ਰਾਜੋਆਣਾ : ਬਲਵੰਤ ਰਾਜੋਆਣਾ ਖ਼ਾਲਿਸਤਾਨੀ ਨਹੀਂ ਅਕਾਲੀ ਦਲ ਪੱਖੀ ਹੈ: ਪਰਿਵਾਰ - GROUND REPORT

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਸਿੱਖਾਂ ਦੀ ਜੇਕਰ ਕੋਈ ਰਾਜਨੀਤਿਕ ਜਥੇਬੰਦੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ, ਜੇਕਰ ਬਲਵੰਤ ਸਿੰਘ ਰਾਜੋਆਣਾ ਉਸ ਦਾ ਸਾਥ ਨਹੀਂ ਦੇਣਗੇ ਤਾਂ ਕਿਸ ਦਾ ਸਾਥ ਦੇਣਗੇ।"

ਇਹ ਕਹਿਣਾ ਹੈ ਬਲਵੰਤ ਸਿੰਘ ਰਾਜੋਆਣਾ ਦੇ ਭਤੀਜੇ ਰਵਨੀਤ ਸਿੰਘ ਦਾ।

ਰਵਨੀਤ ਸਿੰਘ ਆਖਦਾ ਹੈ ਕਿ "ਮੈ ਮੰਨਦਾ ਹਾਂ ਕਿ ਬੇਸ਼ੱਕ ਅਕਾਲੀ ਦਲ ਤੋਂ ਅਤੀਤ ਵਿਚ ਕੁਝ ਗਲਤੀਆਂ ਹੋਈਆ ਹਨ ਤੇ ਬਲਵੰਤ ਸਿੰਘ ਰਾਜੋਆਣਾ ਸਮੇਤ ਪੂਰਾ ਪਰਿਵਾਰ ਮੰਨਦਾ ਹੈ ਕਿ ਸਿੱਖਾਂ ਦੀ ਅਸਲ ਰਾਜਨੀਤਿਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ।

ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਕੇਂਦਰ ਸਰਕਾਰ 8 ਸਿੱਖ ਕੈਦੀਆਂ ਦੀ ਰਿਹਾਈ ਕਰਨ ਜਾ ਰਹੀ ਹੈ।

ਇਹ ਵੀ ਚਰਚਾ ਵਿੱਚ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਦੋਸ਼ੀ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਹਾਲਾਂਕਿ ਇਸ ਦੀ ਪੁਸ਼ਟੀ ਅਜੇ ਕੇਂਦਰ ਸਰਕਾਰ ਨੇ ਨਹੀਂ ਕੀਤੀ ਪਰ ਪੰਜਾਬ ਦੇ ਰਾਜਨੀਤਿਕ ਅਤੇ ਮੀਡੀਆ ਹਲਕਿਆਂ ਵਿਚ ਅੱਜ-ਕੱਲ੍ਹ ਇਸ ਗੱਲ ਦੀ ਪੂਰੀ ਚਰਚਾ ਹੈ। ਇਨ੍ਹਾਂ ਚਰਚਾਵਾਂ ਦੌਰਾਨ ਬੀਬੀਸੀ ਪੰਜਾਬੀ ਦੀ ਟੀਮ ਬਲਵੰਤ ਸਿੰਘ ਦੇ ਪਿੰਡ ਰਾਜੋਆਣਾ ਦਾ ਮਾਹੌਲ ਜਾਣਨ ਲਈ ਉੱਥੇ ਪਹੁੰਚੀ।

ਕੀ ਹੈ ਰਾਜੋਆਣਾ ਪਿੰਡਾ ਦਾ ਮਾਹੌਲ?

ਪਿੰਡ ਦੇ ਬਾਹਰ ਸੱਥ ਵਿਚ ਕੁਝ ਬਜ਼ੁਰਗ ਤਾਸ਼ ਖੇਡਦੇ ਦਿਖਾਈ ਦਿੱਤੇ ਤਾਂ ਉਨ੍ਹਾਂ ਤੋਂ ਬਲਵੰਤ ਸਿੰਘ ਅਤੇ ਉਸ ਦੇ ਪਰਿਵਾਰ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ ਕੀਤੀ ਗਈ।

ਇਨ੍ਹਾਂ ਵਿੱਚ ਜ਼ਿਆਦਾਤਰ ਨੇ ਇਸ ਮੁੱਦੇ ਉੱਤੇ ਕੁਝ ਬੋਲਣ ਤੋਂ ਗੁਰੇਜ਼ ਕੀਤਾ ਹਾਂ ਇੰਨਾ ਜ਼ਰੂਰ ਦੱਸਿਆ ਕਿ ਪਿੰਡ ਦੀ ਫਿਰਨੀ 'ਤੇ ਰਾਏਕੋਟ ਨੂੰ ਜਾਣ ਵਾਲੀ ਸੜਕ ਉੱਤੇ ਹੀ ਬਲਵੰਤ ਸਿੰਘ ਦਾ ਪਰਿਵਾਰ ਰਹਿੰਦਾ ਹੈ।

ਕੋਠੀਨੁਮਾ ਇੱਕ ਘਰ ਦਾ ਜਦੋਂ ਗੇਟ ਖੜਕਿਆ ਤਾਂ ਇੱਕ ਨੌਜਵਾਨ ਨੇ ਬੂਹਾ ਖੋਲ੍ਹਿਆ। ਨੌਜਵਾਨ ਨੇ ਦੱਸਿਆ ਕਿ ਉਸ ਦਾ ਨਾਮ ਰਵਨੀਤ ਸਿੰਘ ਹੈ ਅਤੇ ਬਲਵੰਤ ਸਿੰਘ ਉਸ ਦਾ ਚਾਚਾ ਲਗਦਾ ਹੈ।

ਘਰ ਵਿੱਚ ਇੱਕ ਚੁੱਪ ਪਸਰੀ ਹੋਈ ਸੀ। ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਅਖ਼ਬਾਰ ਤੋਂ ਹੀ ਪਤਾ ਲਗਿਆ ਹੈ ਕਿ ਚਾਚਾ ਜੀ ਦੀ ਫਾਂਸੀ ਦੀ ਸਜ਼ਾ ਮੁਆਫ਼ ਹੋ ਗਈ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ।

ਘਰ ਦੇ ਬਾਕੀ ਮੈਂਬਰਾਂ ਬਾਰੇ ਉਸ ਨੇ ਦੱਸਿਆ ਕਿ ਦਾਦੀ ਜੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਘਰ ਵਿੱਚ ਰਵਨੀਤ ਆਪਣੇ ਮਾਤਾ- ਪਿਤਾ ਨਾਲ ਰਹਿੰਦਾ ਹੈ। ਰਵਨੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮੀਡੀਆ ਨਾਲ ਗੱਲ ਨਹੀਂ ਕਰ ਸਕਦਾ ਇਸ ਲਈ ਗੱਲਬਾਤ ਮੇਰੇ ਨਾਲ ਹੀ ਕਰਨੀ ਹੋਵੇਗੀ।

ਚਾਚੇ ਬਲਵੰਤ ਦੇ ਐਕਸ਼ਨ 'ਤੇ ਭਤੀਜੇ ਰਵਨੀਤ ਨੇ ਕੀ ਕਿਹਾ?

ਰਵਨੀਤ ਨੇ ਕਿਹਾ, “ਚਾਚਾ ਜੀ ਨੇ ਜੋ ਕੁਝ ਕੀਤਾ ਉਸ ਸਮੇਂ ਉਹ ਛੋਟੇ ਸੀ ਪਰ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਜੋ ਕੁਝ ਕੀਤਾ ਉਹ ਸਮੇਂ ਦਾ ਰਿਐਕਸ਼ਨ ਸੀ ਜਿਸ ਕਾਰਨ ਉਨ੍ਹਾਂ ਨੂੰ ਇੰਨਾ ਵੱਡਾ ਕਦਮ ਚੁੱਕਣਾ ਪਿਆ।”

ਇਹ ਵੀ ਪੜ੍ਹੋ:

ਰਵਨੀਤ ਨੇ ਆਖਿਆ ਕਿ ਬੇਅੰਤ ਸਿੰਘ ਕਤਲ ਕਾਂਡ ਨੂੰ ਅੰਜਾਮ ਦੇਣ ਤੋਂ ਪਹਿਲਾ ਚਾਚਾ ਜੀ, ਦਿਲਾਵਰ ਸਿੰਘ ਨਾਲ ਪਿੰਡ ਆਏ ਸਨ ਅਤੇ ਉਸ ਨੂੰ ਸ਼ਗਨ ਦੇ ਨਾਲ-ਨਾਲ ਕਾਰ ਵਿਚ ਝੂਟੇ ਵੀ ਦਿੱਤੇ ਸਨ।

ਰਵਨੀਤ ਦੱਸਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਹ ਕਾਰ ਬੰਬ ਧਮਾਕੇ ਲਈ ਵਰਤੀ ਗਈ ਸੀ।

ਜੇ ਕੇਂਦਰ ਸਰਕਾਰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਰਹੀ ਹੈ ਤਾਂ ਇਹ ਪਰਿਵਾਰ ਲਈ ਬਹੁਤ ਵੱਡੀ ਰਾਹਤ ਵਾਲੀ ਖ਼ਬਰ ਹੈ। ਨਾਲ ਹੀ ਉਨ੍ਹਾਂ ਦੀ ਰਿਹਾਈ ਵੀ ਹੋਣੀ ਚਾਹੀਦੀ ਹੈ।

ਬਲਵੰਤ ਰਾਜੋਆਣਾ ਦੇ ਚਾਚੇ ਨੇ ਕੀ ਦੱਸਿਆ?

ਇੰਨੇ ਚਿਰ ਨੂੰ ਇੱਕ ਬਜ਼ੁਰਗ ਗੁਆਂਢ ਤੋਂ ਘਰ ਵਿਚ ਦਾਖਲ ਹੁੰਦਾ ਹੈ ਪਤਾ ਲਗਿਆ ਕਿ ਇਹ ਬਲਵੰਤ ਸਿੰਘ ਦਾ ਚਾਚਾ ਅਵਤਾਰ ਸਿੰਘ ਹੈ।

ਕੁਰਸੀ ਉੱਤੇ ਬੈਠਣ ਤੋਂ ਬਾਅਦ ਉਨ੍ਹਾਂ ਅਖ਼ਬਾਰ ਪੜ੍ਹਨਾ ਸ਼ੁਰੂ ਕੀਤਾ ਤਾਂ ਪਹਿਲੀ ਨਜ਼ਰ ਉਸ ਦੀ ਬਲਵੰਤ ਸਿੰਘ ਰਾਜੋਆਣਾ ਬਾਰੇ ਛਪੀ ਹੈੱਡਲਾਈਨ ਉੱਤੇ ਗਈ।

ਜਦੋਂ ਇਸ ਸਬੰਧੀ ਪੁੱਛਿਆ ਗਿਆ ਕਿ ਹੁਣ ਤੁਸੀਂ ਇਸ ਤੋਂ ਖੁਸ਼ ਹੋ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ "ਸਾਡੇ ਆਪਣੇ ਦੀ ਫਾਂਸੀ ਦੀ ਸਜ਼ਾ ਮੁਆਫ਼ ਹੋ ਰਹੀ ਹੈ ਤਾਂ ਲੋਕ ਆਖਣਗੇ ਆਪਣੇ ਦਾ ਸਾਥ ਦੇ ਰਹੇ ਹਨ , ਚੰਗਾ ਹੁੰਦਾ ਰਾਜੋਆਣਾ ਦੇ ਨਾਲ-ਨਾਲ ਹਵਾਰਾ, ਭਿਓਰਾ, ਤਾਰਾ ਦੀ ਵੀ ਸਜ਼ਾ ਮੁਆਫ਼ ਹੁੰਦੀ, ਫਿਰ ਖੁਸ਼ੀ ਜ਼ਿਆਦਾ ਹੋਣੀ ਸੀ।

ਅਵਤਾਰ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਦੇ ਬੇਅੰਤ ਸਿੰਘ ਮਾਮਲੇ ਵਿਚ ਫਸ ਜਾਣ ਤੋਂ ਬਾਅਦ ਪਰਿਵਾਰ ਨੇ ਬਹੁਤ ਬੁਰੇ ਹਾਲਤ ਦੇਖੇ ਹਨ।

ਘਰ ਬਾਰ ਛੱਡਣ ਕਰ ਕੇ ਇਧਰ ਉਧਰ ਦਿਨ ਕੱਟਣੇ ਪਏ। ਉਨ੍ਹਾਂ ਦੱਸਿਆ ਕਿ ਪਰਿਵਾਰ ਪੂਰੀ ਤਰਾਂ ਅਕਾਲੀ ਦਲ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ:

ਨਾਲ ਹੀ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਪਰਿਵਾਰ ਦੀ ਰਾਜੋਆਣਾ ਨਾਲ ਮੁਲਾਕਾਤ ਨਹੀਂ ਹੋਈ ਕਿਉਂਕਿ ਜ਼ਿਆਦਾਤਰ ਉਨ੍ਹਾਂ ਦੇ ਸੰਪਰਕ ਵਿੱਚ ਕਮਲਦੀਪ ਕੌਰ ਹੀ ਰਹਿੰਦੀ ਹੈ।

ਪਿੰਡ ਦਾ ਨਾਹਰ ਸਿੰਘ ਰਾਜੋਆਣਾ ਬਾਰੇ ਕੀ ਕਹਿੰਦਾ?

ਘਰ ਤੋਂ ਨਿਕਲ ਕੇ ਅਸੀਂ ਫਿਰ ਤੋਂ ਪਿੰਡ ਦੀ ਸੱਥ ਵਿਚ ਪਹੁੰਚੇ ਤਾਂ ਨਾਹਰ ਸਿੰਘ ਨਾਮ ਦੇ ਇੱਕ ਵਿਅਕਤੀ ਨਾਲ ਗੱਲ ਹੋਈ। ਜਦੋਂ ਬਲਵੰਤ ਸਿੰਘ ਬਾਰੇ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਮੀਡੀਆ ਤੋਂ ਰਾਜੋਆਣਾ ਬਾਰੇ ਖਬਰਾਂ ਮਿਲੀਆਂ ਹਨ।

ਉਨ੍ਹਾਂ ਆਖਿਆ ਕਿ ਪੂਰਾ ਪਰਿਵਾਰ ਚੰਗਾ ਹੈ, ਬਲਵੰਤ ਸਿੰਘ ਦਾ ਸੁਭਾਅ ਵੀ ਚੰਗਾ ਸੀ। ਇਸ ਤੋਂ ਬਾਅਦ ਉਨ੍ਹਾਂ ਹੋਰ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਕਿਵੇਂ ਹੋਇਆ ਸੀ ਰਾਜੋਆਣਾ ਪੁਲਿਸ ਵਿੱਚ ਭਰਤੀ?

ਅਵਤਾਰ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਦੇ ਪਿਤਾ ਮਲਕੀਤ ਸਿੰਘ ਫੌਜ ਵਿੱਚ ਸੇਵਾ ਮੁਕਤ ਹੋਣ ਤੋ ਬਾਅਦ ਪਿੰਡ ਵਿੱਚ ਰਹਿਣ ਲੱਗੇ ਸਨ।

ਬਲਵੰਤ ਸਿੰਘ ਨੇ ਪੜਾਈ ਪੂਰੀ ਕਰਨ ਤੋਂ ਬਾਅਦ ਪਹਿਲਾਂ ਖੇਤੀ ਕੀਤੀ ਅਤੇ ਫਿਰ ਪਰਿਵਾਰ ਨੇ ਉਸ ਨੂੰ ਪੁਲਿਸ ਵਿਚ ਭਰਤੀ ਕਰਵਾ ਦਿੱਤਾ ਜਿਸ ਤੋਂ ਬਾਅਦ ਉਹ ਪਟਿਆਲਾ ਰਹਿਣ ਲਗਿਆ ਜਿੱਥੇ ਉਸ ਦੀ ਮੁਲਾਕਾਤ ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਨਾਲ ਹੋਈ ਅਤੇ ਉਨ੍ਹਾਂ ਬੇਅੰਤ ਸਿੰਘ ਕਤਲ ਕਾਂਡ ਨੂੰ ਅੰਜਾਮ ਦੇ ਦਿੱਤਾ।

ਖਾਲਿਸਤਾਨ ਮੂਵਮੈਂਟ ਬਾਰੇ ਕੀ ਹੈ ਰਾਜੋਆਣਾ ਦੀ ਸੋਚ?

ਬੀਬੀਸੀ ਪੰਜਾਬੀ ਦੀ ਟੀਮ ਨੇ ਲੁਧਿਆਣਾ ਰਹਿੰਦੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨਾਲ ਵੀ ਮੁਲਾਕਾਤ ਕੀਤੀ।

ਕਮਲਦੀਪ ਕੌਰ ਨੇ ਦੱਸਿਆ ਕਿ ਖਾਲਿਸਤਾਨ ਅਸਲ ਵਿਚ ਕਾਂਗਰਸ ਦੀ ਹੀ ਦੇਣ ਹੈ। ਗੱਲਬਾਤ ਦੌਰਾਨ ਉਸ ਦੀ ਨਾਰਾਜ਼ਗੀ ਖਾਲਿਸਤਾਨੀਆਂ ਦੇ ਖਿਲਾਫ਼ ਸਾਫ਼ ਦੇਖਣ ਨੂੰ ਮਿਲੀ।

ਉਸ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਭਾਰਤੀ ਸੰਵਿਧਾਨ ਵਿੱਚ ਵਿਸ਼ਵਾਸ ਹੈ ਅਤੇ ਇਸ ਕਰਕੇ ਉਸ ਨੇ ਲੋਕ ਸਭਾ ਚੋਣ ਪਟਿਆਲਾ ਤੋਂ ਲੜੀ ਸੀ।

2012 ਤੱਕ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਰਾਜੋਆਣਾ ਕੌਣ ਹੈ ਅਤੇ ਉਸ ਨੇ ਕੀ ਕੀਤਾ ਹੈ।

ਕਮਲਦੀਪ ਕੌਰ ਨੇ ਦੱਸਿਆ ਕਿ ਖਾਲਿਸਤਾਨ ਮੂਵਮੈਂਟ ਨਾਲ ਰਾਜੋਆਣਾ ਦਾ ਕੋਈ ਸਬੰਧ ਨਹੀਂ ਸੀ। ਸਗੋਂ ਉਸ ਸਮੇਂ ਜੋ ਪੰਜਾਬ ਦੇ ਹਾਲਾਤ ਹਨ ਉਸ ਨੂੰ ਦੇਖ ਕੇ ਉਹ ਬੇਅੰਤ ਸਿੰਘ ਕਤਲ ਕਾਂਡ ਵਿੱਚ ਸ਼ਾਮਲ ਹੋ ਗਏ ਸਨ।

ਕਮਲਦੀਪ ਨੇ ਅੱਗੇ ਦੱਸਿਆ ਕਿ ਰਾਜੋਆਣਾ ਪਰਿਵਾਰ ਦਾ ਝੁਕਾਅ ਅਕਾਲੀ ਦਲ ਵੱਲ ਇਸ ਕਰਕੇ ਹੈ ਕਿਉਂਕਿ ਉਹ ਬਚਪਨ ਤੋਂ ਹੀ ਇਸ ਪਾਰਟੀ ਨਾਲ ਜੁੜੇ ਹੋਏ ਹਨ।

ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਕੀਤਾ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਸਿੱਖਾਂ ਦੀ ਜੇ ਨੁਮਇੰਦਗੀ ਕਰਨ ਦੀ ਸਮਰੱਥਾ ਹੈ ਤਾਂ ਉਹ ਅਕਾਲੀ ਦਲ ਵਿੱਚ ਹੀ ਹੈ।

ਕਮਲਦੀਪ ਕੌਰ ਨੇ ਦੱਸਿਆ ਕਿ ਰਾਜੋਆਣਾ ਨੇ 24 ਸਾਲ ਦੀ ਸਜਾ ਪੂਰੀ ਕਰ ਲਈ ਹੈ ਇਸ ਲਈ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)