You’re viewing a text-only version of this website that uses less data. View the main version of the website including all images and videos.
ਨਵਜੋਤ ਸਿੱਧੂ ਦਾ ਅਸਤੀਫ਼ਾ ਉਨ੍ਹਾਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਅਤੇ ਸਿਆਸੀ ਖੁਦਕੁਸ਼ੀ ਵਾਂਗ -ਨਜ਼ਰੀਆ
ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਅਸਤੀਫ਼ੇ ਦਾ ਫੈ਼ਸਲਾ ਜਨਤਕ ਕਰਨ ਮਗਰੋਂ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ ਅਤੇ ਇਸ ਦੇ ਮਾਅਨੇ ਕੱਢਣ ਲਈ ਸਿਆਸੀ ਪੰਡਿਤ ਕੋਸ਼ਿਸ਼ ਕਰ ਰਹੇ ਹਨ।
ਸਿੱਧੂ ਨੂੰ ਬਾਕੀ ਸਿਆਸਤਦਾਨਾਂ ਦੇ ਮੁਕਾਬਲੇ ਪਾਕ-ਦਾਮਨ ਸਿਆਸਤਦਾਨ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਉਹ ਰੱਜ ਕੇ ਮਹੱਤਵਕਾਂਸ਼ੀ ਵੀ ਹਨ।
ਅਤੇ ਬਣ ਚੁੱਕੇ ਸਿਆਸੀ ਨੇਮਾਂ ਤੋਂ ਅਲਹਿਦਾ ਅਤੇ ਸਮੀਕਰਣਾਂ ਦੀ ਪ੍ਰਵਾਹ ਕੀਤੇ ਬਗੈਰ ਵਿਚਰਨ ਵਾਲੇ ਸਮਝਿਆ ਜਾਂਦਾ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਉਨ੍ਹਾਂ ਦੀ ਸਭ ਤੋਂ ਵੱਧ ਚਰਚਾ ਇਮਰਾਨ ਖ਼ਾਨ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਸਮੇਂ ਪਾਕਿਸਤਾਨ ਜਾਣ ਤੇ ਉੱਥੇ ਪਾਕਿਸਤਾਨੀ ਫੌਜ ਦੇ ਮੁਖੀ ਬਾਜਵਾ ਨੂੰ ਜੱਫੀ ਪਾਉਣ ਕਾਰਨ ਹੋਈ।
ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਭਵਿੱਖ ਅਤੇ ਕਾਂਗਰਸ ਦੀ ਸਿਆਸਤ 'ਤੇ ਪੈਣ ਵਾਲੇ ਇਸ ਦੇ ਸੰਭਾਵੀ ਅਸਰਾਂ ਬਾਰੇ ਬੀਬੀਸੀ ਨੇ ਪੰਜਾਬੀ ਦੀ ਸਿਆਸਤ ਨੂੰ ਨੇੜਿਓਂ ਵਾਚਣ ਵਾਲੇ ਦੋ ਸਿਆਸੀ ਮਾਹਰਾਂ ਨਾਲ ਗੱਲਬਾਤ ਕੀਤੀ। ਪੜ੍ਹੋ ਦੋਵਾਂ ਮਾਹਰਾਂ ਦਾ ਨਜ਼ਰੀਆ:
ਇਹ ਵੀ ਪੜ੍ਹੋ:
ਸਿੱਧੂ ਇਕੱਲੇ ਹਨ ਤੇ ਮਹੱਤਵਕਾਂਸ਼ੀ ਹਨ
ਸਿਆਸੀ ਵਿਸ਼ਲੇਸ਼ਕ ਅਤੇ ਇਤਿਹਾਸ ਦੇ ਪ੍ਰੋਫੈਸਰ ਹਰਜੇਸ਼ਵਰਪਾਲ ਸਿੰਘ ਨੇ ਕਿਹਾ, "ਸਿੱਧੂ ਇੱਕ ਬਹੁਤ ਗੁੰਝਲਦਾਰ ਸ਼ਖਸੀਅਤ ਹੈ। ਇੱਕ ਤਾਂ ਉਹ ਦੂਸਰਿਆਂ ਨਾਲੋਂ ਵੱਖਰੇ ਹਨ, ਉਹ ਰਵਾਇਤੀ ਸਿਆਸੀਤਦਾਨਾਂ ਵਰਗੇ ਨਹੀਂ ਹਨ।"
