Chandrayaan-2: ISRO ਨੇ ਕੀਤਾ ਮਿਸ਼ਨ ਲਾਂਚ, 48 ਦਿਨਾਂ ਵਿੱਚ ਪਹੁੰਚੇਗਾ ਚੰਨ 'ਤੇ

ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦਾ ਇੱਕ ਅਹਿਮ ਮਿਸ਼ਨ ਦੇ ਤਹਿਤ ਚੰਦਰਯਾਨ-2 ਅੱਜ ਯਾਨਿ ਸੋਮਵਾਰ ਦੁਪਹਿਰੇ 2.43 ਵਜੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਹੋ ਗਿਆ ਹੈ।

ਪਹਿਲਾਂ ਇਹ ਮਿਸ਼ਨ 15 ਜੁਲਾਈ ਨੂੰ ਲਾਂਚ ਕੀਤਾ ਜਾਣਾ ਸੀ ਪਰ ਕੁਝ ਕਾਰਨਾਂ ਕਰਕੇ ਇਸਰੋ ਨੇ ਇਸ ਲਾਂਚ ਨੂੰ ਮੁਲਤਵੀ ਕਰ ਦਿੱਤਾ ਸੀ।

ਭਾਰਤ ਦਾ ਇਹ ਦੂਜਾ ਮਿਸ਼ਨ ਹੈ। ਭਾਰਤ ਚੰਦਰਮਾ 'ਤੇ ਉਦੋਂ ਆਪਣਾ ਮਿਸ਼ਨ ਭੇਜ ਰਿਹਾ ਹੈ ਜਦੋਂ ਅਪੋਲੋ 11 ਦੇ ਚੰਦਰਮਾ ਮਿਸ਼ਨ ਦੀ 50 ਵਰ੍ਹੇਗੰਢ ਮਨਾਈ ਜਾ ਰਹੀ ਹੈ।

ਚੰਦਰਯਾਨ-2 ਚੰਦਰਮਾ ਦੇ ਦੱਖਣੀ ਧਰੁਵ 'ਤੇ ਸਤੰਬਰ ਦੇ ਪਹਿਲੇ ਹਫ਼ਤੇ 'ਚ ਲੈਂਡ ਕਰੇਗਾ।

ਇਹ ਵੀ ਪੜ੍ਹੋ-

ਵਿਗਿਆਨੀਆਂ ਦਾ ਕਹਿਣਾ ਹੈ ਕਿ ਚੰਦਰਮਾ ਦਾ ਇਹ ਇਲਾਕਾ ਕਾਫੀ ਜਟਿਲ ਹੈ। ਵਿਗਿਆਨੀਆਂ ਮੁਤਾਬਕ ਪਾਣੀ ਅਤੇ ਜੀਵਾਸ਼ਮ ਮਿਲ ਸਕਦੇ ਹਨ।

ਲਾਂਚਿੰਗ ਤੋਂ ਬਾਅਦ ਇਸਰੋ ਦੇ ਚੇਅਰਪਮੈਨ ਕੇ ਸਿਵਾਨ ਨੇ ਕਿਹਾ ਕਿ ਵਿਗਿਆਨੀਆਂ ਦੀ ਸਖ਼ਤ ਮਿਹਨਤ ਸਦਕਾ ਸਫ਼ਲਤਾ ਹਾਸਿਲ ਹੋਈ।

ਉਨ੍ਹਾਂ ਕਿਹਾ, "ਸਮਾਂ ਰਹਿੰਦਿਆਂ ਹੀ ਚੰਦਰਯਾਨ-2 ਦੀਆਂ ਤਕਨੀਕੀਆਂ ਖਾਮੀਆਂ ਨੂੰ ਦੂਰ ਕੀਤਾ ਗਿਆ।"

ਲੋਕ ਸਭਾ ਅਤੇ ਰਾਜ ਸਭਾ ਵਿੱਚ ਮਿਸ਼ਨ ਦੇ ਲਾਂਚ ਦੀ ਖ਼ਬਰ ਮੈਂਬਰਾਂ ਨੂੰ ਸੁਣਾਈ ਗਈ।

ਚੰਦਰਯਾਨ-2 ਸਫ਼ਲ ਰਿਹਾ ਤਾਂ ਭਾਰਤ ਨੂੰ ਕੀ ਮਿਲੇਗਾ

ਮੁੰਬਈ ਸਥਿਤ ਥਿੰਕ ਟੈਂਕ ਗੇਟਵੇ ਹਾਊਸ 'ਚ 'ਸਪੇਸ ਐਂਡ ਓਸ਼ਨ ਸਟੱਡੀਜ਼' ਪ੍ਰੋਗਰਾਮ ਦੇ ਇੱਕ ਖੋਜਕਾਰ ਚੈਤਨਿਆ ਗਿਰੀ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਹੈ, "ਚੰਦਰਮਾ ਦੇ ਦੱਖਣੀ ਧਰੁਵ 'ਤੇ ਕੋਈ ਸਪੇਸਕ੍ਰਾਫਟ ਪਹਿਲੀ ਵਾਰ ਉਡੇਗਾ।"

"ਇਸ ਮਿਸ਼ਨ ਵਿੱਚ ਲੈਂਡਰ ਨੂੰ ਵਿਕਰਮ ਨਾਮ ਦਿੱਤਾ ਗਿਆ ਹੈ ਅਤੇ ਰੋਵਰ ਨੂੰ ਪ੍ਰਗਿਆ। ਵਿਕਰਮ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਪਹਿਲੇ ਮੁਖੀ ਦੇ ਨਾਮ 'ਤੇ ਰੱਖਿਆ ਗਿਆ ਹੈ।"

ਲੈਂਡਰ ਉਹ ਹੈ ਜਿਸ ਰਾਹੀਂ ਚੰਦਰਯਾਨ ਪਹੁੰਚੇਗਾ ਅਤੇ ਰੋਵਰ ਦਾ ਭਾਵ ਉਸ ਵਾਹਨ ਤੋਂ ਹੈ ਜੋ ਚੰਦਰਮਾ 'ਤੇ ਪਹੁੰਚਣ ਤੋਂ ਬਾਅਦ ਉੱਥੋਂ ਦੀਆਂ ਚੀਜ਼ਾਂ ਨੂੰ ਸਮਝੇਗਾ। ਮਤਲਬ ਲੈਂਡਰ ਰੋਵਰ ਨੂੰ ਲੈ ਕੇ ਪਹੁੰਚੇਗਾ।

ਇਸਰੋ ਦਾ ਕਹਿਣਾ ਹੈ ਕਿ ਜੇਕਰ ਮਿਸ਼ਨ ਸਫ਼ਲ ਹੁੰਦਾ ਹੈ ਤਾਂ ਚੰਦਰਮਾ ਬਾਰੇ ਸਮਝ ਵਧੇਗੀ ਅਤੇ ਉਹ ਭਾਰਤ ਨਾਲ ਪੂਰੀ ਮਨੁੱਖਤਾ ਦੇ ਹੱਕ 'ਚ ਹੋਵੇਗਾ।

ਚੰਦਰਯਾਨ-2 ਮਿਸ਼ਨ ਕਿਉਂ ਹੈ ਖ਼ਾਸ

ਇਸ ਮਿਸ਼ਨ ਵਿੱਚ ਖਾਸ ਕੀ ਹੈ ਜੋ ਪੂਰੀ ਦੁਨੀਆਂ ਦੇ ਵਿਗਿਆਨੀਆਂ ਦੀ ਨਜ਼ਰ ਇਸ ਉੱਤੇ ਹੈ?

ਚੰਦਰਯਾਨ-2 ਇੱਕ ਪੁਲਾੜ ਯਾਨ (ਸਪੇਸਕਰਾਫ਼ਟ) ਹੈ ਜੋ ਚੰਦਰਮਾ ਦੀ ਸਤਹਿ 'ਤੇ ਸਾਫ਼ਟ ਲੈਂਡਿੰਗ ਕਰੇਗਾ। ਸਾਫਟ ਲੈਂਡਿੰਗ ਦਾ ਮਤਲਬ ਹੈ ਕਿ ਜਦੋਂ ਕੋਈ ਸਪੇਸਕਰਾਫ਼ਟ ਚੰਨ ਜਾਂ ਕਿਸੇ ਗ੍ਰਹਿ ਦੀ ਸਤਿਹ 'ਤੇ ਉਤਰਦਾ ਹੈ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ।

ਅਜਿਹਾ ਕਰਨ ਵਾਲਾ ਭਾਰਤ ਚੌਥਾ ਦੇਸ ਬਣ ਜਾਵੇਗਾ। ਚੰਦਰਯਾਨ ਉੱਥੋਂ ਬਹੁਤ ਤਰ੍ਹਾਂ ਦੀ ਜਾਣਕਾਰੀ ਭਾਰਤ ਦੇ ਵਿਗਿਆਨੀਆਂ ਨੂੰ ਭੇਜੇਗਾ।

ਕਿੰਨੀ ਲਾਗਤ

ਭਾਰਤ ਦੇ ਪਹਿਲੇ ਮਾਰਸ ਸੈਟੇਲਾਈਟ ਦੀ ਲਾਗਤ ਸਪੇਸ ਵਿਗਿਆਨ 'ਤੇ ਬਣੀ ਫਿਲਮ ਗ੍ਰੈਵਿਟੀ ਤੋਂ ਵੀ ਘੱਟ ਸੀ।

ਚੰਦਰਯਾਨ-2 ਦੀ ਲਾਗਤ 14.1 ਕਰੋੜ ਡਾਲਰ ਹੈ ਜੋ ਕਿ ਅਮਰੀਕੇ ਦੇ ਅਪੋਲੋ ਪ੍ਰੋਗਰਾਮ ਦੀ ਲਾਗਤ 25 ਅਰਬ ਡਾਲਰ ਤੋਂ ਘੱਟ ਹੈ।

ਚੰਦਰਯਾਨ ਵਿੱਚ ਤਿੰਨ ਉਪਕਰਨ

ਇਸ ਚੰਦਰਯਾਨ ਵਿੱਚ ਤਿੰਨ ਵਿਸ਼ੇਸ਼ ਉਪਕਰਨ ਹਨ। ਇੱਕ ਆਰਬੀਟਰ ਹੈ ਜੋ ਚੰਨ ਦੇ ਓਰਬਿਟ ਵਿੱਚ ਰਹੇਗਾ ਅਤੇ ਉਸ ਦੇ ਚੱਕਰ ਲਾਵੇਗਾ।

ਇੱਕ ਲੈਂਡਰ ਹੈ ਜੋ ਚੰਨ ਦੀ ਸਤਹ 'ਤੇ ਉਤਰੇਗਾ। ਉਨ੍ਹਾਂ ਵਿੱਚੋਂ ਇੱਕ ਰੋਵਰ ਨਿਕਲੇਗਾ ਜੋ ਚੰਨ ਉੱਤੇ ਘੁੰਮੇਗਾ ਅਤੇ ਚੰਦਰਮਾ ਦੀ ਘੋਖ ਕਰੇਗਾ।

ਰੋਵਰ ਜਾਣਕਾਰੀ ਦੇਵੇਗਾ ਲੈਂਡਰ ਨੂੰ ਅਤੇ ਲੈਂਡਰ ਜਾਣਕਾਰੀ ਦੇਵੇਗਾ ਓਰਬਿਟਰ ਨੂੰ। ਓਰਬਿਟਰ ਸਾਰੀ ਜਾਣਕਾਰੀ ਧਰਤੀ ਨੂੰ ਭੇਜੇਗਾ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)