You’re viewing a text-only version of this website that uses less data. View the main version of the website including all images and videos.
ਭਾਰਤੀ ਮਹਿਲਾ ਹਾਕੀ ਟੀਮ ਨੂੰ ਮਿਲਿਆ ਟੋਕਿਓ ਓਲੰਪਿਕ ਦਾ ਟਿਕਟ, ਕਪਤਾਨ ਰਾਣੀ ਰਾਮਪਾਲ ਦਾ ਉਹ ਗੋਲ ਜਿਸ ਨੇ ਦੁਆਈ ਜਿੱਤ
- ਲੇਖਕ, ਆਦੇਸ਼ ਕੁਮਾਰ ਗੁਪਤ
- ਰੋਲ, ਖੇਡ ਪੱਤਰਕਾਰ, ਬੀਬੀਸੀ ਲਈ
ਆਖਿਰਕਾਰ ਭਾਰਤੀ ਮਹਿਲਾ ਹਾਕੀ ਟੀਮ ਨੇ ਅਗਲੇ ਸਾਲ ਟੋਕਿਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦਾ ਟਿਕਟ ਹਾਸਿਲ ਕਰ ਲਿਆ ਹੈ।
ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਕੁਆਲੀਫਾਇਰ ਦੇ ਦੋ ਗੇੜ ਦੇ ਮੁਕਾਬਲਿਆਂ ਵਿੱਚ ਅਮਰੀਕੀ ਟੀਮ ਨੂੰ ਗੋਲ ਦੇ ਅੰਤਰ ਦੇ ਅਧਾਰ 'ਤੇ ਹਰਾ ਕੇ ਟੋਕਿਓ ਓਲੰਪਿਕ 'ਚ ਆਪਣੀ ਥਾਂ ਪੱਕੀ ਕਰ ਲਈ।
ਭਾਰਤੀ ਮਹਿਲਾ ਟੀਮ ਸ਼ਨੀਵਾਰ ਨੂੰ ਖੇਡੇ ਗਏ ਦੂਜੇ ਗੇੜ ਦੇ ਮੁਕਾਬਲੇ ਵਿੱਚ ਅਮਰੀਕਾ ਤੋਂ 4-1 ਦੇ ਅੰਤਰ ਨਾਲ ਹਾਰ ਗਈ ਸੀ। ਪਰ ਪਹਿਲੇ ਗੇੜ ਦੇ ਮੈਚ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ 5-1 ਨਾਲ ਹਰਾਇਆ ਸੀ, ਇਸ ਲਈ ਗੋਲ ਅੰਤਰ ਭਾਰਤ ਦੇ ਪੱਖ ਵਿੱਚ ਗਿਆ।
ਦੋਵਾਂ ਮੈਚਾਂ ਵਿੱਚ ਗੋਲ ਅੰਤਰ ਦੇ ਅਧਾਰ 'ਤੇ ਭਾਰਤੀ ਮਹਿਲਾ ਟੀਮ 6-5 ਤੋਂ ਅੱਗੇ ਰਹੀ।
ਇਹ ਵੀ ਪੜ੍ਹੋ:
ਰਾਣੀ ਰਾਮਪਾਲ ਨਾਲ ਬੀਬੀਸੀ ਪੰਜਾਬੀ ਦਾ ਪੁਰਾਣਾ ਇੰਟਰਵਿਊ
ਸ਼ਨੀਵਾਰ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੇ ਸਾਹ 48ਵੇਂ ਮਿੰਟ ਤੱਕ ਸੁੱਕੇ ਰਹੇ ਕਿਉਂਕੀ ਉਸ ਵੇਲੇ ਤੱਕ ਅਮਰੀਕੀ ਟੀਮ ਨੇ 4-0 ਦੀ ਮਜ਼ਬੂਤ ਲੀਡ ਨਾਲ ਮੈਚ 'ਤੇ ਆਪਣੀ ਪਕੜ ਬਣਾ ਕੇ ਰੱਖੀ ਸੀ।