ਉਨ੍ਹਾਂ ਅੱਗੇ ਕਿਹਾ, "ਸਿੱਧੂ ਨੂੰ ਹਾਲਾਤਾਂ ਨਾਲ ਰਵਾਇਤੀ ਢੰਗ ਨਾਲ ਨਜਿੱਠਣਾ ਨਹੀਂ ਆਉਂਦਾ। ਜਦੋਂ ਇੱਕ ਵਾਰ ਸਟੈਂਡ ਲੈ ਲੈਂਦੇ ਹਨ ਤਾਂ ਇਨ੍ਹਾਂ ਨੂੰ ਲਗਦਾ ਹੈ ਕਿ ਉਸ ਤੋਂ ਥੱਲੇ ਨਹੀਂ ਜਾਣਾ ਤੇ ਫਿਰ ਫ਼ਾਇਦਾ ਨੁਕਸਾਨ ਨਹੀਂ ਦੇਖਦੇ।"
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਇਸ ਬਾਰੇ ਕਿਹਾ, "ਚੋਣਾਂ ਦੌਰਾਨ ਇਹ ਰਾਹੁਲ ਤੇ ਪ੍ਰਿਅੰਕਾ ਦੇ ਮੁੱਖ ਕੈਂਪੇਨਰ ਸਨ। ਉਸ ਕਾਰਨ ਸਿੱਧੂ ਦੇ ਦਿਮਾਗ ਵਿੱਚ ਸੀ ਕਿ ਮੈਂ ਪਤਾ ਨਹੀਂ ਕਿੰਨਾ ਕੁ ਤਾਕਤਵਰ ਹਾਂ। ਉਸੇ ਵਹਾਅ ਵਿੱਚ ਇਨ੍ਹਾਂ ਬਠਿੰਡੇ ਵੱਡਾ ਬਿਆਨ ਦਿੱਤਾ।"
ਅਸਲ ਵਿੱਚ ਸਿੱਧੂ ਕਿਸੇ ਵਿਧਾਨ ਸਭਾ ਮੈਂਬਰ ਨੂੰ ਆਪਣੇ ਨਾਲ ਜੋੜ ਨਹੀਂ ਸਕੇ ਅਤੇ ਜਿਹੜੇ ਸ਼ੁਰੂ ਵਿੱਚ ਉਨ੍ਹਾਂ ਦੇ ਨਾਲ ਆਏ ਸਨ ਉਨ੍ਹਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਵਿੱਚ ਕਾਮਯਾਬ ਨਹੀਂ ਰਹੇ।
ਅਸਤੀਫ਼ਾ ਸਿੱਧੂ ਤੇ ਕੈਪਟਨ ਦੀ ਲਾਗਾਤਰ ਤਲਖ਼ੀ ਦਾ ਨਤੀਜਾ
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਇਸ ਅਸਤੀਫ਼ੇ ਨੂੰ ਸਿੱਧੂ ਤੇ ਕੈਪਟਨ ਦਰਮਿਆਨ ਚਲਦੀ ਅੰਦਰੂਨੀ ਖਹਿਬਾਜ਼ੀ ਦਾ ਸਿੱਟਾ ਦੱਸਿਆ।
ਮੰਤਰੀਆਂ ਦੇ ਵਿਭਾਗ ਬਦਲਣਾ ਜਾਂ ਕਿਸੇ ਮੰਤਰੀ ਨੂੰ ਕੈਬਨਿਟ ਵਿੱਚੋਂ ਬਾਹਰ ਕੱਢਣਾ ਮੁੱਖ ਮੰਤਰੀ ਦਾ ਵਿਸ਼ੇਸ਼-ਅਧਿਕਾਰ ਹੁੰਦਾ ਹੈ ਪਰ ਇਸ ਮਾਮਲੇ ਵਿੱਚ ਸਿੱਧੂ ਦੇ ਹੀ ਮਹਿਕਮੇ ਬਦਲੇ ਗਏ।
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਲੋਕ ਸਭਾ ਚੋਣਾਂ ਵਿੱਚ ਆਪਣਾ ਬਹੁਤਾ ਅਸਰ ਨਹੀਂ ਛੱਡ ਸਕੇ ਪਰ ਉਨ੍ਹਾਂ ਨੂੰ ਨਹੀਂ ਹਟਾਇਆ ਗਿਆ। ਸੋ ਕਾਰਗੁਜ਼ਾਰੀ ਤਾਂ ਕੋਈ ਮੁੱਦਾ ਨਹੀਂ ਹੈ।
ਜਦਕਿ ਸਿੱਧੂ ਨੇ ਜੋ ਬਠਿੰਡੇ ਵਿੱਚ ਕਿਹਾ ਸੀ ਕਿ ਬਾਦਲ ਤੇ ਕੈਪਟਨ ਦੋਸਤਾਨਾ ਮੈਚ ਖੇਡ ਰਹੇ ਹਨ ਇਹ ਉਸੇ ਦਾ ਨਤੀਜਾ ਹੈ।
ਇਨ੍ਹਾਂ ਨੂੰ ਉਮੀਦ ਸੀ ਕਿ ਕਾਂਗਰਸ ਜਿੱਤੇਗੀ ਅਤੇ ਰਾਹੁਲ ਸੱਤਾ ਵਿੱਚ ਹੋਣਗੇ, ਸਿੱਧੂ ਨੇ ਸੋਚਿਆ ਹੋਵੇਗਾ ਕਿ ਰਾਹੁਲ ਤੇ ਪ੍ਰਿਅੰਕਾ ਦੇ ਨਜ਼ਦੀਕੀ ਹੋਣ ਕਾਰਨ ਮੇਰੀ ਤਾਕਤ ਹੋਰ ਵਧੇਗੀ।
ਸਾਰੇ ਤਾਂ ਕੈਪਟਨ ਨਾਲ ਖ਼ੁਸ਼ ਨਹੀਂ ਫਿਰ ਸਿੱਧੂ ਮਗਰ ਕਿਉਂ ਨਹੀਂ?
ਇਸ ਬਾਰੇ ਹਰਜੇਸ਼ਵਰ ਨੇ ਕਿਹਾ, "ਮੈਨੂੰ ਨਹੀਂ ਲਗਦਾ, ਕਿਉਂਕਿ ਕੈਪਟਨ ਦੀ ਪਕੜ ਪਾਰਟੀ ਵਿੱਚ ਬਹੁਤ ਮਜ਼ਬੂਤ ਹੈ। ਪੰਜਾਬ ਕਾਂਗਰਸ ਵਿੱਚ ਕੈਪਟਨ ਦੀ ਵਿਰੋਧੀ ਧਿਰ ਤਾਂ ਹੈ ਹੀ ਨਹੀਂ। ਜਦਕਿ ਕਿਸੇ ਸਮੇਂ ਸੈਂਟਰ ਦਾ ਪੰਜਾਬ ਵਿੱਚ ਬਰਾਬਰ ਦਾ ਧੜਾ ਹੁੰਦਾ ਸੀ।"
ਤਾਂ ਕੀ ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਸਿੱਧੂ ਇਕੱਲੇ ਹਨ?
"ਹਾਂ ਇਕੱਲੇ ਹਨ, ਇਨ੍ਹਾਂ ਦੇ ਨਾਲ ਕੌਣ ਹੈ ਦੱਸੋ। ਜਦੋਂ ਇਹ ਪਾਰਟੀ ਵਿੱਚ ਆਏ ਤਾਂ ਇਨ੍ਹਾਂ ਨਾਲ ਪਰਗਟ ਸਿੰਘ ਸਨ, ਇਕੱਲੇ। ਉਸ ਤੋਂ ਬਾਅਦ ਇਹ ਮਜੀਠੀਆ ਬਾਰੇ ਬਿਆਨ ਦੇ ਕੇ ਕੁਝ ਹੀਰੋ ਜਿਹੇ ਬਣੇ। ਜਿਸ ਨਾਲ ਕੁਝ ਸਮੇਂ ਲਈ ਸੁੱਖਜਿੰਦਰ ਰੰਧਾਵਾ ਤੇ ਇੰਦਰਜੀਤ ਇਨ੍ਹਾਂ ਨਾਲ ਜੁੜ ਗਏ।"
"ਜੇ ਧਿਆਨ ਨਾਲ ਦੇਖੀਏ ਤਾਂ ਜਦੋਂ ਵੀ ਇਨ੍ਹਾਂ ਦਾ ਕੋਈ ਪੰਗਾ ਪੈਂਦਾ ਹੈ ਤਾਂ ਕੋਈ ਵੀ ਇਨ੍ਹਾਂ ਦੇ ਨਾਲ ਨਹੀਂ ਖੜਦਾ।"
ਇਹ ਵੀ ਪੜ੍ਹੋ
ਇਸ ਤੋਂ ਬਾਅਦ ਸਿੱਧੂ ਕੋਲ ਪਾਉਣ ਜਾਂ ਗੁਆਉਣ ਲਈ ਕੀ ਹੈ?
"ਜਿੱਥੇ ਤੱਕ ਮੈਨੂੰ ਲਗਦਾ ਹੈ ਇਹ ਨਫ਼ਾ-ਨੁਕਸਾਨ ਘੱਟ ਦੇਖਦੇ ਹਨ। ਇਹ ਬਹੁਤ ਜ਼ਿਆਦਾ ਮਨ ਆਈ ਕਰਨ ਵਾਲੇ ਹਨ। ਇਸ ਵਿੱਚ ਹੰਕਾਰ ਵੀ ਸ਼ਾਮਲ ਹੋ ਸਕਦਾ ਹੈ।"
ਇਹ ਕੋਈ ਗਰੁੱਪ ਕਿਉਂ ਨਹੀਂ ਬਣਾ ਪਾਉਂਦੇ ਕਿਉਂਕਿ ਅਜਿਹਾ ਤਾਂ ਨਹੀਂ ਹੋ ਸਕਦਾ ਕਿ ਸਾਰੇ ਬੰਦੇ ਅਮਰਿੰਦਰ ਤੋਂ ਇੱਕੋ ਸਮੇਂ ਖ਼ੁਸ਼ ਹੋਣ?
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ, "ਕਾਂਗਰਸ ਵਿੱਚ ਅਮਰਿੰਦਰ ਦੀ ਕਾਰਜ ਸ਼ੈਲੀ ਤੋਂ ਬਹੁਤ ਵੱਡਾ ਵਰਗ ਨਾਖ਼ੁਸ਼ ਹੈ ਪਰ ਉਹ ਪ੍ਰਤਾਪ ਸਿੰਘ ਬਾਜਵਾ ਨਾਲ ਹਨ। ਸਿੱਧੂ ਉਨ੍ਹਾਂ ਨੂੰ ਆਪਣੇ ਨਾਲ ਮਿਲਾਉਣ ਵਿੱਚ ਸਫ਼ਲ ਨਹੀਂ ਰਹੇ।"
"ਸਿੱਧੂ ਨੂੰ ਉਮੀਦ ਸੀ ਕਿ ਜੇ ਰਾਹੁਲ ਸੱਤਾ ਵਿੱਚ ਆਏ ਤਾਂ ਸ਼ਾਇਦ ਮੈਂ ਕੈਪਟਨ ਨੂੰ ਰਿਪਲੇਸ ਕਰ ਦੇਵਾਂ। ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਨਾਲ ਐੱਮਐੱਲਏ ਵੀ ਮਿਲਾਏ ਜੋ ਸਿੱਧੂ ਨਹੀਂ ਕਰ ਸਕੇ।"
"ਜਦੋਂ ਸਿੱਧੂ ਨੇ ਫਾਸਟਵੇਅ ਵਾਲਾ ਮੁੱਦਾ ਚੁੱਕਿਆ ਤਾਂ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਆਗੂਆਂ ਨੇ ਉਨ੍ਹਾਂ ਦੇ ਪੱਖ ਵੱਚ ਬੋਲੇ ਪਰ ਉਹ ਬਾਅਦ ਵਿੱਚ ਸਿੱਧੂ ਨਾਲ ਨਹੀਂ ਜੁੜੇ, ਇਸ ਦੀ ਕੀ ਵਜ੍ਹਾ ਰਹੀ?"
"ਸਿੱਧੂ ਕਿਸੇ ਮੁੱਦੇ ਨੂੰ ਉਸਦੇ ਤਾਰਕਿਕ ਅੰਜਾਮ ਤੱਕ ਪਹੁੰਚਾ ਹੀ ਨਹੀਂ ਸਕੇ। ਕੇਬਲ ਵਾਲਾ ਵੀ ਇਨ੍ਹਾਂ ਦੇ ਮਹਿਕਮੇ ਦੇ ਅਧੀਨ ਸੀ ਇਹ ਕੁਝ ਨਹੀਂ ਕਰ ਸਕੇ, ਫਿਰ ਮਾਈਨਿੰਗ ਦੇ ਮਾਮਲੇ ਵਿੱਚ ਵੀ ਕੁਝ ਨਹੀਂ ਕਰ ਸਕੇ।"
ਜਗਤਾਰ ਸਿੰਘ ਅੱਗੇ ਕਹਿੰਦੇ ਹਨ ਕਿ ਜਦੋਂ ਤੱਕ ਤੁਸੀਂ ਆਪਣੀ ਕਾਰਗੁਜ਼ਾਰੀ ਨਹੀਂ ਦਿਖਾਉਂਦੇ, ਗੱਲ ਨਹੀਂ ਬਣਦੀ। ਜੇ ਤੁਸੀਂ ਸਿਆਸਤ ਵਿੱਚ ਰਹਿਣਾ ਹੈ ਤਾਂ ਪਹਿਲਾਂ ਤੁਹਾਨੂੰ ਆਪਣੇ ਮਹਿਕਮੇ ਵਿੱਚ ਤਾਕਤਵਰ ਹੋਣਾ ਪਵੇਗਾ।
ਅਸਤੀਫ਼ੇ ਦਾ ਸਿੱਧੂ ਦੇ ਅਕਸ ਅਤੇ ਸਿਆਸੀ ਭਵਿੱਖ ’ਤੇ ਅਸਰ
ਸਿੱਧੂ ਦਾ ਇੱਕ ਅਕਸ ਬਣਿਆ ਹੋਇਆ ਹੈ ਕਿ ਉਹ ਨਿੱਜ ਤੋਂ ਉੱਪਰ ਹਨ ਪਰ ਇਨ੍ਹਾਂ ਆਪਣੇ ਪੁੱਤਰ ਨੂੰ ਅਸਿਸਟੈਂਟ ਐਡਵੋਕੇਟ ਜਰਨਲ ਲਵਾਇਆ ਤੇ ਆਪਣੀ ਪਤਨੀ ਨੂੰ ਵੇਅਰ ਹਾਊਸਿੰਗ ਦੀ ਚੇਅਰਮੈਨੀ ਦਵਾਈ ਪਰ ਜਦੋਂ ਮੀਡੀਆ ਵਿੱਚ ਗੱਲ ਆ ਗਈ ਤਾਂ ਸਾਰਾ ਕੁਝ ਲੈਣ ਮਗਰੋਂ ਇਨ੍ਹਾਂ ਨੇ ਇਸ ਨੂੰ ਆਪਣੀ ਨੈਤਿਕਤਾ ਦਾ ਸਵਾਲ ਬਣਾ ਲਿਆ।
ਤਾਂ ਕੀ ਇਸ ਨਾਲ ਸਿੱਧੂ ਦੇ ਅਕਸ ਨੂੰ ਹੋਰ ਸੱਟ ਲੱਗੇਗੀ ਕਿ ਇਹ ਲਾਲਚੀ ਹਨ ਕਿ ਜਦੋਂ ਕੁਝ ਵੀ ਨਹੀਂ ਮਿਲਿਆ ਤਾਂ ਛੱਡ ਦਿੱਤਾ?
ਜਗਤਾਰ ਸਿੰਘ ਕਹਿੰਦੇ ਹਨ, "ਅਕਸ ਮੁੱਦਾ ਨਹੀਂ ਹੈ, ਸਿੱਧੂ ਖ਼ਿਲਾਫ਼ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਨਹੀਂ ਹੈ। ਸਿੱਧੂ ਦਾ ਅਕਸ ਦੂਸਰਿਆਂ ਦੇ ਮੁਕਾਬਲੇ ਸਾਫ਼ ਹੈ।"
ਹਰਜੇਸ਼ਵਰਪਾਲ ਸਿੰਘ ਨੇ ਇਨ੍ਹਾਂ ਸ਼ਬਦਾ ਵਿੱਚ ਵਾਧਾ ਕੀਤਾ, "ਜਿਹੜੇ ਗੰਭੀਰ ਸਿਆਸੀ ਖਿਡਾਰੀ ਹੁੰਦੇ ਹਨ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਸ ਵਿੱਚ ਉਤਰਾਅ-ਚੜ੍ਹਾਅ ਚਲਦੇ ਰਹਿੰਦੇ ਹਨ। ਸਿਆਸਤ ਬੁਨਿਆਦੀ ਤੌਰ 'ਤੇ ਤਾਂ ਸਮਝੌਤੇ ਦੀ ਖੇਡ ਹੈ।"
"ਜਦਕਿ ਜੇ ਇਨ੍ਹਾਂ ਦਾ ਜੀਵਨ ਦੇਖੀਏ ਤਾਂ ਇਹ ਫੌਰੀ ਪ੍ਰਤੀਕਿਰਆ ਕਰਦੇ ਹਨ। ਜਿਵੇਂ ਕ੍ਰਿਕਟ ਖੇਡਣਾ ਛੱਡਣਾ ਹੋਵੇ ਤਾਂ ਫਿਰ ਅਚਾਨਕ ਕਮੈਂਟਰੀ ਛੱਡਣੀ ਹੋਵੇ।"
"ਉਸੇ ਤਰ੍ਹਾਂ ਜਦੋਂ ਭਾਜਪਾ ਵਿੱਚ ਆਏ ਤਾਂ ਉਸ ਨੂੰ ਵੀ ਅਚਾਨਕ ਛੱਡ ਦਿੱਤਾ। ਜੇ ਦੇਖਿਆ ਜਾਵੇ ਤਾਂ ਕੋਈ ਵੀ ਰਵਾਇਤੀ ਸਿਆਸਤਦਾਨ, ਜੋ ਹੁਕਮਰਾਨ ਪਾਰਟੀ ਦਾ ਐੱਮਐੱਲਏ ਹੋਵੇ ਇਸ ਤਰ੍ਹਾ ਪਾਰਟੀ ਛੱਡ ਕੇ ਨਹੀਂ ਜਾਂਦਾ।"
