You’re viewing a text-only version of this website that uses less data. View the main version of the website including all images and videos.
ਗੁਰੂ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ: ਕੈਪਟਨ ਅਮਰਿੰਦਰ ਨੇ ਅਕਾਲ ਤਖ਼ਤ ਨੂੰ ਅਗਵਾਈ ਲਈ ਕਿਹਾ, ਅਕਾਲੀ ਦਲ ਕੀ ਕਹਿੰਦਾ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮ ਸਾਂਝੇ ਤੌਰ ਉੱਤੇ ਮਨਾਉਣ ਨੂੰ ਲੈ ਕੇ ਪੈਦਾ ਹੋਈਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ੈਸਲਾ ਅਕਾਲ ਤਖ਼ਤ ਸਾਹਿਬ ਉੱਤੇ ਛੱਡ ਦਿੱਤਾ ਹੈ।
ਅਕਾਲ ਤਖ਼ਤ ਸਾਹਿਬ ਕੋਲ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਹੱਥ ਚਿੱਠੀ ਭੇਜੀ ਗਈ ਹੈ।
ਚਿੱਠੀ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਸਮਾਗਮ ਅਕਾਲ ਤਖ਼ਤ ਦੀ ਅਗਵਾਈ 'ਚ ਕਰਨ ਦੀ ਗੱਲ ਕਹੀ ਹੈ।
ਕੈਪਟਨ ਦੀ ਪੇਸ਼ਕਸ਼
ਜਥੇਦਾਰ, ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਅਕਾਲ ਤਖ਼ਤ ਦੀ ਅਗਵਾਈ 'ਚ ਸਮਾਗਮ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰੇ ਕਿ ਉਹ ਵੱਖਰੇ ਸਮਾਗਮਾਂ ਲਈ ਸੰਗਤਾਂ ਦੇ 12-15 ਕਰੋੜ ਰੁਪਏ ਨਾ ਖ਼ਰਚਣ।
ਇਸ ਪੈਸੇ ਨੂੰ ਧਰਮ ਪ੍ਰਚਾਰ ਲਈ ਲਗਾਇਆ ਜਾਵੇ। ਦੋ ਵੱਖਰੇ ਮੰਚ ਲੱਗਣ ਨਾਲ ਸੰਗਤਾਂ ਵਿੱਚ ਦੁਬਿਧਾ ਪੈਦਾ ਹੋਵੇਗੀ।
ਕੀ ਹੈ ਪ੍ਰਸਤਾਵ?
ਮੁੱਖ ਮੰਤਰੀ ਵੱਲੋਂ ਭੇਜੇ ਪ੍ਰਸਤਾਵ ਮੁਤਾਬਕ ਮੁੱਖ ਸਮਾਗਮ 'ਚ ਕੋਈ ਸਿਆਸੀ ਭਾਸ਼ਣ ਨਹੀਂ ਦੇਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:
ਮੁੱਖ ਮੰਚ ਉੱਤੇ ਪੰਜਾਂ ਤਖ਼ਤਾਂ ਦੇ ਜਥੇਦਾਰ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਪ੍ਰਧਾਨ ਮੰਤਰੀ (ਕੇਂਦਰ ਸਰਕਾਰ ਦਾ ਨੁੰਮਾਇਦਾ), ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਮੁੱਖ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੀ ਬੈਠਣਗੇ।
ਮੰਤਰੀਆਂ ਨੇ ਕਿਹਾ ਕਿ ਸਰਕਾਰ ਗੁਰੂ ਸਾਹਿਬ ਦੇ ਸੰਦੇਸ਼ ਮੁਤਾਬਕ ਗੁਰ ਪੁਰਬ ਸਮਾਗਮ ਸਾਂਝੇ ਤੌਰ ਉੱਤੇ ਮਨਾਉਣਾ ਚਾਹੁੰਦੀ ਹੈ।
ਕੈਪਟਨ ਨੇ ਸਮੁੱਚੇ ਸਿੱਖਾਂ ਨੂੰ ਅਕਾਲ ਤਖ਼ਤ ਦੀ ਅਗਵਾਈ ਵਿਚ ਸਮਾਗਮਾਂ 'ਚ ਪਹੁੰਚਣ ਦੀ ਅਪੀਲ ਕੀਤੀ ਹੈ।
ਅਕਾਲ ਤਖ਼ਤ ਨੇ ਕੀ ਕਿਹਾ?
ਮੰਤਰੀਆਂ ਨੂੰ ਮਿਲਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 21 ਅਕਤੂਬਰ ਨੂੰ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ ਬੁਲਾਈ ਹੈ, ਜਿਸ 'ਚ 11-12 ਨਵੰਬਰ ਦੇ ਮੁੱਖ ਸਮਾਗਮ ਦੀ ਰੂਪ ਰੇਖਾ ਤੈਅ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਹ ਸਾਰੀਆਂ ਧਿਰਾਂ ਨੂੰ ਇੱਕ ਮੰਚ ਉੱਤੇ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।
ਅਕਾਲੀ ਦਲ ਦਾ ਪ੍ਰਤੀਕਰਮ
ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਦੀ ਸੱਤਾਧਾਰੀ ਧਿਰ ਦੇ ਮੈਂਬਰ ਮਨਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਾਂਝੀ ਸੰਸਥਾ ਹੈ। ਸਾਰੀਆਂ ਹੀ ਸਿਆਸੀ ਤੇ ਧਾਰਮਿਕ ਧਿਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੰਚ ਉੱਤੇ ਇੱਕਜੁਟ ਹੋ ਕੇ ਬੈਠਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਣੇ ਸਾਰੀਆਂ ਧਿਰਾਂ ਦੇ ਆਗੂਆਂ ਨੂੰ ਬਣਦਾ ਸਨਮਾਨ ਦੇਵੇਗੀ।
ਇਹ ਵੀ ਪੜ੍ਹੋ:
ਮਨਜੀਤ ਸਿੰਘ ਨੇ ਕਿਹਾ, “ਮੈਂ ਕੈਪਟਨ ਅਮਰਿੰਦਰ ਸਿੰਘ ਦੀ ਇਸ ਦਲੀਲ ਨਾਲ ਸਹਿਮਤ ਨਹੀਂ ਕਿ ਸ਼੍ਰੋਮਣੀ ਕਮੇਟੀ ਨੂੰ ਸਮਾਗਮਾਂ ਉੱਤੇ 12-15 ਕਰੋੜ ਰੁਪਏ ਬਰਬਾਦ ਨਹੀਂ ਕਰਨੇ ਚਾਹੀਦੇ।”
ਉਨ੍ਹਾਂ ਕਿਹਾ ਕਿ ਇਹ ਪੈਸਾ ਗੁਰੂ ਦਾ ਹੈ ਅਤੇ ਇਹ ਉਨ੍ਹਾਂ ਦੇ ਸੰਦੇਸ਼ ਦੇ ਪ੍ਰਚਾਰ ਲਈ ਹੀ ਹੋਣ ਵਾਲੇ ਸਮਾਗਮਾਂ 'ਤੇ ਖ਼ਰਚਿਆ ਜਾਣਾ ਹੈ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