ਅਮਰੀਕੀ ਟੀਮ ਨੂੰ ਓਲੰਪਿਕ ਦਾ ਟਿਕਟ ਹਾਸਿਲ ਕਰਨ ਲਈ ਸਿਰਫ ਇੱਕ ਗੋਲ ਦੀ ਲੋੜ ਸੀ, ਪਰ ਖੇਡ ਦੇ 48ਵੇਂ ਮਿੰਟ ਵਿੱਚ ਭਾਰਤ ਦੀ ਕਪਤਾਨ ਰਾਣੀ ਰਾਮਪਾਲ ਨੂੰ ਡੀ ਵਿੱਚ ਗੇਂਦ ਮਿਲੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਅਮਰੀਕੀ ਦੀ ਗੋਲਕੀਪਰ ਨੂੰ ਚਕਮਾ ਦਿੰਦਿਆਂ ਗੋਲ ਕਰ ਦਿੱਤਾ। ਬੱਸ ਇਹੀ ਗੋਲ ਭਾਰਤੀ ਟੀਮ ਲਈ ਵਰਦਾਨ ਸਾਬਿਤ ਹੋਇਆ।
ਇਸਤੋਂ ਮਗਰੋਂ ਭਾਰਤੀ ਟੀਮ ਨੇ ਪੂਰੇ ਜੋਸ਼ ਅਤੇ ਹੋਸ਼ ਨਾਲ ਅਮਰੀਕੀ ਟੀਮ ਦਾ ਸਾਹਮਣਾ ਕੀਤਾ ਅਤੇ ਉਸ ਨੂੰ ਹੋਰ ਕੋਈ ਗੋਲ ਨਹੀਂ ਕਰਨ ਦਿੱਤਾ।
ਇਸ ਤੋਂ ਪਹਿਲਾ ਸ਼ੁੱਕਰਵਾਰ ਨੂੰ ਖੇਡੇ ਗਏ ਪਹਿਲੇ ਗੇੜ ਦੇ ਮੈਚ ਵਿੱਚ ਭਾਰਤ ਨੇ ਗੁਰਜੀਤ ਕੌਰ ਦੇ ਦੋ, ਲਿਲਿਮਾ ਮਿੰਜ, ਸ਼ਰਮੀਲਾ ਦੇਵੀ ਅਤੇ ਨਵਨੀਤ ਕੌਰ ਦੇ ਇੱਕ ਇੱਕ ਗੋਲ ਦੀ ਮਦਦ ਨਾਲ ਅਮਰੀਕੀ ਟੀਮ ਨੂੰ 5-1 ਨਾਲ ਹਰਾਇਆ ਸੀ।
ਇਸ ਤੋਂ ਪਹਿਲਾਂ ਅਮਰੀਕਾ ਦੀ ਅਮਾਂਡਾ ਮਾਗਦਾਨ ਨੇ ਖੇਡ ਦੇ ਪੰਜਵੇ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਸਟੇਡੀਅਮ ਵਿੱਚ ਸੰਨਾਟਾ ਫੈਲਾ ਦਿੱਤਾ ਸੀ।
ਇਸਤੋਂ ਬਾਅਦ 14ਵੇਂ ਮਿੰਟ ਵਿੱਚ ਅਮਰੀਕਾ ਦੀ ਕੰਪਤਾਨ ਕੈਥਰੀਨ ਸ਼ਰਕ ਨੇ ਮੈਦਾਨੀ ਗੋਲ ਕਰਕੇ ਲੀਡ 2-0 ਕਰ ਦਿੱਤੀ ਸੀ। ਅਮਰੀਕਾ ਲਈ ਤੀਜਾ ਵੱਡਾ ਗੋਲ 20ਵੇਂ ਮਿੰਟ ਵਿੱਚ ਏਲੀਸਾ ਪਾਰਕਰ ਨੇ ਕੀਤਾ।
ਚੌਥਾ ਅਤੇ ਆਖਰੀ ਗੋਲ 28ਵੇਂ ਮਿੰਟ ਵਿੱਟ ਅਮਾਂਡਾ ਮਾਗਦਾਨ ਨੇ ਕੀਤਾ।
ਇਹ ਭਾਰਤੀ ਮਹਿਲਾ ਹਾਕੀ ਟੀਮ ਦਾ ਅਮਰੀਕੀ ਟੀਮ ਦੇ ਖਿਲਾਫ 31ਵਾਂ ਮੈਚ ਸੀ ਜਿਸ ਵਿੱਚ ਭਾਰਤੀ ਟੀਮ ਨੂੰ ਸਿਰਫ਼ ਪੰਜ ਮੈਚਾਂ ਵਿੱਚ ਜਿੱਤ ਮਿਲੀ।
17 ਮੈਚਾਂ ਨੂੰ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ 9 ਮੈਚ ਡ੍ਰਾਅ ਹੋਏ।
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: