ਕੀ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵਾਪਸੀ ਕਰਨ ਵਾਲੇ ਹਨ

ਕੀ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵਾਪਸੀ ਕਰਨ ਵਾਲੇ ਹਨ?

ਕਪਿਲ ਸ਼ਰਮਾ, ਸਿੱਧੂ ਦੇ ਅਵਤਾਰ ਵਿੱਚ ਕੀ ਆਏ, ਸੋਸ਼ਲ ਮੀਡੀਓ 'ਤੇ ਇਹ ਚਰਚਾ ਛਿੜ ਗਈ ਕਿ ਸ਼ਾਇਦ ਸਿੱਧੂ ਜਲਦੀ ਹੀ ਕਪਿਲ ਦੇ ਸ਼ੋਅ ਵਿੱਚ ਵਾਪਸੀ ਕਰਨਗੇ।

ਦਰਅਸਲ ਅੰਬਰਸਰ ਦੇ ਮੁੰਡੇ 'ਤੇ ਦੁਨੀਆਂ ਭਰ ਵਿੱਚ ਕਾਮੇਡੀ ਕਲਾਕਾਰ ਦੇ ਤੌਰ 'ਤੇ ਜਾਣੇ ਜਾਂਦੇ ਕਪਿਲ ਸ਼ਰਮਾ ਨੇ ਨਵਜੋਤ ਸਿੰਘ ਸਿੱਧੂ ਵਰਗਾ ਪਹਿਰਾਵਾ ਪਹਿਨ ਕੇ ਇੱਕ ਵੀਡੀਓ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ਵਿੱਚ ਉਹ ਸਿੱਧੂ ਦੇ ਅੰਦਾਜ਼ ਵਿੱਚ ਕਹਿ ਰਹੇ ਹਨ -

''ਮੋਹਤਰਮਾ ਅਰਚਨਾ, ਤੁਮਹਾਰੇ ਲਿਏ ਦੋ ਲਾਈਨੇ ਕਹਿਨਾ ਚਾਹਤਾ ਹੂੰ...ਕਿ ਮੇਰਾ ਲੜਕਾ, ਮੇਰਾ ਲੜਕਾ...ਮੈਂ ਹੂੰ ਉਸ ਕਾ ਬਾਪ...ਬਈ ਮੇਰੀ ਕੁਰਸੀ ਛੀਨ ਲੀ ਤੁਮਨੇ, ਤੁਮਕੋ ਲਗੇਗਾ ਪਾਪ...ਠੋਕੋ''

ਕਪਿਲ ਇਸ ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਦੇ ਹੀ ਅੰਦਾਜ਼ ਵਿੱਚ ਅਰਚਨਾ ਪੂਰਨ ਸਿੰਘ ਲਈ ਤੁਕਬੰਦੀ ਰਾਹੀਂ ਆਪਣੀ ਗੱਲ ਕਹਿ ਰਹੇ ਹਨ ਅਤੇ ਵੀਡੀਓ ਦੇ ਸਿਰਲੇਖ 'ਚ ਉਨ੍ਹਾਂ ਲਿਖਿਆ ਹੈ ਕਿ ਇਹ ਸਿਰਫ਼ ਮਜ਼ਾਕ ਲਈ ਹੈ।

ਕੀ ਕਹਿ ਰਹੇ ਲੋਕ?

ਕਪਿਲ ਸ਼ਰਮਾ ਦੇ ਇਸ ਵੀਡੀਓ ਹੇਠਾਂ ਕਮੈਂਟ ਕਰਨ ਵਾਲੇ ਲੋਕਾਂ ਵਿੱਚ ਨਾ ਸਿਰਫ਼ ਉਨ੍ਹਾਂ ਦੇ ਪ੍ਰਸ਼ੰਸਕ ਤੇ ਆਮ ਲੋਕ ਹਨ, ਸਗੋਂ ਮਨੋਰੰਜਨ ਜਗਤ ਦੇ ਲੋਕ ਵੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ।

ਸੋਮਾਸਰੀ ਬਿਸਵਾਸ ਨਾਂ ਦੀ ਇੱਕ ਯੂਜ਼ਰ ਨੇ ਕੁਮੈਂਟ ਕੀਤਾ, ''ਰਿਅਲੀ ਮਿਸ ਯੂ ਭਾਅ ਜੀ''

ਫੁਤਾਬਾ ਨਾਂ ਦੇ ਇੰਸਟਗ੍ਰਾਮ ਯੂਜ਼ਰ ਨੇ ਲਿਖਿਆ, ''ਸਿੱਧੂ ਨੂੰ ਮੁੜ ਲਿਆਓ''

