ਟਰੰਪ ਦੇ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਬਾਰੇ ਟਵੀਟ ਤੋਂ ਬਾਅਦ ਅਮਰੀਕਾ ਨੇ ਦਿੱਤੀ ਸਫਾਈ - 5 ਅਹਿਮ ਖ਼ਬਰਾਂ

ਭਾਰਤ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਉਸ ਦਾਅਵੇ ਨੂੰ ਖਾਰਿਜ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਕਰਨ ਲਈ ਕਿਹਾ ਸੀ।

ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਸੀ, "ਅਸੀਂ ਮੀਡੀਆ ਵਿੱਚ ਅਮਰੀਕੀ ਰਾਸ਼ਟਰਪਤੀ ਦਾ ਬਿਆਨ ਦੇਖਿਆ ਹੈ ਜਿਸ ਵਿੱਚ ਉਹ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਦੀ ਗੁਜ਼ਾਰਿਸ਼ 'ਤੇ ਵਿਚੋਲਗੀ ਕਰਨ ਲਈ ਤਿਆਰ ਹਨ।”

“ਅਜਿਹੀ ਕੋਈ ਬੇਨਤੀ ਪ੍ਰਧਾਨ ਮੰਤਰੀ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਨਹੀਂ ਕੀਤੀ ਗਈ। ਪਾਕਿਸਤਾਨ ਨਾਲ ਕਿਸੇ ਵੀ ਮੁੱਦੇ ਲਈ ਭਾਰਤ ਹਮੇਸ਼ਾ ਹੀ ਦੁਵੱਲੀ ਗੱਲਬਾਤ ਦਾ ਰਾਹ ਚੁਣਦਾ ਹੈ।”

“ਪਾਕਿਸਤਾਨ ਨਾਲ ਉਦੋਂ ਤੱਕ ਕੋਈ ਵੀ ਗੱਲਬਾਤ ਨਹੀਂ ਹੋਵੇਗੀ ਜਦੋਂ ਤੱਕ ਸਰਹੱਦ ਪਾਰ ਅੱਤਵਾਦ ਦਾ ਖ਼ਾਤਮਾ ਨਹੀਂ ਹੁੰਦਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਵੀ ਮੁੱਦੇ ਦੇ ਹੱਲ ਲਈ ਸ਼ਿਮਲਾ ਸਮਝੌਤਾ 'ਤੇ ਲਾਹੌਰ ਡੈਕਲੇਰੇਸ਼ਨ ਆਧਾਰ ਹਨ।"

ਇਸ ਤੋਂ ਬਾਅਦ ਅਮਰੀਕਾ ਨੂੰ ਵੀ ਸਪਸ਼ਟੀਕਰਨ ਦੇਣਾ ਪਿਆ।

ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਸ਼ਮੀਰ ਭਾਰਤ-ਪਾਕਿਸਤਾਨ ਦਾ ਆਪਸੀ ਮਸਲਾ ਹੈ ਤੇ ਇਸ ਨੂੰ ਹੱਲ ਕਰਨ ਲਈ ਅਮਰੀਕਾ ਮਦਦ ਕਰਨ ਨੂੰ ਤਿਆਰ ਹੈ।

ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ, "ਕਸ਼ਮੀਰ ਦੋਹਾਂ ਧਿਰਾਂ ਲਈ ਦੁਵੱਲਾ ਮਾਮਲਾ ਹੈ। ਟਰੰਪ ਪ੍ਰਸ਼ਾਸਨ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸਾਂ ਦੇ ਇਕੱਠੇ ਬੈਠ ਕੇ ਗੱਲ ਕਰਨ ਦਾ ਸਵਾਗਤ ਕਰਦਾ ਹੈ ਤੇ ਅਮਰੀਕਾ ਸਹਿਯੋਗ ਦੇਣ ਲਈ ਤਿਆਰ ਹੈ।

ਅਮਰੀਕਾ ਦੇ ਜਾਣੇ-ਪਛਾਣੇ ਡੈਮੋਕਰੇਟਿਕ ਪਾਰਟੀ ਦੇ ਆਗੂ ਬਰੈੱਡ ਸ਼ੇਅਰਮੈਨ ਨੇ ਟਰੰਪ ਦੇ ਕਸ਼ਮੀਰ ਬਾਰੇ ਦਿੱਤੇ ਬਿਆਨ ਲਈ ਭਾਰਤੀ ਰਾਜਦੂਤ ਤੋਂ ਮਾਫੀ ਮੰਗੀ ਹੈ।