ਸਿੱਧੂ ਦੀ 'ਸਿਆਸੀ ਖ਼ੁਦਕੁਸ਼ੀ'
ਜਗਤਾਰ ਸਿੰਘ ਨੇ ਕਿਹਾ, "ਸਿੱਧੂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ ਹਾਂ ਸਿੱਧੂ ਨੇ ਆਪਣੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲਾ ਲਿਆ ਹੈ। ਜਾਂ ਤਾਂ ਤੁਰੰਤ ਹੀ ਅਸਤੀਫ਼ਾ ਦਿੰਦੇ ਪਰ ਉਹ ਗੱਲ ਨੂੰ ਲੰਬਾ ਖਿੱਚ ਗਏ। ਮਹਿਕਮਾ ਬਦਲਣਾ ਮੁੱਖ ਮੰਤਰੀ ਦਾ ਅਖ਼ਤਿਆਰ ਹੈ ਇਸ ਗੱਲ ਪਿੱਛੇ ਕੋਈ ਸਿਆਣਾ ਸਿਆਸਤਦਾਨ ਅਸਤੀਫ਼ਾ ਨਹੀਂ ਦਿੰਦਾ।"
ਲੋਕ ਸਭਾ ਚੋਣਾਂ ਵਿੱਚ "ਕਾਂਗਰਸ ਕੇਂਦਰ ਵਿੱਚ ਹਾਰ ਗਈ ਪਰ ਪੰਜਾਬ ਵਿੱਚ ਕਾਂਗਰਸ ਬਚਾਅ ਕਰ ਗਈ ਅਤੇ ਪੰਜਾਬ ਵਿੱਚ ਕੈਪਟਨ ਉਨ੍ਹਾਂ ਦੇ ਆਗੂ ਹਨ ਤੇ ਰਾਹੁਲ ਦੇ ਬਾਹਰ ਹੋ ਜਾਣ ਕਾਰਨ ਉਹ ਤਾਂ ਕੈਪਟਨ ਨੂੰ ਕੋਈ ਸਵਾਲ ਪੁੱਛਣ ਵਾਲਾ ਹੀ ਨਹੀਂ ਰਿਹਾ।"
"ਇਸ ਪ੍ਰਸੰਗ ਵਿੱਚ ਜਦੋਂ ਸਿੱਧੂ ਦਾ ਮਹਿਕਮਾ ਬਦਲਿਆ ਗਿਆ ਤਾਂ ਇਹ ਉਸਦੇ ਨਾਲ ਹੀ ਮਹਿਕਮੇ ਦਾ ਚਾਰਜ ਸੰਭਾਲ ਲੈਂਦੇ ਤਾਂ ਗੱਲ ਹੋਰ ਸੀ ਪਰ ਇਨ੍ਹਾਂ ਨੇ ਆਪਣੀ ਈਗੋ 'ਤੇ ਲੈ ਲਿਆ। ਪਰ ਬੁਨਿਆਦੀ ਤੌਰ ਤੇ ਉਹ ਇਕੱਲੇ ਹਨ। ਜਾਂ ਤਾਂ ਇਨ੍ਹਾਂ ਦਾ ਕੋਈ ਧੜਾ ਹੁੰਦਾ। ਐੱਮਐੱਲ ਵਿੱਚੋਂ ਇਨ੍ਹਾਂ ਕੋਲ ਕੋਈ ਹਮਾਇਤ ਨਹੀਂ ਹੈ। ਇਹ ਤਾਂ ਉਨ੍ਹਾਂ ਲਈ ਸਿਆਸੀ ਖ਼ੁਦਕੁਸ਼ੀ ਹੈ।"
ਹਾਲਾਂਕਿ ਕੁਝ ਸਿਆਸੀ ਮਾਹਰਾਂ ਦਾ ਵਿਚਾਰ ਹੈ ਕਿ ਇਹ ਬੁਹਤ ਗਿਣ-ਮਿੱਥ ਕੇ ਕੰਮ ਕਰਨ ਵਾਲੇ ਵਿਅਕਤੀ ਹਨ ਪਰ ਤੁਹਾਡੀ ਗੱਲ ਤੋਂ ਇਹ ਭੋਲੇ ਜਾਪਦੇ ਹਨ। ਕਿਉਂਕਿ ਸਿੱਧੂ ਜਾਣਦੇ ਹਨ ਕਿ ਇਸ ਸਮੇਂ ਕੈਪਟਨ ਨੂੰ ਲਾਂਭੇ ਕੀਤਾ ਜਾ ਸਕਦਾ ਹੈ ਤੇ ਕਾਂਗਰਸ ਸੈਂਟਰ ਵਿੱਚ ਵੀ ਕਮਜ਼ੋਰ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?