ਰਮਨ ਚਾਵਲਾ ਲਿਖਦੇ ਹਨ, ''ਅਰਚਨਾ ਜੀ ਬਿਹਤਰ ਹਨ, ਅਸੀਂ ਨਹੀਂ ਚਾਹੁੰਦੇ ਸਿੱਧੂ ਦਾ ਮੁੜ ਇੱਥੇ ਆਉਣਾ''

ਰਾਠੌੜ ਸਾਹਿਬ ਨਾਂ ਦੇ ਯੂਜ਼ਰ ਨੇ ਲਿਖਿਆ, ''ਬਾਈ ਵਾਪਿਸ ਲੈ ਆਓ''

ਹਰਕਮਲ ਲਿਖਦੇ ਹਨ, ''ਭਾਈ ਸਿੱਧੂ ਸਰ ਕੇ ਬਿਨਾਂ ਸ਼ੋਅ ਜਚਦਾ ਨਹੀਂ। ਜਬ ਭਾਅ ਜੀ ਆਏਂਗੇ ਬਹੁਤ ਸਕੂਨ ਮਿਲੇਗਾ ਔਰ ਚਾਰ ਚਾਂਦ ਲੱਗ ਜਾਏਂਗੇ ਸ਼ੋਅ ਕੋ।''

ਵਿਵੇਕ ਕੋਲਾ ਨੇ ਲਿਖਿਆ ਹੈ, ''ਭਾਈ ਸੱਚੀ ਸਿੱਧੂ ਜੀ ਕੋ ਬੁਲਾਓ ਨਾ ਪਲੀਜ਼''

ਸਿੱਧੂ ਨੇ ਕਦੋਂ ਛੱਡਿਆ ਸੀ ਕਪਿਲ ਦਾ ਸ਼ੋਅ?

ਨਵਜੋਤ ਸਿੰਘ ਸਿੱਧੂ ਤੇ ਕਪਿਲ ਸ਼ਰਮਾ ਦਾ ਕਾਫ਼ੀ ਨਜ਼ਦੀਕੀ ਸਾਥ ਮੰਨਿਆ ਜਾਂਦਾ ਹੈ। ਸਿੱਧੂ ਕਪਿਲ ਨੂੰ ਆਪਣਾ ਛੋਟਾ ਭਰਾ ਵੀ ਜਨਤਕ ਤੌਰ 'ਤੇ ਕਹਿੰਦੇ ਕਈ ਵਾਰ ਨਜ਼ਰ ਆਏ ਹਨ।

ਇਸ ਸਾਲ 14 ਫ਼ਰਵਰੀ ਨੂੰ ਪੁਲਵਾਮਾ ਹਮਲੇ ਵਿੱਚ ਸੀਆਰਪੀਐੱਫ਼ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਦੇ ਬਿਆਨ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ।

ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਤੋਂ ਬਾਹਰ ਹੋਣਾ ਪਿਆ ਸੀ।

ਦਰਅਸਲ ਪੁਲਵਾਮਾ ਹਮਲੇ ਤੋਂ ਬਾਅਦ ਸਿੱਧੂ ਨੇ ਕਿਹਾ ਸੀ, ''ਕੁਝ ਲੋਕਾਂ ਲਈ ਕੀ ਤੁਸੀਂ ਪੂਰੇ ਮੁਲਕ ਨੂੰ ਦੋਸ਼ੀ ਠਹਿਰਾਉਗੇ ਅਤੇ ਕੀ ਤੁਸੀਂ ਕਿਸੇ ਇੱਕ ਨੂੰ ਦੋਸ਼ੀ ਕਹੋਗੇ?''

''ਇਹ ਹਮਲਾ ਇੱਕ ਡਰਪੋਕ ਕਾਰਾ ਹੈ ਅਤੇ ਮੈਂ ਇਸ ਦੀ ਪੂਰਜ਼ੋਰ ਨਿੰਦਾ ਕਰਦਾ ਹਾਂ। ਹਿੰਸਾ ਹਮੇਸ਼ਾ ਨਿੰਦੀ ਜਾਂਦੀ ਹੈ ਅਤੇ ਜੋ ਹਿੰਸਾ ਕਰਦੇ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।''

ਇਸ ਬਿਆਨ ਤੋਂ ਬਾਅਦ ਹੀ ਟਵਿੱਟਰ 'ਤੇ #BoycottSidhu ਹੈਸ਼ਟੈਗ ਟ੍ਰੈਂਡ ਹੋਣ ਲੱਗਿਆ ਤੇ ਇਸ ਤੋਂ ਬਾਅਦ ਸਿੱਧੂ ਨੂੰ ਟੀਵੀ ਸ਼ੋਅ ਤੋਂ ਬਾਹਰ ਹੋਣਾ ਪਿਆ ਸੀ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)