ਇਹ ਵੀ ਪੜ੍ਹੋ:

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਸਬੰਧੀ ਟਵੀਟ ਵੀ ਕੀਤਾ।

ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵਾਸ਼ਿੰਗਟਨ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ, "ਦੋ ਹਫ਼ਤੇ ਪਹਿਲਾਂ ਮੇਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਸੀ ਅਤੇ ਉਨ੍ਹਾਂ ਨੇ ਮੈਨੂੰ ਪੁੱਛਿਆ ਸੀ ਕਿ ਕੀ ਤੁਸੀਂ ਵਿਚੋਲੇ ਬਣਨਾ ਚਾਹੋਗੇ? ਮੈਂ ਪੁੱਛਿਆ ਕਿੱਥੇ? ਉਨ੍ਹਾਂ ਨੇ ਕਿਹਾ, ਕਸ਼ਮੀਰ ਵਿੱਚ।"

ਪਰ ਭਾਰਤ ਨੇ ਟਰੰਪ ਦੇ ਇਸ ਬਿਆਨ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ ਕਿ ਮੋਦੀ ਨੇ ਉਨ੍ਹਾਂ ਨੂੰ ਵਿਚੋਲਗੀ ਕਰਨ ਲਈ ਕਿਹਾ ਸੀ।

ਚੰਦਰਯਾਨ-2 ਲਾਂਚ

ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦਾ ਇੱਕ ਅਹਿਮ ਮਿਸ਼ਨ ਦੇ ਤਹਿਤ ਚੰਦਰਯਾਨ-2 ਸੋਮਵਾਰ ਦੁਪਹਿਰੇ 2.43 ਵਜੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਹੋ ਗਿਆ ਹੈ।

ਪਹਿਲਾਂ ਇਹ ਮਿਸ਼ਨ 15 ਜੁਲਾਈ ਨੂੰ ਲਾਂਚ ਕੀਤਾ ਜਾਣਾ ਸੀ ਪਰ ਕੁਝ ਕਾਰਨਾਂ ਕਰਕੇ ਇਸਰੋ ਨੇ ਇਸ ਲਾਂਚ ਨੂੰ ਮੁਲਤਵੀ ਕਰ ਦਿੱਤਾ ਸੀ।

ਭਾਰਤ ਦਾ ਇਹ ਦੂਜਾ ਮੂਨ ਮਿਸ਼ਨ ਹੈ। ਭਾਰਤ ਚੰਦਰਮਾ 'ਤੇ ਉਦੋਂ ਆਪਣਾ ਮਿਸ਼ਨ ਭੇਜ ਰਿਹਾ ਹੈ ਜਦੋਂ ਅਪੋਲੋ 11 ਦੇ ਚੰਦਰਮਾ ਮਿਸ਼ਨ ਦੀ 50 ਵਰ੍ਹੇਗੰਢ ਮਨਾਈ ਜਾ ਰਹੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।

ਮੁੰਬਈ 'ਚ MTNL ਇਮਾਰਤ 'ਚ ਲੱਗੀ ਅੱਗ 'ਚ ਫਸੇ ਲੋਕ ਕੱਢੇ

ਮੁੰਬਈ ਦੇ ਬਾਂਦਰਾ ਵਿੱਚ ਸਥਿਤ ਐਮਟੀਐਨਐਲ (ਮਹਾਨਗਰ ਟੈਲੀਫੋਨ ਨਿਗਮ ਲਿਮੀਟਡ) ਬਿਲਡਿੰਗ ਵਿੱਚ ਅੱਗ ਲੱਗੀ ਸੀ।

ਇਮਾਰਤ 'ਚ ਦਰਜਨਾਂ ਲੋਕ ਫਸੇ ਹੋਏ ਸਨ, ਜਿਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਅੱਗ ਬੁਝਾਉ ਅਮਲਾ ਅੱਗ ਬੁਝਾਉਣ ਲਈ ਰੋਬਟ ਦੀ ਵਰਤੋਂ ਕਰ ਰਿਹਾ ਸੀ।

ਸ਼ੁਰੂਆਤ ਵਿੱਚ ਕਰੀਬ 100 ਲੋਕਾਂ ਦੇ ਫਸੇ ਹੋਣ ਦੀ ਗੱਲ ਆਖੀ ਜਾ ਰਹੀ ਸੀ। ਸ਼ਾਮ 5.45 ਵਜੇ ਤੱਕ 60 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢੇ ਜਾਣ ਦੀ ਸੂਚਨਾ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।