ਜਗਤਾਰ ਸਿੰਘ ਕਹਿੰਦੇ ਹਨ, "ਹੁਣ ਜੇ ਗਿਣ-ਮਿੱਥ ਕੇ ਕੰਮ ਕਰਨ ਵਾਲੇ ਹਨ ਫਿਰ ਤਾਂ ਸਿੱਧੂ ਨੂੰ ਆਪਣੀ ਪਾਰਟੀ ਸ਼ੁਰੂ ਕਰਨੀ ਚਾਹੀਦੀ ਹੈ ਪਰ ਨਾ ਤਾਂ ਉਸ ਤਰ੍ਹਾਂ ਦਾ ਇਨ੍ਹਾਂ ਦਾ ਸੁਭਾਅ ਹੈ ਤੇ ਨਾ ਹੀ ਯੋਗਤਾ। ਇਹ ਭਗਵੰਤ ਮਾਨ ਵਰਗੇ ਸਿਤਾਰਿਆਂ ਦੀ ਕਿਸਮ ਦੇ ਤਾਂ ਹੋ ਸਕਦੇ ਸਨ ਪਰ ਪਾਰਟੀਆਂ ਬਣਾਉਣੀਆਂ-ਚਲਾਉਣੀਆਂ ਬੜੀਆਂ ਔਖੀਆਂ ਹਨ। ਸਿੱਧੂ ਅਜਿਹਾ ਕਰ ਨਹੀਂ ਸਕਦੇ। ਜਾਂ ਫਿਰ ਚੁੱਪ-ਚਾਪ ਪਾਰਟੀ ਵਿੱਚ ਟਿਕੇ ਰਹਿਣ।"
"ਅਸਤੀਫ਼ਾ ਤਾਂ ਇਨ੍ਹਾਂ ਨੇ ਪਿਛਲੇ ਮਹੀਨੇ ਦੀ 10 ਤਰੀਕ ਦਾ ਦਿੱਤਾ ਹੋਇਆ ਹੈ। ਸੈਂਟਰ ਨਾਲ ਇਨ੍ਹਾਂ ਦੀ ਗੱਲਬਾਤ ਚੱਲ ਰਹੀ ਸੀ। ਸ਼ਾਇਦ ਜੋ ਇਹ ਮੰਗ ਰਹੇ ਸਨ ਉਹ ਨਹੀਂ ਮਿਲਿਆ। ਹੋ ਸਕਦਾ ਹੈ ਆਪਣਾ ਮਹਿਕਮਾ ਵਾਪਸ ਕਰਨ ਦੀ ਮੰਗ ਕਰ ਰਹੇ ਹੋਣ। ਉਹ ਨਹੀਂ ਮਿਲਿਆ ਤਾਂ ਤੁਹਾਨੂੰ ਪਤਾ ਹੈ, ਉਨ੍ਹਾਂ ਥੱਲੇ ਤਾਂ ਆਉਣਾ ਨਹੀਂ।"
ਹੁਣ ਸਿੱਧੂ ਅਤੇ ਪਾਰਟੀ ਦੇ ਸਨਮੁੱਖ ਕੀ ਵਿਕਲਪ ਹਨ?
