ ਵੀ ਇੱਕ ਹੱਲ ਹੈ। ਪਿੰਡ ਦੇ ਸਰਪੰਚ ਅਤੇ ਪਿੰਡ ਦੇ ਮੁਖੀ ਨੂੰ ਤੁਰੰਤ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕੌਣ ਪਰਾਲੀ ਨੂੰ ਅੱਗ ਲਗਾ ਰਿਹਾ ਹੈ। ਸਰਪੰਚ ਇਸ ਲਈ ਜ਼ਿੰਮੇਵਾਰ ਹੈ।
'ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਪੰਜਾਬ'
ਜੱਜ- ਤੁਹਾਡੀਆਂ ਸੈਟੇਲਾਈਟ ਤਸਵੀਰਾਂ ਮੁਤਾਬਕ ਕਿੱਥੇ ਪਰਾਲੀ ਸਾੜੀ ਜਾ ਰਹੀ ਹੈ?
ਜੁਆਇੰਟ ਸਕੱਤਰ- ਤਸਵੀਰਾਂ ਮੁਤਾਬਕ ਹਰਿਆਣਾ 'ਚ ਸੁਧਾਰ ਹੈ ਪਰ ਪੰਜਾਬ 'ਚ ਨਹੀਂ।
ਵਾਤਾਵਰਨ ਕਾਰਕੁਨ ਸੁਨੀਤਾ ਨਾਰਾਇਣ ਨੇ ਕਿਹਾ ਕਿ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਪੰਜਾਬ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਦਾ ਸੰਦੇਸ਼ ਸਾਫ਼ ਹੋਣਾ ਚਾਹੀਦਾ ਹੈ ਅਤੇ ਅਦਾਲਤਾਂ ਦਾ ਦਖ਼ਲ ਇਸ ਮਾਮਲੇ ਵਿੱਚ ਇੱਕ ਰੁਕਾਵਟ ਹੋਵੇਗਾ।
ਸੁਣਵਾਈ ਦੌਰਾਨ ਐਮਿਕਸ ਕਿਊਰੀ ਅਪਰਾਜਿਤਾ ਸਿੰਘ ਨੇ ਅਦਾਲਤ ਨੂੰ ਕਿਹਾ ਹੈ ਕਿ ਦਿੱਲੀ 'ਚ ਟਰੱਕਾਂ ਦਾ ਪ੍ਰਵੇਸ਼ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਸਿਰਫ਼ ਉਨ੍ਹਾਂ ਟਰੱਕਾਂ ਨੂੰ ਆਉਣ ਦੀ ਆਗਿਆ ਹੋਣੀ ਚਾਹੀਦੀ ਹੈ ਜੋ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਦਾ ਸਾਮਾਨ ਲੈ ਕੇ ਆ ਰਹੇ ਹੋਣ।

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਬਨਿਟ ਸਕੱਤਰ ਲਗਾਤਾਰ ਪ੍ਰਦੂਸ਼ਣ ਦੇ ਹਾਲਾਤ ਉੱਤੇ ਨਜ਼ਰ ਰੱਖ ਰਹੇ ਹਨ। ਨਾਲ ਹੀ ਉਨ੍ਹਾਂ ਨੇ ਪੰਜਾਬ, ਹਰਿਆਣਾ ਤੇ ਦਿੱਲੀ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਹੈ।
ਦਿੱਲੀ-ਐੱਨਸੀਆਰ ਦੇ ਇਲਾਕਿਆਂ ਵਿੱਚ 4 ਤੇ 5 ਨਵੰਬਰ ਨੂੰ ਸਕੂਲ ਬੰਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ:
ਹਵਾ ਸਾਫ਼ ਕਰਨ ਵਾਲੇ ਉਪਕਰਨ
ਸਰਦੀਆਂ ਵਿੱਚ ਉੱਤਰੀ ਭਾਰਤ 'ਤੇ ਸਮੋਗ ਦੀ ਮੋਟੀ ਚਾਦਰ ਹਰ ਸਾਲ ਤਣ ਜਾਂਦੀ ਹੈ ਅਤੇ ਪ੍ਰਦੂਸ਼ਣ ਸੱਥਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।
ਇਸ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਆਮ ਲੋਕਾਂ ਦੀ ਪ੍ਰਦੂਸ਼ਣ ਖ਼ਿਲਾਫ਼ ਲੜਾਈ।
ਹਜ਼ਾਰਾਂ ਲੋਕ ਦਮ ਘੁਟਣ ਅਤੇ ਫੇਫੜਿਆਂ ਨਾਲ ਜੁੜੀਆਂ ਸ਼ਿਕਾਇਤਾਂ ਲੈ ਕੇ ਡਾਕਟਰਾਂ ਕੋਲ ਪਹੁੰਚਦੇ ਹਨ। ਕਈਆਂ ਨੂੰ ਆਪਣੇ ਦਫ਼ਤਰੋਂ ਅਤੇ ਸਕੂਲੋਂ ਛੁੱਟੀ ਕਰਨੀ ਪੈਂਦੀ ਹੈ।
ਸਰਕਾਰਾਂ ਵੱਲੋਂ ਪ੍ਰਦੂਸ਼ਣ ਰੋਕਣ ਲਈ ਕੀਤੇ ਇੰਤਜ਼ਾਮ ਵੀ ਨਾਕਾਮ ਹੋ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਖ਼ਿਲਾਫ਼ ਆਪੋ-ਆਪਣੇ ਤਰੀਕੇ ਤਲਾਸ਼ਣੇ ਪੈਂਦੇ ਹਨ।
ਆਨਲਾਈਨ ਸ਼ੌਪਿੰਗ ਵੈੱਬਸਾਈਟਾਂ ’ਤੇ ਹਵਾ ਸਾਫ਼ ਕਰਨ ਵਾਲੇ ਉਪਕਰਣਾਂ ਬਾਰੇ 2,000 ਤੋਂ ਵਧੇਰੇ ਨਤੀਜੇ ਆ ਜਾਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਮਹਿੰਗੇ ਹਨ।
ਲੋਕਾਂ ਦਾ ਮੰਨਣਾ ਹੈ ਕਿ ਇਹ ਹਵਾ ਸਾਫ਼ ਕਰਦੇ ਹਨ। ਇਸ ਲਈ ਭਾਰਤ ਵਿੱਚ ਇਨ੍ਹਾਂ ਦੀ ਵਿਕਰੀ ਵਧੀ ਹੈ।
ਮਾਰਚ ਵਿੱਚ ਇੱਕ ਖ਼ਬਰ ਆਈ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਸਮੇਤ ਹੋਰ ਸਰਕਾਰੀ ਦਫ਼ਤਰਾਂ ਵਿੱਚ ਲਾਉਣ ਲਈ 140 ਅਜਿਹੇ ਉਪਕਰਣ ਖਰੀਦੇ ਹਨ।

ਤਸਵੀਰ ਸਰੋਤ, Getty Images
ਪਰ ਕੀ ਇਹ ਕਾਰਗਰ ਹਨ?
ਏਮਜ਼-ਦਿੱਲੀ ਵਿੱਚ ਫੇਫੜਿਆਂ ਦੇ ਮਾਹਿਰ ਡਾ. ਕਰਨ ਮਦਾਨ ਨੇ ਦੱਸਿਆ, “ਏਅਰ ਪਿਊਰੀਫ਼ਾਇਰ ਸਿਰਫ਼ ਪੂਰੀ ਤਰ੍ਹਾਂ ਬੰਦ ਵਾਤਾਵਰਣ ਵਿੱਚ ਹੀ ਕੰਮ ਕਰਦੇ ਹਨ।”
ਇਸ ਲਈ ਜਿਵੇਂ ਹੀ ਤੁਸੀਂ ਕੋਈ ਦਰਵਾਜ਼ਾ-ਖਿੜਕੀ ਖੋਲ੍ਹੀ, ਕਮਰੇ ਦੇ ਅੰਦਰਲੀ ਹਵਾ ਬਾਹਰਲੀ ਵਰਗੀ ਹੀ ਹੋ ਜਾਂਦੀ ਹੈ।
ਡਾ. ਮਦਾਨ ਮੁਤਾਬਕ ਬੂਹੇ-ਬਾਰੀਆਂ ਢੋਅ ਕੇ ਅੰਦਰ ਹੀ ਬੈਠੇ ਰਹਿਣਾ ਵੀ "ਅਮਲੀ ਤੌਰ ਤੇ ਸੰਭਵ ਨਹੀਂ ਹੈ।"
ਮੂੰਹ 'ਤੇ ਬੰਨ੍ਹਣ ਵਾਲੇ ਮਾਸਕ
ਦਵਾਈਆਂ ਵਾਲਿਆਂ ਤੋਂ ਲੈ ਕੇ ਆਨਲਾਈਨ ਖਰੀਦਦਾਰੀ ਸਾਈਟਾਂ ਤੱਕ ਤੁਹਾਨੂੰ ਕਈ ਮਹਿੰਗੇ-ਸਸਤੇ ਮਾਸਕ ਮਿਲ ਜਾਣਗੇ।
ਇਨ੍ਹਾਂ ਵਿੱਚੋਂ ਕੁਝ ਸਿਰਫ਼ ਸਾਦੇ ਕੱਪੜੇ ਦੇ ਅਤੇ ਕਈ ਪ੍ਰਦੂਸ਼ਣ ਰੋਕਣ ਲਈ ਫ਼ਿਲਟਰਾਂ ਵਾਲੇ ਵੀ ਹੁੰਦੇ ਹਨ।
ਪਰ ਕੀ ਇਹ ਮਾਸਕ ਖੂਨ ਵਿੱਚ ਘੁਲ ਸਕਣ ਵਾਲੇ ਸੂਖਮ ਕਣਾਂ ਨੂੰ ਬਾਹਰ ਰੋਕ ਸਕਦੇ ਹਨ।

ਤਸਵੀਰ ਸਰੋਤ, AFP
ਡਾ. ਮਦਾਨ ਦਾ ਕਹਿਣਾ ਹੈ ਕਿ ਇਸ ਲਈ ਜਰੂਰੀ ਹੈ ਕਿ ਮਾਸਕ ਹਰ ਸਮੇਂ ਪਹਿਨ ਕੇ ਰੱਖਿਆ ਜਾਵੇ ਅਤੇ ਨੱਕ ਅਤੇ ਮੂੰਹ ਦੁਆਲਿਓਂ ਪੂਰੀ ਤਰ੍ਹਾਂ ਬੰਦ ਹੋਵੇ।
"ਪਰ ਇਨ੍ਹਾਂ ਨਾਲ ਕਸਰਤ ਕਰਨ ਸਮੇਂ ਸਾਹ ਲੈਣ ਵਿੱਚ ਦਿੱਕਤ ਖੜ੍ਹੀ ਹੋ ਸਕਦੀ ਹੈ। ਅਤੇ ਤੁਸੀਂ ਬਾਹਰ ਖੇਡਦੇ ਬੱਚਿਆਂ ਨੂੰ ਇਹ ਕਿਵੇਂ ਪਹਿਨਾਓਗੇ?
"ਇਨ੍ਹਾਂ ਸਾਰੇ ਹੱਲਾਂ ਦੀ ਵਰਤੋਂ ਕਰਨਾਂ ਬਹੁਤ ਮੁਸ਼ਕਿਲ ਹੈ।"
ਆਂਵਲਾ ਤੇ ਹਲਦੀ
ਪਿਛਲੇ ਹਫ਼ਤੇ ਜਦੋਂ ਦਿੱਲੀ ਵਿੱਚ ਪ੍ਰਦੂਸ਼ਣ ਵਧਣ ਲੱਗਿਆ ਤਾਂ ਸਕੂਲਾਂ ਨੇ ਵੀ— ਸਵੇਰ ਦੀਆਂ ਸਭਾਵਾਂ ਬੰਦ ਕਰ ਦਿੱਤੀਆਂ, ਬੱਚਿਆਂ ਦੇ ਖੇਡਣ ਦੇ ਪੀਰੀਅਡ ਬੰਦ ਕਰ ਦਿੱਤੇ। ਉੱਥੇ ਹੀ ਇੱਕ ਸਕੂਲ ਨੇ ਵਿਦਿਆਰਥੀਆਂ ਨੂੰ ਆਂਵਲੇ ਵੰਡੇ।
ਮੰਨਿਆ ਜਾਂਦਾ ਹੈ ਕਿ ਆਂਵਲੇ ਦੇ ਐਂਟੀ-ਆਕਸੀਡੈਂਟ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਸੁਧਾਰ ਕੇ ਪ੍ਰਦੂਸ਼ਣ ਦਾ ਅਸਰ ਘਟਾਉਣ ਵਿੱਚ ਅਸਰਦਾਰ ਹੁੰਦਾ ਹੈ।
ਇਹ ਵੀ ਪੜ੍ਹੋ:
ਖੁਰਾਕ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹਲਦੀ, ਅਦਰਕ ਅਤੇ ਤੁਲਸੀ ਦਾ ਕਾਹਵਾ ਜਾਂ ਗੁੜ ਖਾਣ ਨਾਲ ਵੀ ਪ੍ਰਦੂਸ਼ਣ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ।
ਡਾ਼ ਮਦਾਨ ਇਨ੍ਹਾਂ ਦਾਅਵਿਆਂ ਦੇ ਵਿਗਿਆਨਕ ਪ੍ਰਮਾਣਾਂ ਬਾਰੇ ਹਾਲਾਂ ਕਿ ਬਹੁਤੇ ਸੰਤੁਸ਼ਟ ਨਹੀਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਖ਼ੁਰਾਕ ਨਾਲ ਸਮੁੱਚੀ ਸਿਹਤ ਵਿੱਚ ਸੁਧਾਰ ਤਾਂ ਹੁੰਦਾ ਹੈ ਪਰ ਇਸ ਨਾਲ ਪ੍ਰਦੂਸ਼ਣ ਨੂੰ ਕੋਈ ਫਰਕ ਨਹੀਂ ਪੈਂਦਾ।

ਤਸਵੀਰ ਸਰੋਤ, Getty Images
ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਦੌਰਾਨ ਉਨ੍ਹਾਂ ਕੋਲ ਸਾਹ,ਅਤੇ ਨੱਕ ਤੇ ਗਲੇ ਦੀ ਪ੍ਰੇਸ਼ਾਨੀ ਲੈ ਕੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਉਨ੍ਹਾਂ ਮੁਤਾਬਕ ਇਹ 'ਗੰਭੀਰ ਸਿਹਤ ਐਮਰਜੈਂਸੀ ਹੈ' ਜਿਸ ਤੋਂ ਸਭ ਤੋਂ ਵੱਡ ਖ਼ਤਰਾ ਬੱਚਿਆਂ, ਬਜ਼ੁਰਗਾਂ ਅਤੇ ਦਮੇ ਦੇ ਮਰੀਜ਼ਾਂ ਨੂੰ ਹੈ। ਉਨ੍ਹਾਂ ਨੂੰ ਜਿੱਥੋਂ ਤੱਕ ਹੋ ਸਕੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਅਤੇ ਸਖ਼ਤ ਮਿਹਨਤ ਤੋਂ ਬਚਣਾ ਚਾਹੀਦਾ ਹੈ।
ਪ੍ਰਦੂਸ਼ਣ ਦੇ ਫੇਫੜਿਆਂ ਤੇ ਦਿਲ ਉੱਪਰ ਤਾਂ ਮਾੜੇ ਅਸਰਾਂ ਤੋਂ ਇਲਾਵਾ ਕੁਝ ਅਧਿਐਨ ਬੌਧਿਕਤਾ ਉੱਪਰ ਵੀ ਇਸਦੇ ਅਸਰ ਵੱਲ ਵੀ ਸੰਕੇਤ ਕਰਦੇ ਹਨ।
ਘੀ ਕੁਆਰ, ਸਨੇਕ ਪਲਾਂਟ...
ਇਹ ਤਾਂ ਸਭ ਜਾਣਦੇ ਹਨ ਕਿ ਪੌਦੇ ਹਵਾ ਸਾਫ਼ ਕਰਦੇ ਹਨ ਪਰ ਅੱਜ ਕੱਲ੍ਹ ਕਈ ਅਖ਼ਬਾਰ ਅਤੇ ਵੈਬਸਾਈਟਾਂ ਘਰਾਂ ਦੇ ਅੰਦਰ ਰੱਖੇ ਜਾ ਸਕਣ ਵਾਲੇ ਪੌਦਿਆਂ ਦਾ ਪ੍ਰਚਾਰ ਕਰ ਰਹੇ ਹਨ।
ਸਭ ਤੋਂ ਮਸ਼ਹੂਰ ਘੀ ਕੁਆਰ, ਸਪਾਈਡਰ ਪਲਾਂਟ ਅਤੇ ਸਨੇਕ ਪਲਾਂਟ ਹਨ।
ਡਾ਼ ਮਦਾਨ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ ਦੀ ਵਿਗਿਆਨਕ ਪੜਚੋਲ ਕੀਤੀ ਜਾਣੀ ਚਾਹੀਦੀ ਹੈ
"ਕੋਈ ਮਿਹਰਬਾਨੀ ਕਰਕੇ ਇਹ ਅਧਿਐਨ ਕਰੇ, ਜਿਸ ਵਿੱਚ ਇਨ੍ਹਾਂ ਪੌਦਿਆਂ ਤੋਂ ਬਿਨਾਂ ਅਤੇ ਸਮੇਤ ਘਰਾਂ ਦੇ ਪ੍ਰਦੂਸ਼ਣ ਦੀ ਤੁਲਨਾ ਕੀਤੀ ਜਾਵੇ। ਸਾਨੂੰ ਇਸ ਬਾਰੇ ਵਾਕਈ ਵਧੀਆ ਡਾਟਾ ਚਾਹੀਦਾ ਹੈ ਕਿ ਕੀ ਇਹ ਵਾਕਈ ਕਾਰਗਰ ਹਨ।"
ਡਾ਼ ਮਦਾਨ ਮੁਤਾਬਕ ਹਾਲਾਤ ਬਹੁਤ ਖ਼ਰਾਬ ਹਨ ਅਤੇ ਇਸ ਦਾ ਇੱਕੋ-ਇੱਕ ਹੱਲ ਹੈ, ਪ੍ਰਦੂਸ਼ਣ ਨਾਲ ਨਜਿੱਠਣਾ।
"ਇਸ ਦੇ ਕੋਈ ਸ਼ੌਰਟਕੱਟ ਨਹੀਂ ਹਨ। ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਪ੍ਰਦੂਸ਼ਣ ਦੇ ਸਰੋਤ ਨੂੰ ਕਾਬੂ ਕੀਤਾ ਜਾਵੇ।"
(ਇਹ ਮੂਲ ਲੇਖ 2018 ਵਿੱਚ ਛਪਿਆ ਸੀ)
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