ਪੰਜਾਬ 'ਚ ਕਿਸਾਨ ਹੜ੍ਹ ਤੋਂ ਖੇਤਾਂ ਨੂੰ ਇਸ ਸਿਸਟਮ ਰਾਹੀਂ ਬਚਾਉਣ

ਹਰਿਆਣਾ ਵਿੱਚ ਕਈ ਕਿਸਾਨ ਇੱਕ ਅਜਿਹੇ ਸਿਸਟਮ ਦੀ ਵਰਤੋਂ ਕਰ ਰਹੇ ਹਨ ਜਿਸ ਜ਼ਰੀਏ ਉਹ ਹੜ੍ਹ ਦੇ ਪਾਣੀ ਤੋਂ ਆਪਣੇ ਖੇਤਾਂ ਤੱਕ ਪਹੁੰਚਾ ਰਹੇ ਹਨ।

ਹਰਿਆਣਾ ਦੇ ਜ਼ਿਲ੍ਹਾ ਕਰਨਾਲ ਨੇੜੇ ਪੈਂਦੇ ਰਮਾਨਾ ਪਿੰਡ ਦੇ ਰਹਿਣ ਵਾਲੇ ਭਜਨ ਲਾਲ ਕੰਬੋਜ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਇਹ ਆਮ ਹੀ ਗੱਲ ਸੀ ਕਿ ਮਾਨਸੂਨ ਦੌਰਾਨ ਉਨ੍ਹਾਂ ਦੀ ਝੋਨੇ ਦੀ ਫ਼ਸਲ ਡੁੱਬ ਜਾਂਦੀ ਸੀ ਪਰ ਹੁਣ ਉਹ ਆਪਣੀ ਫਸਲਾ ਬਚਾ ਪਾ ਰਹੇ ਹਨ। ਪੂਰੀ ਖ਼ਬਰ ਇੱਥੇ ਪੜ੍ਹੋ।

ਤਨਖ਼ਾਹ ਵਿੱਚ ਵਾਧਾ ਚਾਹੁੰਦੇ ਹੋ, ਇਹ ਪੜ੍ਹੋ

ਕੰਪਨੀ ਵਿੱਚ ਤੁਹਾਡੀ ਕਿੰਨੀ ਕਦਰ ਹੈ? ਜੇ ਤੁਹਾਡੀ ਕਦਰ ਨਹੀਂ ਪੈ ਰਹੀ, ਮਤਲਬ ਢੁਕਵੀਂ ਤਨਖ਼ਾਹ ਨਹੀਂ ਮਿਲ ਰਹੀ ਤਾਂ ਤੁਹਾਨੂੰ ਆਪਣੇ ਦਫ਼ਤਰ ਵਿੱਚ ਉਸ ਬੰਦੇ ਨਾਲ ਗੱਲ ਕਰਨੀ ਪਵੇਗੀ ਜੋ ਤੁਹਾਡੀ ਤਨਖ਼ਾਹ ਲਈ ਜ਼ਿੰਮੇਵਾਰ ਹੈ।

ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਹਾਨੂੰ ਮਕਾਨ ਦਾ ਕਿਰਾਇਆ ਦੇਣ ਲਈ ਤੇ ਮਹਿੰਗੇ ਕੱਪੜੇ ਖ਼ਰੀਦਣ ਲਈ ਇਹ ਪੈਸੇ ਚਾਹੀਦੇ ਹਨ।

ਹਾਲਾਂਕਿ ਪੇ ਬੈਂਡ ਤੁਹਾਡੀ ਤਨਖ਼ਾਹ ਨੂੰ ਬਹੁਤ ਹੱਦ ਤੱਕ ਸੀਮਤ ਕਰ ਦਿੰਦੇ ਹਨ ਪਰ ਫਿਰ ਵੀ ਤੁਸੀਂ ਆਪਣੇ ਪੇ ਬੈਂਡ ਵਿੱਚ ਜਿਸ ਵੀ ਥਾਂ 'ਤੇ ਹੋ ਉੱਥੋਂ ਵਾਧਾ ਮੰਗ ਸਕਦੇ ਹੋ। ਪੂਰੀ ਖ਼ਬਰ ਇੱਥੇ ਪੜ੍ਹੋ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)