ਜਗਤਾਰ ਸਿੰਘ ਲੱਗਦਾ ਹੈ ਕਿ ਸਿੱਧੂ ਬੇਲੋੜੇ ਦੁਸ਼ਮਣ ਬਣਾ ਰਹੇ ਹਨ ਅਤੇ ਸਿਆਸਤ ਵਿੱਚ ਐਨੇ ਮੋਰਚੇ ਖੋਲ੍ਹ ਕੇ ਕੰਮ ਨਹੀਂ ਚਲਦਾ। ਬਸ਼ਰਤੇ ਸਾਡੇ ਕੋਲ ਕੋਈ ਵੱਡੀ ਰਣਨੀਤੀ ਹੋਵੇ ਕਿ ਮੈਂ ਨੰਬਰ ਬਣਾਉਣੇ ਸੀ ਲੋਕਾਂ ਵਿੱਚ ਬਣਾ ਲਏ। ਮੈਂ ਘੈਂਟ ਹਾਂ ਮੈਂ ਧੱਕੜ ਹਾਂ। ਮੈਂ ਅਹੁਦਾ ਵੀ ਛੱਡ ਸਕਦਾ ਹਾਂ।
"ਸਿੱਧੂ ਦੇ ਸਿਆਸੀ ਸਰਪਰਸਤ ਤਾਂ ਰਾਹੁਲ ਤੇ ਪ੍ਰਿਅੰਕਾ ਹੀ ਸਨ। ਉਹ ਦੋਵੇਂ ਹੁਣ ਪਾਰਟੀ ਵਿੱਚ ਆਪ ਹੀ ਐਨੇ ਹਾਸ਼ੀਏ ਤੇ ਧੱਕੇ ਜਾ ਚੁੱਕੇ ਹਨ ਜਾਂ ਕਹਿ ਲਓ ਕਿ ਉਨ੍ਹਾ ਨੇ ਸਨਿਆਸ ਜਿਹਾ ਲੈ ਲਿਆ ਹੈ।ਹਾਲਾਂਕਿ ਸਿੱਧੂ ਫਿਲਹਾਲ ਹਾਸ਼ੀਏ ਤੇ ਆ ਜਾਣਗੇ ਪਰ ਇਨ੍ਹਾਂ ਦਾ ਕਰੇਜ਼ ਤਾਂ ਹੈ। ਲੋਕਾਂ ਵਿੱਚ ਅਕਸ ਬਹੁਤ ਵਧੀਆ ਹੈ। ਭ੍ਰਿਸ਼ਟ ਨਹੀਂ ਹੈ।"
ਹੁਣ ਅੱਗੇ ਸਿੱਧੂ ਕੋਲ ਕੀ ਰਾਹ ਹਨ?
ਜਗਤਾਰ ਸਿੰਘ ਕਹਿੰਦੇ ਹਨ ਕਿ ਇਨ੍ਹਾਂ ਦੀ ਮਹੱਤਵਕਾਂਸ਼ਾ ਤਾਂ ਤਕੜੀ ਹੈ, ਇਹ ਸੀਐੱਮ ਤਾਂ ਘੱਟੋ-ਘੱਟ ਬਣਨਾ ਚਾਹੁਣਗੇ। ਗੱਲ ਵੀ ਕਰਦੇ ਹਨ ਕਿ ਪੰਜਾਬ ਲਈ ਆਹ ਕਰਦੂੰ-ਓਹ ਕਰਦੂੰ ਪਰ ਇਰਾਦਾ ਹੋਣਾ ਹੋਰ ਗੱਲ ਹੈ ਪਰ ਤੁਸੀਂ ਖਿਡਾਰੀ ਤਾਂ ਹੋ ਜੇ ਤੁਹਾਡੇ ਵਿੱਚ ਯੋਗਤਾ ਵੀ ਹੈ।
"ਫਿਰ ਸਿਆਸੀ ਪਾਰਟੀਆਂ ਨੂੰ ਅਜਿਹੇ ਬੰਦੇ ਚਾਹੀਦੇ ਹੁੰਦੇ ਹਨ ਜੋ ਚੋਣਾਂ ਸਮੇਂ ਰੌਲਾ-ਰੂਲ਼ਾ ਪਾਕੇ ਉਨ੍ਹਾਂ ਨੂੰ ਜਿਤਾ ਦੇਣ ਤੇ ਫਿਰ ਲਾਂਭੇ ਹੋ ਜਾਣ। ਸੰਨੀ ਦਿਓਲ ਤੇ ਹੇਮਾ ਮਾਲਿਨੀ ਵਰਗੇ ਬੰਦੇ। ਸਿੱਧੂ ਵੀ ਉਸੇ ਸ਼੍ਰੇਣੀ ਨਾਲ ਸੰਬੰਧਿਤ ਹਨ ਪਰ ਉਨ੍ਹਾਂ ਨਾਲ ਮਹੱਤਵਕਾਂਸ਼ੀ ਜ਼ਿਆਦਾ ਹਨ।"
"ਇਹ ਲੋਕ ਸਟੇਜਾਂ ਵਗੈਰਾ ਦਾ ਕੰਮ ਤਾ ਕਰ ਸਕਦੇ ਹਨ ਪਰ ਚੌਵੀ ਘੰਟੇ ਲੋਕਾਂ ਨਾਲ ਮਿਲਣਾ ਤੇ ਕੰਮ ਕਰਨਾ ਇਨ੍ਹਾਂ ਦੇ ਵੱਸ ਦਾ ਨਹੀਂ ਹੁੰਦਾ। ਭਾਸ਼ਣ ਤਾਂ ਹਰ ਕੋਈ ਦੇ ਲਊ ਪਰ ਕੰਮ ਕਰਨਾ ਹੋਰ ਗੱਲ ਹੈ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ: